
ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ, ਪਰ ਬੰਦਾ ਸੋਨੇ ਵਿਚ ਰਸ ਨਾ ਮਾਣੇ। ਹੁਣ ਜੇਕਰ ਪੁਰਸ਼ ਸੋਨੇ ਦਾ ਕੜਾ ਪਾਈ ਫਿਰਦੈ ਤਾਂ ਇਹ ਉਸ ਦਾ ਰਸ ਹੈ, ਨਹੀਂ ਤਾਂ ਸਰਬ ਲੋਹ ਦਾ ਕੜਾ ਸਾਨੂੰ ਸਤਿਗੁਰੂ ਜੀ ਨੇ ਦਿੱਤੈ, ਸੋਨੇ ਦਾ ਤਾਂ ਨਹੀਂ ਦਿੱਤਾ। ਜਿੰਨੇ ਪਾਈ ਫਿਰਦੇ ਨੇ ਫਿਰ ਤਾਂ ਸੋਨੇ ਦਾ ਕੜਾ ਵੀ ਇਕ ਰਸ ਹੋ ਗਿਆ। ਸੋਨਾ ਇਕ ਲੋੜ ਹੋ ਸਕਦੀ ਹੈ ਬੰਦੇ ਦੀ, ਕੋਲ ਰੱਖੇ। ਜੇਕਰ ਇਸਤ੍ਰੀ ਨੇ ਕੁਝ ਪਹਿਨਿਆ ਹੈ ਤਾਂ ਠੀਕ ਹੈ ਪਰ ਹੁਣ ਨਿਰਾ ਸੋਨਾ ਹੀ ਤਾਂ ਨਾ ਦਿਖਾਂਦੀ ਫਿਰੇ। ਜੇ ਦਿਖਾਂਦੀ ਫਿਰਦੀ ਹੈ ਤਾਂ ਇਹ ਰਸ ਹੈ। ਮੁਸ਼ਕਲ ਹੈ, ਇਹ ਨਾਮ ਜਪ ਸਕੇ । ਰਸ ਨਹੀਂ ਹੋਣਾ ਚਾਹੀਦਾ। ਇਸੇ ਤਰੀਕੇ ਨਾਲ ਪੁਰਸ਼ ਵਾਸਤੇ ਇਸਤ੍ਰੀ ਤੇ ਇਸਤ੍ਰੀ ਵਾਸਤੇ ਪੁਰਸ਼ ਇਕ ਸੰਸਾਰਿਕ ਲੋੜ ਹੈ। ਸਮਾਜਿਕ ਲੋੜ ਹੈ, ਸਰੀਰਕ ਲੋੜ ਹੈ। ਇਹ ਸਿਰਫ਼ ਰਸ ਨਾ ਹੋਵੇ । ਜੇਕਰ ਰਸ ਬਣ ਗਿਆ ਤਾਂ ਸੁਰਤ ਇਥੇ ਹੀ ਰੁਕ ਜਾਵੇਗੀ, ਮਨੁੱਖ ਅੱਗੇ ਨਹੀਂ ਜਾ ਸਕੇਗਾ। ਮਕਾਨ ਇਕ ਬਿਲਕੁਲ ਲੋੜ ਹੈ, ਮਨੁੱਖ ਦੀ ਇਕ ਲੋੜ ਹੈ ਪਰ ਕਈਆਂ ਲਈ ਇਹ ਰਸ ਬਣ ਜਾਂਦੈ। ਉਹ ਬੈਠਣ ਲਈ ਬਾਅਦ ਵਿਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾਂਦੇ ਨੇ। ਐਹ ਵੀ ਵੇਖੋ, ਐਹ ਵੀ ਵੇਖੋ। ਇੰਜ ਪਰਿਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਮਕਾਨ ਉਹਨਾਂ ਦਾ ਇਕ ਮੰਦਰ ਹੋਵੇ।
ਇਹ ਇਕ ਰਸ ਹੁੰਦਾ ਹੈ ਅਤੇ ਇਸ ਮਕਾਨ ਨੇ ਹੁਣ ਨਾਮ ਨਹੀਂ ਜਪਣ ਦੇਣਾ। ਕਈਆਂ ਵਾਸਤੇ ਗੱਡੀ ਕਾਰ ਇਤਿਆਦਿਕ ਇਕ ਰਸ ਬਣ ਜਾਂਦੀ ਹੈ। ਪਈ ਲੋਕੀਂ ਵੇਖਣ, ਇਹਦੇ ਕੋਲ ਕਾਰ ਵਧੀਆ ਹੋਵੇ। ਆਮ ਕਾਰਾਂ ‘ਚ ਘੁੰਮਦੇ ਨੇ ਲੋਕੀਂ ਪਰ ਇਹਦੇ ਕੋਲ ਖ਼ਾਸ ਹੋਵੇ। ਜੇ ਹੁਣ ਤੂੰ ਕਾਰ ਦੇ ਆਸਰੇ ‘ਤੇ ਵਿਸ਼ੇਸ਼ ਹੋਣਾ ਚਾਹੇਂ ਤਾਂ ਸੁਰਤ ਰੁਕੇਗੀ । ਇੰਜ ਮਿੱਠਾ ਇਕ ਲੋੜ ਹੈ, ਸਰੀਰ ਵਿਚ ਮਾੜਾ ਮੋਟਾ, ਥੋੜਾ ਬਹੁਤਾ ਜਾਣਾ ਹੀ ਚਾਹੀਦਾ ਹੈ। ਇਹ ਵੀ ਇਕ ਲੋੜ ਹੈ। ਕਈ ਬੰਦਿਆਂ ਦਾ ਮਿੱਠੀ ਚੀਜ਼ ਇਕ ਰਸ ਹੀ ਬਣ ਜਾਂਦਾ ਹੈ। ਜੇ ਰਸ ਬਣ ਗਿਆ ਤਾਂ ਮੁਸ਼ਕਲ ਹੈ ਇਹ ਨਾਮ ਜਪ ਸਕੇ। ਇਸ ਤਰ੍ਹਾਂ ਮਾਸ ਬੰਦੇ ਦੀ ਇਕ ਲੋੜ ਹੋ ਸਕਦੀ ਹੈ, ਰਸ ਨਹੀਂ। ਜੇਕਰ ਮਾਸ ਰਸ ਬਣ ਗਿਆ ਤਾਂ ਮੁਸ਼ਕਲ ਹੈ, ਇਹ ਨਾਮ ਜਪ ਸਕੇ । ਫਿਰ ਤਾਂ ਮਾਸ ਵਿਚ ਹੀ ਫਸ ਗਿਐ। ਕੋਈ ਰੂਪ ਵਿਚ ਡੁੱਬ ਗਿਆ, ਕੋਈ ਸੋਨੇ ਵਿਚ ਡੁੱਬ ਗਿਆ। ਕੋਈ ਮਕਾਨ ਵਿਚ ਡੁੱਬ ਗਿਆ, ਕੋਈ ਮਿੱਠੇ ਵਿਚ ਡੁੱਬ ਗਿਆ। ਕੋਈ ਮਹਿਲ ਮਾੜੀਆਂ ‘ਚ ਡੁੱਬ ਗਿਆ, ਕੋਈ ਮਾਸ ਵਿਚ ਡੁੱਬ ਗਿਆ। ਸਤਿਗੁਰ ਇਹਨਾਂ ਸਾਰਿਆਂ ਨੂੰ ਰਸ ਆਖਦੇ ਪਏ ਨੇ, ਇਕ ਨੂੰ ਨਹੀਂ ਆਖਿਆ। ਫਿਰ ਇਸ ਪੰਕਤੀ ਨੂੰ ਸਰਵਣ ਕਰਨਾ। ਇਹ ਪੰਕਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੈ:
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮੁ ਨਿਵਾਸੁ ॥ (ਅੰਗ ੧੫)
ਜੇਕਰ ਏਨੇ ਰਸ ਇਸ ਸਰੀਰ ਵਿਚ ਨੇ, ਤਾਂ ਨਾਮ ਕਿਥੇ ਵੱਸੇਗਾ ?
ਗਿਆਨੀ ਸੰਤ ਸਿੰਘ ਜੀ ਮਸਕੀਨ