
ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈ. ਨੂੰ ਉਦੋਂ ਦੀ ਰਿਆਸਤ ਪਟਿਆਲਾ ਦੇ ਇਕ ਪਿੰਡ ਸਬਜ਼ ਬਨੇਰਾ ਵਿਚ ਹੋਇਆ। ਆਪ ਦੇ ਪਿਤਾ ਭਾਈ ਨਰਾਇਣ ਸਿੰਘ ਰਿਆਸਤ ਨਾਭਾ ਦੇ ਨਗਰ ਨਾਭਾ ਵਿਚ ਗ੍ਰੰਥੀ ਸਨ। ਪਿਤਾ ਜੀ ਤੇ ਹੋਰਨਾਂ ਅਧਿਆਪਕਾਂ ਦੇ ਚਰਨੀ ਲੱਗ ਕੇ ਕਾਨ੍ਹ ਸਿੰਘ ਨੇ ਨੌਵੇਂ ਸਾਲ ਵਿਚ ਗੁਰੂ ਗ੍ਰੰਥ ਸਾਹਿਬ ਦਾ ਤੇ ਦਸਵੇਂ ਸਾਲ ਵਿਚ ਦਸਮ ਗ੍ਰੰਥ ਦਾ ਸੰਪੂਰਨ ਪਾਠ ਸਿਰੇ ਚਾੜ੍ਹਿਆ। ਭਾਈ ਕਾਨ੍ਹ ਸਿੰਘ ਨੇ ਗੁਰਬਾਣੀ, ਸਿੱਖ ਸਾਹਿਤ, ਸੰਸਕ੍ਰਿਤ, ਨਯਾਯ, ਵੇਦਾਂਤ, ਛੰਦ ਸ਼ਾਸ਼ਤਰ, ਬ੍ਰਜ ਤੇ ਸੰਗੀਤ ਦੀ ਵਿਦਿਆ ਬਹੁਤ ਸਾਰੇ ਵਿਦਵਾਨਾਂ ਤੋਂ ਪ੍ਰਾਪਤ ਕੀਤੀ । ਫ਼ਾਰਸੀ ਪੜ੍ਹਨ ਲਈ ਦੋ ਸਾਲ ਲਖਨਊ ਤੇ ਦਿੱਲੀ ਲਾਏ । ਇਸ ਤੋਂ ਇਲਾਵਾ ਆਪ ਜੀ ਘੋੜ ਸਵਾਰੀ ਤੇ ਸ਼ਸ਼ਤਰ ਵਿਦਿਆ ਦੇ ਵੀ ਉਸਤਾਦ ਸਨ । ਭਾਈ ਸਾਹਿਬ ਦਾ ਵਿਆਹ ਧੂਰੇ ਪਿੰਡ ਹੋਇਆ ਪਰ ਇਕ ਸਾਲ ਬਾਅਦ ਪਤਨੀ ਦੀ ਮੌਤ ਹੋ ਗਈ। ਦੂਜਾ ਵਿਆਹ ਮੁਕਤਸਰ ਸਾਹਿਬ ਹੋਇਆ ਪਰ ਇਕ ਸਾਲ ਬਾਅਦ ਇਹ ਵਿਆਹ ਟੁਟ ਗਿਆ। ਤੀਜਾ ਵਿਆਹ ਪਿੰਡ ਰਾਮਗੜ੍ਹ ਦੀ ਬਸੰਤ ਕੌਰ ਨਾਲ ਹੋਇਆ ਜਿਸ ਨਾਲ ਚਿਰ-ਜੀਵੀ ਸਾਥ ਨਿਭਿਆ। 1884 ਈ. ਵਿਚ ਜਦ ਪੜ੍ਹ ਗੁੜ੍ਹ ਕੇ ਕਾਨ੍ਹ ਸਿੰਘ ਲਾਹੌਰ ਤੋਂ ਘਰ ਆਇਆ ਤਾਂ ਉਸ ਦੀ ਵਿਦਵਤਾ ਦੀ ਖੁਸ਼ਬੋ ਮਹਾਰਾਜਾ ਹੀਰਾ ਸਿੰਘ ਨਾਭਾ ਤੱਕ ਅੱਪੜੀ। ਮਹਾਰਾਜੇ ਨੇ ਆਪਣੇ ਪਾਸ ਰੱਖ ਲਿਆ। ਇਥੇ ਟਿੱਕਾ ਰਿਪੁਦਮਨ ਸਿੰਘ ਜੀ ਨੂੰ ਭਾਈ ਸਾਹਿਬ ਨੇ ਪੜ੍ਹਾਇਆ। ‘ਹਮ ਹਿੰਦੂ ਨਹੀਂ’ ਵਰਗੀ ਕਿਤਾਬ ਲਿਖਣ ‘ਤੇ ਭਾਈ ਸਾਹਿਬ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਭਾਈ ਕਾਨ੍ਹ ਸਿੰਘ ਨਾਭਾ ਨੇ ਕੋਈ 23 ਗ੍ਰੰਥਾਂ ਦੀ ਰਚਨਾ ਕੀਤੀ। ਇਹਨਾਂ ਵਿਚ ਇਕੱਲਾ ‘ਮਹਾਨ ਕੋਸ਼’ ਹੀ 1912 ਵਿਚ ਸ਼ੁਰੂ ਕਰਕੇ 1926 ਈ. ਕੋਈ 14 ਕੀਮਤੀ ਸਾਲ ਲਾ ਕੇ ਮੁਕੰਮਲ ਕੀਤਾ। ਇਸ ਮਹਾਨ ਵਿਦਵਾਨ ਨੇ ਆਪਣੀ ਪੂਰੀ ਉਮਰ ਸਿੱਖ ਕੌਮ ਦਾ ਸਾਹਿਤ ਰਚਨ ਲਈ ਸਮਰਪਿਤ ਕਰਕੇ ਸਿੱਖ ਧਰਮ ਨੂੰ ਅਕਾਦਮਿਕ ਖੇਤਰ ਵਿਚ ਪ੍ਰਵੇਸ਼ ਕਰਵਾ ਦਿੱਤਾ। ਭਾਈ ਕਾਨ੍ਹ ਸਿੰਘ ਨਾਭਾ 23 ਨਵੰਬਰ 1938 ਈ. ਨੂੰ ਨਾਭੇ ਸਕੱਤਰੇਤ ਦੀ ਨਵੀਂ ਬਣੀ ਇਮਾਰਤ ਦੇ ਉਦਘਾਟਨ ਸਮਾਰੋਹ ਤੋਂ ਪਰਤ ਕੇ ਦੁਪਹਿਰ ਦੇ ਖਾਣੇ ਪਿਛੋਂ ਆਰਾਮ ਕਰਦੇ ਸਮੇਂ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਰਹਿੰਦੀ ਦੁਨੀਆ ਤੱਕ ਇਸ ਮਹਾਨ ਵਿਦਵਾਨ ਨੂੰ ਯਾਦ ਕੀਤਾ ਜਾਂਦਾ ਰਹੇਗਾ।
ਡਾ. ਗੁਰਪ੍ਰੀਤ ਸਿੰਘ
ਸੰਪਰਕ : 87250 15163