
(ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ)
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ।।
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ।। (ਮ:੫ ੪੬੧)
ਪੋਹ ਸੁਦੀ ਸਤਮੀ, ਸੰਮਤ ੧੭੨੩ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥ ਸਤਿਗੁਰੂ ਜੀ ਦੇ ਇਸ ਮਾਤ ਲੋਕ ਵਿਚ ਆਉਣ ਦੇ ਬਾਰੇ ਪਿਤਾ ਗੁਰੂ
ਨੇ ਖੁਦ ਹੀ ਤਿੰਨ ਪਦਿਆਂ ਦੀ ਚੌਪਈ ਵਿਚ ਵਰਣਨ ਕਰ ਦਿੱਤਾ ਹੈ,
ਚੌਪਈ ॥
ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨ੍ਹਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
ਮਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨ ਦੁਲਰਾਏ ॥੨॥
ਕੀਨੀ ਅਨਿਕ ਭਾਂਤਿ ਤਨ ਰਛਾ ॥ ਦੀਨੀ ਭਾਂਤਿ ਭਾਂਤਿ ਕੀ ਸਿਛਾ ॥
ਜਬ ਹਮ ਧਰਮ ਕਰਮ ਮੋ ਆਇ ॥ ਦੇਵ ਲੋਕਿ ਤਬ ਪਿਤਾ ਸਿਧਾਏ ॥੩॥
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਬਰਨਨੰ ਨਾਮ ਸਪਤਮੋ ਧਿਆਇ ਸਮਾਤਪਮ ਸਤੁ ਸੁਭਮ ਸਤੁ ॥੭॥੨੮੨॥
ਇਹ ਤਿੰਨੋਂ ਪਦੇ ਆਪਣੇ ਆਪ ਵਿਚ ਮੁਕੰਮਲ ਹਨ। ਮੁਰ ਪਿਤ ਪੂਰਬਿ ਕਿਯਸਿ ਪਯਾਨਾ ॥ ਵਾਲੇ ਪਹਿਲੇ ਪਦੇ ਵਿਚ ਗੁਰੂ ਗੋਬਿੰਦ ਸਿੰਘ ਜੀ
ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪ੍ਰਯਾਗਰਾਜ ਤ੍ਰਿਬੇਣੀ ਵਿਖੇ ਕਯਾਮ ਬਾਰੇ ਵਰਣਨ ਕਰਦੇ ਹਨ। ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ
ਕਰਤ ਬਿਤਏ ॥੧॥ ਇਹ ਪਦਾ ਇੱਥੇ ਸਮਾਪਤ ਹੋ ਜਾਂਦਾ ਹੈ।
ਦੂਸਰੇ ਪਦੇ ਵਿਚ ਸਤਿਗੁਰੂ ਜੀ ਪਟਨਾ ਸਾਹਿਬ ਵਿਖੇ ਆਪਣੇ ਪ੍ਰਕਾਸ਼ ਬਾਰੇ ਵਰਣਨ ਕਰਦੇ ਹਨ, ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ
ਬਿਖੈ ਭਵ ਲਯੋ ॥ …।।੨।। ਭਾਈ ਕਾਨ੍ਹ ਸਿੰਘ ਨਾਭਾ ਵੀ ਪ੍ਰਕਾਸ਼ ਦੀ ਵਿਆਖਿਆ ਕਰਦੇ ਹਨ, ਸੰ. ਪ੍ਰਗਟ ਹੋਣ ਦੀ ਕ੍ਰਿਯਾ, ‘ਤਹੀ ਪ੍ਰਕਾਸ਼ ਹਮਾਰਾ
ਭਯੋ।(ਵਿਚਿਤ੍ਰ)।
ਸਤਿਗੁਰੂ ਜੀ ਦਾ ਪ੍ਰਗਟ ਹੋਣਾ ਹੀ ਪ੍ਰਕਾਸ਼ਮਾਨ ਹੋਣਾ ਹੈ, ਜਿਸ ਨਾਲ ਸਾਰਾ ਜਗ ਰੁਸ਼ਨਾਇਆ ਜਾਂਦਾ ਹੈ,
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਪ੍ਰਕਾਸ਼, ਜਨਮ, ਭਵ, ਆਗਮ ਜਾਂ ਪ੍ਰਗਟ ਹੋਣਾ ਇਸ ਮਾਤ ਲੋਕ ਵਿਚ ਆਗਮਨ ਹੋਣਾ ਹੈ। ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ
ਇਕੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲੇ।।੧੭।। (ਭਾ. ਗੁਰਦਾਸ ਵਾਰ ੪੧ ਪਉੜੀ ੧੭)।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦੇ ਸੰਸਾਰ ਆਗਮਨ ਦਿਵਸ ਨੂੰ ਪ੍ਰਕਾਸ਼ ਦਿਵਸ ਕਰ ਕੇ ਪੂਰੀ ਸ਼ਰਧਾ,
ਸਤਿਕਾਰ ਅਤੇ ਖਾਲਸਈ ਜਾਹੌ ਜਲਾਲ ਨਾਲ ਮਨਾਇਆ ਜਾਂਦਾ ਹੈ ਅਤੇ ਮਨਾਇਆ ਵੀ ਜਾਣਾ ਚਾਹੀਦਾ ਹੈ। ਇਹ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ
ਹੈ।
ਗੁਰਚਰਨਜੀਤ ਸਿੰਘ ਲਾਂਬਾ