20 views 4 secs 0 comments

ਬਤੀਹ ਸੁਲਖਣੀ

ਲੇਖ
September 08, 2025

ਇਨਸਾਨ ਬਿਮਾਰੀਆਂ ਤੋਂ ਬਚਿਆ ਰਹੇ, ਤੰਦਰੁਸਤ ਹੋਏ, ਘਰ ਵਿਚ ਮਾਇਆ ਹੋਵੇ (ਭਾਵ ਆਰਥਿਕ ਤੰਗੀ ਨਾ ਹੋਵੇ), ਅਗਿਆਕਾਰੀ ਪੁੱਤਰ ਤੇ ਸੁਲੱਖਣੀ ਨਾਰੀ ਹੋਵੇ ਤਾਂ (ਇਨਸਾਨ) ਬਹੁਤ ਸੁਖੀ ਹੋ ਸਕਦਾ ਹੈ:
ਪਹਿਲਾ ਸੁਖ ਅਰੋਗੀ ਕਾਇਆ।
ਦੂਸਰਾ ਸੁਖ ਘਰ ਵਿਚ ਹੋਏ ਮਾਇਆ।
ਤੀਸਰਾ ਸੁਖ ਸੁਲਖਣੀ ਨਾਰੀ।
ਚੌਥਾ ਸੁਖ ਪੁੱਤਰ ਆਗਿਆਕਾਰੀ।
ਗੁਰਬਾਣੀ ਵਿਚ ‘ਬਤੀਹ ਸੁਲਖਣੀ’ ਦਾ ਜ਼ਿਕਰ ਹੈ। ਬਤੀਹ ਸੁਲਖਣੀ ਤੋਂ ਭਾਵ ਹੈ ਸੰਪੂਰਨ ਸ਼ੁੱਭ ਗੁਣਾਂ ਕਰ ਕੇ ਭਰਪੂਰ। ਅਨੇਕ ਵਿਦਵਾਨਾਂ ਨੇ ਆਪਣੀ ਆਪਣੀ ਬੁੱਧ ਅਨੁਸਾਰ ਇਸਤਰੀਆਂ ਦੇ ੩੨ ਸ਼ੁੱਭ ਲੱਛਣ ਲਿਖੇ ਹਨ। ਭਾਈ ਕਾਨ੍ਹ ਸਿੰਘ ਨਾਭਾ (ਗੁਰਮਤਿ ਮਾਰਤੰਡ, ਪੰਨਾ ੯੧) ਅਨੁਸਾਰ ਇਸਤਰੀਆਂ ਦੇ ੩੨ ਸ਼ੁੱਭ ਲੱਛਣ ਹੇਠ ਲਿਖੇ ਹਨ:
“੧. ਸੁੰਦਰਤਾ, ੨. ਸਵੱਛਤਾ, ੩. ਲੱਜਾ, ੪. ਚਤੁਰਾਈ, ੫. ਵਿੱਦਿਆ, ੬. ਪਤੀ-ਭਗਤੀ, ੭. ਸੇਵਾ, ੮. ਦਯਾ, ੯. ਸੱਤਯ, ੧੦. ਮਿੱਠੀ ਬਾਣੀ, ੧੧. ਪ੍ਰਸੰਨਤਾ, ੧੨. ਨਿਮਰਤਾ, ੧੩. ਨਿਸ਼ਕਪਟਤਾ, ੧੪. ਏਕਤਾ, ੧੫. ਧੀਰਜ, ੧੬. ਧਰਮ ਨਿਸ਼ਠਾ, ੧੭. ਸੰਜਮ. ੧੮. ਉਦਾਰਤਾ, ੧੯. ਗੰਭੀਰਤਾ, ੨੦. ਉੱਦਮ, ੨੧. ਸੂਰਬੀਰਤਾ, ੨੨. ਤੋਂ ੨੮ ਰਾਗ, ਕਾਵਿ, ਚਿੱਤਰ, ਔਸ਼ਧ, ਰਸੌਈ, ਅਤੇ ਸਿਉਣ ਪਰੋਣ ਦੀ ਵਿੱਦਿਆ, ੨੯. ਘਰ ਦੀਆਂ ਚੀਜ਼ਾਂ ਨੂੰ ਯਥਾਯੋਗ ਸ਼ਿੰਗਾਰਨਾ, ੩੦. ਬਜ਼ੁਰਗਾਂ ਦਾ ਮਾਣ, ੩੧. ਘਰ ਆਏ ਪ੍ਰਾਹੁਣਿਆਂ ਦਾ ਸਨਮਾਨ, ੩੨. ਸੰਤਾਨ ਦੀ ਪਾਲਣਾ।”
ਗੁਰਬਾਣੀ ਦਾ ਗਿਆਨ ਸਰਬ ਜੀਆਂ ਲਈ ਹੈ। ਮਨੁੱਖਾ ਜੀਵ ਨੂੰ ਇਸਤਰੀ ਰੂਪ ਜਾਣ, ਪ੍ਰਭੂ ਪ੍ਰੀਤਮ ਦੇ ਘਰ ਪ੍ਰਵਾਨ ਹੋਣ ਲਈ ਉਪਰੋਕਤ ੩੨ ਗੁਣਾਂ ਨੂੰ ਧਾਰਨ ਕਰ ਕੇ ਸੁਲੱਖਣੀ ਹੋਣ ਦਾ ਸੰਦੇਸ਼ ਹੈ। ਗੁਰੂ ਨਾਨਕ ਸਾਹਿਬ ਦੇ ਮਹਿਲ (ਸੁਪਤਨੀ) ਜੀ ਦਾ ਤਾਂ ਨਾਮ ਹੀ ਮਾਤਾ ਸੁਲੱਖਣੀ ਜੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਇਸਤਰੀਆਂ ਦੀ ਸਮਾਜ ਵਿਚ ਮਾੜੀ ਦਸ਼ਾ ਤੇ ਹੋਰ ਸਮਾਜਿਕ ਕੁਰੀਤੀਆਂ (ਸਤੀ ਹੋਣਾ ਆਦਿ) ਸਨ। ਗੁਰੂ ਸਾਹਿਬਾਨ ਨੇ ਇਸਤਰੀਆਂ ਨੂੰ ਸਮਾਜਿਕ ਬਰਾਬਰੀ ਦੇਣ ਲਈ ਉਪਦੇਸ਼ ਦਿੱਤਾ। ਹੁਣ ਪਾਰਲੀਮੈਂਟ ਤੇ ਰਾਜ ਸਰਕਾਰਾਂ ਵੱਲੋਂ ਅਸੈਂਬਲੀ ਵਿਚ ੩੩% ਸੀਟਾਂ ਇਸਤਰੀਆਂ ਲਈ ਰੱਖਣ ਦੇ ਕਾਨੂੰਨ ਬਣ ਗਏ ਹਨ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਤੇ ਮੰਤਰੀ ਮੰਡਲ ਵਿਚ ਬਿਰਾਜਮਾਨ ਹੋਣ ਤੋਂ ਇਲਾਵਾ ਨੌਕਰੀਆਂ ਫੌਜ, ਪੁਲਿਸ, ਡਾਕ-ਤਾਰ ਵਿਭਾਗ, ਸਿਹਤ, ਇੰਨਫੋਰਮੇਸ਼ਨ ਟੈਕਨਾਲੋਜੀ, ਸਿਹਤ, ਹਰ ਮਹਿਕਮੇ, ਹਰ ਖੇਤਰ ਵਿਚ ਕੁਝ ਰਾਖਵੀਆਂ ਸੀਟਾਂ ਹੋਣ ਕਰਕੇ ਇਸਤਰੀਆਂ ਸਮਾਜ ਵਿਚ ਤਰੱਕੀ ਲਈ ਯੋਗਦਾਨ ਪਾ ਰਹੀਆਂ ਹਨ।
ਸਮਾਜਿਕ, ਰਾਜਨੀਤਿਕ ਅਤੇ ਹਰ ਪਹਿਲੂ ਤੋਂ ਜੀਵਨ ਦੀ ਅਗਵਾਈ ਕਰਨ ਦੇ ਸਮਰੱਥ ਹੁੰਦੇ ਹੋਇਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮੂਲ ਰੂਪ ਵਿਚ ਅਧਿਆਤਮਕ ਗ੍ਰੰਥ ਹਨ। ਮਨੁੱਖ ਦੀ ਅਧਿਆਤਮਕ ਖੇਤਰ ਵਿਚ ਅਗਵਾਈ ਕਰਦਿਆਂ ਵਿਚਾਰਾਂ/ਭਾਵਾਂ ਦੇ ਪ੍ਰਗਟਾਅ ਸਮੇਂ ਅਕਸਰ ਗੁਰੂ ਸਾਹਿਬਾਨ ਨੇ ਇਸਤਰੀ ਦਾ ਬਿੰਬ ਵਰਤਿਆ ਹੈ। ਜੀਵ ਨੂੰ ਪਤਨੀ ਤੇ ਅਕਾਲ ਪੁਰਖ ਪਰਮਾਤਮਾ ਨੂੰ ਪਤੀ ਦੇ ਰੂਪ ਵਿਚ ਦਰਸਾਅ ਕੇ ਸਾਰੀ ਅਧਿਆਤਮਕ ਫ਼ਿਲਾਸਫ਼ੀ ਸਮਝਾਈ ਹੈ।
ਇਸੁ ਜਗ ਮਹਿ ਪੁਰਖੁ ਏਕ ਹੈ ਹੋਰ ਸਗਲੀ ਨਾਰਿ ਸਬਾਈ॥ (ਪੰਨਾ ੫੯੧)
ਸਾਰੇ ਜੀਵਾਂ (ਮਰਦਾਂ ਤੇ ਇਸਤਰੀਆਂ) ਨੂੰ ਨਾਰ ਦਾ ਦਰਜਾ ਦੇ ਕੇ ਇਕ ਪੱਧਰ ’ਤੇ ਲਿਆ ਖੜ੍ਹਾ ਕੀਤਾ ਹੈ। ਗੁਰੂ ਸਾਹਿਬ ਨੇ ਇਸਤਰੀ ਨੂੰ ਗੁਣ ਰੂਪ ਵਿਚ ਵੇਖਿਆ, ਜਿਸਮ ਰੂਪ ਵਿਚ ਨਹੀਂ। ਉਨ੍ਹਾਂ ਲਈ ਸਰੀਰਕ ਰੂਪ ਕੇਵਲ ਵਕਤੀ ਹੀ ਹਨ। ਅਸਲ ਗੱਲ ਤਾਂ ਗੁਣਾਂ ਦੀ ਹੈ। ਅਧਿਆਤਮਕ ਖੇਤਰ ਵਿਚ ਗੁਰੂ ਸਾਹਿਬ ਲਈ ਮਰਦ ਤੇ ਇਸਤਰੀ ਬਰਾਬਰ ਹਨ। ਬਰਾਬਰ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਨੂੰ ਇਸਤਰੀ ਰੂਪ ਵਿਚ ਦਰਸਾਅ ਕੇ ਇਸਤਰੀ ਨੂੰ ਵਡਿਆਇਆ ਗਿਆ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ। ਪਤੀ (ਪ੍ਰਭੂ) ਨੇ ਮੈਨੂੰ ਅਗਿਆਨਤਾ ਤੋਂ ਵੱਖਰਾ ਕਰ ਦਿੱਤਾ ਤੇ ਮੇਰੀ ਆਸਾ-ਤ੍ਰਿਸ਼ਨਾ, ਦੁਖ-ਕਲੇਸ਼ ਆਦਿ ਮਰ ਗਈ ਹੈ। ਪ੍ਰਭੂ-ਪਤੀ ਮਿਲਣ ਕਰਕੇ ਮੇਰੇ ਉੱਤੇ ਧਰਮਰਾਜ ਦੀ ਭੀ ਧੌਂਸ ਨਹੀਂ ਰਹੀ। ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ-ਪਤੀ ਮਿਲਿਆ ਤਾਂ ਸਭ ਤੋਂ ਪਹਿਲਾਂ ਮੈਂ ਹਉਮੈਂ ਨੂੰ ਪਿਆਰਨਾ ਛੱਡ ਦਿੱਤਾ। ਫਿਰ ਮੈਂ ਲੋਕਾਚਾਰੀ ਰਸਮਾਂ ਛੱਡੀਆਂ। ਫਿਰ ਮੈਂ ਮਾਇਆ ਦੇ ਤਿੰਨੇ ਗੁਣ ਛੱਡ ਕੇ ਵੈਰੀ ਤੇ ਮਿੱਤਰ ਇੱਕੋ ਜਿਹੇ ਹੀ ਸਮਝ ਲਏ। ਪਰਮਾਤਮਾ ਦੀ ਭਗਤੀ ਆਤਮਾ ਦੇ ਕੰਮ ਆਉਣ ਵਾਲੀ ਹੈ, ਮਾਨੋ ਇਕ ਮਿੱਠੇ ਸੁਭਾਅ ਵਾਲੀ ਇਸਤਰੀ ਹੈ, ਜੋ ਰੂਪ ਵਿਚ ਬੇਮਿਸਾਲ ਹੈ, ਜੋ ਆਚਰਨ ਵਿਚ ਮੁਕੰਮਲ ਹੈ। ਜਿਸ ਘਰ (ਹਿਰਦੇ) ਵਿਚ ਇਹ ਇਸਤਰੀ ਵਸਦੀ ਹੈ ਉਹ ਘਰ ਸ਼ੋਭਾ ਵਾਲਾ ਬਣ ਜਾਂਦਾ ਹੈ। ਜਿਵੇਂ ਸਹਿਜ, ਸੰਤੋਖ, ਮਿੱਠਾ ਬੋਲਣਾ, ਨਿਵ ਕੇ ਚੱਲਣਾ ਆਦਿ ਅਜਿਹੇ ਗੁਣ ਹਨ, ਜਿਨ੍ਹਾਂ ਨੂੰ ਧਾਰਨ ਕਰ ਕੇ ਇਸਤਰੀ ਆਪਣੇ ਸਹੁਰੇ ਘਰ ਵਿਚ ਮਾਣ ਪ੍ਰਾਪਤ ਕਰਦੀ ਹੈ, ਇਸੇ ਤਰ੍ਹਾਂ ਜੀਵ ਇਸਤਰੀ ਇਨ੍ਹਾਂ ਗੁਣਾਂ ਨੂੰ ਧਾਰਨ ਕਰ ਕੇ ਪ੍ਰਭੂ ਪਤੀ ਨੂੰ ਪਾ ਲੈਂਦੀ ਹੈ:
ਬਤੀਹ ਸੁਲਖਣੀ ਸਚੁ ਸੰਤਤਿ ਪੂਤ॥ ਆਗਿਆਕਾਰੀ ਸੁਘੜ ਸਰੂਪ॥ (ਪੰਨਾ ੩੭੧)
ਗੁਰਬਾਣੀ ਦੀ ਵਿਚਾਰਧਾਰਾ ਨੂੰ ਸਮਾਜਿਕ ਸੰਦਰਭ ਵਿਚ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਪਤਾ ਲਗਦਾ ਹੈ ਕਿ ਇਹ ਫ਼ਿਲਾਸਫ਼ੀ ਸਮਾਜਿਕ ਖੇਤਰ ਵਿਚ ਵੀ ਉਤਨੀ ਹੀ ਸਾਰਥਕ ਹੈ ਜਿਤਨੀ ਅਧਿਆਤਮਿਕ ਖੇਤਰ ਵਿਚ। ਗੁਰਬਾਣੀ ਵਿਚ ਜੀਵ-ਇਸਤਰੀ ਨੂੰ ‘ਬਤੀਹ ਸੁਲਖਣੀ’ ਕਿਹਾ ਗਿਆ ਹੈ। ਸਮਾਜਿਕ ਜੀਵਨ ਵਿਚ ਵਿਚਰਦਿਆਂ ਜਦੋਂ ਇਸਤਰੀ ‘ਬਤੀਹ ਸੁਲਖਣੀ’ ਬਣ ਜਾਂਦੀ ਹੈ ਤਾਂ ਪਰਵਾਰ ਤੇ ਸਮਾਜ ਦੀ ਕਾਇਆ ਕਲਪ ਹੋ ਜਾਂਦੀ ਹੈ। ਬਤੀਹ ਸੁਲਖਣੀ ਇਸਤਰੀ ਹਰ ਘਰ ਵਿਚ ਹੋਵੇ ਐਸਾ ਸੱਭਿਆਚਾਰ ਗੁਰਬਾਣੀ ਵਿੱਚੋਂ ਹੀ ਪਨਪਦਾ ਹੈ।

-ਸ. ਗੁਰਦੀਪ ਸਿੰਘ