28 views 3 secs 0 comments

ਸਾਂਝੇ ਗ੍ਰੰਥ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ

ਲੇਖ
August 29, 2025

ਸਾਂਝੇ ਗ੍ਰੰਥ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਇਸ ਅੰਦਰ ਜੋਗੀਆਂ ਨੂੰ ਉਪਦੇਸ਼ ਹੈ, ਜੈਨੀਆਂ ਨੂੰ ਉਪਦੇਸ਼ ਹੈ, ਬੋਧੀਆਂ ਨੂੰ ਉਪਦੇਸ਼ ਹੈ, ਹਿੰਦੂਆਂ ਨੂੰ ਉਪਦੇਸ਼ ਹੈ, ਮੁਸਲਮਾਨਾਂ ਨੂੰ ਉਪਦੇਸ਼ ਹੈ ਤੇ ਫਿਰ ਸਿੱਖਾਂ ਨੂੰ ਉਪਦੇਸ਼ ਹੈ। ਇਹ ਉਹ ਸੂਰਜ ਹੈ ਜੋ ਸਾਰਿਆਂ ਦੇ ਘਰ ਚਾਨਣਾ ਦਿੰਦਾ ਹੈ। ਇਹ ਉਹ ਚੰਦਰਮਾ ਹੈ ਜੋ ਸਾਰਿਆਂ ਨੂੰ ਸੀਤਲਤਾ ਬਖ਼ਸ਼ਦਾ ਹੈ। ਇਹ ਉਹ ਪਵਨ ਹੈ ਜੋ ਸਾਰਿਆਂ ਨੂੰ ਛੂੰਹਦੀ ਹੈ। ਇਹ ਉਹ ਬੱਦਲ ਹੈ ਜੋ ਸਾਰੀ ਜਗ੍ਹਾ ‘ਤੇ ਵਰਸਦਾ ਹੈ।
ਡਾਕਟਰ ਮੁਹੰਮਦ ਇਕਬਾਲ ਨੇ ਗੁਰੂ ਨਾਨਕ ਜੀ ਬਾਰੇ ਜੋ ਦੋ ਸ਼ਬਦ ਕਹੇ ਹਨ, ਉਹ ਤੁਹਾਡੇ ਨਾਲ ਸਾਂਝੇ ਕਰਾਂ। ਉਸ ਦਾ ਜੋ ਗ੍ਰੰਥ ਹੈ, ਉਸ ਦਾ ਨਾਮ ਹੈ—ਬਾਂਗੇ-ਦਰਾ। ਬਾਂਗੇ-ਦਰਾ ਦਾ ਭਾਵ ਹੈ ਘੜਿਆਲ ਦੀ ਆਵਾਜ਼।
ਉਹਨੇ ਆਪਣੀ ਕਿਤਾਬ ਦਾ ਨਾਮ ਇਹ ਰੱਖਿਆ ਹੈ। ਬੜੀ ਕੀਮਤੀ ਕਿਤਾਬ ਹੈ। ਉਹਦੇ ਵਿਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਡਾ. ਇਕਬਾਲ ਲਿਖਦਾ ਹੈ :

ਸ਼ਮਾਂ ਹੱਕ ਸੇ ਜੋ ਮੁਨੱਵਰ ਹੋ ਵੋਹ ਯਿਹ ਮਹਿਫ਼ਲ ਨਾ ਥੀ।

ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ ਕਿ ਇਕਬਾਲ ਸਿਰਫ਼ ਦੋ ਹੀ ਹਸਤੀਆਂ ਤੋਂ ਪ੍ਰਭਾਵਿਤ ਹੋਇਆ। ਉਹ ਆਪਣੀਆਂ ਨਜ਼ਮਾਂ ਵਿਚ ਦੱਸਦਾ ਹੈ—ਇਕ ਮਹਾਤਮਾ ਬੁੱਧ ਤੇ ਇਕ ਗੁਰੂ ਨਾਨਕ ਦੇਵ ਜੀ। ਕਿਉਂਕਿ ਵਰਨ-ਵੰਡ ਨੂੰ ਮਹਾਤਮਾ ਬੁੱਧ ਨੇ ਵੀ ਨਹੀਂ ਮੰਨਿਆ ਸੀ ਤੇ ਵਰਨ-ਵੰਡ ਨੂੰ ਗੁਰੂ ਨਾਨਕ ਦੇਵ ਜੀ ਵੀ ਨਹੀਂ ਮੰਨਦੇ। ਇਹ ਦੋਵਾਂ ਤੋਂ ਬੜਾ ਪ੍ਰਭਾਵਿਤ ਸੀ। ਇਹਨਾਂ ਦੋਵਾਂ ਬਾਰੇ ਇਕ ਨਜ਼ਮ ਵਿਚ ਲਿਖਦਾ ਹੈ :

ਸ਼ਮ੍ਹਾਂ ਗੌਤਮ ਜਲ ਰਹੀ ਮਹਿਫ਼ਲੇ ਅਗਿਆਰ ਮੇਂ।

ਅਗਿਆਰ ਕਹਿੰਦੇ ਨੇ-ਝੂਠ ਨੂੰ । ਗੌਤਮ ਦਾ ਦੀਵਾ, ਸੱਚ ਦਾ ਦੀਵਾ ਝੂਠਿਆਂ ਦੀ ਸਭਾ ਵਿਚ ਜਲਦਾ ਰਿਹਾ। ਕਿਉਂਕਿ ਗੌਤਮ ਦੇ ਪੈਰ ਭਾਰਤ ਵਿੱਚੋਂ ਉਖਾੜ ਦਿੱਤੇ ਗਏ। ਬੋਧ ਭਿਕਸ਼ੂ ਹਿੰਦੋਸਤਾਨ ਦੇਸ਼ ਛੱਡ ਕੇ ਨੱਸ ਗਏ। ਅੱਜ ਸਾਰਾ ਏਸ਼ੀਆ ਬੁਧਿਸਟ ਹੈ, ਉਹਨਾਂ ਬੋਧ ਭਿਕਸ਼ੂਆਂ ਕਰਕੇ। ਇਕ ਹੋਰ ਨੁਕਤਾ ਵੀ ਮੈਂ ਬਿਆਨ ਕਰਾਂ । ਬੋਧ ਭਿਕਸ਼ੂਆਂ ਕਰਕੇ ਸਮੁੱਚੇ ਏਸ਼ੀਆ ਵਿਚ ਬੋਧ ਧਰਮ ਫੈਲਿਆ ਹੈ। ਇਸਲਾਮ ਦੇ ਸੂਫ਼ੀ ਫ਼ਕੀਰ, ਬਾਦਸ਼ਾਹਾਂ ਦੇ ਰਾਹੀਂ ਉਹ ਜਿਥੇ ਜਿਥੇ ਗਏ, ਉਥੇ ਇਸਲਾਮ ਫੈਲਿਆ ਹੈ। ਈਸਾਈ ਮਿਸ਼ਨਰੀ ਤੇ ਇਹਨਾਂ ਦੇ ਰਾਜਨੈਤਿਕ ਜਿਥੇ ਜਿਥੇ ਗਏ, ਉਥੇ ਈਸਾਈਅਤ ਫੈਲੀ। ਸਿੱਖ ਜਿਥੇ ਜਿਥੇ ਗਿਆ, ਆਪ ਹੀ ਸਿੱਖ ਨਹੀਂ ਰਿਹਾ। ਇਸ ਮਾਮਲੇ ਵਿਚ ਸਿੱਖ ਕੁਝ ਵੀ ਨਹੀਂ ਹੈ। ਸਾਰੀ ਦੁਨੀਆਂ ਵਿਚ ਗੁਜਰਾਤੀ ਨੇ, ਘਰ ‘ਚ ਗੁਜਰਾਤੀ ਬੋਲਦੇ ਨੇ । ਸਾਰੀ ਦੁਨੀਆਂ ਵਿਚ ਚਾਈਨੀਜ਼ ਨੇ, ਘਰ ਵਿਚ ਚੀਨੀ ਬੋਲਦੇ ਨੇ । ਸਾਰੀ ਦੁਨੀਆਂ ਵਿਚ ਬੰਗਾਲੀ ਵੀ ਹੈਗੇ ਨੇ, ਬੰਗਲਾ ਦੇਸੀ ਵੀ ਹੈਗੇ ਨੇ ਤੇ ਭਾਰਤ ਦੇ ਬੰਗਾਲੀ ਵੀ ਹੈਗੇ ਨੇ, ਘਰ ਵਿਚ ਬੰਗਾਲੀ ਬੋਲਦੇ ਨੇ । ਸਾਰੀ ਦੁਨੀਆਂ ਵਿਚ ਸਿੱਖ ਨੇ, ਇਹਨਾਂ ਦੇ ਘਰ ਵਿਚ ਬੱਚੇ ਵੀ ਪੰਜਾਬੀ ਨਹੀਂ ਬੋਲਦੇ। ਤੇ ਫਿਰ ਕਿਸ ਤਰ੍ਹਾਂ ਬਾਣੀ ਪੜ੍ਹਨਗੇ ਤੇ ਕਿਸ ਤਰ੍ਹਾਂ ਸਿੱਖ ਰਹਿਣਗੇ !
ਹੁਣ ਇਕਬਾਲ ਕਹਿੰਦਾ ਹੈ ਕਿ ਝੂਠਿਆਂ ਦੀ ਮਹਿਫ਼ਲ ਵਿਚ ਮਹਾਤਮਾ ਬੁੱਧ ਦਾ ਦੀਵਾ ਜਲ ਰਿਹਾ ਹੈ ਤੇ ਗੁਰੂ ਨਾਨਕ ਦਾ ਦੀਵਾ ਕਿਥੇ ਜਲ ਰਿਹਾ ਹੈ ? ਇਹ ਧਿਆਨ ਨਾਲ ਇਕਬਾਲ ਕੋਲੋਂ ਸੁਣੋ। ਉਹ ਕਹਿੰਦਾ ਹੈ:

ਸ਼ਮ੍ਹਾਂ ਹੱਕ ਸੇ ਜੋ ਮੁਨੱਵਰ ਹੋ ਵੋਹ ਯਿਹ ਮਹਿਫ਼ਲ ਨਾ ਥੀ।
ਬਾਰਸ਼ੇ ਰਹਿਮਤ ਹੂਈ ਪਰ ਜ਼ਮੀਂ ਕਾਬਿਲ ਨਾ ਥੀ।

ਅੰਧਿਆਂ ਦੀ ਮਹਿਫ਼ਲ ਵਿਚ ਗੁਰੂ ਨਾਨਕ ਦਾ ਦੀਵਾ ਜਲਿਆ। ਕਿਸੇ ਨੇ ਅੱਖਾਂ ਹੀ ਨਹੀਂ ਖੋਲ੍ਹੀਆਂ। ਇਸ ਰੋਸ਼ਨੀ ਤੋਂ ਫ਼ੈਜ਼ਯਾਬ ਹੀ ਨਹੀਂ ਹੋਏ ਤੇ ਅਗਾਂਹ ਵੰਡ ਹੀ ਨਹੀਂ ਸਕੇ। ਐਨਾ ਮਹਾਨ ਦੀਪਕ, ਏਨੀ ਮਧੁਰ ਰੋਸ਼ਨੀ ਹੈ ਪਰ ਮਹਿਫ਼ਲ ਅੰਧਿਆਂ ਦੀ ਸੀ। ਇਕਬਾਲ ਐਸਾ ਕਹਿੰਦਾ ਹੈ।

ਗਿਆਨੀ ਸੰਤ ਸਿੰਘ ਜੀ ਮਸਕੀਨ