
ਬਰਸੀ ਉਪਰ ਮਹਾਨ ਸਿੰਘ ਸੂਰਮੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਮੈਂਬਰ ਪਾਰਲੀਮੈਂਟ ਨੂੰ ਸ਼ਰਧਾਂਜਲੀ ਭੇਟ ਕਰਦਿਆਂ…
ਅੱਜ ਦੇ ਦਿਨ 2 ਸਤੰਬਰ 1991 ਨੂੰ ਬੀਬੀ ਬਿਮਲ ਕੌਰ ਜੀ ਖਾਲਸਾ ਧਰਮ ਪਤਨੀ ਮਹਾਨ ਸਿੱਖ ਜਰਨੈਲ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਪੰਜਾਬ ਦੇ ਸ਼ਹਿਰ ਮੋਹਾਲੀ ਸਥਿਤ ਆਪਣੀ ਰਿਹਾਇਸ਼ ਫੇਸ 5/1082 ਵਿਖੇ ਬਾਥ- ਰੂਮ ਵਿੱਚ ਮਿਰਤਕ ਹਾਲਤ ਵਿੱਚ ਮਿਲੇ ਸੀ।
ਭਾਈ ਬੇਅੰਤ ਸਿੰਘ ਦੇ ਵੱਡੇ ਭਰਾਤਾ ਐਡਵੋਕੇਟ ਸਰਦਾਰ ਸ਼ਮਸ਼ੇਰ ਸਿੰਘ ਮਲੋਆ, ਕੁਲਵਿੰਦਰ ਸਿੰਘ ਕਿੱਡ ਦੇ ਪਿਤਾ ਜੀ ਪ੍ਰਿੰਸੀਪਲ ਤਰਲੋਚਨ ਸਿੰਘ ਸਿੱਧੂ, ਜਸਟਿਸ ਅਜੀਤ ਸਿੰਘ ਬੈਂਸ ਅਤੇ ਕੈਪਟਨ ਹਰਚਰਨ ਸਿੰਘ ਰੋਡੇ ਸਮੇਤ ਅਸੀਂ ਬੀਬੀ ਜੀ ਦੀ ਮੌਤ ਦੀ ਸਰਕਾਰ ਕੋਲੋਂ ਨਿਰਪੱਖ ਜਾਂਚ ਕਰਾਉਣ ਦੀ ਬੜੀ ਮੰਗ ਕੀਤੀ ਸੀ। ਪਰ ਸਾਡੀ ਅਵਾਜ਼ ਨਗਾਰਖਾਨੇ ਵਿਚ ਤੂਤੀ ਦੇ ਸਮਾਨ ਦੱਬ ਕੇ ਰਹਿ ਗਈ ਸੀ। ਇਸ ਤੋਂ ਪਹਿਲਾਂ ਬੀਬੀ ਜੀ ਦੀ ਸੁਰੱਖਿਆ ਟੀਮ ਦੇ ਤਿੰਨ ਮੈਂਬਰ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ ਸੀ ।ਪਰ ਅਸੀਂ ਅੱਜ ਵੀ ਇਹ ਕਹਿ ਸਕਦੇ ਕਿ ਬੀਬੀ ਜੀ ਦੀ ਵੀ ਕੋਈ ਆਮ ਮੌਤ ਨਹੀਂ ਹੋਈ ਸੀ। ਸਗੋਂ ਉਨ੍ਹਾਂ ਨੂੰ ਕਤਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫਰੀਦਕੋਟ ਤੋਂ ਜਿੱਤੇ ਮੈਂਬਰ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦਾ ਮਿਰਤਕ ਸਰੀਰ ਉਨ੍ਹਾਂ ਦੇ ਫਾਰਮ ਨੇੜੇ ਲੰਘਦੀ ਨਹਿਰ ਵਿੱਚੋਂ ਮਿਲਿਆ ਸੀ। ਬੀਬੀ ਬਿਮਲ ਕੌਰ ਖਾਲਸਾ ਨੇ 1989 ਦੀ ਲੋਕ ਸਭਾ ਚੋਣ ਲਗਭਗ ਸਾਢੇ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਜਿੱਤ ਕੇ ਕਾਂਗਰਸ ਦੇ ਉਮੀਦਵਾਰ ਰਾਜਾ ਸਿੰਘ ਘੜੂੰਆਂ ਨੂੰ ਹਰਾਇਆ ਸੀ।
ਮੈਂ ਹੁਣ ਵੀ ਬੀਬੀ ਜੀ ਦੇ ਵੱਡੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ।ਕਿ ਤੁਸੀਂ ਬੀਬੀ ਜੀ ਨੂੰ ਸ਼ਹੀਦ ਲਿਖਿਆ ਕਰੋ। ਅਸੀਂ ਸਿੱਖ ਪੰਥ ਨੂੰ ਅਪੀਲ ਕਰਦੇ ਹਾਂ ਕਿ ਬੀਬੀ ਬਿਮਲ ਕੌਰ ਖਾਲਸਾ ਨੂੰ ਸ਼ਹੀਦ ਮੰਨਿਆ ਜਾਵੇ। ਪਰ ਪੰਥ ਦਾ ਮਖੌਟਾ ਪਹਿਨ ਕੇ ਬੈਠੀਆਂ ਕੁਝ ਧਿਰਾਂ ਨੂੰ ਸ਼ਹੀਦੀ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਧਿਰਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਬੀਬੀ ਜੀ ਦੀ ਕੋਠੀ ਵਿੱਚੋਂ ਆ ਰਹੇ ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਜਨਰਲ ਭਾਈ ਗੁਰਜੰਟ ਸਿੰਘ ਰਾਜਸਥਾਨੀ ਦੋ ਦਿਨ ਪਹਿਲਾਂ ਮੋਹਾਲੀ ਵਿਖੇ ਸ਼ਹੀਦ ਹੋ ਗਏ ਸੀ। ਉਕਤ ਕੇਸ ਵਿੱਚ ਬੀਬੀ ਜੀ ਤੋਂ ਵੀ ਪੁੱਛ ਗਿੱਛ ਹੋ ਸਕਦੀ ਸੀ। ਜਿਸ ਕਰਕੇ ਬੀਬੀ ਜੀ ਨੇ ਬਾਥਰੂਮ ਵਿੱਚ ਬਿਜਲੀ ਦੀਆਂ ਤਾਰਾਂ ਫੜ ਕੇ ਆਤਮ-ਹੱਤਿਆ ਕਰ ਲਈ ਹੈ। ਜਦ ਕਿ ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਬੀਬੀ ਜੀ ਕੋਈ ਬੁਜ਼ਦਿਲ ਸਿੰਘਣੀ ਬਿਲਕੁਲ ਵੀ ਨਹੀਂ ਸੀ।ਬੀਬੀ ਜੀ ਨੂੰ ਇਤਿਹਾਸ ਸਿਰਜਣ ਵਾਲੇ ਸੂਰਮੇ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਜੀਵਨ ਸਾਥਣ ਹੋਣ ਦਾ ਸੁਭਾਗ ਹਾਸਲ ਹੈ। ਉਹ ਕੋਈ ਆਮ ਔਰਤ ਨਹੀਂ ਸਨ। ਉਨ੍ਹਾਂ ਦਾ ਜੀਵਨ ਕਠਨ ਸੰਘਰਸ਼ਾਂ ਵਿਚੋਂ ਲੰਘਿਆ ਹੋਇਆ ਸੀ। ਦਿੱਲੀ ਪੁਲਿਸ ਵਲੋਂ ਇੰਦਰਾ ਕੇਸ ਵਿੱਚ ਉਨ੍ਹਾਂ ਉਪਰ ਹੋਏ ਤਸ਼ੱਦਦ ਦੀ ਦਾਸਤਾਨ ਬੀਬੀ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਹੋਈ ਹੈ। ਜੋ ਬਿਆਨ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਬੀਬੀ ਜੀ ਉਪਰ ਹੋਇਆ ਤਸ਼ੱਦਦ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਸਿਖਰ ਹੀ ਕਿਹਾ ਜਾ ਸਕਦਾ ਹੈ। ਦਿੱਲੀ ਪੁਲਿਸ ਵਲੋਂ ਬੀਬੀ ਜੀ ਅੰਗਾਂ ਉਤੇ ਕੀਤੇ ਗਏ ਕਈ ਤਰ੍ਹਾਂ ਦੇ ਤਸ਼ੱਦਦ ਬਾਰੇ ਬੀਬੀ ਜੀ ਨੇ ਸਾਨੂੰ ਕਿਹਾ ਸੀ ਕਿ ਉਹ ਤਸ਼ੱਦਦ ਮੈਂ ਆਪਣੇ ਭਰਾਵਾਂ ਅੱਗੇ ਬਿਆਨ ਨਹੀਂ ਕਰ ਸਕਦੀ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੀਬੀ ਜੀ ਨਾਲ ਪੁਲਿਸ ਵੱਲੋਂ ਕੀ ਵਰਤਾਓ ਕੀਤਾ ਗਿਆ ਹੋਵੇਗਾ। ਬੀਬੀ ਜੀ ਵਲੋਂ ਖੁਦਕੁਸ਼ੀ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਬੀਬੀ ਜੀ ਦੀ ਬੜੀ ਨੇੜਿਓਂ ਸੰਗਤ ਮਾਣੀ ਹੋਈ ਹੈ। ਖੁਦਕੁਸ਼ੀ ਵਾਲੀ ਗੱਲ ਨਾਲ ਅਸੀਂ ਬਿਲਕੁਲ ਵੀ ਸਹਿਮਤ ਨਹੀਂ ਹਾਂ। ਇਹ ਗੱਲ ਸਾਨੂੰ ਬਿਲਕੁਲ ਹਜ਼ਮ ਹੀ ਨਹੀਂ ਹੋ ਰਹੀ ਹੈ। ਜਦੋਂ ਨਾਭਾ ਜੇਲ ਵਿੱਚ ਭਾਈ ਰਾਮ ਸਿੰਘ ਦੌਣ ਕਲਾਂ ਅਤੇ ਭਾਈ ਬਲਵਿੰਦਰ ਸਿੰਘ ਲੋਹਾਮ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਤਾਂ ਦਿਨ ਚੜਦੇ ਨੂੰ ਬੀਬੀ ਜੀ ਨੇ ਨਾਭੇ ਹਲਕੇ ਦੇ ਦਸ ਹਜ਼ਾਰ ਸਿੱਖਾਂ ਨੂੰ ਨਾਲ ਲੈ ਕੇ ਨਾਭਾ ਜੇਲ੍ਹ ਨੂੰ ਘੇਰਾ ਪਾ ਲਿਆ ਸੀ। ਭਾਵੇਂ ਪ੍ਰਸ਼ਾਸਨ ਨੇ ਜੇਲ ਦੇ ਦੋ ਸੌ ਮੀਟਰ ਦੇ ਘੇਰੇ ਵਿੱਚ ਕਰਫਿਊ ਲਗਾ ਦਿੱਤਾ ਸੀ। ਪਰ ਬੀਬੀ ਜੀ ਦੋਵੇਂ ਸਿੰਘਾਂ ਦੇ ਮਿਰਤਕ ਸਰੀਰ ਪ੍ਰਾਪਤ ਕਰ ਕੇ ਹੀ ਉਠੇ ਸੀ। ਬੀਬੀ ਜੀ ਨੇ ਖਮਾਣੋਂ ਨੇੜੇ ਪਿੰਡ ਬਾਠਾਂ ਵਿਖੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋਏ ਛੇ ਸਿੰਘਾਂ ਦੇ ਮਿਰਤਕ ਸਰੀਰ ਵੀ ਭਾਰੀ ਜੱਦੋ-ਜਹਿਦ ਪਿੱਛੋਂ ਪ੍ਰਾਪਤ ਕੀਤੇ ਸੀ। ਉਹ ਉਸ ਸਮੇਂ ਵੀ ਖਮਾਣੋਂ ਥਾਣੇ ਨੂੰ ਘੇਰ ਕੇ ਬੈਠ ਗਏ ਸੀ। ਉਨ੍ਹਾਂ ਦੇ ਇੱਕ ਸੁਨੇਹੇ ਉਤੇ ਹੀ ਪਿੰਡਾਂ ਵਿੱਚੋਂ ਸਿੱਖਾਂ ਦੀਆਂ ਭਰੀਆਂ ਟਰਾਲੀਆਂ ਧੂੜਾਂ ਪੁੱਟਦੀਆਂ ਮਿੰਟਾਂ ਵਿੱਚ ਪਹੁੰਚ ਜਾਂਦੀਆਂ ਹੁੰਦੀਆਂ ਸੀ। ਕੌਮੀ ਜਰਨੈਲ ਭਾਈ ਭਾਈ ਗੁਰਜੰਟ ਸਿੰਘ ਰਾਜਸਥਾਨੀ ਦਾ ਮਿਰਤਕ ਸਰੀਰ ਪ੍ਰਾਪਤ ਕਰਨ ਸਮੇਂ ਮੋਹਾਲੀ ਪੁਲਿਸ ਨਾਲ ਨਾਲ ਹੋਏ ਟਕਰਾ ਸਮੇਂ ਬੀਬੀ ਬਿਮਲ ਕੌਰ ਖਾਲਸਾ ਦੇ ਸਰੀਰ ਉਪਰ ਪੰਜਾਹ ਤੋਂ ਵੱਧ ਡਾਂਗਾਂ ਦੇ ਨਿਸ਼ਾਨ ਪਏ ਸੀ । ਉਸ ਮੌਕੇ ਪੁਲਿਸ ਨੇ ਬੀਬੀ ਜੀ ਦੀਆਂ ਦੋਵੇਂ ਬਾਹਵਾਂ ਡੰਡਿਆਂ ਨਾਲ ਭੰਨ ਕੇ ਡੀ. ਐਸ. ਪੀ. ਦਲੀਪ ਸਿੰਘ ਵੜੈਚ ਦਾ ਗਲਾਮਾਂ ਬੀਬੀ ਜੀ ਦੇ ਹੱਥੋਂ ਛੁਡਾਇਆ ਸੀ। ਬੀਬੀ ਜੀ ਨੇ ਕੋਟਲਾ ਅਜਨੇਰ ਕਾਂਢ ਦੇ ਸ਼ਹੀਦ ਭਾਈ ਬਲਜੀਤ ਸਿੰਘ ਭੁਟੋ ਵਾਸੀ ਸਲਾਣਾ ਅਤੇ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਘਰਖਣਾ ਦੇ ਮਿਰਤਕ ਸਰੀਰ ਪ੍ਰਾਪਤ ਕਰਨ ਲਈ ਵੀ ਖੰਨੇ ਥਾਣੇ ਦਾ ਘਿਰਾਓ ਕੀਤਾ ਸੀ। ਇੰਨਾ ਸੰਘਰਸ਼ੀ ਮੁਹਿੰਮਾਂ ਵਿੱਚ ਦਾਸ ਨੂੰ ਬੀਬੀ ਜੀ ਦੀ ਸੁਰੱਖਿਆ ਟੀਮ ਦਾ ਬਤੌਰ ਮੈਂਬਰ ਵਿਚਰਨ ਦਾ ਸੁਭਾਗ ਹਾਸਲ ਹੈ।
ਮੈਂ ਆਪਣੇ ਧੰਨਭਾਗ ਸਮਝਦਾ ਹਾਂ ਕਿ ਦਾਸ ਨੂੰ ਵਾਹਿਗੁਰੂ ਨੇ ਕੌਮ ਦੇ ਮਹਾਨ ਜਰਨੈਲ ਦੇ ਬੱਚਿਆਂ ਨੂੰ ਖਿਡਾਉਣ ਦਾ ਅਤੇ ਸੂਰਮੇਂ ਦੀ ਸ਼ੇਰ ਦਿਲ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਦੀ ਸੁਰੱਖਿਆ ਟੀਮ ਵਿੱਚ ਰਹਿ ਕੇ ਸੇਵਾ ਕਰਨ ਦਾ ਮਾਣ ਬਖਸ਼ਿਆ ਹੋਇਆ ਹੈ। ਬੀਬੀ ਜੀ ਦੀ ਇਹ ਵਿਸ਼ੇਸਤਾ ਸੀ ਕਿ ਉਹ ਆਮ ਲੀਡਰਾਂ ਦੀ ਤਰ੍ਹਾਂ ਭਾਂਤ ਭਾਂਤ ਦੇ ਬਸਤਰ ਪਹਿਨਣ ਦੀ ਥਾਂ ਹਮੇਸ਼ਾਂ ਹੀ ਬਸੰਤੀ ਰੰਗ ਦੇ ਬਸਤਰ ਅਤੇ ਸਰਦੀਆਂ ਵਿੱਚ ਕਾਲੇ ਰੰਗ ਦੀ ਕੋਟੀ ਪਹਿਨ ਕੇ ਰੱਖ ਦੇ ਹੁੰਦੇ ਸੀ। ਉਨ੍ਹਾਂ ਸਮਿਆਂ ਵਿਚ ਨਾਭਾ, ਮਲੇਰਕੋਟਲਾ ਅਤੇ ਧੂਰੀ ਵਿਧਾਨ ਸਭਾ ਹਲਕੇ ਰੋਪੜ ਲੋਕ ਸਭਾ ਹਲਕੇ ਵਿੱਚ ਪੈਂਦੇ ਹੁੰਦੇ ਸੀ। ਇੰਨਾ ਹਲਕਿਆਂ ਵਿੱਚ ਜਾਣ ਸਮੇਂ ਬੀਬੀ ਜੀ ਰਸਤੇ ਵਿੱਚ ਪੈਂਦੇ ਪਿੰਡ ਬਡਗੁਜਰਾਂ ਸਥਿਤ ਮੇਰੇ ਘਰ ਅਕਸਰ ਆ ਕੇ ਮੇਰੇ ਪ੍ਰਵਾਰ ਵਿੱਚ ਬੈਠ ਕੇ ਮੱਕੀ ਦੀ ਰੋਟੀ,ਸਰੋਂ ਦਾ ਸਾਗ,ਲੱਸੀ ਆਦਿ ਛਕ ਕੇ ਜਾਂਦੇ ਹੁੰਦੇ ਸੀ। ਮੇਰੇ ਗਰੀਬ ਖਾਨੇ ਵਿੱਚ ਕੌਮ ਦੇ ਮਹਾਨ ਜਰਨੈਲ ਦੀ ਸਿੰਘਣੀ ਵਲੋਂ ਅੱਧੀ ਦਰਜ਼ਨ ਵਾਰ ਆਪਣੇ ਪਵਿੱਤਰ ਚਰਨ ਪਾਉਣੇ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਮੈਂ ਉਨ੍ਹਾਂ ਵੱਡਮੁੱਲੀਆਂ ਯਾਦਾਂ ਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ ਹੈ।
ਉਨ੍ਹਾਂ ਸਮਿਆਂ ਵਿੱਚ ਕੈਮਰੇ ਦੀ ਘਾਟ ਹੋਣ ਕਰਕੇ ਭਾਵੇਂ ਬਹੁਤ ਸਾਰੀਆਂ ਯਾਦਾਂ ਦੀਆਂ ਫੋਟੋਆਂ ਨਹੀਂ ਪ੍ਰਾਪਤ ਹੋ ਸਕੀਆਂ ਫਿਰ ਵੀ ਮੇਰੇ ਘਰ ਦੀਆਂ ਕੁਝ ਯਾਦਾਂ ਮੇਰੇ ਕੋਲ ਸੁਰੱਖਿਆ ਹਨ।ਕੁਝ ਫੋਟੋਆਂ ਅਤੇ ਸਿੱਖ ਸੰਘਰਸ਼ ਦਾ ਕੀਮਤੀ ਸਹਿਤ ਪੁਲਿਸ ਮੇਰੇ ਘਰੋਂ ਚੁੱਕ ਕੇ ਵੀ ਲੈ ਗਈ ਹੈ।
ਮਹਾਨ ਯੋਧੇ ਅਮਰ ਸ਼ਹੀਦ ਭਾਈ ਭਾਈ ਬੇਅੰਤ ਸਿੰਘ ਮਲੋਆ ਦੀ ਸਿੰਘਣੀ ਅਮਰ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਦੇ ਅੱਜ ਸ਼ਹੀਦੀ ਦਿਹਾੜੇ ਉਪਰ ਮੈਂ ਆਪਣੇ ਸਮੁੱਚੇ ਪਰਵਾਰ ਵਲੋਂ ਸ਼ਰਧਾਂਜਲੀ ਭੇਟ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਨ੍ਹਾਂ ਦੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਅਤੇ ਪਰਿਵਾਰ ਉਪਰ ਮੇਹਰ ਭਰਿਆ ਹੱਥ ਰੱਖੇ।
ਮੈਂ ਆਪਣੇ ਲੇਖ ਨੂੰ ਸਮੇਟਦਿਆਂ ਅਖੀਰ ਵਿੱਚ ਇੱਕ ਗੱਲ ਬੜੇ ਭਰੇ ਮਨ ਨਾਲ ਅਤੇ ਜ਼ੋਰ ਪਾ ਕੇ ਲਿਖ ਰਿਹਾ ਹਾਂ ਕਿ ਸਿੱਖ ਪੰਥ ਵਲੋਂ ਬੀਬੀ ਬਿਮਲ ਕੌਰ ਖਾਲਸਾ ਨੂੰ ਆਪਣੇ ਚੇਤਿਆਂ ਵਿੱਚੋਂ ਵਿਸਾਰ ਦੇਣ ਵਾਲੀ ਗੱਲ ਮੈਨੂੰ ਲੰਘੇ ਤੀਹ ਸਾਲਾਂ ਤੋਂ ਬੜੀ ਰੜਕਦੀ ਆ ਰਹੀ ਹੈ।ਬਹੁਤੇ ਸਿੱਖਾਂ ਨੂੰ ਤਾਂ ਉਨ੍ਹਾਂ ਦੀ ਯਾਦ ਅੱਜ ਇਕ ਦੋ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਹੀ ਆਉਣੀ ਹੈ।ਅਤੇ ਇਨ੍ਹਾਂ ਲਿਖਤਾਂ ਉਪਰ ਸਰਸਰੀ ਜਿਹੀ ਨਜ਼ਰ ਮਾਰ ਕੇ ਸਿੱਖਾਂ ਨੇ ਅੱਗੇ ਲੰਘ ਜਾਣਾ ਹੈ। ਪਰ ਮੈਂ ਪੁਛਣਾ ਚਾਹੁੰਦਾ ਹਾਂ ਕਿ” ਕੀ ਸਿੱਖ ਕੌਮ ਵਲੋਂ ਆਪਣੇ ਹੀਰਿਆਂ ਨੂੰ ਵਿਸਾਰ ਦੇਣ ਵਾਲੀ ਗੱਲ ਕੌਮ ਦੇ ਹਿਤਾਂ ਵਿੱਚ ਹੋਵੇਗੀ ??
ਅਮਰਜੀਤ ਸਿੰਘ ਬਡਗੁਜਰਾਂ