9 views 5 secs 0 comments

ਸੰਤਾਂ ਦੀ ਗ੍ਰਿਫ਼ਤਾਰੀ 20-9-1981

ਲੇਖ
September 19, 2025

9 ਸਤੰਬਰ 1981 ਨੂੰ ਜਗਬਾਣੀ ਅਖ਼ਬਾਰ ਵਾਲੇ ਲਾਲਾ ਜਗਤ ਨਰੈਣ ਦਾ ਕਤਲ ਹੋਇਆ। ਪੁਲਿਸ ਨੂੰ ਲਗਦਾ ਸੀ ਏਸ ਕਤਲ ‘ਚ ਸੰਤਾਂ‌ ਦਾ ਹੱਥ ਐ। 14 ਸਤੰਬਰ ਨੂੰ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਰਿਆਣੇ ਦੇ ਇੱਕ ਪਿੰਡ ਚੰਦੋ ਕਲਾਂ ‘ਚ ਜਥੇ ਸਮੇਤ ਗੁਰਮਤਿ ਪ੍ਰਚਾਰ ‘ਤੇ ਗਏ ਹੋਏ ਸੀ ਤਾਂ ਬਿਨਾਂ ਵਰੰਟ ਜਾਰੀ ਕੀਤੇ ਸੰਤਾਂ ਨੂੰ ਫੜਣ/ਮਾਰਣ ਲਈ ਵੱਡੀ ਗਿਣਤੀ ‘ਚ ਫੋਰਸ ਨੇ ਚੰਦੋ ਕਲਾਂ ਪਿੰਡ ਨੂੰ ਘੇਰਾ ਪਾ ਲਿਆ, ਪਰ ਸੰਤ ਜੀ ਘੇਰੇ ਤੋਂ ਪਹਿਲਾਂ ਹੀ ਚੰਦੋਂ ਕਲਾਂ ਤੋਂ ਨਿਕਲ ਆਏ ਸੀ। ਜਦੋਂ ਪੁਲਿਸ ਅਫ਼ਸਰਾਂ ਨੂੰ ਪਤਾ ਲੱਗਾ ਉਹਨਾਂ ਕ੍ਰੋਧ ਨਾਲ ਭਰਿਆਂ ਨੇ ਪਿੰਡ ਵਾਸੀਆਂ ‘ਤੇ ਸਿੰਘਾਂ ‘ਤੇ ਬੜਾ ਜ਼ੁਲਮ ਕੀਤਾ। ਏਥੋਂ ਤੱਕ ਗੁਰਬਾਣੀ ਦੀਆਂ ਪੋਥੀਆਂ ਗੁਟਕਾ ਸਾਹਿਬ ਵਾਲੀ ਜਥੇ ਦੀ ਬੱਸ ਨੂੰ ਵੀ ਅੱਗ ਲਾ ਦਿੱਤੀ।

16 ਸਤੰਬਰ ਨੂੰ ਸੰਤ ਜੀ ਮਹਿਤੇ ਸੀ, ਏਥੇ ਉਹਨਾਂ ਨੂੰ ਵਾਰੰਟ ਮਿਲੇ। ਕਮਾਲ ਏਹ ਸੀ ਕਿ ਵਾਰੰਟ 16 ਨੂੰ ਮਿਲੇ ਪਰ ਚੰਦੋ ਕਲਾਂ ‘ਚ ਹਮਲਾ ਜ਼ੁਲਮ ਦੋ ਦਿਨ ਪਹਿਲਾਂ ਹੀ ਕਰਤਾ ਬਿਨਾਂ ਵਰੰੰਟ ਦਿੱਤਿਆ। ਜਦੋਂ ਵਰੰਟ ਮਿਲੇ ਤਾਂ ਸਿੰਘਾਂ ਨਾਲ ਸਲਾਹ ਕਰ ਕੇ ਭਾਈ ਅਮਰੀਕ ਸਿੰਘ ਨੇ 16 ਨੂੰ ਹੀ ਪ੍ਰੈਸ ‘ਚ ਐਲਾਨ ਕੀਤਾ ਕਿ 20 ਸਤੰਬਰ ਨੂੰ ਦੁਪਹਿਰੇ 2 ਵਜੇ ਸੰਤ ਭਿੰਡਰਾਂਵਾਲੇ ਗ੍ਰਿਫ਼ਤਾਰੀ ਦੇਣਗੇ ਪਰ ਗ੍ਰਿਫ਼ਤਾਰ ਇੱਕ ਗੁਰਸਿੱਖ ਪੁਲਿਸ ਅਫਸਰ ਹੀ ਕਰੇ।

20 ਸਤੰਬਰ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਮਹਿਤੇ ਇਕੱਤਰ ਹੋਈਆਂ। ਸੰਗਤ ਦਾ ਭਾਰੀ ਇਕੱਠ ਸੀ। ਸੰਗਤ ਪੰਜ ਲੱਖ ਦੇ ਕਰੀਬ ਹੋਊ ਇਸ ਲਈ ਬਹੁਤ ਸਾਰੀ ( 10 ਹਜ਼ਾਰ ਤੋਂ ਵਧ)ਸੁਰੱਖਿਆ ਫੋਰਸ ਲਾਈ ਗਈ। ਵੈਸੇ 16 ਤੋਂ ਹੀ ਮਹਿਤੇ ਟਕਸਾਲ ਨੂੰ ਘੇਰਾ ਪਾਇਆ ਹੋਇਆ ਸੀ। 20 ਸਤੰਬਰ ਨੂੰ ਖੁੱਲ੍ਹਾ ਦੀਵਾਨ ਸਜਿਆ। ਸਾਰੇ ਮੁਖੀ ਸੱਜਣ ਵਾਰੀ ਵਾਰੀ ਬੋਲੇ। ਅਖੀਰ ‘ਤੇ ਸੰਤਾਂ ਦਾ ਸਮਾਂ ਸੀ, ਮਹਾਂਪੁਰਖਾਂ ਨੇ ਖੱਟੀ ਦਸਤਾਰ ਸਜਾਈ ਸੀ, ਆਪਣੀ ਗ੍ਰਿਫ਼ਤਾਰੀ ਦੇ ਬਾਰੇ ਪਿੰਡ ਚੰਦੋ ਕਲਾਂ ‘ਚ ਸਰਕਾਰ ਵੱਲੋ ਕੀਤੇ ਜ਼ੁਲਮ ਬਾਰੇ ਬੋਲੇ, ਨਾਲ ਸੰਗਤ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਫਿਰ ਜਥੇਦਾਰ ਸੰਤੋਖ ਸਿੰਘ ਜੀ ਵਲੋੰ ਅਰਦਾਸ ਕੀਤੀ ਹੁਕਮਨਾਮਾ ਸੰਤਾਂ ਨੇ ਆਪ ਲਿਆ ਮੁੱਖਵਾਕ ਸੀ:
ਸੋਰਠਿ ਮਹਲਾ ੫ ॥
ਵਿਚਿ ਕਰਤਾ ਪੁਰਖੁ ਖਲੋਆ ॥
ਵਾਲੁ ਨ ਵਿੰਗਾ ਹੋਆ ॥…

ਸਮਾਪਤੀ ਤੋਂ ਬਾਅਦ ਸੰਤਾਂ ਨੇ ਦੁਪਹਿਰੇ 2 ਵਜੇ ਗ੍ਰਿਫ਼ਤਾਰੀ ਦਿੱਤੀ। ਇਹ ਵੀ ਇਤਫ਼ਾਕ ਹੀ ਹੈ ਕਿ ਗ੍ਰਿਫ਼ਤਾਰ ਕਰਨ ਵਾਲੇ ਦਾ ਨਾਂ ਸ. ਜਰਨੈਲ ਸਿੰਘ ਸੀ। ਸੰਤਾਂ ਨੂੰ ਲੁਧਿਆਣੇ ਲਿਆਂਦਾ ਗਿਆ। ਗ੍ਰਿਫਤਾਰੀ ਤੋਂ ਮਗਰੋਂ ਮਹੌਲ ਬਦਲ ਗਿਆ। ਪੁਲਿਸ ਨੇ ਗੋਲੀ ਚਲਾਈ ਜਿਸ ਕਾਰਨ 15 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਇੱਕ- ਦੋ ਗੱਡੀਆਂ ਨੂੰ ਅੱਗ ਵੀ ਲੱਗੀ।

ਮੇਜਰ ਸਿੰਘ, ਉਪ ਸੰਪਾਦਕ