1 views 1 sec 0 comments

ਕਿਆ ਤੁਸੀਂ ਸੁੱਤੇ ਰਹੋਗੇ ?

ਲੇਖ
September 30, 2025

ਜਦ ਅਸੀਂ ਇਸ ਅਮਨ ਦੇ ਜ਼ਮਾਨੇ ਵੱਲ ਦੇਖਦੇ ਹਾਂ ਤਦ ਏਹੋ ਪਾਉਂਦੇ ਹਾਂ ਕਿ ਹਰ ਇਕ ਕੌਮ ਨੇ ਇਸ ਸਮਯ ਵਿਚ ਇਸ ਕਦਰ ਆਪਨੇ ਆਪ ਨੂੰ ਸੰਭਾਲ ਲੀਤਾ ਹੈ ਜਿਸ ਪ੍ਰਕਾਰ ਕੋਈ ਸੁੱਤਾ ਪਿਆ ਮੁਸਾਫਿਰ ਆਪਨੇ ਅਸਬਾਬ ਨੂੰ ਜਾਗ ਕੇ ਸਾਂਭ ਲੈਂਦਾ ਹੈ। ਹਰ ਇਕ ਕੌਮ ਨੇ ਅਪਨੇ ਜ਼ਿੰਦਾ ਰਹਨੇ ਦਾ ਉਪਾਉ ਸੋਚਨੇ ਆਰੰਭ ਕਰ ਦਿੱਤੇ ਹਨ ਅਤੇ ਹਰ ਇਕ ਨੇ ਅਪਨੇ ਧਰਮ ਦੀਆਂ ਸਿੱਖਿਆਵਾਂ ਹਰ ਇਕ ਪੁਰਖ ਪਰ ਪ੍ਰਗਟ ਕਰਨ ਲਈ ਲੱਕ ਬੰਨ੍ਹ ਲੀਤਾ ਹੈ।

ਅਸੀਂ ਇਸ ਬਾਤ ਨੂੰ ਭੀ ਕਹਿ ਦੇਨਾ ਬੁਰਾ ਨਹੀਂ ਮੰਨਦੇ ਕਿ ਹਰ ਇਕ ਸਮੇਂ ਵਿਚ ਹਰ ਤਰ੍ਹਾਂ ਨਾਲ ਉਪਦੇਸ ਯਾ ਧਰਮ ਫੈਲਾਉਨ ਦਾ ਢੰਗ ਹੁੰਦਾ ਹੈ ਸੋ ਉਹ ਓਸੇ ਤਰ੍ਹਾਂ ਸਾਰੇ ਸੰਸਾਰ ਪਰ ਉਸ ਧਰਮ ਦੀ ਉੱਨਤੀ ਕਰ ਜਾਂਦੀ ਹੈ, ਜਿਸ ਤਰ੍ਹਾਂ ਹਿੰਦੂਆਂ ਦੇ ਮੰਦਰਾਂ ਵਿਚ ਸੰਖ ਬਜਾ ਕੇ ਮੰਦਰਾਂ ਵਿਚ ਲੋਕਾਂ ਨੂੰ ਇਕੱਠੇ ਕੀਤਾ ਜਾਂਦਾ ਸੀ ਅਰ ਓਥੇ ਕਥਾ ਸਿੱਖਿਆ ਪੰਡਤ ਹਰ ਇਕ ਆਦਮੀ ਨੂੰ ਆਪੋ ਅਪਨੀ ਵਰਨਾਸ਼ਰਮ ਦੇ ਰਸਤੇ ਪਰ ਚਲਾਉਂਦਾ ਜਿਸ ਤੇ ਹਿੰਦੂ ਧਰਮ ਅੱਜ ਤੱਕ ਠੇਡੇ ਖਾਂਦਾ ਚਲਿਆ ਆਇਆ ਹੈ।

ਇਸੇ ਤਰ੍ਹਾਂ ਮੁਸਲਮਾਨਾਂ ਨੇ ਅਪਨੇ ਦੀਨ ਵਿਚ ਸੰਸਾਰ ਪਰ ਮਸੀਤਾਂ ਦੇ ਵਿਚ ਬਾਂਗਾਂ ਦੇ ਕੇ ਕਾਜ਼ੀਆਂ ਨੇ ਜਹਾਦ ਦੇ ਮਸਲੇ ਤੇ ਗਾਜ਼ੀਪਨ ਦੇ ਫਤਵੇ ਦੇ ਕੇ ਐਥੋਂ ਤੱਕ ਫੈਲਾ ਦਿੱਤਾ ਹੈ ਜੋ ਦੁਨੀਆਂ ਪਰ ਇਸ ਦਾ ਜਲਾਲ ਹੋਈ ਜਾਂਦਾ ਹੈ ਅਤੇ ਇਸੀ ਤਰ੍ਹਾਂ ਫੈਲ ਰਿਹਾ ਹੈ। ਇਸ ਮਜ਼ਹਬ ਦੇ ਅਮੀਰਾਂ ਅਰ ਧਨਵਾਨਾਂ ਨੇ ਧਨ ਦੇ ਕੇ ਅਰ ਤਲਵਾਰ ਦੇ ਨਾਲ ਦੀਨ ਉੱਨਤੀ ਕੀਤੀ ਅਰ ਉਨਾਂ ਨੇ ਨਮਾਜ਼ਾਂ ਅਤੇ ਕੁਰਾਨ ਦੇ ਪ੍ਰਚਾਰ ਨਾਲ ਵਧਾਇਆ। ਇਸ ਤੇ ਬਿਨਾਂ ਇਹਨਾਂ ਦੇ ਭੰਡਾਂ ਨੇ ਭੀ ਦੀਨਦਾਰ ਬਨਾ ਕੇ ਅਪਨੇ ਖ੍ਯਾਲ ਮੂਜਬ ਉੱਨਤੀ ਕੀਤੀ ਅਤੇ ਅੱਜ ਤੱਕ ਕਰ ਰਹੇ ਹਨ।

ਇਸੇ ਤਰ੍ਹਾਂ ਈਸਾਈ ਕੌਮ ਨੇ ਤਾਂ ਇਕ ਅਜੇਹਾ ਸੀਗਾ ਨਿਕਾਲਯਾ ਹੈ ਜੋ ਹਰ ਇਕ ਅੱਛਾ ਅਫਸਰ ਅਰ ਹਰ ਇਕ ਯੂਰਪੀਅਨ ਈਸਾਈ ਬਨਾਉਨ ਲਈ ਇਕ ਖਰਾਇਤੀ ਚੰਦਾ ਜਮ੍ਹਾਂ ਕਰ ਰਿਹਾ ਹੈ ਜੋ ਲੱਖਾਂ ਰੁਪਾਂ ਜਮ੍ਹਾਂ ਹੋ ਕੇ ਮਿਸ਼ਨਰੀਆਂ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਪ੍ਰਤਾਪ ਵੱਡੇ-ਵੱਡੇ ਲਾਟ ਪਾਦਰੀ ਅਰ ਵੱਡੀਆਂ-ਵੱਡੀਆਂ ਨੌਜੁਆਨ ਮਿੱਸਾਂ ਤਨਖਾਹਾਂ ਪਾ ਕੇ ਦੀਨ ਈਸ੍ਰੀ ਦਾ ਡੰਕਾ ਬਜਾ ਰਹੀਆਂ ਹਨ। ਅੱਜ ਤੱਕ ਉਨ੍ਹਾਂ ਦੀਆਂ ਰਪੋਟਾਂ ਪੜਨ ਤੇ ਮਾਲੂਮ ਹੋ ਜਾਂਦਾ ਹੈ ਕਿ ਕਿਤਨੇ ਕੁ ਹਜ਼ਾਰ ਆਦਮੀ ਨੂੰ ਇਨ੍ਹਾਂ ਨੇ ਸਾਲ ਦੇ ਅੰਦਰ-ਅੰਦਰ ਹੀ ਮਸੀਹੀ ਬਨਾ ਛੱਡਿਆ ਹੈ। ਹੋਰ ਈਸਾਈਆਂ ਦਾ ਹਾਲ ਛੱਡ ਕੇ ਜਦ ਅਸੀਂ ਮੁਕਤੀ ਫੌਜ ਦਾ ਕੰਮ ਦੇਖਦੇ ਹਾਂ ਤਾਂ ਪੰਜਾਹ ਹਜ਼ਾਰ ਦੁਨੀਆਂ ਦੀ ਦੁਰਾਚਾਰ ਇਸਤ੍ਰੀਆਂ ਨੂੰ ਇਨ੍ਹਾਂ ਨੇ ਸੁਧਾਰ ਦਿੱਤਾ ਪਾਉਂਦੇ ਹਾਂ।

ਇਨ੍ਹਾਂ ਸਾਰੀਆਂ ਕੌਮਾਂ ਦੀ ਵੱਲ ਜਦ ਅਸੀਂ ਦੇਖਦੇ ਹਾਂ ਤਦ ਏਹੋ ਪਾਉਂਦੇ ਹਾਂ ਕਿ ਇਨ੍ਹਾਂ ਨੇ ਅਪਨੇ ਅਟਲ ਰੱਖਨ ਲਈ ਬਹੁਤ ਕੁਛ ਕੀਤਾ ਅਰ ਕਰ ਰਹੀਆਂ ਹਨ, ਪਰੰਤੂ ਜਦ ਅਸੀਂ ਖਾਲਸਾ ਕੌਮ ਵੱਲ ਖ੍ਯਾਲ ਕਰਦੇ ਹਾਂ ਤਦ ਕਿਆ ਦੇਖਦੇ ਹਾਂ ਕਿ ਇਹ ਸਾਰੇ ਪਾਯਾਂ ਤੇ ਸੁੱਤੀ ਪਈ ਹੈ, ਕਿਉਂਕਿ ਇਸ ਕੌਮ ਵਿਚ ਅਜੇ ਤੱਕ ਕੋਈ ਅਜੇਹੀ ਫੰਡ ਜਮ੍ਹਾਂ ਨਹੀਂ ਕੀਤੀ ਗਈ ਜਿਸ ਦੇ ਨਾਲ ਇਹ ਦੇਸ਼ ਦੇਸ਼ਾਤ੍ਰਾਂ ਵਿਚ ਅਪਨੇ ਉਪਦੇਸ਼ਕ ਭੇਜ ਕੇ ਅਪਨੇ ਧਰਮ ਦੀ ਉੱਨਤੀ ਕਰੇ।

ਦੂਸਰਾ ਅੱਜ ਤੱਕ ਇਸ ਕੌਮ ਵਿੱਚੋਂ ਇਕ ਭੀ ਅਜੇਹਾ ਕੁਰਬਾਨੀ ਕਰਨੇ ਵਾਲਾ ਪੁਰਖ ਨਹੀਂ ਪੈਦਾ ਹੋਇਆ, ਜਿਸ ਨੇ ਇਸ ਦੀ ਉੱਨਤੀ ਦਾ ਬੀੜਾ ਉਠਾ ਕੇ ਇਸ ਦੀ ਹਾਲਤ ਸੁਧਾਰੀ ਹੋਵੇ, ਫਿਰ ਇਸ ਕੌਮ ਵਿਚ ਅਜੇ ਤੱਕ ਕੋਈ ਗੁਰਦੁਆਰਾ ਇਸ ਤਰ੍ਹਾਂ ਦਾ ਨਹੀਂ ਹੈ, ਜਿਸ ਵਿਚ ਧਰਮ ਉੱਨਤੀ ਦੇ ਸਾਧਨ ਯਾ ਪ੍ਰਚਾਰ ਕੀਤੇ ਜਾਂਦੇ ਹਨ। ਜਿਸ ਕੌਮ ਦੀ ਇਹ ਹਾਲਤ ਹੋਵੇ, ਜਿਸ ਨੇ ਕਦੇ ਭੀ ਅਪਨੇ ਸੁਧਾਰ ਲਈ ਨਾ ਸੋਚਿਆ ਹੋਵੇ ਸੋ ਕੌਮ ਕਿਸ ਤਰ੍ਹਾਂ ਦੁਨੀਆਂ ਪਰ ਕਾਇਮ ਰਹ ਸਕਦੀ ਹੈ।

ਇਸ ਵਾਸਤੇ ਐ ਖਾਲਸਾ ਕੌਮ ! ਤੂੰ ਜਾਗ ਅਰ ਦੇਖ ਜੋ ਤੇਰੇ ਨਾਲ ਦੀਆਂ ਕੌਮਾਂ ਨੇ ਜਾਗ ਕੇ ਕਿਸ ਤਰ੍ਹਾਂ ਅਪਨੇ ਆਪ ਨੂੰ ਸੁਧਾਰ ਲੀਤਾ ?

(ਖ਼ਾਲਸਾ ਅਖ਼ਬਾਰ ਲਾਹੌਰ, ੧੨ ਅਗਸਤ ੧੮੯੮, ਪੰਨਾ ੩)

ਗਿਆਨੀ ਦਿੱਤ ਸਿੰਘ