106 views 27 secs 0 comments

ਸੋ ਕਹੀਏ ਅਕਾਲੀ

ਲੇਖ
September 07, 2025

ਸੰਸਾਰ ਵਿਚ ਰਹਿੰਦਿਆਂ ਗਿਆਨ ਪ੍ਰਾਪਤੀ ਦੇ ਫ਼ਲਸਫ਼ੇ ਨੂੰ ਬਿਆਨ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਫੁਰਮਾਨ ਹੈ:
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥ (ਧਨਾਸਰੀ ਮਹਲਾ ੧, ਅੰਗ ੬੬੧)
ਕੱਲ੍ਹ ਈ ਕਿਸੇ ਨੇ ਸਵਾਲ ਕੀਤਾ ਕਿ ਅਕਾਲੀ ਕੌਣ ਐਂ?
ਮੈਂ ਕਿਹਾ, “ਅਕਾਲੀ ਤੋਂ ਭਾਵ ਅਕਾਲ ਦਾ ਉਪਾਸ਼ਕ ਜਾਂ ਕਹਿ ਲਓ ਵਾਹਿਗੁਰੂ ਜੀ ਕਾ ਖ਼ਾਲਸਾ ਐ।” ਗੱਲ ਕੀ ਗੁਰਮਤਿ ਅਨੁਸਾਰੀ ਜੀਵਨ ਜਾਚ ਵਾਲਾ ਹਰ ਗੁਰਸਿੱਖ ਅਕਾਲੀ ਐ, ਕਿਉਂਕਿ ਗੁਰੂ ਸਾਹਿਬਾਂ ਨੇ ਹਰ ਸਿੱਖ ਨੂੰ ਅਕਾਲ ਦੇ ਲੜ ਲਾਇਆ। ਇਸ ਲਈ ਹਰ ਤਰ੍ਹਾਂ ਦੇ ਭਰਮਾਂ-ਕਰਮਾਂ ਤੋਂ ਮੁਕਤ, ਬਾਣੀ-ਬਾਣੇ ਦਾ ਧਾਰਨੀ, ਗੁਰੂ ਗ੍ਰੰਥ ਤੇ ਪੰਥ ਨੂੰ ਸਮਰਪਿਤ ਸਿੱਖ ਹੀ ਅਕਾਲੀ ਏ। ਮਹਾਨ ਕੋਸ਼ ‘ਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਐਸੇ ਅਕਾਲੀ ਦੀ ਸਿਫ਼ਤ ਇਉਂ ਬਿਆਨ ਕੀਤੀ ਐ :
ਕਮਲ ਜਯੋਂ ਮਾਯਾ ਜਲ ਵਿਚ ਹੈ ਅਲੇਪ ਸਦਾ,
ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ।

ਕਰ ਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ,
ਭਾਣੇ ਵਿਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ।

ਸ੍ਵਾਰਥ ਤੋਂ ਬਿਨਾਂ ਗੁਰੁਦ੍ਵਾਰਿਆਂ ਦਾ ਚੌਂਕੀਦਾਰ,
ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ।

ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ,
ਸਿੱਖ ਦਸਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ। (ਮਹਾਨ ਕੋਸ਼, ਪੰਨਾ ੩੬)

ਇਹ ਸੁਣ ਕੇ ਇਕ ਸੱਜਣ ਬੋਲ ਉਠਿਆ ਕਿ ਜੇ ਹਰ ਸਿੱਖ, ਅਕਾਲ ਦਾ ਉਪਾਸ਼ਕ ਐ ਤਾਂ ਕੁਝ ਸਿੱਖ, ਗੁਰਮਤਿ ਗਾਡੀ ਰਾਹ ਛੱਡ ਕੇ ਪਗਡੰਡੀਆਂ ‘ਤੇ ਕਿਉਂ ਤੁਰੇ ਫਿਰਦੇ ਨੇ ?
ਮੈਂ ਕਿਹਾ, “ਕਿਸੇ ਸਮੇਂ ਐਸਾ ਕੁਝ ਦੇਖ ਕੇ ਇਕ ਧੀ ਨੇ ਮਾਂ ਨੂੰ ਕਿਹਾ ਸੀ, ਨੀ ਮਾਂ ! ਕੀਹਦੇ ਗੱਲ ‘ਚ ਕੀ ਪਾਇਆ ? ਅੱਗੋਂ ਮਾਂ ਕਹਿੰਦੀ, ‘ਧੀਏ! ਇਹੋ ਜਿਹੀਆਂ ਦੇ ਗਲ਼ ‘ਚ ਇਹੋ ਜਿਹੇ ਈ ਹੁੰਦੇ ਆ।’ ਇਸ ਲਈ ਜੋ ਸਿੱਖ ਗੁਰਮਤਿ ਗਾਡੀ ਰਾਹ ਛੱਡ ਕੇ ਪਗਡੰਡੀਆਂ ‘ਤੇ ਪਏ ਆ ਉਹ ਵੀ ਤਾਂ ਠੇਡੇ ਈ ਖਾ ਰਹੇ ਨੇ, ਠੇਡੇ ਈ ਨਹੀਂ ਖਾ ਰਹੇ, ਕੁਝ ਤਾਂ ਡੂੰਘੇ ਟੋਇਆਂ ‘ਚ ਮੂਧੇ ਮੂੰਹ ਡਿੱਗੇ ਪਏ ਨੇ, ਡਿੱਗੇ ਈ ਨਹੀਂ ਸਗੋਂ ਅਗਿਆਨਤਾ ਦੇ ਚਿੱਕੜ ਨਾਲ ਲਬਰੇਜ਼ ਹਨ, ਲਬਰੇਜ਼ ਈ ਨਹੀਂ ਚਿੱਕੜ ਨਾਲ ਸਮਝੌਤਾ ਕਰੀ ਬੈਠੇ ਉਹਦੇ ਗੁਣ ਗਾਇਨ ਕਰੀ ਜਾ ਰਹੇ ਨੇ। ‘ਵਾਹ ਉਏ ਕਰਮਾਂ ਦਿਆ ਬਲੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ।’
ਸੁਣਦਿਆਂ ਸਾਰ ਜਗਿਆਸੂ ਕਹਿੰਦਾ, “ਜਦੋਂ ਖੀਰ ਰਿੰਨ੍ਹਣ ਦਾ ਤਰੀਕਾ ਈ ਭੁੱਲ ਗਏ ਤਾਂ ਦਲੀਆ ਈ ਬਣਨਾ ਸੀ, ਹੋਰ ਕੀ ਬਣਦਾ ?”
ਬੱਸ-ਬੱਸ-ਬੱਸ ਇਹ ਦਲੀਆਵਾਦ ਨੇ ਕਈ ਜਗ੍ਹਾ ਸਿੱਖ ਮਾਨਸਿਕਤਾ ਨੂੰ ਦਲੀਆ ਦਲੀਆ ਕੀਤਾ ਹੋਇਆ, ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਬੇਮੁੱਖ ਹੋਏ ਅਗਿਆਨਤਾ ਦੀ ਚੱਕੀ ਝੋਈ ਜਾਂਦੇ ਨੇ। ਸਿਰੇ ਦੀ ਗੱਲ ਕਿ ਰੱਸੀ ਨੂੰ ਸੱਪ ਉਹੀ ਸਮਝ ਬੈਠਦਾ, ਜੋ ਹਨ੍ਹੇਰੇ ਵਿਚ ਐ। ਜੀਹਦੇ ਪਾਸ ਜਗਦਾ ਦੀਵਾ ਜਾਂ ਰੌਸ਼ਨੀ ਦਾ ਪ੍ਰਬੰਧ ਹੋਵੇ ਉਹਨੂੰ ਅਸਲੀਅਤ ਦਾ ਪਤਾ ਹੁੰਦਾ, ਪਰ ਮਸਲਾ ਤਾਂ ਹਨ੍ਹੇਰੇ ਦਾ ਐ।
ਗੁਰਬਾਣੀ ਵਿਚ ਤਾਂ ਸਪਸ਼ਟ ਲਿਖਿਆ:

ਅੰਧਕਾਰ ਸੁਖਿ ਕਬਹਿ ਨ ਸੋਈ ਹੈ॥
ਰਾਜਾ ਰੰਕੁ ਦੋਊ ਮਿਲਿ ਰੋਈ ਹੈ॥ (ਗਉੜੀ ਕਬੀਰ ਜੀ, ਅੰਗ ੧੧੬੩)

ਮਸਲਾ ਤਾਂ ਇਹ ਐ ਬਾਬਿਓ ! ਕਿ ਰੌਸ਼ਨੀ ਦੇ ਪੈਰੋਕਾਰ ਕਈ ਸਿੱਖ ਵੀ ਅੰਧਕਾਰ ‘ਚ ਭਟਕ ਰਹੇ ਐ ?

ਮੈਂ ਕਿਹਾ, “ਉਹੀ ਗੱਲ ਲੱਗਦੀ ਐ ਜਿਵੇਂ ਕਿਸੇ ਗੰਨਾ ਚੂਪਦੇ ਬੱਚੇ ਤੋਂ ਕੋਈ ਗੰਨਾ ਖੋਹ ਕੇ ਚਰੀ ਦਾ ਟਾਂਡਾ ਚੂਪਣ ਲਈ ਦੇ ਦੇਵੇ । ਥੋੜ੍ਹਾ ਜਿਹਾ ਪਿੱਛੇ ਇਕ ਸਦੀ ਝਾਤ ਮਾਰੋ ਤਾਂ ਸਿੰਘ ਸਭਾ ਲਹਿਰ ਵੇਲੇ ਵੀ ਸਿੱਖ ਮਾਨਸਿਕਤਾ ਵਿਚ ਐਸੀਆਂ ਹੀ ਕੁਰੀਤੀਆਂ ਕਈ ਥਾਈਂ ਘਰ ਕਰ ਗਈਆਂ ਸਨ, ਜਿਸ ਦੇ ਪ੍ਰਤੀਕਰਮ ਵਜੋਂ ਇਹ ਲਹਿਰ ਹੋਂਦ ਵਿਚ ਆਈ ਸੀ। ਉਸ ਸਮੇਂ ਐਸੇ ਸਿੱਖਾਂ ਦੀ ਹਾਲਤ ਵੇਖ ਕੇ ਗਿਆਨੀ ਦਿੱਤ ਸਿੰਘ ਜੀ ਨੇ ਲਿਖਿਆ ਸੀ:

ਕੁਝ ਅੰਨ ਦੇ, ਕੁਝ ਧਨ ਦੇ, ਕੁਝ ਪਹਾੜਾਂ ਵਾਲੀ ਰੰਨ ਦੇ। ਕੁਝ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ।

ਇਕ ਜਗਿਆਸੂ ਝੱਟ ਬੋਲਿਆ ਕਿ ਐਸਾ ਕਿਉਂ ਵਾਪਰ ਜਾਂਦਾ ?

ਮੈਂ ਕਿਹਾ, ਭਾਈ ਸਾਰੀ ਦੁਨੀਆਂ ਚੇਤੰਨ ਨਹੀਂ ਹੁੰਦੀ, ਲਾਈਲੱਗ ਬਿਰਤੀ ਦੇ ਲੋਕ ਵੀ ਹੁੰਦੇ ਆ। ਅਨਜਾਣੇ ਵਿਚ ਇਨਸਾਨ ਗੁੰਮਰਾਹ ਵੀ ਹੋ ਜਾਂਦਾ। ਮੇਰਾ ਦਾਦਾ ਸੁਣਾਉਂਦਾ ਹੁੰਦਾ ਸੀ ਕਿ ਅਸੀਂ ਇਕ ਇਤਿਹਾਸਕ ਸਥਾਨ ‘ਤੇ ਰਾਤ ਦਾ ਦੀਵਾਨ ਸੁਣਨ ਗਏ ਤੇ ਨਾਲ ਦੇਸੀ ਘਿਓ ਦੇ ਪਰੌਂਠੇ ਪਕਾ ਕੇ ਲੈ ਗਏ ਕਿ ਰਾਤ ਦਾ ਦੀਵਾਨ ਸੁਣ ਕੇ ਸੁਬਾ ਸੁਝਾ ਖਾਵਾਂਗੇ। ਸਵੇਰੇ ਜਦੋਂ ਬਾਹਰ ਪੰਗਤਾਂ ਲੱਗੀਆਂ ਤਾਂ ਸੇਵਾਦਾਰਾਂ ਦੀ ਆਵਾਜ਼ ਸੁਣੀ ਕਿ ਛਕ ਲਉ…..ਮਿੱਠੇ ਪ੍ਰਸ਼ਾਦੇ…. ਅਸੀਂ ਦੇਸੀ ਘਿਓ ਦੇ ਪਰੌਂਠੇ ਕਿਸੇ ਹੋਰ ਨੂੰ ਦੇ ਦਿੱਤੇ ਤੇ ਪੰਗਤ ‘ਚ ਬੈਠ ਗਏ। ਜਦੋਂ ‘ਮਿੱਠੇ ਪ੍ਰਸ਼ਾਦੇ’ ਸਾਡੇ ਹੱਥਾਂ ‘ਚ ਆਏ ਤਾਂ ਸੋਚੀਏ, ਇਹ ਕੀ ? ਲੰਗਰ ਦੀ ਬੋਲੀ ‘ਚ ਬਹੇ ਪ੍ਰਸ਼ਾਦਿਆਂ ਨੂੰ ਮਿੱਠੇ ਪ੍ਰਸ਼ਾਦੇ ਕਹਿੰਦੇ ਐ। ਧਰਮ ਦੇ ਮਾਮਲੇ ‘ਚ ਕਈ ਸਿੱਖ ਪਰਿਵਾਰਾਂ ਦਾ ਵੀ ਇਹੋ ਹਾਲ ਹੋਇਆ ਪਿਆ ਕਿ ਉਨ੍ਹਾਂ ਨੂੰ ਅਸਲੀਅਤ ਬਾਰੇ ਗਿਆਨ ਨਹੀਂ ਹੈ। ਫੋਕਟ ਕਰਮਾਂ ‘ਚ ਲੱਗ ਜਾਂਦੇ ਹਨ।
ਪਰ ਇਹ ਅਸਲੀਅਤ ਬਾਰੇ ਗਿਆਨ ਕਿਉਂ ਨਹੀਂ ਹੋ ਰਿਹੈ ?
ਮੈਂ ਕਿਹਾ, “ਕਈਆਂ ਨੂੰ ਰਾਹ ਭੁੱਲ ਕੇ ਵੀ ਇਹ ਪਤਾ ਨਹੀਂ ਹੁੰਦਾ ਕਿ ਅਸੀਂ ਭੁੱਲੇ ਹੋਏ ਆਂ। ਆਹ ਪਿੰਡਾਂ ਦੇ ਟਰੈਕਟਰ-ਟਰਾਲੀਆਂ ਨੂੰ ਦੇਖੋ, ਟਰਾਲੀਆਂ ਦੇ ਇਕ ਪਾਸੇ ਲਾਈਨ ਲਿਖੀ ਹੁੰਦੀ ਆ, ‘ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ।’ ਬਹੁਤਿਆਂ ਨੂੰ ਇਲਮ ਜਾਂ ਅਹਿਸਾਸ ਈ ਨਹੀਂ ਕਿ ਇਹ ਲਾਈਨ ਜੋੜਨ ਵਾਲੇ ਦੇ ਮਨ ਵਿਚ ਕਿੰਨੀ ਸ਼ਰਧਾ ਤੇ ਦਰਦ ਛਿਪਿਆ ਹੋਇਆ ਕਿ ਭਾਵੇਂ ਸਾਰਾ ਜੱਗ ਰੁੱਸ ਜਾਏ ਪਰ ਮੈਂ ਦਸਮ ਪਿਤਾ ਦੀ ਬਖ਼ਸ਼ਿਸ਼ ਦਾ ਪਾਤਰ ਬਣ ਕੇ ਰਹਾਂਗਾ। ਬੱਸ ਕਲਗੀਆਂ ਵਾਲੇ ਦੀਆਂ ਖੁਸ਼ੀਆਂ ਹਾਸਲ ਕਰਾਂਗਾ। ਪਰ ਕਈ ਵਾਰੀ ਉਸੇ ਟਰਾਲੀ ‘ਚ ਸੰਗਤ ਬਿਠਾ ਕੇ, ਟਰੈਕਟਰ ਦਾ ਮਾਲਕ ਪੰਥਕ ਦੋਖੀਆਂ ਦੇ ਸਥਾਨਾਂ ‘ਤੇ ਲਈ ਫਿਰਦਾ ਹੈ। ਉਹਨੇ ਲਿਖਿਆ ਜ਼ਰੂਰ ਐ, ਪਰ ਸਮਝ ਨਹੀਂ ਐ। ਕਈ ਸਿੱਖ ਸਿਧਾਂਤ ਨੂੰ ਛੱਡ ਕੇ ਭੇਖ ਦੇ ਪੁਜਾਰੀ ਹੋ ਗਏ ਨੇ ਤੇ ਭੇਖਵਾਦ ਕਿਸੇ ਵੀ ਧਰਮ ਫ਼ਿਲਾਸਫ਼ੀ ਲਈ ਖ਼ਤਰਨਾਕ ਹੁੰਦੈ। ਚਾਣਕਯ ਨੀਤੀ ਵਿਚ ਇਕ ਛੰਦ ਆਉਂਦਾ
ਐ:
ਭੇਖ ਦੇਖ ਨਹਿ ਭੂਲੀਐ, ਜਹਾਂ ਨ ਗੁਣ ਕੋ ਨਾਮ।
ਜਿਉਂ ਘੰਟਾ ਗਲ ਗਊ ਕੇ ਦੁਧ ਬਿਨਾ ਕਿਹਾ ਕਾਮ।
ਬਈ ਕਿਸੇ ਦਾ ਭੇਖ ਵੇਖ ਕੇ ਨਾ ਭੁੱਲ ਜਾਣਾ, ਜਿਥੇ ਗੁਣ ਦਾ ਨਾਂਉਂ ਈ ਨਾ ਹੋਵੇ। ਇਹ ਤਾਂ ਇਉਂ ਹੈ ਜਿਵੇਂ ਕਿਸੇ ਗਉ ਦੇ ਗਲ ਚੰਗੀਆਂ ਚੰਗੀਆਂ ਟੱਲੀਆਂ ਬੱਧੀਆਂ ਹੋਣ ਪਰ ਜੇ ਉਹ ਦੁੱਧ ਨਾ ਦਿੰਦੀ ਹੋਵੇ ਤਾਂ ਉਹਦਾ ਸ਼ਿੰਗਾਰ ਜਾਂ ਗਊ ਕਿਸ ਕੰਮ ਐਂ!
ਜਗਿਆਸੂ ਕਹਿੰਦਾ ਕਿ ਅਕਾਲ ਦਾ ਪੁਜਾਰੀ ਫਿਰ ਸਿਰਫ਼ ਭੇਖਾਂ ਪਿੱਛੇ ਕਿਉਂ ਲੱਗ ਜਾਂਦਾ ਹੈ ?
ਮੈਂ ਕਿਹਾ ਇਹ ਗੱਲ ਪੱਕੀ ਐ ਕਿ ਕਿਸਾਨ ਨੇ ਹਮੇਸ਼ਾ ਫਸਲ ਬੀਜੀ ਐ, ਨਦੀਨ ਕਦੇ ਨਹੀਂ ਬੀਜਿਆ। ਨਦੀਨ ਹਮੇਸ਼ਾਂ ਈ ਫਸਲ ਦੀ ਓਟ ਹੇਠ ਪੈਦਾ ਹੁੰਦਾ। ਬਹੁਤੀ ਵਾਰੀ ਇਹਦੀ ਪੁੰਗਰਨੇ ਦੀ ਸ਼ਕਲ ਸੂਰਤ ਵੀ ਫਸਲ ਵਰਗੀ ਹੁੰਦੀ ਐ ਤੇ ਖਾਦ-ਪਾਣੀ ਇਹਨੇ ਨਾਲੋ ਨਾਲ ਲੈ ਜਾਣਾ। ਖ਼ਾਲਸਾ ਪੰਥ ਦੇ ਲਹਿਲਹਾਉਂਦੇ ਬਾਗ ‘ਚ ਕਦੇ ਪ੍ਰਿਥੀਏ, ਰਾਮਰਾਈਏ, ਧੀਰ ਮੱਲੀਏ, ਨਦੀਨ ਵਾਂਗ ਉੱਗੇ—ਫਿਰ ਸੋਢੀਆਂ, ਬੇਦੀਆਂ, ਭੱਲਿਆਂ ਦੇ ਵੱਡੇ ਵਡੇਰੇ ਕਹਿ ਕੇ ਗੱਦੀਆਂ ਲੱਗੀਆਂ। ਸਮੇਂ ਸਮੇਂ ਗੁਰੂ ਪੰਥ ਨੇ ਇਹਨੂੰ ਨਦੀਨ ਕਹਿ ਕੇ ਈ ਨਕਾਰਿਆ ਤੇ ਸੰਗਤਾਂ ਸੁਚੇਤ ਹੁੰਦੀਆਂ ਰਹੀਆਂ। ਹੁਣ ਅਨਮੱਤੀਆਂ ਦਾ ਨਦੀਨ ਫਿਰ ਪੰਥ ਦੀ ਖੇਤੀ ‘ਚ ਸਿਰ ਚੁੱਕ ਆਇਆ, ਸਿੱਖਾਂ ਨੂੰ ਇਸ ਦੇ ਨੁਕਸਾਨ ਪ੍ਰਤੀ ਸੁਚੇਤ ਕਰਨ ਦੀ ਲੋੜ ਐ। ਆਹ ਗਾਜਰ ਬੂਟੀ (ਕਾਂਗਰਸੀ ਘਾਹ) ਵੇਖਣ ਨੂੰ ਤਾਂ ਬਹੁਤ ਸੋਹਣਾ ਪਰ ਮਨੁੱਖਤਾ ਲਈ ਬਹੁਤ ਘਾਤਕ ਐ। ਇਸੇ ਤਰ੍ਹਾਂ ਦੇਹਧਾਰੀ ਗੁਰੂ-ਡੰਮ੍ਹ ਕਈ ਸਿੱਖਾਂ ਨੂੰ ਚੰਗਾ ਲੱਗ ਰਿਹਾ ਪਰ ਇਹ ਖ਼ਾਲਸਾ ਪੰਥ ਲਈ ਬਹੁਤ ਘਾਤਕ ਐ।
ਜਗਿਆਸੂ ਕਹਿੰਦਾ ਕਿ ਘਾਤਕ ਕਿਵੇਂ ਐਂ?
ਮੈਂ ਕਿਹਾ, ਪਹਿਲੀ ਗੱਲ ਕਿ ਸਿੱਖ ਆਪਣੇ ਗੁਰੂ ਤੋਂ ਈ ਬੇਮੁੱਖ ਹੋ ਗਿਆ ਜਦੋਂ ਗੁਰੂ ਸਾਹਿਬ ਦਾ ਸਿਧਾਂਤ ਛੱਡ ਦਿੱਤਾ। ਜੋ ਸ਼ਬਦ ਗੁਰੂ ਤੋਂ ਟੁੱਟਿਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਗਿਆ। ਗੁਰੂ ਸਾਹਿਬ ਨੇ ਸਰੀਰਕ ਪੂਜਾ ਈ ਤਾਂ ਖ਼ਤਮ ਕੀਤੀ ਸੀ, ਕੁਝ ਸਿੱਖ ਫਿਰ ਸਰੀਰਾਂ ਦੀ ਪੂਜਾ ਤਕ ਸੀਮਤ ਹੋ ਗਏ। ਪੰਥ ਤੋਂ ਵੀ ਟੁੱਟੇ ਕਿਉਂਕਿ ਵਿਚਾਰਧਾਰਾ ਇਕ ਨਾ ਰਹੀ। ਬਾਣੀ ਤੇ ਬਾਣੇ ਤੋਂ ਟੁੱਟ ਗਏ। ਸਿੱਖ ਬੰਦਿਆਂ ਦਾ ਬੰਦਾ ਨਹੀਂ, ਅਕਾਲ ਦਾ ਬੰਦਾ ਐ। ਇਹ ਬ੍ਰਾਹਮਣਵਾਦੀ ਰੀਤਾਂ ‘ਚ ਫਿਰ ਉਲਝ ਰਿਹਾ, ਇਹ ਸਧਾਰਨ ਬੰਦਿਆਂ ਦੀ ਵਿਚਾਰਧਾਰਾ ਇਸ ਨੂੰ ਫੇਰ ਅਗਿਆਨਤਾ ਦੀ ਡੂੰਘੀ ਖੱਡ ‘ਚ ਲਿਜਾ ਸੁੱਟੇਗੀ। ਇਹੋ ਈ ਤਾਂ ਵਿਚਾਰਨ ਵਾਲੀ ਗੱਲ ਐ…..।
‘ਅਖੇ ਟਿੰਡਾਂ ਪੱਥ ਲਾ ਜਾਣਦਾ ਮੇਰਾ ਮੱਘੀਆਂ ਦਾ ਉਸਤਾਦ’ ਬਈ ਜਿਹੜੇ ਸਿੱਧੀਆਂ ਸਾਦੀਆ ਟਿੰਡਾਂ ਬਣਾਉਣ ਨਾ ਜਾਣਨ ਉਹ ਮੱਘੀਆਂ ਦੇ ਉਸਤਾਦ ਕਿਵੇਂ ਬਣ ਗਏ ? ਗੁਰਮਤਿ ਵਿਚ ਪੁਜਾਰੀਵਾਦ ਭਾਵ ਵਿਚੋਲਾਵਾਦ ਨੂੰ ਕਿਤੇ ਥਾਂ ਈ ਨਹੀਂ। ਬਹੁਤੇ ਸਿੱਖਾਂ ਨੂੰ ਵਿਚੋਲਾਵਾਦ ਈ ਤਾਂ ਗੁੰਮਰਾਹ ਕਰ ਰਿਹੈ| ਗੁਰਬਾਣੀ ਦਾ ਸਿਮਰਨ ਕਰ ਕੇ ਵਿਚਾਰ ਕਰੋ ਤਾਂ ਗੁਰਬਾਣੀ ਵਿਚੋਲਾਵਾਦ ਨੂੰ ਖ਼ਤਮ ਕਰ ਕੇ ਸਿੱਖ ਨੂੰ ਅਕਾਲ ਪੁਰਖ ਨਾਲ ਜੋੜਦੀ ਐ। ਇਹੀ ਇਕ ਰਾਜ ਐ ਜੋ ਕਈਆਂ ਦੀ ਸਮਝ ਵਿਚ ਪਤਾ ਨਹੀਂ ਕਿਉਂ ਨਹੀਂ ਆ ਰਿਹਾ, ਜਦ ਕਿ ਇਹਦਾ ਸਿੱਟਾ ਗੁਰੂ ਸਾਹਿਬਾਨ ਨੇ ਸਪਸ਼ਟ ਕੱਢਿਆ, ‘ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ’।
ਅਕਾਲੀ ਜੀ ! ਗੱਲ ਤੁਹਡੀ ਬਹੁਤ ਹੀ ਸਪਸ਼ਟ ਤੇ ਸਿਧਾਂਤਕ ਐ, ਜੀਹਨੂੰ ਕਹਿੰਦੇ ‘ਸੌ ਤਾਲਿਆਂ ਦੀ ਇਕੋ ਚਾਬੀ ਐ।’
ਮੈਂ ਕਿਹਾ ਸਾਡਾ ਤਾਂ ਸੰਬੋਧਨੀ ਬੋਲਾ ਹੀ ਸਾਡਾ ਸਿਧਾਂਤ ਪੇਸ਼ ਕਰ ਦਿੰਦਾ ਐ ਕਿ ‘ਖ਼ਾਲਸਾ-ਵਾਹਿਗੁਰੂ ਦਾ ਐ ਤੇ ਫ਼ਤਹਿ ਵੀ ਵਾਹਿਗੁਰੂ ਦੀ ਐ।’ ਜਿਹੜਾ ਭਾਈ ਸਾਹਿਬ ਜੀ ਇਸ ਸੋਚ ‘ਤੇ ਪੱਕਾ ਐ, ਉਹ ਹੀ ਸਿੱਖ ਅਕਾਲੀ ਐ। ਇਸ ਲਈ ਜੋ ਅਕਾਲ ਦਾ ਪੁਜਾਰੀ ਐ ਉਹ ਕਿਸੇ ਹੋਰ ਦਾ ਪੁਜਾਰੀ ਨਹੀਂ ਹੋ ਸਕਦਾ ਤੇ ਜਿਹੜਾ ਹੋਰ ਦੇਵੀ ਦੇਵਤਿਆਂ ਜਾਂ ਸਰੀਰਾਂ ਦਾ ਪੁਜਾਰੀ ਐ, ਉਹ ਅਕਾਲ ਦਾ ਪੁਜਾਰੀ ਨਹੀਂ ਹੋ ਸਕਦਾ। ਘੱਟੋ ਘੱਟ ਹਰ ਸਿੱਖ ਨੂੰ ਗੁਰੂ ਪਾਤਸ਼ਾਹ ਦਾ ਫੁਰਮਾਨ ਮਨ ‘ਚ ਵਸਾ ਕੇ ਰੱਖਣਾ ਚਾਹੀਦਾ ਐ :
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ॥
(ਵਾਰ ਆਸਾ, ਸਲੋਕ ਮ: ੨, ਅੰਗ ੪੭੪)
ਭਾਵ ਜੋ ਜਗਿਆਸੂ ਆਪਣੇ ਮਾਲਕ ਅੱਗੇ ਕਦੇ ਸਿਰ ਵੀ ਨਿਵਾਉਂਦਾ, ਕਦੀ ਨਾਂਹ ਨੁੱਕਰ ਕਰਦਾ, ਜਵਾਬ ਵੀ ਦਿੰਦਾ ਉਹ ਤਾਂ ਮੁੱਢੋਂ-ਸੁੱਢੋਂ ਹੀ ਖੁੰਝਿਆ ਹੋਇਆ ਹੈ ਕਿਉਂਕਿ ਦੋਵੇਂ ਗੱਲਾਂ ਹੀ ‘ਸਲਾਮ ਤੇ ਜਵਾਬ’ ਝੂਠੀਆਂ ਹਨ, ਕੋਈ ਵੀ ਮਾਲਕ ਦੇ ਦਰ ਕਬੂਲ ਨਹੀਂ ਹੋਣੀ। ਇਸ ਲਈ ਗੁਰਸਿੱਖਾਂ ਦਾ ਨਿਸਚਾ ‘ਜੋ ਗੁਰੁ ਕਹੈ ਸੋਈ ਭਲ ਮਾਨਹੁ’ (ਅੰਗ ੬੬੭) ਵਾਲਾ ਹੋਣਾ ਚਾਹੀਦਾ ਐ ਤਾਂ ਹੀ ਹਰ ਸਿੱਖ ਅਕਾਲੀ ਕਹਿਲਾਉਣ ਦਾ ਹੱਕਦਾਰ ਐ ਜਾਂ ਫਿਰ ਜਿਵੇਂ ਕਹਿੰਦੇ ‘ਸੌ ਹੱਥ ਰੱਸਾ ਸਿਰੇ ‘ਤੇ ਗੰਢ’ ਬਈ ਜੋ ਸਿੱਖ ਰਹਿਤ ਮਰਯਾਦਾ ਵਿਚ ਸਿੱਖ ਦੀ ਪਰਿਭਾਸ਼ਾ ਦਿੱਤੀ ਗਈ ਹੈ, ਉਸ ‘ਤੇ ਪੂਰਾ ਉਤਰਦਾ, ਉਹ ਸਿੱਖ ਅਕਾਲੀ ਐ।
ਡਾ. ਇੰਦਰਜੀਤ ਸਿੰਘ ਗੋਗੋਆਣੀ