14 views 9 secs 0 comments

ਗੁਰਮਤਿ ਵਿਚ ਮਾਇਆ ਦਾ ਸੰਕਲਪ

ਲੇਖ
September 16, 2025

ਮਾਇਆ ਦਾ ਸ਼ਬਦੀ ਅਰਥ ਹੈ ‘ਨਹੀਂ’। ਇਸ ਵਾਸਤੇ ਸੰਸਕ੍ਰਿਤ ਦਾ ਸ਼ਬਦ ਮਾ-ਯਾ ਹੈ, ਜਿਸ ਦੇ ਅਰਥ ਹਨ- ਭਰਮ, ਭੁਲੇਖਾ, ਕਪਟ, ਛਲ ਆਦਿ।
ਗੁਰਮਤਿ ਵਿਚ ਮਾਇਆ ਦੇ ਸੰਕਲਪ ਨੂੰ ਵੇਖਣ ਤੋਂ ਪਹਿਲਾਂ ਇਸ ਨੂੰ ਦੂਜੇ ਧਰਮਾਂ ਦੇ ਪਿਛੋਕੜ ਵਿਚ ਵੇਖਣਾ ਉੱਚਿਤ ਹੋਵੇਗਾ। ਰਿਗਵੇਦ ਤੋਂ ਲੈ ਕੇ ਸ਼ੰਕਰਾਚਾਰਯ ਤਕ ਮਾਇਆ ਸ਼ਬਦ ਦੇ ਅਰਥ ਤੋਂ ਇਸ ਦੇ ਸੰਕਲਪ ਦਾ ਵਿਕਾਸ ਹੁੰਦਾ ਆਇਆ ਹੈ। ਰਿਗਵੇਦ ਵਿਚ ਮਾਇਆ ਉਸ ਚੀਜ਼ ਨੂੰ ਮੰਨਿਆ ਗਿਆ ਹੈ, ਜੋ ਆਪਣਾ ਰੂਪ ਬਦਲਦੀ ਰਹਿੰਦੀ ਹੈ। ਉਪਨਿਸ਼ਦਾਂ ਵਿਚ ਮਾਇਆ ਸ਼ਬਦ ਸ੍ਰਿਸ਼ਟੀ ਦੇ ਪ੍ਰਪੰਚ ਲਈ ਵਰਤਿਆ ਗਿਆ ਹੈ। ਇਸ ਤੋਂ ਇਲਾਵਾ ਅਵਿੱਦਿਆ ਅਤੇ ਪ੍ਰਕਿਰਤੀ ਦੇ ਅਰਥਾਂ ਵਿਚ ਵੀ ਮਾਇਆ ਸ਼ਬਦ ਦੀ ਵਰਤੋਂ ਕੀਤੀ ਗਈ ਹੈ। “ਭਾਗਵਤ ਪੁਰਾਣ” ਵਿਚ ਮਾਇਆ ਉਹ ਹੈ ਜੋ ਨਾ ਹੋਣ ਤੋਂ ਵੀ ਹੋਂਦਮਈ ਵਸਤੂ ਪ੍ਰਤੀਤ ਹੁੰਦੀ ਹੈ। ਖਟ-ਦਰਸ਼ਨਾਂ ਵਿਚ ਸਾਂਖ ਦਰਸ਼ਨ ਨੇ ਮਾਇਆ ਨੂੰ ਅਵਿੱਦਿਆ ਕਿਹਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਾਇਆ ਸ਼ਬਦ ਵਿਸ਼ੇਸ਼ ਫ਼ਿਲਾਸਫ਼ੀ ਦੇ ਅਰਥਾਂ ਤੋਂ ਛੁੱਟ ਕਈ ਹੋਰ ਪ੍ਰਸੰਗਾਂ ਤੇ ਭਾਵਾਂ ਦੇ ਅਰਥਾਂ ਲਈ ਵੀ ਵਰਤਿਆ ਗਿਆ ਹੈ। ਗੁਰਬਾਣੀ ਵਿਚ ਮਾਇਆ ਨੂੰ ਭੁਲੇਖੇ ਭਰਮ, ਦੌਲਤ ਤੇ ਹਉਮੈਂ ਇਤਿਆਦਿ ਦੇ ਅਰਥਾਂ ਵਿਚ ਵਰਤਿਆ ਗਿਆ ਹੈ। ਮਾਇਆ ਨੂੰ ਤ੍ਰੈਗੁਣਾਤਮਕ ਸ਼ਕਤੀ ਵੀ ਦੱਸਿਆ ਗਿਆ ਹੈ। ਜਿਵੇ ਕਿ:
ਤ੍ਰੈ ਗੁਣ ਮਾਇਆ ਮੂਲੁ ਹੈ . . . (ਪੰਨਾ ੬੪੭)
ਇਸ ਸ਼ਬਦ ਦਾ ਪ੍ਰਯੋਗ ਧਨ-ਦੌਲਤ ਦੇ ਅਰਥਾਂ ਵਿਚ ਵੀ ਕੀਤਾ ਗਿਆ ਹੈ।
ਬਾਬਾ ਮਾਇਆ ਸਾਥਿ ਨ ਹੋਇ॥ (ਪੰਨਾ ੫੯੫)
ਗੁਰਬਾਣੀ ਵਿਚ ਭਾਰਤੀ ਵਿਚਾਰਧਾਰਾ ਦੀ ਤਰ੍ਹਾਂ ਮਾਇਆ ਦੇ ਵਿਚਾਰ ਨੂੰ ਰੁਪਾਂਤਮਿਕ ਸ਼ੈਲੀ ਦੁਆਰਾ ਹੀ ਵਰਣਨ ਕੀਤਾ ਗਿਆ ਹੈ। ਇਸ ਪੱਖ ਤੋਂ ਮਾਇਆ ਨੂੰ ਨਾਗਣੀ, ਸੱਪ, ਧਰਕਟੀ ਨਾਰ, ਸੱਸ ਆਦਿ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ।
-ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ॥
(ਪੰਨਾ ੩੫੫)
-ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥ (ਪੰਨਾ ੫੧੦)
-ਮਾਇਆ ਮੋਹੁ ਧਰਕਟੀ ਨਾਰਿ॥
ਭੂੰਡੀ ਕਾਮਣਿ ਕਾਮਣਿਆਰਿ॥ (ਪੰਨਾ ੭੯੬)
ਗੁਰਮਤਿ ਵਿਚ ਮਾਇਆ ਦੇ ਸਿਧਾਂਤ ਨੂੰ ਦੋ ਪੱਖਾਂ ਤੋਂ ਬਿਆਨਿਆ ਗਿਆ ਹੈ:
੧. ਮਾਇਆ ਦਾ ਵਿਅਕਤੀਗਤ ਪੱਖ।
੨. ਮਾਇਆ ਦਾ ਬ੍ਰਹਿਮੰਡੀ ਪੱਖ।
ਮਾਇਆ ਦਾ ਵਿਅਕਤੀਗਤ ਪੱਖ : ਵਿਅਕਤੀਗਤ ਪੱਖ ਤੋਂ ਮਾਇਆ ਜੀਵ ਦੇ ਸੰਬੰਧ ਵਿਚ ਅਵਿੱਦਿਆ, ਭਰਮ, ਕੂੜ ਤੇ ਹੰਕਾਰ ਇਤਿਆਦਿ ਹੈ। ਇਸ ਪੱਖ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪਹਿਰਿਆ’ ਦੇ ਸਿਰਲੇਖ ਹੇਠ ਅੰਕਿਤ ਬਾਣੀ ਵਿਚ ਜੀਵ ਤੇ ਮਾਇਆ ਦੇ ਸੰਬੰਧ ਪ੍ਰਤੀ ਹੇਠ ਲਿਖੇ ਮੁੱਖ ਪ੍ਰਮਾਣ ਮਿਲਦੇ ਹਨ ਅਤੇ ਜੀਵ ਦਾ ਮਾਇਆ ਦੇ ਪ੍ਰਭਾਵ ਹੇਠਾਂ ਆਉਣ ਦਾ ਕਾਰਨ ਵੀ ਪਤਾ ਲੱਗਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਅਨੁਸਾਰ ਜੀਵ ਜਨਮ ਤੋਂ ਹੀ ਮਾਇਆ ਦੇ ਪ੍ਰਭਾਵ ਹੇਠਾਂ ਆ ਜਾਂਦਾ ਹੈ, ਅਤੇ ਉਸ ਦੀ ਸੁਰਤਿ ਪਰਮਾਤਮਾ ਨਾਲੋਂ ਟੁੱਟ ਜਾਂਦੀ ਹੈ:
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ (ਪੰਨਾ ੯੨੧)
ਮਨੁੱਖੀ ਜੀਵਨ ਦੇ ਤੀਜੇ ਪਹਿਰ ਵਿਚ ਮਨੁੱਖ ’ਤੇ ਮਾਇਆ ਭਾਰੂ ਹੁੰਦੀ ਹੈ। ਇਸ ਅਵਸਥਾ ਵਿਚ ਮਨੁੱਖੀ-ਮਨ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਜਿਸ ਦੇ ਨਤੀਜੇ ਵਜੋਂ ਉਹ ਧਨ-ਦੌਲਤ ਤੇ ਜੋਬਨ ਵਿਚ ਹੀ ਮਸਤ ਰਹਿੰਦਾ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ॥
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ॥ (ਪੰਨਾ ੭੫)
ਸ੍ਰੀ ਗੁਰੂ ਰਾਮਦਾਸ ਜੀ ਇਸੇ ਅਵਸਥਾ ਵਿਚ ਮਨੁੱਖ ਦੀ ਪ੍ਰਧਾਨ ਰੁਚੀ ਮਾਇਆ ਪ੍ਰਤੀ ਮੋਹ ਤੇ ਇਸ ਨੂੰ ਇਕੱਤਰ ਕਰਨਾ ਦੱਸਦੇ ਹਨ। ਇਸ ਅਵਸਥਾ ਵਿਚ ਮਨੁੱਖ ਹਰੀ ਦੇ ਨਾਮ ਨੂੰ ਯਾਦ ਨਹੀਂ ਕਰਦਾ।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ॥
ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ॥
(ਪੰਨਾ ੭੬)
ਸ੍ਰੀ ਗੁਰੂ ਅਰਜਨ ਦੇਵ ਜੀ ਇਸੇ ਅਵਸਥਾ ਨੂੰ ਹੋਰ ਸਪੱਸ਼ਟ ਫਰਮਾਉਂਦੇ ਹਨ:
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ॥
ਪੁਤ੍ਰਿ ਕਲਤ੍ਰਿ ਮੋਹਿ ਲਪਟਿਆ ਵਣਜਾਰਿਆ ਮਿਤ੍ਰਾ ਅੰਤਰਿ ਲਹਰਿ ਲੋਭਾਨੁ॥
(ਪੰਨਾ ੭੭)
ਮਾਇਆ ਦਾ ਮਨੁੱਖ ਦੇ ਮਨ ਅਤੇ ਇੰਦਰੀਆਂ ਉੱਤੇ ਜੋ ਪ੍ਰਭਾਵ ਪੈਂਦਾ ਹੈ ਅਤੇ ਉਸ ਦੇ ਪ੍ਰਤੀਕਰਮ ਵਜੋਂ ਸਾਡੇ ਮਨ ਤੋਂ ਇੰਦਰੀਆਂ ਦੀ ਜੋ ਦਸ਼ਾ ਹੋ ਜਾਂਦੀ ਹੈ ਉਸ ਦਾ ਵਰਣਨ ਗੁਰਬਾਣੀ ਵਿਚ ਇਸ ਪ੍ਰਕਾਰ ਕੀਤਾ ਗਿਆ ਹੈ:
-ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ॥
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ॥
ਰਸਨਾ ਸੋਈ ਲੋਭਿ ਮੀਠੈ ਸਾਦਿ॥ (ਪੰਨਾ ੧੮੨)
-ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ॥
ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ॥
(ਪੰਨਾ ੬੪੩)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਉਪਰੋਕਤ ਪੰਕਤੀਆਂ ਦਰਜ ਹਨ, ਜੋ ਮਾਇਆ ਭਾਵ ਧਨ-ਦੌਲਤ ਬਾਰੇ ਦੱਸਦੀਆਂ ਹਨ ਕਿ ਇਸ ਜਗ ਵਿਚ ਮਨੁੱਖ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ ਤੇ ਇਸ ਮਾਇਆ ਨੇ ਸਾਰਾ ਸੰਸਾਰ ਆਪਣੇ ਵਿਚ ਜਕੜਿਆ ਹੋਇਆ ਹੈ। ਮਨਮੁਖ ਭਾਵ ਜੋ ਗੁਰੂ ਤੋਂ ਪਰੇ ਹਨ, ਉਹ ਇਸ ਵਿਚ ਘੁਲੇ ਹੋਏ ਹਨ ਤੇ ਗੁਰਮੁਖ ਇਸ ਮਾਇਆ ਦੇ ਜਾਲ ਤੋਂ ਪਰੇ ਹਨ ਤੇ ਉਹ ਪ੍ਰਭੂ ਭਗਤੀ ਵਿਚ ਲੱਗੇ ਹੋਏ ਹਨ। ਗੁਰਬਾਣੀ ਵਿਚ ਮਾਇਆ ਬਾਰੇ ਬਹੁਤ ਕੁਝ ਕਿਹਾ ਗਿਆ ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ:
ਮਨੁ ਸੋਇਆ ਮਾਇਆ ਬਿਸਮਾਦਿ॥. . .
ਸਗਲ ਸਹੇਲੀ ਅਪਨੈ ਰਸ ਮਾਤੀ॥
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ॥ (ਪੰਨਾ ੧੮੨)
ਵਿਅਕਤੀਗਤ ਪੱਖ ਤੋਂ ਮਾਇਆ ਨੇ ਇਸ ਸੰਸਾਰ ਦੇ ਲੋਕਾਂ ਨੂੰ ਹੀ ਨਹੀਂ ਮੋਹਿਆ ਹੋਇਆ ਸਗੋਂ ਸਭ ਦੇਵੀ-ਦੇਵਤਿਆਂ ਨੂੰ ਵੀ ਇਸ ਨੇ ਮੋਹਿਆ ਹੈ।
-ਮਾਇਆ ਮੋਹੇ ਦੇਵੀ ਸਭਿ ਦੇਵਾ॥ (ਪੰਨਾ ੨੨੭)
-ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ॥ (ਪੰਨਾ ੪੭੬)
ਵਿਅਕਤੀਗਤ ਤੌਰ ਤੋਂ ਹੀ ਮਾਇਆ ਦਾ ਭਾਵ ਮਨੁੱਖੀ ਮਨ ਦਾ ਭਰਮ ਤੇ ਭੁਲੇਖਾ ਹੈ, ਜਿਸ ਕਰਕੇ ਉਹ ਅਵਸਤੂ ਨੂੰ ਵਸਤੂ ਸਮਝ ਲੈਂਦਾ ਹੈ। ਮਨੋਵਿਗਿਆਨਕ ਪੱਖ ਤੋਂ ਮਾਇਆ ਦੇ ਇਸ ਪੱਖ ਨੂੰ ਭਗਤ ਰਵਿਦਾਸ ਜੀ ਇਉਂ ਦਰਸਾਉਂਦੇ ਹਨ:
ਮਾਧਵੇ ਕਿਆ ਕਹੀਐ ਭ੍ਰਮੁ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥ (ਪੰਨਾ ੬੫੭)
ਇਸ ਭਰਮ ਅਤੇ ਸਹਸੇ ਨੇ ਹੀ ਜੀਵ ਨੂੰ ਅਪਵਿੱਤਰ ਅਤੇ ਮਲੀਨ ਕੀਤਾ ਹੋਇਆ ਹੈ। ਇਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਗੁਰਬਾਣੀ ਅਨੁਸਾਰ ਇਸ ਦਾ ਇੱਕੋਂ-ਇਕ ਹੱਲ ਗੁਰ ਸ਼ਬਦ ਦੀ ਵਿਚਾਰ ਹੈ:
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ॥
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥ (ਪੰਨਾ ੯੧੯)
ਮਾਇਆ ਦਾ ਬ੍ਰਹਿਮੰਡੀ ਪੱਖ: ਗੁਰਬਾਣੀ ਦੇ ਪੱਖ ਤੋਂ ਮਾਇਆ ਪ੍ਰਕਿਰਤੀ ਹੈ। ਪਰ ਇਸ ਦੀ ਪ੍ਰਕਿਰਤੀ ਇਕ ਸੁਤੰਤਰ ਤੇ ਸਵੈ-ਆਧਾਰਿਤ ਨਹੀਂ ਹੈ, ਸਗੋਂ ਆਧਾਰਿਤ ਤੇ ਸੰਖੇਪ ਹੈ। ਗੁਰਮਤਿ ਦਰਸ਼ਨ ਇਸ ਵਿਚਾਰ ਦਾ ਹਾਮੀ ਹੈ ਕਿ ਮਾਇਆ ਰਚਨਾ ਹੈ, ਜਿਸ ਨੂੰ ਪਰਮਾਤਮਾ ਨੇ ਰਚਿਆ ਹੈ ਤੇ ਰਚਨਾ ਕਦੀ ਵੀ ਰਚਨਹਾਰ ਤੋਂ ਸੁਤੰਤਰ ਨਹੀਂ ਹੋ ਸਕਦੀ।
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ (ਪੰਨਾ ੬)
ਗੁਰਬਾਣੀ ਵਿਚ ਅਨੇਕਾਂ ਥਾਂਵਾਂ ਉੱਤੇ ਮਾਇਆ-ਰੂਪੀ ਸੰਸਾਰ ਦੀ ਇਸ ਪ੍ਰਕਿਰਤੀ ਅਤੇ ਸਰੂਪ ਨੂੰ ਕਈ ਰੂਪਕਾਂ ਦੁਆਰਾ ਰੂਪਮਾਨ ਕੀਤਾ ਗਿਆ ਹੈ। ਜਿਵੇਂ ਕਿ ਮ੍ਰਿਗ ਤ੍ਰਿਸ਼ਨਾ, ਪਾਣੀ ਦਾ ਬੁਦਬੁਦਾ, ਬਾਦਲ ਕੀ ਛਾਈਂ ਇਤਿਆਦਿ:
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ॥ (ਪੰਨਾ ੧੨੩੧)
ਗੁਰਮਤਿ ਦਰਸ਼ਨ ਨੇ ਮਾਇਆ ਪ੍ਰਤੀ ਦੋਵੇਂ ਹੀ ਸਵੀਕਾਰਤਮਕ ਅਤੇ ਨਿਖੇਧਾਤਮਕ ਦ੍ਰਿਸ਼ਟੀਕੋਣ ਅਪਣਾਏ ਹਨ। ਪਹਿਲੇ ਪੱਖ ਤੋਂ ਸਮੁੱਚੀ ਕੁਦਰਤ ਵਿਚ ਕਾਦਰ ਨੂੰ ਵਿਦਮਾਨ ਮੰਨਿਆ ਹੈ। ਖੰਡ, ਬ੍ਰਹਿਮੰਡ ਨੂੰ ਸੱਚ ਮੰਨਿਆ ਹੈ, ਪਰਮਾਤਮਾ ਦੀ ਦ੍ਰਿਸ਼ਟੀ ਨੂੰ ਸੱਚੀ ਮੰਨਿਆ ਹੈ। ਇਸ ਸਵੀਕਾਰਤਮਕ ਦ੍ਰਿਸ਼ਟੀਕੋਣ ਨੇ ਮਨੁੱਖ ਦੇ ਅੰਦਰ ਇਸ ਜਗਤ ਦੇ ਪ੍ਰਤੀ ਘ੍ਰਿਣਾ ਬੰਦ ਨਹੀਂ ਕੀਤੀ, ਇਸ ਦੇ ਤਿਆਗ ਦੀ ਭਾਵਨਾ ਪੈਦਾ ਨਹੀਂ ਕੀਤੀ, ਸਗੋਂ ਇਸ ਪ੍ਰਤੀ ਇਕ ਉਸਾਰੂ ਮੋਹ ਵਾਲੀ ਭਾਵਨਾ ਪੈਦਾ ਕੀਤੀ ਹੈ। ਦੂਜੇ ਨਿਖੇਧਾਤਮਕ ਦ੍ਰਿਸ਼ਟੀਕੋਣ ਨੇ ਮਨੁੱਖ ਨੂੰ ਇਸ ਗੱਲ ਦੀ ਸੁਚੇਤਨਾ ਪ੍ਰਦਾਨ ਕੀਤੀ ਕਿ ਵਾਹਿਗੁਰੂ ਤੋਂ ਬਿਨ੍ਹਾਂ ਸਭ ਕੂੜ ਹੈ, ਤਾਂ ਜੋ ਮਨੁੱਖ ਇਸ ਜਗਤ ਨੂੰ ਹੀ ਸਦੀਵੀਂ ਸਮਝ ਕੇ ਇਸ ਵਿਚ ਖਚਿਤ ਨਾ ਹੋ ਜਾਵੇ ਤੇ ਇਸ ਨੂੰ ਹੀ ਸਭ ਕੁਝ ਨਾ ਸਮਝ ਬੈਠੇ।
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥ (ਪੰਨਾ ੪੬੮)
ਇਸ ਸਮੁੱਚੀ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਕਹਿ ਸਕਦੇ ਹਾਂ ਕਿ ਗੁਰਮਤਿ ਦਰਸ਼ਨ ਨੇ ਮਾਇਆ ਦੇ ਜਗਤ ਰੂਪ ਸਬੰਧੀ ਵਾਸਤਵਿਕ ਅਤੇ ਸਵੀਕਾਰਤਮਕ ਦ੍ਰਿਸ਼ਟੀਕੋਣ ਅਪਣਾਇਆ ਹੈ।

-ਡਾ. ਮਨਮੋਹਨ ਸਿੰਘ