13 views 3 secs 0 comments

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੀ ਸੰਘਰਸ਼ਮਈ ਦਾਸਤਾਨ

ਲੇਖ
September 17, 2025
ਅਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣਦੇ ਹਾਂ ਕਿ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਨਿਜਾਤ ਦਿਵਾਉਣ ਲਈ ਅਨੇਕਾਂ ਸਿੱਖ ਅਣਖੀ ਯੋਧਿਆਂ ਨੇ ਆਪਣੀ ਚੜ੍ਹਦੀ ਉਮਰ ਦੇ ਬੇਸ਼ਕੀਮਤੀ ਵਰੇ੍ਹ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬਤੀਤ ਕੀਤੇ । ਅਜਿਹੇ ਸੂਰਬੀਰ ਯੋਧਿਆਂ ਵਿੱਚੋਂ ਪੰਜਾਬ ਦੀ ਧਰਤੀ ਦੇ ਮਹਾਨ ਸਪੁੱਤਰ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ । ਇਸ ਅਣਖੀਲੇ ਨੌਜਵਾਨ ਦਾ ਜਨਮ ਮਾਰਚ 1882 ਈ: ਵਿੱਚ ਪਿਤਾ ਸ। ਗੁਰਦਿੱਤ ਸਿੰਘ ਦੇ ਗ੍ਰਹਿ ਵਿਖੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ । ਪਿਤਾ ਜੀ ਕਿਸਾਨੀ ਦਾ ਧੰਦਾ ਕਰਦੇ ਸਨ । ਬਾਬਾ ਹਰਨਾਮ ਸਿੰਘ ਨੇ ਮੁੱਢਲੀ ਸਿੱਖਿਆ ਉਸ ਸਮੇਂ ਪਰੰਪਰਾ ਮੁਤਾਬਿਕ ਪਿੰਡ ਦੀ ਧਰਮਸ਼ਾਲਾ ਤੋਂ ਹੀ ਪ੍ਰਾਪਤ ਕੀਤੀ । ਜਵਾਨੀ ਵਿੱਚ ਪੈਰ ਧਰਦਿਆਂ ਹੀ ਭਾਰਤੀ ਫੌਜ ਵਿੱਚ ਭਰਤੀ ਹੋ ਗਏ । ਘਰ ਦੇ ਗੁਜ਼ਾਰੇ ਲਈ ਜਵਾਨਾਂ ਨੂੰ ਫੌਜ ਤੋਂ ਬਿਨਾਂ ਕੋਈ ਹੋਰ ਕੰਮਕਾਰ ਵੀ ਨਹੀਂ ਸੀ । ਥੋੜ੍ਹਾ ਸਮਾਂ ਫੌਜ ਦੀ ਨੌਕਰੀ ਵਿੱਚ ਸੇਵਾ ਨਿਭਾਉਣ ਤੋਂ ਪਿੱਛੋਂ ਆਪ 24 ਕੁ ਸਾਲ ਦੀ ਉਮਰ ਵਿੱਚ 12 ਜੁਲਾਈ 1906 ਈ: ਨੂੰ ਕੈਨੇਡਾ ਚਲੇ ਗਏ । ਤਿੰਨ ਕੁ ਸਾਲ ਕੈਨੇਡਾ ਵਿੱਚ ਸਖ਼ਤ ਮਿਹਨਤ ਕੀਤੀ । ਉਥੋਂ 1909 ਈ: ਵਿੱਚ ਅਮਰੀਕਾ ਦੇ ਸੂਬਾ ਕੈਲੇਫੋਰਨੀਆ ਚਲੇ ਗਏ । ਤਿੰਨ ਸਾਲ ਅਮਰੀਕਾ ਵਿੱਚ ਰਹਿੰਦਿਆਂ ਆਪਣੇ ਦੇਸ਼ ਵਾਸੀਆਂ ਦੀ ਤੰਗੀ-ਤੁਰਸ਼ੀ ਅਤੇ ਗੁਲਾਮੀ ਵਾਲੀ ਜ਼ਿੰਦਗੀ ਦੇ ਦਿਨਾਂ ਨੂੰ ਯਾਦ ਕਰਦਿਆਂ 1912 ਈ: ਵਿੱਚ ਦੇਸ਼-ਵਾਸੀਆਂ ਦੇ ਗਲੋਂ ਗੁਲਾਮੀ ਦੇ ਜੂਲੇ ਨੂੰ ਗਲੋਂ ਲਾਹੁਣ ਲਈ ਪੋਰਟਲੈਂਡ ਵਿੱਚ ਬਾਕੀ ਪ੍ਰਵਾਸੀ ਹਿੰਦੁਸਤਾਨੀਆਂ ਨਾਲ ਰਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ । ਇਹ ਫੈਸਲਾ ਇਨ੍ਹਾਂ ਦਾ ਹੀ ਸੀ ਕਿ ਗ਼ਦਰ ਨਾਂਅ ਦਾ ਹਫ਼ਤਾਵਾਰੀ ਅਖ਼ਬਾਰ ਉਰਦੂ, ਪੰਜਾਬੀ ਅਤੇ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਜਾਵੇ । ਗ਼ਦਰ ਅਖ਼ਬਾਰ ਦੇ ਸੰਪਾਦਕੀ ਬੋਰਡ ਨਾਲ ਸ। ਹਰਨਾਮ ਸਿੰਘ ਦਾ ਸਬੰਧ ਵੀ ਸੀ ।
ਇਨ੍ਹਾਂ ਸਰਗਰਮੀਆਂ ਅਧੀਨ ਜਦੋਂ 5 ਜੁਲਾਈ, 1914 ਈ: ਨੂੰ ਹਰਨਾਮ ਸਿੰਘ ਵਰਗਾ ਅਣਖੀਲਾ ਗੱਭਰੂ ਬੰਬ ਬਣਾ ਰਿਹਾ ਸੀ ਤਾਂ ਇਸ ਬੰਬ ਨੂੰ ਬਨਾਉਣ ਸਮੇਂ ਇਸ ਬੰਬ ਦੇ ਫਟਣ ਨਾਲ ਉਸ ਦਾ ਖੱਬਾ ਹੱਥ ਉੱਡ ਗਿਆ । ਇਸ ਜ਼ਖ਼ਮ ਦੇ ਕਾਰਨ ਹੀ ਉਸ ਦੀ ਖੱਬੀ ਬਾਂਹ ਗੁੱਟ ਦੇ ਉੱਪਰੋਂ ਕੱਟਣੀ ਪਈ । ਇਸ ਤੋਂ ਪਿੱਛੋਂ ਉਸ ਦੇ ਨਾਂਅ ਦੇ ਨਾਲ ਟੁੰਡੀਲਾਟ ਪਿਛੇਤਰ ਪੱਕੇ ਤੌਰ ‘ਤੇ ਜੁੜ ਗਿਆ । ਅਸਲ ਵਿੱਚ ਟੁੰਡੀਲਾਟ ਪੰਜਾਬੀਆਂ ਦੇ ਜ਼ਿਹਨ ਵਿੱਚ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪਿੱਛੋਂ (1844 ਤੋਂ 1848) ਪੰਜਾਬੀਆਂ ਨੂੰ ਦਿੱਤੇ ਤਸੀਹਿਆਂ ਕਾਰਨ ਜੁੜਿਆ ਹੋਇਆ ਸੀ, ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਕੀਤਾ ਮਿਲਦਾ ਹੈ । ਇਸ ਗਵਰਨਰ ਜਰਨਲ ਦੀ ਬਾਂਹ ਨੈਪੋਲੀਅਨ ਨਾਲ ਯੁੱਧ ਸਮੇਂ ਕੱਟੀ ਗਈ ਸੀ, ਜਿਸ ਨੂੰ ਪੰਜਾਬੀ ਟੁੰਡੀਲਾਟ ਕਰਕੇ ਹੁਣ ਤੱਕ ਯਾਦ ਕਰਦੇ ਹਨ । 25 ਜੁਲਾਈ, 1914 ਨੂੰ ਜਦੋਂ ਪਹਿਲਾ ਸੰਸਾਰ ਯੁੱਧ ਆਰੰਭ ਹੋ ਗਿਆ, ਗ਼ਦਰ ਪਾਰਟੀ ਦੇ ਸਾਰੇ ਅਣਖੀ ਯੋਧਿਆਂ ਨੂੰ ਵਾਪਸ ਆਪਣੇ ਦੇਸ਼ ਹਿੰਦੁਸਤਾਨ ਪਹੁੰਚਣ ਲਈ ਹੁਕਮ ਜਾਰੀ ਹੋ ਗਏ ।
ਗ਼ਦਰੀ ਬਾਬਾ ਹਰਨਾਮ ਸਿੰਘ 24 ਦਸੰਬਰ, 1914 ਨੂੰ ਵਾਪਸ ਪੰਜਾਬ ਪਰਤ ਆਇਆ । ਇਨ੍ਹਾਂ ਪੰਜਾਬ ਪਹੁੰਚਦਿਆਂ ਹੀ ਰਮਤੇ ਸਾਧੂ ਦੇ ਰੂਪ ਵਿੱਚ ਹਰ ਪਿੰਡ ਅਤੇ ਸ਼ਹਿਰ ਵਿੱਚ ਗ਼ਦਰ ਪਾਰਟੀ ਦੇ ਪ੍ਰਚਾਰ ਲਈ ਅਲਖ ਜਗਾਈ । ਇਸ ਪ੍ਰਚਾਰ ਲਈ ਉਨ੍ਹਾਂ ਵਿਸ਼ੇਸ਼ ਕਰਕੇ ਦੁਆਬਾ ਖੇਤਰ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ । ਇਸ ਤੋਂ ਇਲਾਵਾ ਬਾਬਾ ਹਰਨਾਮ ਸਿੰਘ ਨੇ ਲਹਿੰਦੇ ਪੰਜਾਬ ਦੇ ਰਾਵਲਪਿੰਡੀ, ਨੌਸ਼ਹਿਰਾ, ਪਿਸ਼ਾਵਰ ਅਤੇ ਪੰਤੂ ਛਾਉਣੀਆਂ ਵਿੱਚ ਤਾਇਨਾਤ ਨੌਕਰੀ ਕਰ ਰਹੇ ਫੌਜੀਆਂ ਨਾਲ ਸੰਪਰਕ ਬਣਾ ਲਿਆ, ਤਾਂ ਜੋ ਬਗਾਵਤ ਦਾ ਝੰਡਾ ਬੁਲੰਦ ਕੀਤਾ ਜਾ ਸਕੇ । ਜਦੋਂ ਪੰਜਾਬ ਅਤੇ ਦੇਸ਼ ਦੀ ਅੰਗ੍ਰੇਜ਼ ਹਕੂਮਤ ਦੇ ਸੂਹੀਆ ਤੰਤਰ ਨੂੰ ਇਸ ਗੱਲ ਦੀ ਸੂਹ ਲੱਗੀ ਤਾਂ ਬਾਬਾ ਹਰਨਾਮ ਸਿੰਘ ਨੇ ਦੇਸ਼ ਦੀ ਸਰਹੱਦ ਨੂੰ ਟੱਪ ਕੇ ਅਫਗਾਨਿਸਤਾਨ ਵੱਲ ਜਾਣ ਵਿੱਚ ਸਫ਼ਲ ਹੋ ਗਿਆ । ਜਦੋਂ ਉਸ ਨੂੰ ਉਸ ਦੇਸ਼ ਵਿੱਚੋਂ ਕੋਈ ਸਹਾਇਤਾ ਆਦਿ ਦਾ ਹੁੰਗਾਰਾ ਨਾ ਮਿਲਿਆ ਤਾਂ ਆਪ 2 ਮਾਰਚ, 1915 ਈ: ਨੂੰ ਸ਼ਾਹਪੁਰ (ਸਰਗੋਧਾ) (ਲਹਿੰਦੇ ਪੰਜਾਬ) ਦੇ ਚੱਕ ਨੰਬਰ 5 ਵਿਖੇ ਕਿਸੇ ਜਾਣਕਾਰ ਦੇ ਘਰ ਵਿੱਚ ਕਿਸੇ ਹੋਰ ਗ਼ਦਰ ਪਾਰਟੀ ਦੇ ਸਰਗਰਮ ਸਾਥੀਆਂ ਨਾਲ ਠਹਿਰੇ ਹੋਏ ਸਨ ਤਾਂ ਸੂਹੀਏ ਤੰਤਰ ਦੀ ਖ਼ਬਰ ਨਾਲ ਸਾਰੇ ਸਾਥੀਆਂ ਸਮੇਤ ਬਾਬਾ ਹਰਨਾਮ ਸਿੰਘ ਫੜੇ ਗਏ । ਇਸ ਤੋਂ ਪਿੱਛੋਂ 13 ਦਸੰਬਰ, 1915 ਈ: ਲਾਹੌਰ ਸਾਜਿਸ਼ ਕੇਸ ਅਧੀਨ ਬਾਬਾ ਹਰਨਾਮ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ।
ਬਾਬਾ ਹਰਨਾਮ ਸਿੰਘ ਬਾਕੀ ਸਾਥੀਆਂ ਸਮੇਤ ਲਗਪਗ 30 ਸਾਲ ਅੰਡੇਮਾਨ, ਮਦਰਾਸ, ਪੂਨਾ, ਮੁੰਬਈ, ਮਿੰਟਗੁਮਰੀ ਆਦਿ ਬਹੁਤ ਸਾਰੀਆਂ ਜੇਲ੍ਹਾਂ ਵਿੱਚ ਤੰਗੀਆਂ-ਤੁਰਸ਼ੀਆਂ ਤੇ ਤਸੀਹੇ ਕੱਟ ਕੇ ਦੇਸ਼ ਦੀ ਅਜ਼ਾਦੀ ਤੇ ਪੰਜਾਬ ਬਟਵਾਰੇ ਤੋਂ ਪਹਿਲਾਂ 1945 ਈ: ਨੂੰ ਜੇਲ੍ਹ ਤੋਂ ਬਾਹਰ ਆਏ । ਇਹ ਅਣਖੀ ਯੋਧਾ 80 ਸਾਲ ਦੀ ਉਮਰ ਭੋਗ ਕੇ 18 ਸਤੰਬਰ, 1962 ਈ: ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਿਆ । ਅੱਜ ਜਦੋਂ ਮੁੜ ਪੰਜਾਬ ਆਪਣੀ ਹੋਂਦ ਲਈ ਤਰਲੋ ਮੱਛੀ ਹੋ ਰਿਹਾ ਹੈ, ਉਸ ਸਮੇਂ ਇਸ ਸਮੇਂ ਆਪਣੇ ਇਸ ਅਣਖੀਲੇ ਸੂਰਬੀਰ ਨੂੰ ਵੀ ਯਾਦ ਕਰ ਰਿਹਾ ਹੈ ।
-ਭਗਵਾਨ ਸਿੰਘ ਜੌਹਲ