
ਕਿੰਨਾ…..ਸਮਾਂ ਬੀਤ ਗਿਆ। ਮੇਰਾ ਇਕ ਮਿੱਤਰ ਹੁੰਦਾ ਸੀ, ਅਕਾਲੀ ਝੰਡਾ ਸਿੰਘ। ਉਹਨੇ ਕਹਿਣਾ ਜਦ ਤਕ ਆਪਣੇ ਫ਼ਲਸਫ਼ੇ ਨਾਲ ਇਸ਼ਕ ਨਾ ਹੋਵੇ, ਤਦ ਤਕ ਧਰਮ ਨਹੀਂ ਨਿਭਦਾ ਹੁੰਦਾ। ਉਹ ‘ਕਿਸ਼ਨ ਸਿੰਘ ਆਰਿਫ਼’ ਦੀਆਂ ਪੰਕਤੀਆਂ ਗਾਉਂਦਾ ਹੁੰਦਾ ਸੀ :
ਸ਼ੇਰ ਨਾ ਮੁੜਨ ਸ਼ਿਕਾਰ ਤੋਂ, ਭਾਵੇਂ ਹੋਣ ਹਲਾਲ ।
ਮਰਦ ਨਾ ਮੁੜਦੇ ਜੰਗ ਤੋਂ, ਲੈ ਹੱਥ ਖੰਜਰ ਢਾਲ।
ਸਤੀ ਚਿਖਾ ਚੜ੍ਹ ਨਾ ਮੁੜੇ, ਮੁੜੇ ਤਾਂ ਮੰਦੇ ਹਾਲ।
ਆਸ਼ਕ ਇਸ਼ਕੋਂ ਜੇ ਫਿਰਨ, ਹੁੰਦੇ ਨਹੀਂ ਕਮਾਲ।
ਕੱਲ੍ਹ ਇਕ ਗੁਰਮੁਖ ਸੱਜਣ ਕਹਿੰਦਾ ਕਿ ਅਕਾਲੀ ਜੀ ! ਤੁਸੀਂ ਕਹਿੰਦੇ ਓ, ‘ਜੋ ਅਕਾਲ ਦਾ ਪੁਜਾਰੀ ਹੈ ਉਹ ਕਿਸੇ ਹੋਰ ਦਾ ਪੁਜਾਰੀ ਨਹੀਂ ਹੋ ਸਕਦਾ। ਇਹ ਕਿਉਂ ?’
ਮੈਂ ਕਿਹਾ, ਮੇਰਾ ਨਹੀਂ ਸਗੋਂ ਇਹ ਮੇਰੇ ਗੁਰੂ ਦਾ ਹੁਕਮ ਐਂ। ਗੁਰੂ ਅੰਗਦ ਸਾਹਿਬ ਜੀ ਫੁਰਮਾਉਂਦੇ ਹਨ :
ਏਹ ਕਿਨੇਹੀ ਆਸਕੀ ਦੂਜੇ ਲਗੈ ਜਾਇ॥
ਨਾਨਕ ਆਸਕੁ ਕਾਢੀਐ ਸਦ ਹੀ ਰਹੈ ਸਮਾਇ॥ ( ਅੰਗ ੪੭੪)
ਬਈ ਜੇ ਕੋਈ ਪ੍ਰੇਮੀ ਆਪਣੇ ਪਿਆਰੇ ਤੋਂ ਬਿਨਾਂ ਕਿਸੇ ਹੋਰ ਵਿਚ ਵੀ ਚਿੱਤ ਜੋੜ ਲਵੇ ਤਾਂ ਇਹ ਸੱਚਾ ਇਸ਼ਕ ਨਹੀਂ ਐਂ, ਸਗੋਂ ਸੱਚਾ ਆਸ਼ਕ ਉਹੀ ਐ, ਜੋ ਹਰ ਸਮੇਂ ਆਪਣੇ ਪ੍ਰੀਤਮ ਦੀ ਯਾਦ ਵਿਚ ਡੁੱਬਾ ਰਹੇ। ਇਸ ਲਈ ਅਕਾਲ ਦਾ ਆਸ਼ਕ, ਅਕਾਲ ਦਾ ਹੀ ਪੁਜਾਰੀ ਹੋਵੇਗਾ। ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਐਸਾ ਹੀ ਨਕਸ਼ਾ ਉਤਾਰਿਆ ਐ :
ਹੰਸੁ ਨ ਛਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ॥
(ਵਾਰ ੫:੧੯)
ਇਸ ਲਈ ਅਕਾਲ ਦੇ ਆਸ਼ਕ ਦੀ ਬਿਰਤੀ ਹੰਸ ਵਾਲੀ ਹੁੰਦੀ ਐ ਤੇ ਬਹੁਤੇ ਛੱਪੜਾਂ ‘ਤੇ ਬਗਲਾ ਬਿਰਤੀ ਹੀ ਘੁੰਮ ਸਕਦੀ ਐ।
ਗੁਰਮੁਖ ਸੱਜਣ ਕਹਿੰਦਾ ਕਿ ਕਿਤੇ ਕਿਤੇ ਬਗਲਾ ਬਿਰਤੀ ਦਾ ਸ਼ੱਕ ਜਿਹਾ ਨਹੀਂ ਪੈਂਦਾ ?
ਮੈਂ ਕਿਹਾ, ਸ਼ੱਕ ਵਾਲੀ ਕਿਹੜੀ ਗੱਲ ਐ, ਪ੍ਰਤੱਖ ਨੂੰ ਪ੍ਰਮਾਣ ਦੀ ਹਾਲੇ ਲੋੜ ਐ। ਇਹ ਕਮੀਆਂ ਸਾਡੇ ਹੀ ਪਰਵਾਰਾਂ ਵਿਚੋਂ ਪੈਦਾ ਹੋਈਆਂ । ਪੰਜਾਬੀ ਦਾ ਅਖਾਣ ਐਂ, ‘ਤਰਖਾਣ ਸਿੱਧਾ ਹੋਵੇ, ਲੱਕੜੀ ਆਪੇ ਸਿੱਧੀ ਹੋ ਜਾਂਦੀ ਹੈ।’ ਜਦੋਂ ਤਰਖਾਣ ਈ ਵਿੰਗੇ ਹੋਈ ਗਏ ਤਾਂ ਲੱਕੜੀਆਂ ਨੇ ਵੀ ਵਿੰਗੀਆਂ ਹੋਣਾ ਈ ਸੀ। ਅਕਾਲੀ ਲਹਿਰਾਂ ਦੇ ਇਤਿਹਾਸ ‘ਚ ਇਕ ਨਾਅਰਾ ਗੂੰਜਦਾ ਹੁੰਦਾ ਸੀ, “ਮੇਰਾ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਾ ਜਾਵੇ।”
ਹੁਣ ਪਿਆਰਿਓ ! ਸਿਦਕ ਸਿਰਫ਼ ਕਹਿਣ ਨਾਲ ਜਾਂ ਗਾਉਣ ਨਾਲ ਈ ਨਹੀਂ ਰਹਿੰਦਾ ਹੁੰਦਾ। ਇਹਦੇ ਪਿੱਛੇ ਗੁਰੂ ਪ੍ਰਤੀ ਸ਼ਰਧਾ, ਸਿਮਰਨ, ਗੁਰਬਾਣੀ ਵਿਚਾਰ, ਫ਼ਲਸਫੇ ਦੀ ਸੂਝ, ਵਿਰਸੇ ਦਾ ਮਾਣ, ਬਾਬਾਣੀਆਂ ਕਹਾਣੀਆਂ ਦੀ ਪੁੱਠ ਤੇ ਨਾਲ ਨਾਲ ਅਮਲੀ ਜੀਵਨ ਦੀ ਚਾਸ਼ਨੀ ‘ਚ ਗੜੁੱਚ ਹੋਵੇ ਤਾਂ ਸਿਦਕ ਪੱਕਦਾ ਐ।
ਕਈ ਵਾਰੀ ਇੰਜ ਵੀ ਕਿਹਾ ਜਾਂਦਾ ਕਿ ‘ਤਵਾ ਨਾ ਅੰਗਿਆਰੀ ਤੇ ਕਾਹਦੀ ਭਠਿਆਰੀ ?’ ਅੱਜ ਬਹੁਤੇ ਅਕਾਲ ਦੇ ਪੁਜਾਰੀ ਕਹਾਉਣ ਵਾਲੇ ਪਰਿਵਾਰਾਂ ‘ਚੋਂ ਸਿੱਖੀ ਸਰੂਪ ਗਾਇਬ ਹੋ ਰਿਹਾ ਐ। ਇਹ ਵੀ ਵਿਚਾਰਨ ਵਾਲੀ ਗੱਲ ਐ ਕਿ ਜਿੱਥੇ ਸਰੂਪ ਗਾਇਬ ਹੋ ਰਿਹਾ, ਉਥੇ ਸਿਧਾਂਤ ਵੀ ਕਾਇਮ ਨਹੀਂ ਰਹਿ ਸਕਦਾ। ਘੋਨ-ਮੋਨ ਬੱਚਿਆਂ ਦੇ ਪਿਓ-ਦਾਦਿਆਂ ਲਈ ਇਹ ਸਵਾਲੀਆ ਚਿੰਨ੍ਹ ਐਂ ? ਇਕ ਜਗ੍ਹਾ ਸ਼ੇਖ਼ ਸਾਅਦੀ ਨੇ ਲਿਖਿਆ ਕਿ, ‘ਸਮੇਂ ਦੇ ਨਿੱਕੇ ਮੂੰਹ ਨੂੰ ਇਕ ਪੱਥਰ ਨਾਲ ਬੰਦ ਕੀਤਾ ਜਾ ਸਕਦਾ ਹੈ ਪਰ ਜਦ ਇਹ ਵੱਡਾ ਹੋ ਜਾਵੇ ਤਾਂ ਹਾਥੀ ਉੱਤੇ ਚੜ੍ਹ ਕੇ ਵੀ ਇਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ।’ ਆਹ ਸਾਡੇ ਖ਼ੁਸ਼ੀਆਂ ਦੇ ਸਮੇਂ ਵਿਆਹ-ਸ਼ਾਦੀਆਂ ਦੇ ਕਾਰਡ ਛਪਦੇ ਐ, ਦੇਖੋ ਬੱਚੇ-ਬੱਚੀਆਂ ਦੇ ਨਾਵਾਂ ਨਾਲੋਂ ‘ਸਿੰਘ’ ਤੇ ‘ਕੌਰ’ ਗਾਇਬ ਹੁੰਦਾ ਐ। ਜੋ ਖ਼ਿਤਾਬ ਮਹਾਨ ਗੁਰੂ ਨੇ ਦਿੱਤਾ ਜੇ ਉਹ ਗਾਇਬ ਐ ਤਾਂ ਘਰੇਲੂ ਰਸਮਾਂ ਉੱਤੇ ਵੀ ਸਿਧਾਂਤ ਜਾਂ ਮਰਯਾਦਾ ਕਿਵੇਂ ਕਾਇਮ ਰਹੇਗੀ? ਹੁਣੇ ਈ ਇਕ ਸਿਦਕੀ ਸਿੱਖ ਨੇ ਮਨ ਦੀ ਭੜਾਸ ਕੱਢੀ ਐ ਕਿ ਇਕ ਸਿਰਕੱਢ ਸੰਸਥਾ ਦੇ ਜ਼ਿੰਮੇਵਾਰ ਸੱਜਣ ਦੇ ਲੜਕੇ ਦੇ ਵਿਆਹ ‘ਤੇ ਕੀ ਕੀ ਨਹੀਂ ਹੋਇਆ ? ਜੇ ਇਹੋ ਕੁਝ ਈ ਸਾਡੇ ਘਰਾਂ ‘ਚ ਹੋਣਾ ਤਾਂ ਗੁਰੂ ਦੇ ਬਾਣੇ ਨੂੰ ਲਾਜ ਕਿਉਂ ਲਾਉਂਦੇ ਆਂ ? ਹੁਣ ‘ਪਿਦਰਮ ਸੁਲਤਾਨ ਬੂਦ’ ਆਖਿਆਂ ਹੀ ਗੱਲ ਨਹੀਂ ਬਣਨੀ, ਸਗੋਂ ਖ਼ੁਦ ਜੀਵਨ ਜੀਅ ਕੇ ਦਿਖਾਉਣਾ ਪੈਣਾ ਐਂ।
ਉਂਝ ਧਰਮ ਜੇ ਜਿਉਂਦਾ ਐ ਤਾਂ ਗੁਰਮਤੀ ਰੂਹਾਂ ਦੇ ਕਰਕੇ ਐ। ਪਤੇ ਦੀ ਗੱਲ ਤਾਂ ਇਹ ਐ ਕਿ ਜੇ ਇਕ ਸਿਪਾਹੀ ਚੋਰੀ ਦੀ ਆਦਤ ਤੋਂ ਨਹੀਂ ਰਹਿ ਸਕਦਾ ਤਾਂ ਉਸ ਨੂੰ ਚੋਰਾਂ ਸੰਗ ਰਲ ਜਾਣਾ ਚਾਹੀਦਾ ਐ, ਮਹਿਕਮੇ ਤੇ ਵਰਦੀ ਨੂੰ ਬਦਨਾਮੀ ਨਹੀਂ ਦਿਵਾਉਣੀ ਚਾਹੀਦੀ। ਵਫ਼ਾਦਾਰੀ ਪਾਲਣੀ ਹੀ ਤਾਂ ਧਰਮ ਐਂ, ਵਫ਼ਾਦਾਰੀ ‘ਚ ਰਹਿਣਾ ਈ ਤਾਂ ਆਸ਼ਕੀ ਐ। ਅਕਾਲ ਦੇ ਉਪਾਸ਼ਕਾਂ ਦਾ ਇਕ ਰੰਗ ਹੋਣਾ ਚਾਹੀਦਾ, ਗੁਰੂ ਦਾ ਰੰਗ, ਗੁਰਮਤਿ ਦਾ ਰੰਗ। ਸਮਾਜ ਨੇ ਗਿਰਗਿਟ ਨੂੰ ਮਾਨਤਾ ਇਸੇ ਲਈ ਨਹੀਂ ਦਿੱਤੀ ਕਿਉਂਕਿ ਉਸ ਦਾ ਇਕ ਰੰਗ ਨਹੀਂ ਹੁੰਦਾ। ਸਾਡੇ ‘ਤੇ ਐਸਾ ਪ੍ਰਸ਼ਨ ਨਹੀਂ ਉੱਠਣਾ ਚਾਹੀਦਾ ਜਿਵੇਂ ਕਿਸੇ ਸ਼ਾਇਰ ਨੇ ਲਿਖਿਆ ਹੈ:
ਜੈਸਾ ਮੌਸਮ ਹੋ, ਮੁਤਾਬਕ ਉਸ ਕੇ ਮੈਂ ਦੀਵਾਨਾ ਹੂੰ।
ਮਾਰਚ ਮੇਂ ਬੁਲਬੁਲ ਹੂੰ, ਜੁਲਾਈ ਮੇਂ ਪਰਵਾਨਾ ਹੂੰ ।
ਗੁਰਮੁਖ ਸੱਜਣ ਕਹਿੰਦਾ, ਵਾਹ ਅਕਾਲੀ ਜੀ! ਇਕੋ ਬੰਦਾ ਮਾਰਚ ‘ਚ ‘ਬੁਲਬੁਲ’ ਤੇ ਜੁਲਾਈ ‘ਚ ‘ਪਰਵਾਨਾ’ ਇਹ ਕਿਵੇਂ ?
ਮੈਂ ਕਿਹਾ, ਜੋ ਸਪਸ਼ਟ ਨਾ ਹੋਵੇ, ਦੁਬਿਧਾ ‘ਚ ਹੋਵੇ। ਇਸੇ ਲਈ ਗੁਰੂ ਪਾਤਸ਼ਾਹ ਪਰਪੱਕ ਕਰਦੇ ਹਨ :
ਗੁਰਮਤਿ ਮਨੁ ਠਹਿਰਾਈਐ ਮੇਰੀ ਜਿੰਦੜੀਏ
ਅਨਤ ਨ ਕਾਹੂ ਡੋਲੇ ਰਾਮ॥ ( ਅੰਗ ੫੩੮)
ਸਾਡੀਆਂ ਰਸਮਾਂ, ਸੰਸਕਾਰ, ਰਹਿਣੀ, ਬਹਿਣੀ, ਸੋਚਣੀ, ਕਰਨੀ, ਬੋਲ-ਚਾਲ, ਜੀਵਨ ਢਾਲ ‘ਚ ਜਦ ਤਕ ਪਰਪੱਕਤਾ ਨਹੀਂ ਹੋਏਗੀ ਤਦ ਤਕ ਸਾਡੇ ਕੱਚੇ ਚਿੱਠੇ ਛਪਦੇ ਰਹਿਣਗੇ। ਵੱਡੀ ਗੱਲ ਕਿ ਅਕਾਲ ਦੇ ਉਪਾਸ਼ਕ ਨੂੰ ਆਪਣੇ ਸਿੰਘਊਪੁਣੇ ‘ਤੇ ਜ਼ਰੂਰ ਮਾਣ ਕਰਨਾ ਚਾਹੀਦਾ ਐ। ਅਜ਼ਾਦ ਹਸਤੀ, ਅਜ਼ਾਦ ਬਿਰਤੀ, ਅਜ਼ਾਦ ਸੋਚ ਕਦੇ ਵੀ ਨਕਾਰੂ ਤੇ ਨਿੱਘਰੀਆਂ ਸੋਚਾਂ ਦੀ ਗ਼ੁਲਾਮ ਨਹੀਂ ਹੋ ਸਕਦੀ। ਇਹੋ ਚਿਣਗ ਜਗਾਉਣ ਦੀ ਲੋੜ ਐ। ‘ਚਾਣਕਯ ਨੀਤੀ’ ਵਿਚ ਕਥਨ ਐਂ:
ਸਿੰਘਨਿ ਕੇ ਸੁਤ ਏਕ ਹੈਂ, ਸੁਖ ਸੋਵਤ ਹੈਂ ਨੀਠ।
ਗਧਹੀ ਕੇ ਸੁਤ ਬਹੁਤ ਹੈ, ਭਾਰ ਉਠਾਵਤ ਪੀਠ।
ਬਈ ਸ਼ੇਰਨੀ ਦਾ ਇਕੋ ਪੁੱਤ ਐ ਤੇ ਉਹ ਨਿਸ਼ਚਿੰਤ ਹੋ ਕੇ ਸੌਂਦੀ ਹੈ ਪਰ ਉਧਰ ਖੋਤੀ ਬਹੁਤੇ ਪੁੱਤਰਾਂ ਦੇ ਹੁੰਦਿਆਂ ਵੀ ਭਾਰ ਹੀ ਢੋਂਦੀ ਹੈ। ਵੱਡੀ ਗੱਲ ਕਿ ਸਰੀਰਕ ਭਾਰ ਨਾਲੋਂ ਮਾਨਸਿਕ ਭਾਰ ਢੋਣਾ ਹੋਰ ਵੀ ਦੁਸ਼ਵਾਰ ਹੁੰਦਾ ਐ। ਕਰਮ-ਕਾਂਡਾਂ ਤੇ ਵਿਕਾਰਾਂ ਦਾ ਭਾਰ, ਅੰਧ-ਵਿਸ਼ਵਾਸਾਂ ਤੇ ਨਿਕੰਮੇ ਵਿਚਾਰਾਂ ਦਾ ਭਾਰ ਗੁਰੂ ਸਾਹਿਬਾਂ ਦੀ ਬਖ਼ਸ਼ਿਸ਼ ਤੇ ਸਿੰਘਊਪੁਣਾ ਗੁਰਮਤਿ ਮਾਰਗ ‘ਤੇ ਚੱਲ ਕੇ ਈ ਰਹਿ ਸਕਦਾ ਐ।
ਭਾਈ ਗੁਰਦਾਸ ਜੀ ਐਸੇ ਭਟਕਿਆਂ ਨੂੰ ਹੀ ਸਮਝਾ ਰਹੇ ਨੇ : ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ।
ਹੋਛਾ ਸਾਹੁ ਨ ਕੀਚਈ ਫਿਰਿ ਪਛੋਤਾਈਐ॥ (ਵਾਰ ੨੭:੧੫)
ਬਈ ਉਸ ਦਾਤੇ ਕੋਲੋਂ ਨਾ ਮੰਗੀਏ, ਜੇ ਫੇਰ ਹੋਰਨਾਂ ਅੱਗੇ ਮੰਗਣ ਜਾਣਾ ਪਵੇ ।
ਅਜਿਹਾ ਕਿਹਾ ਜਾਂਦਾ ਕਿ ਚਾਤ੍ਰਿਕ ਭਾਵੇਂ ਪਿਆਸਾ ਮਰ ਜਾਏ ਪਰ ਬੱਦਲ ਪਾਸੋਂ ਹੀ ਸਵਾਂਤੀ ਬੂੰਦ ਮੰਗਦਾ ਹੈ। ਇਸੇ ਤਰ੍ਹਾਂ ਹੋਛਾ ਸ਼ਾਹ ਭਾਵ ਥੋੜ੍ਹ-ਦਿਲਾ ਸ਼ਾਹ ਨਾ ਬਣਾਈਏ, ਪਿੱਛੋਂ ਪਛਤਾਵਾ ਹੁੰਦਾ ਹੈ। ਸਾਡੀ ਕੌਮੀ ਕਮਜ਼ੋਰੀ ਦਾ ਰਾਜ਼ ਈ ਇਹ ਐ ਕਿ ਸਾਡੇ ਕਈ ਸਿੱਖ ਭਾਈ, ਮੰਗਤਿਆਂ ਨੂੰ ਦਾਤੇ ਸਮਝੀ ਜਾ ਰਹੇ ਨੇ ਤੇ ਥੋੜ੍ਹ-ਦਿਲਿਆਂ ਨੂੰ ਸ਼ਾਹ ਬਣਾਈ ਬੈਠੇ ਹਨ। ਸਵਾਲ ਇਹ ਐ ਕਿ ਆਪਣੇ ਗੁਰੂ ਪ੍ਰਤੀ ਪ੍ਰੇਮ ਤੇ ਅਕਾਲ ਪ੍ਰਤੀ ਇਸ਼ਕ ਕਿੱਥੇ ਐ?
ਗੁਰਮੁਖ ਸੱਜਣ ਬੋਲਿਆ ਕਿ ਅਕਾਲੀ ਜੀ ! ਫੇਰ ਹੋਣਾ ਕੀ ਚਾਹੀਦਾ ਐ ?
ਮੈਂ ਕਿਹਾ ਕਿ ਹਰੇਕ ਸਿੱਖ ਨੂੰ ਪਹਿਲ ਆਪਣੇ ਘਰ ਤੋਂ ਕਰਨੀ ਪਏਗੀ।
ਪੰਚਤੰਤਰ ਦੀ ਇਕ ਕਹਾਣੀ ‘ਚ ਸਿੱਖਿਆ ਦਿੱਤੀ ਐ ਕਿ ‘ਗੱਲਬਾਤ ਟੁੱਟਣ ਵੇਲੇ ਮੰਤਰੀਆਂ ਦੀ ਅਤੇ ਸਰਸਾਮ ਦੀ ਬਿਮਾਰੀ ਵਿਚ ਵੈਦਾਂ ਦੀ ਅਕਲ ਵੇਖੀ ਜਾਂਦੀ ਹੈ। ਚੰਗੀ ਹਾਲਤ ਵਿਚ ਤਾਂ ਹਰ ਕੋਈ ਅਫ਼ਲਾਤੂਨ ਬਣ ਬੈਠਦਾ ਹੈ।’
ਕਈ ਵਾਰੀ ਕਿਹਾ ਜਾਂਦਾ ਹੈ ਕਿ ਮੁਹੱਲਾ ਸਾਫ਼ ਕਿਵੇਂ ਰਹਿ ਸਕਦਾ ? ਇਹੋ ਉੱਤਰ ਹੋਏਗਾ ਕਿ ਹਰ ਕੋਈ ਆਪੋ ਆਪਣਾ ਘਰ ਸਾਫ਼ ਕਰੇ ਤੇ ਵੰਡੇ ਆਉਂਦੀ ਗਲੀ ‘ਚ ਝਾੜੂ ਲਾ ਦੇਵੇ ਤਾਂ ਮੁਹੱਲਾ ਆਪੇ ਹੀ ਸਾਫ਼-ਸੁਥਰਾ ਹੋ ਜਾਵੇਗਾ। ਹੁਣ ਵੱਡੇ ਵਡੇਰਿਆਂ ਨੂੰ ਪਹਿਲ ਕਰਨੀ ਪਏਗੀ, ਇਹ ਵੀ ਫ਼ਿਕਰ ਹੋਣਾ ਚਾਹੀਦਾ ਹੈ ਕਿ ਬੁੱਢੇ ਰੁੱਖਾਂ ਤੋਂ ਬਾਅਦ ਬਾਗਾਂ ‘ਚ ਉਜਾੜ ਨਾ ਲੱਗੇ। ਸਿਆਣੇ ਮਾਲੀ ਨਾਲੋ ਨਾਲ ਪਨੀਰੀ ਨੂੰ ਤਿਆਰ ਕਰਦੇ ਰਹਿੰਦੇ ਹਨ । ਖਾਦ, ਪਾਣੀ, ਗੁਡਾਈ, ਸੰਭਾਈ ਸਮੇਂ ਦੀ ਵੱਤ ਵੇਖ ਕੇ ਕਰਨ ਦੀ ਲੋੜ ਐ। ਗੁਰੂ ਤੇ ਗੁਰਸਿੱਖਾਂ ਦੀ ਲੰਮੀ ਘਾਲਣਾ ਤੇ ਸਿਰੜ ਦਾ ਫਲ ਹੈ, ‘ਸਿੱਖ ਮੱਤ’।
ਅਸੀਂ ਰੋਜ਼ਾਨਾ ਦੀ ਅਰਦਸ ਵਿਚ ਜਿਨ੍ਹਾਂ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਆਂ, ਉਨ੍ਹਾਂ ਦੇ ਸਿਦਕ ਦਾ ਧਿਆਨ ਧਰ ਕੇ ਆਪਣੇ ਘਰਾਂ-ਪਰਵਾਰਾਂ ‘ਚ ਸਿੱਖੀ ਪੈਦਾ ਕਰੀਏ। ਧਰਮ ਤੇ ਸਮਾਜ ਪ੍ਰਤੀ ਪਰਉਪਕਾਰੀ ਨਜ਼ਰੀਆ ਧਾਰਨ ਕਰਨ ਦੀ ਲੋੜ ਐ। ਗਿਆਨੀ ਦਿੱਤ ਸਿੰਘ ਹੋਰਾਂ ਨੇ ‘ਨੀਤੀ ਪ੍ਰਕਾਸ਼’ ‘ਚ ਲਿਖਿਆ ਹੋਇਐ :
ਆਪਣੇ ਸਿਰ ਪਰ ਧੂਪ ਸਹਿ, ਬਿਖ ਔਰ ਸੁਖ ਦੇਤ।
ਤਿਉ ਤਨ ਪਰ ਦੁਖ ਕੱਟ ਕੈ, ਸੁਜਨ ਔਰ ਸੁਖ ਦੇਤ
ਭਾਵ ਜਿਵੇਂ ਇਕ ਬਿਰਖ ਆਪਣੇ ਸਿਰ ਧੁੱਪਾਂ ਸਹਿ ਕੇ ਦੂਸਰਿਆਂ ਨੂੰ ਛਾਂ ਰੂਪੀ ਸੁਖ ਦਿੰਦਾ ਹੈ, ਇਸੇ ਤਰ੍ਹਾਂ ਭਲੇ ਪੁਰਸ਼ ਆਪਣੇ ਸਰੀਰ ‘ਤੇ ਦੁੱਖ ਸਹਿ ਕੇ ਵੀ ਦੂਜਿਆਂ ਨੂੰ ਸੁਖ ਦਿੰਦੇ ਹਨ। ਇਸੇ ਤਰ੍ਹਾਂ ਲੋਕ ਸਮੱਸਿਆਵਾਂ ਪ੍ਰਤੀ ਵੀ ਧਿਆਨ ਦਿੱਤਾ ਜਾਵੇ ਤਾਂ ਇਹਦੇ ਵਿਚ ਵੀ ਧਰਮ ਦਾ ਪ੍ਰਚਾਰ ਤੇ ਪਸਾਰ ਐ।
ਖ਼ਾਲਸਾ ਪੰਥ, ਗੁਰਸਿੱਖੀ ਨੂੰ ਸਮਰਪਿਤ, ਸਿਦਕਵਾਨ ਆਸ਼ਕਾਂ ਦੇ ਇਸ਼ਕ ਦੀ ਘਾਲਣਾ, ਪਰਮਾਤਮ ਕੀ ਮੌਜ ਤੇ ਗੁਰੂ ਸਾਹਿਬਾਂ ਦੀ ਸੰਪੂਰਨ ਮਨੁੱਖ ਦੀ ਸਿਰਜਣਾ ਹੈ। ਇਸ ਮਹਾਨ ਫ਼ਲਸਫ਼ੇ ਵਿਚ ਆਪ ਕਾਇਮ ਰਹਿਣਾ ਤੇ ਆਪਣੇ ਪਰਿਵਾਰਾਂ ਨੂੰ ਪਰਪੱਕ ਰੱਖਣਾ ਹਰ ਗੁਰਸਿੱਖ, ਅਕਾਲ ਦੇ ਉਪਾਸ਼ਕ ਅਕਾਲੀ ਦੀ ਜ਼ਿੰਮੇਵਾਰੀ ਐ।
ਸਾਡੀਆਂ ਭਾਵਨਾਵਾਂ ਵਿਚ ਕਿਧਰੇ ਐਸਾ ਨਾ ਵਾਪਰੇ, ਜਿਸ ਪ੍ਰਤੀ ਗੁਰੂ ਸਾਹਿਬਾਂ ਸੁਚੇਤ ਕੀਤਾ ਐ :
ਚੰਗੇ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ॥ (ਅੰਗ ੪੭੪)
ਬਈ ਜੋ ਸੁੱਖ ਨੂੰ ਤਾਂ ਹੱਸ ਕੇ ਪ੍ਰਵਾਨ ਕਰੇ ਪਰ ਦੁੱਖ ਨੂੰ ਦੇਖ ਕੇ ਘਬਰਾ ਜਾਏ ਤੇ ਉਹ ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਜੋ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ। ਅੱਜ ਆਪਣੀਆਂ ਸੋਚਾਂ ‘ਚ ‘ਮੁਰਦਾ ਹੋਇ ਮੁਰੀਦ’ ਦੀ ਭਾਵਨਾ ਪੈਦਾ ਕਰਨ ਦੀ ਲੋੜ ਐ।
ਡਾ. ਇੰਦਰਜੀਤ ਸਿੰਘ ਗੋਗੋਆਣੀ