17 views 5 secs 0 comments

ਗੁਰਿਆਈ ਦਿਵਸ ’ਤੇ ਵਿਸ਼ੇਸ਼; ਗੁਰਮੁਖੀ ਲਿਪੀ ਦੇ ਸਿਰਜਕ ਗੁਰੂ ਅੰਗਦ ਦੇਵ ਜੀ

ਲੇਖ
September 12, 2025

ਭਾਈ ਲਹਿਣਾ ਜੀ ਨੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਿਤਾ ਜੀ ਦੀ ਇਹ ਜ਼ਿੰਮੇਵਾਰੀ ਵੀ ਸੰਭਾਲੀ। ਜਿੱਥੇ ਵੀ ਕਿਸੇ ਸਾਧੂ ਮਹਾਤਮਾ ਬਾਰੇ ਸੁਣਦੇ ਉੱਥੇ ਹੀ ਹਿਰਦੇ ਦੀ ਜਗਿਆਸਾ ਦੀ ਤ੍ਰਿਪਤੀ ਲਈ ਪਹੁੰਚ ਜਾਂਦੇ ਪਰ ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਹਿਰਦੇ ਅੰਦਰ ਸ਼ਾਂਤੀ ਅਤੇ ਸਦਾਥਿਰ ਅਨੰਦ ਦੀ ਅਵਸਥਾ ਦੀ ਪ੍ਰਾਪਤੀ ਦੀ ਆਸ ਅਧੂਰੀ ਹੀ ਰਹੀ।

ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਆਪ ਜੀ ਦਾ ਪ੍ਰਕਾਸ਼ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਮਾਤਾ ਸਭਰਾਈ (ਨਿਹਾਲ ਕੌਰ) ਜੀ ਦੀ ਕੁੱਖੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਮੱਤੇ ਦੀ ਸਰਾਂ ’ਚ 1504 ਈ: ਨੂੰ ਹੋਇਆ। ਆਪ ਜੀ ਦੇ ਪਿਤਾ ਨੇ ਆਪਣੇ ਪਰਿਵਾਰ ਸਮੇਤ ਮੱਤੇ ਦੀ ਸਰਾਂ ਛੱਡ ਹਰੀਕੇ ਪੱਤਣ ਟਿਕਾਣਾ ਕੀਤਾ ਪਰ ਜ਼ਿਆਦਾ ਸਮਾਂ ਹਰੀਕੇ ਪੱਤਣ ਨਹੀਂ ਟਿਕੇ ਤੇ ਛੇਤੀ ਹੀ ਆਪਣੀ ਭੈਣ ਮਾਤਾ ਵਿਰਾਈ ਜੀ ਦੇ ਕਹਿਣ ’ਤੇ ਖਡੂਰ ਸਾਹਿਬ ਆ ਗਏ। ਉਨ੍ਹਾਂ ਨੇ ਹੀ ਆਪ ਜੀ ਦਾ ਰਿਸ਼ਤਾ ਖਡੂਰ ਸਾਹਿਬ ਦੇ ਨਜ਼ਦੀਕ ਸਥਿਤ ਨਗਰ ਸੰਘਰ ਦੇ ਵਸਨੀਕ ਦੇਵੀ ਚੰਦ ਜੀ ਦੀ ਸਪੁੱਤਰੀ ਮਾਤਾ ਖੀਵੀ ਜੀ ਨਾਲ ਕਰਵਾਇਆ। ਆਪ ਜੀ ਦੇ ਦੋ ਸਪੁੱਤਰ (ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ) ਅਤੇ ਦੋ ਸਪੁੱਤਰੀਆਂ (ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ) ਦਾ ਜਨਮ ਹੋਇਆ। 1526 ਈ: ਨੂੰ ਪਿਤਾ ਜੀ ਦੇ ਚਲਾਣੇ ਤੋਂ ਉਪਰੰਤ ਘਰ-ਪਰਿਵਾਰ ਦੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਆਪ ਜੀ ਦੇ ਸਿਰ ਆ ਗਈਆਂ।

ਗੁਰਬਾਣੀ ਸੁਣ ਮਿਲਿਆ ਇਲਾਹੀ ਆਨੰਦ

ਬਾਬਾ ਫੇਰੂ ਮੱਲ ਜੀ ਦੇਵੀ ਦੇ ਉਪਾਸਕ ਸਨ ਤੇ ਹਰ ਸਾਲ ਜਥਾ ਲੈ ਕੇ ਦੇਵੀ ਦਰਸ਼ਨਾਂ ਲਈ ਜਾਂਦੇ ਸਨ। ਭਾਈ ਲਹਿਣਾ ਜੀ ਨੇ ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਪਿਤਾ ਜੀ ਦੀ ਇਹ ਜ਼ਿੰਮੇਵਾਰੀ ਵੀ ਸੰਭਾਲੀ। ਜਿੱਥੇ ਵੀ ਕਿਸੇ ਸਾਧੂ ਮਹਾਤਮਾ ਬਾਰੇ ਸੁਣਦੇ ਉੱਥੇ ਹੀ ਹਿਰਦੇ ਦੀ ਜਗਿਆਸਾ ਦੀ ਤ੍ਰਿਪਤੀ ਲਈ ਪਹੁੰਚ ਜਾਂਦੇ ਪਰ ਸੱਚੇ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਹਿਰਦੇ ਅੰਦਰ ਸ਼ਾਂਤੀ ਅਤੇ ਸਦਾਥਿਰ ਅਨੰਦ ਦੀ ਅਵਸਥਾ ਦੀ ਪ੍ਰਾਪਤੀ ਦੀ ਆਸ ਅਧੂਰੀ ਹੀ ਰਹੀ। ਆਪ ਜੀ ਦੀ ਇਹ ਆਸ ਉਦੋਂ ਸੰਪੂਰਨ ਹੋਈ ਜਦ ਇਕ ਦਿਨ ਅੰਮਿ੍ਰਤ ਵੇਲੇ ਅਨਿੰਨ ਸਿੱਖ ਭਾਈ ਜੋਧ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਗੁਰਬਾਣੀ ਸ੍ਰਵਣ ਕੀਤੀ। ਇਹ ਬਾਣੀ ਸੁਣ ਆਪ ਜੀ ਨੂੰ ਇਲਾਹੀ ਅਨੰਦ ਮਹਿਸੂਸ ਹੋਇਆ ਤੇ ਭਾਈ ਲਹਿਣਾ ਜੀ ਨੇ ਪਾਠ ਦੇ ਭੋਗ ਤੋਂ ਉਪਰੰਤ ਬਾਣੀ ਦੇ ਰਚਨਹਾਰ ਬਾਰੇ ਪੁੱਛਿਆ। ਭਾਈ ਜੋਧ ਜੀ ਨੇ ਦੱਸਿਆ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ‘ਧੁਰ ਕੀ ਬਾਣੀ’ ਹੈ। ਆਪ ਜੀ ਦੇ ਪਤਾ ਪੁੱਛਣ ’ਤੇ ਦੱਸਿਆ ਕਿ ਉਹ ਇਸ ਸਮੇਂ ਕਰਤਾਰਪੁਰ ਸਾਹਿਬ ਵਿਖੇ ਟਿਕਾਣਾ ਕਰ ਰਹੇ ਹਨ। ਉਸ ਦਿਨ ਤੋਂ ਹੀ ਗੁਰੂ ਦਰਸ਼ਨ ਦੀ ਤਾਂਘ ਹਿਰਦੇ ’ਚ ਪੈਦਾ ਹੋ ਗਈ। 1532 ਈ: ਨੂੰ ਆਪ ਜੀ ਜਥਾ ਲੈ ਕੇ ਦੇਵੀ ਦਰਸ਼ਨਾਂ ਲਈ ਜਾ ਰਹੇ ਸਨ ਤੇ ਕਰਤਾਰਪੁਰ ਸਾਹਿਬ ਦੇ ਨਜ਼ਦੀਕ ਪਹੁੰਚੇ ਤਾਂ ਗੁਰੂ ਦਰਸ਼ਨਾਂ ਦੀ ਤਾਂਘ ਹੋਰ ਜ਼ਿਆਦਾ ਪ੍ਰਫੱਲਿਤ ਹੋ ਗਈ। ਉਹ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਲਈ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਤਾਂ ਗੁਰੂ ਨਾਨਕ ਦੇਵ ਜੀ ਵੀ ਆਪਣੇ ਪਿਆਰੇ ਸਿੱਖ ਨੂੰ ਖ਼ੁਦ ਚੱਲ ਕੇ ਲੈਣ ਲਈ ਆਏ। ਗੁਰੂ ਦਰਸ਼ਨਾਂ ਤੋਂ ਬਾਅਦ ਆਪ ਜੀ ਦਾ ਮਨ ਸਦਾ ਲਈ ਗੁਰੂ ਚਰਨਾਂ ’ਚ ਜੁੜ ਗਿਆ। ਉਨ੍ਹਾਂ ਦੇ ਸਾਥੀ ਕਹਿੰਦੇ ਕਿ ਚੱਲੋ! ਦੇਵੀ ਦਰਸ਼ਨਾਂ ਲਈ ਚੱਲੀਏ ਪਰ ਆਪ ਜੀ ਕਹਿੰਦੇ ਕਿ ਹੁਣ ਨਹੀਂ ਲੋੜ ਕਿਉਂਕਿ ਅਸਾਂ ਦੇ ਸਾਰੇ ਕਾਰਜ ਗੁਰੂ ਸ਼ਰਨ ’ਚ ਆਉਣ ਨਾਲ ਰਾਸ ਆ ਗਏ ਹਨ।

ਗੁਰਿਆਈ ਦੀ ਮਹਾਨ ਦਾਤ ਬਖਸ਼ਿਸ਼

ਆਪ ਜੀ ਨੇ 1532 ਈ: ਤੋਂ 1539 ਈ: ਤਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਪੂਰੇ ਸੱਤ ਸਾਲ ਬੜੀ ਸ਼ਰਧਾ ਭਾਵਨਾ ਨਾਲ ਤਨ, ਮਨ, ਧਨ ਸਭ ਕੁਝ ਗੁਰੂ ਜੀ ਨੂੰ ਸੌਂਪ ਕੇ ਮਹਾਨ ਸੇਵਾ ਨਿਭਾਈ। ਗੁਰੂ ਜੀ ਦੇ ਹਰੇਕ ਬਚਨ ਨੂੰ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਤਿ ਕਰ ਕੇ ਪ੍ਰਵਾਨ ਕੀਤਾ। ਗੁਰੂ ਨਾਨਕ ਦੇਵ ਜੀ ਦੁਆਰਾ ਲਈਆਂ ਸਭਨਾਂ ਪ੍ਰੀਖਿਆਵਾਂ ਦੀਆਂ ਕਸਵੱਟੀਆਂ ’ਤੇ ਆਪ ਜੀ ਖਰੇ ਉੱਤਰੇ। ਅਖੀਰ 1539 ਈ: ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਯੋਗ ਜਾਣਕੇ ਗੁਰਿਆਈ ਦੀ ਮਹਾਨ ਦਾਤ ਬਖਸ਼ਿਸ਼ ਕੀਤੀ ਅਤੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਕਰ ਦਿੱਤਾ। ਗੁਰਿਆਈ ਤੋਂ ਬਾਅਦ ਬਾਬੇ ਨਾਨਕ ਦੇ ਬਚਨਾਂ ਅਨੁਸਾਰ ਆਪ ਜੀ ਨੇ ਕਰਤਾਰਪੁਰ ਸਾਹਿਬ ਨਗਰ ਛੱਡ ਕੇ ਸ੍ਰੀ ਖਡੂਰ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਾਸਤੇ ਪ੍ਰਮੁੱਖ ਕੇਂਦਰ ਬਣਾਇਆ।

ਖਡੂਰ ਸਾਹਿਬ ’ਚ ਕੀਤੇ ਮਹਾਨ ਕਾਰਜ

ਸ੍ਰੀ ਗੁਰੂ ਅੰਗਦ ਦੇਵ ਜੀ ਤਕਰੀਬਨ 13 ਸਾਲ ਗੁਰਤਾਗੱਦੀ ਉੱਪਰ ਸੁਭਾਇਮਾਨ ਰਹੇ। ਆਪ ਜੀ ਨੇ ਸ੍ਰੀ ਖਡੂਰ ਸਾਹਿਬ ਦੀ ਧਰਤੀ ਉੱਪਰ ਮਹਾਨ ਕਾਰਜ ਕੀਤੇ। ਆਪ ਜੀ ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ ਨਾਮ ਬਾਣੀ ’ਚ ਜੁੜਦੇ, ਕੀਰਤਨ ਸ੍ਰਵਣ ਕਰਦੇ ਤੇ ਲੰਗਰ ’ਚ ਜਾ ਕੇ ਸੇਵਾਵਾਂ ਵੀ ਨਿਭਾਉਂਦੇ। ਆਪ ਜੀ ਵਾਣ ਵੱਟਣ ਦੀ ਹੱਥੀਂ ਕਿਰਤ ਕਰਦੇ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕੀਤੀ ਲੰਗਰ ਪ੍ਰਥਾ ਨੂੰ ਜਾਰੀ ਰੱਖਿਆ। ਆਪ ਜੀ ਸੰਗਤ ’ਚ ਸ਼ਬਦ ਦਾ ਲੰਗਰ ਵਰਤਾਉਂਦੇ, ਉੱਥੇ ਗੁਰੂ ਹੁਕਮ ਅਨੁਸਾਰ ਮਾਤਾ ਖੀਵੀ ਜੀ ਬੜੀ ਸ਼ਰਧਾ ਨਾਲ ਸੰਗਤ ਲਈ ਲੰਗਰ ਤਿਆਰ ਕਰ ਕੇ ਛਕਾਇਆ ਕਰਦੇ। ਗੁਰੂ ਘਰ ਵਿਖੇ ਲੰਗਰ ਦੀ ਵੱਡੀ ਮਹੱਤਤਾ ਸੀ ਕਿ ਇੱਥੇ ਕਿਸੇ ਜਾਤੀ ਜਾਂ ਅਮੀਰੀ-ਗ਼ਰੀਬੀ ਦੇ ਭੇਦਭਾਵ ਤੋਂ ਬਿਨਾਂ ਸਭ ਇਕੱਠੇ ਪੰਗਤ ’ਚ ਬੈਠ ਕੇ ਲੰਗਰ ਛਕਦੇ ਸਨ। ਆਪ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇਤਿਹਾਸਿਕ ਜਾਣਕਾਰੀ ਨੂੰ ਇਕੱਤਰ ਕਰਨ ਲਈ ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਬਾਲਾ ਜੀ ਨੂੰ ਖਡੂਰ ਸਾਹਿਬ ਵਿਖੇ ਬੁਲਾ ਕੇ ਗੁਰੂ ਜੀ ਨਾਲ ਸਬੰਧਿਤ ਇਤਿਹਾਸ ਸ੍ਰਵਣ ਕਰ ਕੇ ਭਾਈ ਪੈੜਾਂ ਮੌਖਾ ਜੀ ਪਾਸੋਂ ਜਨਮ ਸਾਖੀ ਲਿਖਵਾਈ, ਜੋ ਬਾਅਦ ’ਚ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਨਾਲ ਪ੍ਰਚੱਲਿਤ ਹੋਈ। ਆਪ ਜੀ ਨੇ ਖਡੂਰ ਸਾਹਿਬ ਵਿਖੇ ਹੀ ਗੁਰਮੁਖੀ ਲਿਪੀ ਦੇ ਵਰਨਾਂ ਨੂੰ ਵਿਗਿਆਨਕ ਸੇਧ ’ਚ ਲਿਪੀਬੱਧ ਕਰ ਕੇ ਗੁਰਮੁਖੀ ਲਿਪੀ ਦਾ ਪਹਿਲਾ ਬਾਲ ਬੋਧ/ਕਾਇਦਾ ਤਿਆਰ ਕੀਤਾ। ਆਪ ਜੀ ਨੇ ਇੱਥੇ ਹੀ ਗੁਰਮੁਖੀ ਲਿਪੀ ਦੀ ਪਹਿਲੀ ਪਾਠਸ਼ਾਲਾ ਸਥਾਪਿਤ ਕੀਤੀ।
ਡਾ. ਬਲਕਾਰ ਸਿੰਘ ਆਪਣੇ ਲਿਖੇ ਇਕ ਲੇਖ ‘ਬਾਣੀ ਗੁਰੂ ਅੰਗਦ ਦੇਵ ਜੀ’ ਵਿਚ ਲਿਖਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਸਿੱਖ ਚਿੰਤਨ ਦੀ ਅਧਿਆਤਮਿਕਤਾ ਦੇ ਨਾਲ-ਨਾਲ ਅਕਾਦਮਿਕਤਾ ਸਥਾਪਿਤ
ਕਰਨ ਦਾ ਯਤਨ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸ਼ੁਰੂਆਤ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ।

ਗੁਰੂ ਅਮਰਦਾਸ ਜੀ ਨੂੰ ਬਖ਼ਸ਼ੀ ਗੁਰਿਆਈ

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਜਿੱਥੇ ਸਿੱਖ ਮਾਨਸਿਕਤਾ ਦੀ ਤੰਦਰੁਸਤੀ ਲਈ ਗੁਰਬਾਣੀ ਕੀਰਤਨ, ਸੇਵਾ-ਸਿਮਰਨ ਨਾਲ ਸੰਗਤ ਨੂੰ ਜੋੜਿਆ, ਉੱਥੇ ਸਿੱਖਾਂ ਨੂੰ ਸਰੀਰਕ ਪੱਖ ਤੋਂ ਰਿਸ਼ਟ-ਪੁਸ਼ਟ ਕਰਨ ਲਈ ਮੱਲ ਅਖਾੜਾ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਜੀ ਨੌਜਵਾਨਾਂ ਦੀਆਂ ਕੁਸ਼ਤੀਆਂ ਕਰਵਾਇਆ ਕਰਦੇ ਤੇ ਜੇਤੂਆਂ ਨੂੰ ਇਨਾਮ ਵੰਡ ਕੇ ਹੋਰ ਉਤਸ਼ਾਹਿਤ ਕਰਦੇ। ਆਪ ਜੀ ਨੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸੰਗਤ ਵਾਸਤੇ ਬੀਬੀ ਅਮਰੋ ਜੀ ਵੱਲੋਂ ਬੇਨਤੀ ਕਰਨ ’ਤੇ ਖੂਹ ਖੁਦਵਾਇਆ। ਆਪ ਜੀ ਨੇ ਭਾਈ ਗੋਇੰਦਾ ਜੀ ਦੀ ਬੇਨਤੀ ਪ੍ਰਵਾਨ ਕਰ ਕੇ ਬਾਬਾ ਅਮਰਦਾਸ ਜੀ (ਗੁਰੂ) ਨੂੰ ਨਗਰ ਵਸਾਉਣ ਦਾ ਹੁਕਮ ਦਿੱਤਾ। ਇਹ ਨਗਰ ਗੋਇੰਦਵਾਲ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਖਡੂਰ ਸਾਹਿਬ ਵਿਖੇ ਹੀ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਤੋਂ ਬਾਣੀ ਸ੍ਰਵਣ ਕਰ ਕੇ ਪਿੰਡ ਬਾਸਰਕੇ ਤੋਂ ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੇਵਾ ’ਚ ਆਉਂਦੇ ਹਨ ਤੇ 1541 ਤੋਂ 1552 ਈ: ਤਕ ਤਕਰੀਬਨ 12 ਸਾਲ ਤਕ ਬੜੀ ਸ਼ਰਧਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ। ਬਾਬਾ ਅਮਰਦਾਸ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਗੁਰੂ ਅੰਗਦ ਦੇਵ ਜੀ ਆਪ ਜੀ ਨੂੰ 1552 ਈ: ਨੂੰ ਗੁਰਿਆਈ ਬਖਸ਼ਿਸ਼ ਕਰ ਕੇ ਜੋਤੀ ਜੋਤਿ ਸਮਾ ਗਏ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਗੁਰੂ ਅਮਰਦਾਸ ਜੀ ਨੇ ਸਿੱਖੀ ਪ੍ਰਚਾਰ ਲਈ ਗੋਇੰਦਵਾਲ ਸਾਹਿਬ ਨਗਰ ਨੂੰ ਪ੍ਰਮੁੱਖ ਕੇਂਦਰ ਬਣਾਇਆ। ਅੱਜ ਵੀ ਗੁਰੂ ਪਾਤਸ਼ਾਹ ਜੀ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਬਹੁਤ ਸਾਰੀਆਂ ਵਿੱਦਿਅਕ ਸੰਸਥਾਵਾਂ ਕਾਰਜਸ਼ੀਲ ਹਨ।

– ਨਵਜੋਤ ਸਿੰਘ