ਦੁਨੀਆਂ ਦੇ ਹਰੇਕ ਧਰਮ ਦੇ ਧਰਮ ਗ੍ਰੰਥ ਦਾ ਆਪਣਾ-ਆਪਣਾ ਸਨਮਾਨਯੋਗ ਸਥਾਨ ਅਤੇ ਮਹੱਤਵ ਹੈ, ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਇਸ ਲਈ ਸਰਵੋਤਮ ਅਤੇ ਮਹਾਨ ਹੈ ਕਿਉਂਕਿ ਦੁਨੀਆਂ ਦੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ‘ਗੁਰੂ’ ਦਾ ਦਰਜਾ ਜਾਂ ਪਦਵੀ ਹਾਸਲ ਨਹੀਂ। ਇਹ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ ਜਿਨ੍ਹਾਂ ਨੂੰ ਪਰਤੱਖ ‘ਗੁਰੂ’ ਹੋਣ ਦਾ ਸਥਾਨ ਪ੍ਰਾਪਤ ਹੈ। ਸਿੱਖ ਧਰਮ ਦੇ ਇਸ ਪਾਵਨ ਗ੍ਰੰਥ ਦੀ ਇਕ ਹੋਰ ਵੱਡੀ ਮਹਾਨਤਾ ਇਹ ਹੈ ਕਿ ਇਹ ਸਮੁੱਚੀ ਮਨੁੱਖਤਾ ਨੂੰ ਅਗਵਾਈ ਪ੍ਰਦਾਨ ਕਰਦੇ ਹਨ।
ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਇਤਿਹਾਸ ਵੱਲ ਸੰਖੇਪ ਵਿਚ ਝਾਤੀ ਮਾਰੀ ਜਾਵੇ ਤਾਂ ਇਹ ਪਤਾ ਚਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹੇ ਧਰਮ ਗ੍ਰੰਥ ਹਨ ਜਿਨ੍ਹਾਂ ਦਾ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਆਪਣੀ ਨਿੱਜ ਦੇਖ-ਰੇਖ ਵਿਚ ਪਾਵਨ ਤੇ ਕੁਦਰਤੀ ਬਖ਼ਸ਼ਿਸ਼ਾਂ ਨਾਲ ਰਮਣੀਕ ਸ੍ਰੀ ਰਾਮਸਰ, ਸ੍ਰੀ ਅੰਮ੍ਰਿਤਸਰ ਦੇ ਸਥਾਨ ‘ਤੇ ਬਿਰਾਜਮਾਨ ਹੋ ਕੇ ਆਪਣੀ ਨਿਗਰਾਨੀ ਹੇਠ ਸੰਪਾਦਨ ਕੀਤਾ।
ਪੰਚਮ ਪਾਤਸ਼ਾਹ ਨੇ ਇਸ ਮਹਾਨ ਪਾਵਨ ਗ੍ਰੰਥ ਦੀ ਦੀ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਕੋਲੋਂ ਕਰਵਾਈ। ਸੰਪਾਦਨਾ ਦਾ ਇਹ ਕਾਰਜ ਸੰਮਤ 1661 (ਸੰਨ 1604 ਈ.) ਵਿਚ ਮੁਕੰਮਲ ਹੋਇਆ। ਇਸ ਕਾਰਜ ਦੇ ਮੁਕੰਮਲ ਹੋਣ ਤੋਂ ਬਾਅਦ ਇਸ ਪਾਵਨ ਗ੍ਰੰਥ ਦੀ ਜਿਲਦਬੰਦੀ ਕਰਵਾਉਣ ਲਈ ਭਾਈ ਬੰਨੋ ਜੀ ਰਾਹੀਂ ਇਸ ਪਵਿੱਤਰ ਗ੍ਰੰਥ ਨੂੰ ਸ੍ਰੀ ਅੰਮ੍ਰਿਤਸਰ ਤੋਂ ਲਾਹੌਰ ਭੇਜਿਆ ਗਿਆ। ਜਿਲਦਬੰਦੀ ਹੋਣ ਮਗਰੋਂ ਇਸ ਪਾਵਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਦੋਂ ਸੁਦੀ ਏਕਮ, ਸੰਮਤ 1661 ਨੂੰ ਸ੍ਰੀ ਰਾਮਸਰ ਸਾਹਿਬ ਦੇ ਸਥਾਨ ਤੋਂ ਨਗਰ ਕੀਰਤਨ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਲਿਆ ਕੇ ਸੁਸ਼ੋਭਿਤ ਕਰਵਾਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲਾ ਗ੍ਰੰਥੀ ਥਾਪ ਕੇ ਇਸ ਮਹਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ।
ਬਾਬਾ ਬੁੱਢਾ ਜੀ ਨੇ ਪੰਚਮ ਪਾਤਸ਼ਾਹ ਜੀ ਦੇ ਆਦੇਸ਼ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰ ਕੇ ਮੁੱਖਵਾਕ ਲਿਆ ਤਾਂ ਇਹ ਪਾਵਨ ਫੁਰਮਾਨ ਹੋਇਆ ਸੀ-
ਸੂਹੀ ਮਹਲਾ ੫॥
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ (ਅੰਗ 783)
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੌਵੇਂ ਪਾਤਸ਼ਾਹ, ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਸਥਾਨ ‘ਤੇ ਭਾਈ ਮਨੀ ਸਿੰਘ ਜੀ ਰਾਹੀਂ ਦਰਜ ਕਰਵਾ ਕੇ ਇਸ ਗ੍ਰੰਥ ਨੂੰ ਸੰਪੂਰਨਤਾ ਬਖਸ਼ੀ। ਸੰਨ 1708 ਈ. ਵਿਚ ਦਸਮ ਪਾਤਸ਼ਾਹ ਨੇ ਆਪਣੇ ਜੋਤੀ ਜੋਤ ਸਮਾਉਣ ਸਮੇਂ ਸਿੱਖਾਂ ਨੂੰ ਅਬਿਚਲ ਨਗਰ ਨਾਂਦੇੜ, ਸ੍ਰੀ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਵਾਲੇ ਸਥਾਨ ਤੋਂ ‘ਸ਼ਬਦ ਗੁਰੂ’ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ। ਇਸ ਬਾਬਤ ਗਿਆਨੀ ਗਿਆਨ ਸਿੰਘ ਰਚਿਤ ‘ਪੰਥ ਪ੍ਰਕਾਸ਼’ ਵਿਚ ਜ਼ਿਕਰ ਹੈ :-
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ ॥
ਦਸਮ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ‘ਸ਼ਬਦ ਗੁਰੂ’ ਦੀ ਅਗਵਾਈ ਲੈ ਕੇ ਹੀ ਹਰੇਕ ਸਿੱਖ ਨੇ ਆਪਣੇ ਜੀਵਨ ਨੂੰ ਸੁਆਰਨਾ ਹੈ ਅਤੇ ਸ਼ਬਦ ਦੇ ਸਿਧਾਂਤ ‘ਤੇ ਅਮਲ ਕਰਦਿਆਂ ਹੋਇਆਂ ਸਮੁੱਚੀ ਖਲਕਤ ਲਈ ਕਲਿਆਣਕਾਰੀ ਕਾਰਜ ਕਰਨੇ ਹਨ। ਜਿਸ ਨਾਲ ਹਰੇਕ ਸਿੱਖ ਦਾ ਲੋਕ ਪਰਲੋਕ ਸੁਹੇਲਾ ਹੋਵੇਗਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 6 ਗੁਰੂ ਸਾਹਿਬਾਨ, ਵੱਖ-ਵੱਖ ਭਾਸ਼ਾਵਾਂ, ਖਿੱਤਿਆਂ ਅਤੇ ਧਰਮਾਂ ਨਾਲ ਸੰਬੰਧਿਤ 15 ਭਗਤ ਸਾਹਿਬਾਨ ਅਤੇ 11 ਭੱਟ ਸਾਹਿਬਾਨ ਦੇ ਨਾਲ ਗੁਰੂ-ਘਰ ਦੇ ਨਿਕਟਵਰਤੀ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗ ਇਸ ਪਾਵਨ ਗ੍ਰੰਥ ਨੂੰ ਸੰਗੀਤਕ ਪੱਖ ਤੋਂ ਵੀ ਸਰਵਉੱਤਮ ਅਤੇ ਵਿਲੱਖਣ ਬਣਾ ਦਿੰਦੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਉਹੀ ਬਾਣੀ ਸ਼ਾਮਲ ਹੈ ਜਿਸ ਵਿਚ ਏਕਤਾ, ਭਰਾਤਰੀ-ਭਾਵ, ਆਸ਼ਾਵਾਦੀ ਸੁਰ ਹੈ ਜੋ ਹਰ ਪ੍ਰਕਾਰ ਦੇ ਨਸਲੀ ਭੇਦਭਾਵ, ਧਾਰਮਿਕ ਕਠੋਰਤਾ ਅਤੇ ਤੰਗਦਿਲੀ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਨੂੰ ਇਕ ਮਾਲਾ ਵਿਚ ਪਿਰੋ ਦਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਨੇ ਸਮੁੱਚੀ ਮਨੁੱਖਤਾ ਅੰਦਰ ਦੈਵੀ ਗਿਆਨ ਦੇ ਅਨੁਭਵ ਰਾਹੀਂ ਆਪਸੀ ਪਿਆਰ, ਨਿਮਰਤਾ, ਧੀਰਜ, ਸੰਤੋਖ, ਸਹਿਣਸ਼ੀਲਤਾ, ਸਹਿਜਤਾ ਅਤੇ ਸਵੈ-ਵਿਸ਼ਵਾਸ ਵਰਗੇ ਸਦਗੁਣਾਂ ਦਾ ਸੰਚਾਰ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦੇ ਧਰਮ ਗ੍ਰੰਥ ਹੋਣ ਦੇ ਨਾਲ-ਨਾਲ ਸਮੁੱਚੀ ਮਾਨਵਤਾ ਦੀ ਰੂਹਾਨੀ ਅਤੇ ਨੈਤਿਕ ਅਗਵਾਈ ਕਰਦੇ ਹਨ ਅਤੇ ਸਭਨਾਂ ਭਾਈਚਾਰਿਆਂ ਦੇ ਲੋਕਾਂ ਨੂੰ ਧਾਰਮਿਕ ਕੱਟੜਤਾ ਵਰਗੀਆਂ ਤੰਗ-ਦਿਲੀਆਂ ਅਤੇ ਸੌੜੀਆਂ ਸੋਚਾਂ ਦਾ ਤਿਆਗ ਕਰ ਕੇ ਆਪਸ ਵਿਚ ਮਿਲ-ਜੁਲ ਕੇ ਰਹਿਣ ਦਾ ਉਪਦੇਸ਼ ਦਿੰਦੇ ਹਨ।
ਗੁਰਪ੍ਰੀਤ ਸਿੰਘ ਸੰਪਾਦਕ, ਖ਼ਾਲਸਾ ਅਖ਼ਬਾਰ
