views 3 secs 0 comments

ਸਿੰਘ ਸਭਾ ਲਹਿਰ ਦੇ ਉਦੇਸ਼ ਅਤੇ ਪ੍ਰਾਪਤੀਆਂ

ਲੇਖ
October 01, 2025

੧੮੪੬ ਈ. ਵਿਚ ਪਹਿਲੀ ਐਂਗਲੋ ਸਿੱਖ ਜੰਗ ਹੋਈ ਜਿਸ ਵਿਚ ਕੁਝ ਗੱਦਾਰ ਜਰਨੈਲਾਂ ਕਾਰਨ ਸਿੱਖ ਫੌਜ ਦੀ ਹਾਰ ਹੋਈ ਸੀ ਪਰ ਅੰਗ੍ਰੇਜ਼ਾਂ ਨੇ ਪੰਜਾਬ ’ਤੇ ਸਿੱਧੇ ਰੂਪ ਵਿਚ ਕਬਜ਼ਾ ਨਹੀਂ ਸੀ ਕੀਤਾ ਅਤੇ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਹੀ ਹੁਕਮਰਾਨ ਮੰਨ ਕੇ ਰਾਜ ਚਲਾਉਣ ਨੂੰ ਤਰਜੀਹ ਦਿੱਤੀ ਭਾਵੇਂ ਕਿ ਅਸਲ ਸ਼ਕਤੀਆਂ ਅੰਗਰੇਜ਼ ਰੈਜੀਡੈਂਟ ਕੋਲ ਹੀ ਸਨ। ੧੮੪੯ ਈ. ਵਿਚ ਰਾਜਾ ਸ਼ੇਰ ਸਿੰਘ ਅਟਾਰੀ ਨੇ ਬਗਾਵਤ ਕਰ ਕੇ, ਅੰਗਰੇਜ਼ਾਂ ਵਿਰੁੱਧ ਦੂਸਰੀ ਐਂਗਲੋ ਸਿੱਖ ਜੰਗ ਗੁਜਰਾਤ ਦੀ ਜਗ੍ਹਾ ’ਤੇ ਕੀਤੀ ਇੱਥੇ ਇਹ ਵਰਣਨਯੋਗ ਹੈ ਕਿ ਸ਼ੇਰ ਸਿੰਘ ਦੇ ਨਾਲ ਹਜ਼ਾਰਾਂ ਉਹੋ ਸਿੱਖ ਮਿਲੇ ਸਨ ਜਿਨ੍ਹਾਂ ਦਾ ਅੰਗਰੇਜ਼ਾਂ ਪ੍ਰਤੀ ਗੁੱਸਾ ਸੀ। ਇਹ ਜੰਗ ਪੰਜਾਬ ਦੇ ਕੇਂਦਰੀ ਖੇਤਰ ਲਾਹੌਰ, ਸ੍ਰੀ ਅੰਮ੍ਰਿਤਸਰ ਤੋਂ ਬਹੁਤ ਦੂਰ ਹੋਈ। ਰਾਜਾ ਸ਼ੇਰ ਸਿੰਘ ਅਟਾਰੀ ਦੀ ਕੋਸ਼ਿਸ਼ ਸੀ ਕਿ ਉਹ ਜੰਗ ਲਾਹੌਰ ਸ੍ਰੀ ਅੰਮ੍ਰਿਤਸਰ ਹੋਵੇ ਪਰ ਅੰਗਰੇਜ਼ਾਂ ਨੇ ਬਾਗੀ ਫੌਜਾਂ ਦੇ ਸਾਰੇ ਰਾਹ ਰੋਕ ਦਿੱਤੇ, ਜੇ ਉਹੋ ਜੰਗ ਕਿਤੇ ਸਿੱਖਾਂ ਦੇ ਕੇਂਦਰੀ ਖੇਤਰ ਵਿਚ ਹੋਈ ਹੁੰਦੀ ਤਾਂ ਜੰਗ ਦੇ ਸਿੱਟੇ ਕੁਝ ਹੋਰ ਹੁੰਦੇ ਅਤੇ ਪੰਜਾਬ ਅਤੇ ਭਾਰਤ ਦਾ ਇਤਿਹਾਸ ਵੀ ਕੁਝ ਹੋਰ ਬਣਦਾ। ਉਸ ਬਗਾਵਤ ਨੇ ਅੰਗਰੇਜ਼ਾਂ ਦਾ ਇੰਨਾ ਨੁਕਸਾਨ ਕੀਤਾ ਸੀ ਅਤੇ ਇੰਨੇ ਅੰਗਰੇਜ਼ ਫੌਜੀ ਮਾਰੇ ਸਨ ਜਿੰਨੇ ਸ਼ਾਇਦ ਪਹਿਲੀ ਐਂਗਲੋ ਸਿੱਖ ਜੰਗ ਵਿਚ ਵੀ ਨਹੀਂ ਸੀ ਹੋਇਆ। ਅੰਗਰੇਜ਼ਾਂ ਨੂੰ ਆਪਣੀ ਜਿੱਤ ਦਾ ਕੋਈ ਭਰੋਸਾ ਨਹੀਂ ਸੀ। ਇਹੋ ਵਜਹ ਸੀ ਉਹਨਾਂ ਨੇ ਆਪਣੇ ਪਹਿਲੇ ਕਮਾਂਡਰ ਇਨ ਚੀਫæ ਜਨਰਲ ਰਾਫ ਦੀ ਜਗ੍ਹਾ ਜਨਰਲ ਨੈਪੀਅਰ ਨੂੰ ਬਦਲ ਦਿੱਤਾ ਸੀ ਅਤੇ ਜਨਰਲ ਨੈਪੀਅਰ ਪੰਜਾਬ ਵੱਲ ਚੱਲ ਵੀ ਪਿਆ ਸੀ।
ਪਰ ਇਹਨਾਂ ਦੋਵਾਂ ਜੰਗਾਂ ਵਿਚ ਅਟਾਰੀਵਾਲਾ ਪਰਵਾਰ ਦੀ ਭੂਮਿਕਾ ਬਹੁਤ ਅਹਿਮ ਰਹੀ ਸੀ। ਪਹਿਲੀ ਜੰਗ ਵਿਚ ਸਰਦਾਰ ਸ਼ਾਮ ਸਿੰਘ ਅਟਾਰੀ ਉਸ ਜੰਗ ਦਾ ਨਾਇਕ ਸੀ ਉਸ ਨੇ ਪ੍ਰਣ ਕੀਤਾ ਸੀ ਕਿ ਉਹ ਜੰਗ ਹਾਰ ਕੇ ਅਟਾਰੀ ਵਾਪਿਸ ਨਹੀਂ ਜਾਵੇਗਾ ਅਤੇ ਉਹ ਲੜਦਾ ਹੋਇਆ ਉਸ ਜੰਗ ਵਿਚ ਸ਼ਹੀਦ ਹੋ ਗਿਆ। ਦੂਸਰੀ ਐਂਗਲੋ ਸਿੱਖ ਜੰਗ ਦਾ ਨਾਇਕ ਰਾਜਾ ਸ਼ੇਰ ਸਿੰਘ ਅਟਾਰੀ ਵੀ ਉਸ ਅਟਾਰੀ ਪਰਵਾਰ ਵਿਚੋਂ ਸੀ ਅਤੇ ਉਸ ਜੰਗ ਵਿਚ ਉਸ ਦਾ ਬਜ਼ੁਰਗ ਬਾਪ ਰਾਜਾ ਚਤਰ ਸਿੰਘ ਵੀ ਲੜਿਆ ਸੀ।
੧੮੪੯ ਈ. ਵਿਚ ਪੰਜਾਬ ’ਤੇ ਅੰਗਰੇਜ਼ਾਂ ਨੇ ਪੂਰਾ ਕਬਜ਼ਾ ਕਰ ਕੇ ਆਪਣੇ ਨਵੇਂ ਕਾਨੂੰਨ ਲਾਗੂ ਕੀਤੇ। ਉਹਨਾਂ ਨੇ ਵਿੱਦਿਆ ਪ੍ਰਣਾਲੀ ਬਦਲੀ ਅਤੇ ਪੰਜਾਬ ਵਿਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਉਸ ਸਮੇਂ ਦੇ ਸਿੱਖ ਆਗੂਆਂ ਦੇ ਮਨ ਵਿਚ ਇਸ ਤਰ੍ਹਾਂ ਦੇ ਵਿਚਾਰ ਆਏ ਕਿ ਸਿੱਖ ਧਰਮ ਦਾ ਪ੍ਰਚਾਰ ਅਤੇ ਸਿੱਖ ਬੱਚਿਆਂ ਲਈ ਮਿਆਰੀ ਵਿੱਦਿਆ ਦੇ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਕਿ ਨਵੇਂ ਬਦਲੇ ਸਮਾਜਿਕ ਢਾਂਚੇ ਵਿਚ ਸਿੱਖ ਬੱਚੇ ਭਾਰਤ ਅਤੇ ਦੁਨੀਆਂ ਭਰ ਵਿਚ ਉੱਚੀਆਂ ਪਦਵੀਆਂ ’ਤੇ ਤਾਇਨਾਤ ਹੋ ਸਕਣ। ਸਿੱਖੀ ਦੇ ਪ੍ਰਚਾਰ ਅਤੇ ਸਿੱਖਿਆ ਦੇ ਉਦੇਸ਼ ਨਾਲ ਸਿੰਘ ਸਭਾ ਲਹਿਰ ਸ਼ੁਰੂ ਹੋਈ। ਦਿਲਚਸਪ ਗੱਲ ਇਹ ਹੈ ਕਿ ਇਸ ਸਿੰਘ ਸਭਾ ਲਹਿਰ ਅਤੇ ਉਸ ਤੋਂ ਬਾਅਦ ਇਸ ਵਿਚੋਂ ਹੀ ਸਥਾਪਿਤ ਹੋਏ ਚੀਫ਼ ਖ਼ਾਲਸਾ ਦੀਵਾਨ ਵਿਚ ਫਿਰ ਅਟਾਰੀਵਾਲਾ ਪਰਵਾਰ ਮੋਢੀਆਂ ਵਿਚ ਸੀ। ਸ. ਹਰਬੰਸ ਸਿੰਘ ਅਟਾਰੀ, ਸਰਦਾਰ ਸ਼ਾਮ ਸਿੰਘ ਦਾ ਪੋਤਰਾ ਸੀ ਅਤੇ ਉਸ ਨੇ ਸਿੰਘ ਸਭਾ ਲਹਿਰ ਨੂੰ ਮਜ਼ਬੂਤ ਕਰਨ ਅਤੇ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ।
ਅੰਗਰੇਜ਼ਾਂ ਵੱਲੋਂ ਪੰਜਾਬ ਦੇ ਕਬਜ਼ਾ ਕਰਨ ਦਾ ਸਿੱਖ ਕੌਮ ਵਿਚ ਵੱਡਾ ਰੋਸ ਸੀ। ਅੰਗਰੇਜ਼ਾਂ ਆਪਣੀ ਕੂਟਨੀਤੀ ਨਾਲ ਦੇਸ਼ ਵਿੱਚੋਂ ਅਨਪੜ੍ਹਤਾ ਤਾਂ ਦੂਰ ਕਰਨਾ ਚਾਹੁੰਦੇ ਸਨ ਪਰ ਉਹ ਭਾਰਤੀਆਂ ਨੂੰ ਆਪਣੇ ਮੰਤਵਾਂ ਲਈ ਵਰਤਣਾ ਚਾਹੁੰਦੇ ਸਨ। ਉਸ ਵੇਲੇ ਤਕ ਵਿੱਦਿਆ ਸੰਬੰਧੀ ਕੋਈ ਨਿਯਮਤ ਢੰਗ ਦੀ ਪ੍ਰਣਾਲੀ ਨਹੀਂ ਸੀ ਨਾਂ ਹੀ ਕੋਈ ਸਾਂਝਾ ਸਿਲੇਬਸ ਸੀ ਜਿਸ ਨੂੰ ਸਾਰੇ ਪੰਜਾਬ ਵਿਚ ਪੜ੍ਹਿਆ ਜਾਂਦਾ। ਅੰਗਰੇਜ਼ਾਂ ਨੇ ਪਾਦਰੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਹਨਾਂ ਨੇ ਕੁਝ ਈਸਾਈ ਵਿੱਦਿਅਕ ਸੰਸਥਾਵਾਂ ਖੋਲ੍ਹੀਆਂ ਜਿਥੇ ਉਹ ਵਿੱਦਿਆ ਦੇਣ ਦੇ ਨਾਲ ਈਸਾਈ ਧਰਮ ਦਾ ਪ੍ਰਚਾਰ ਵੀ ਕਰਦੇ ਸੀ। ਸਿੱਖਿਆ ਫੈਲਾਉਣ ਲਈ ਅੰਗਰੇਜ਼ ਸਰਕਾਰ ਨੇ ਹੰਟਰ ਕਮੇਟੀ ਦਾ ਗਠਨ ਕੀਤਾ। ਹੰਟਰ ਕਮੇਟੀ ਨੇ ਇਹ ਰਿਪੋਰਟ ਦਿੱਤੀ ਕਿ ਵਧ ਰਹੀਆਂ ਵਿੱਦਿਅਕ ਲੋੜਾਂ ਨੂੰ ਪੂਰਾ ਕਰਨ ਲਈ ਹਿੰਦ-ਵਾਸੀਆਂ ਵੱਲੋਂ ਆਪੋ ਆਪਣੀਆਂ ਵਿੱਦਿਅਕ ਸੰਸਥਾਵਾਂ ਬਣਾਉਣਾ ਹੀ ਸਭ ਤਰੀਕਿਆਂ ਨਾਲੋਂ ਮਹੱਤਵਪੂਰਨ ਸਾਧਨ ਹੈ। ਪਰ ਵਿੱਦਿਆ ਦੇ ਵਧਣ ਦੀ ਇਸ ਇਜਾਜ਼ਤ ਦੇ ਨਾਲ ਉਹਨਾਂ ਨੇ ਬੜੇ ਢੰਗ ਨਾਲ ਇਨ੍ਹਾਂ ਸਕੂਲਾਂ ਵਿਚ ਪੜ੍ਹਾਇਆ ਜਾਣ ਵਾਲਾ ਸਿਲੇਬਸ ਅਤੇ ਵਿੱਦਿਆ ਦਾ ਨਿਰੀਖਣ ਕਰਨ ਦਾ ਅਧਿਕਾਰ ਸਰਕਾਰ ਨੇ ਆਪਣੇ ਕੋਲ ਰੱਖਿਆ।
ਅਸਲ ਵਿਚ ਉਸ ਵਕਤ ਸਿੱਖ ਕੌਮ ਦਾ ਭਵਿੱਖ ਬਹੁਤ ਧੁੰਦਲਾ ਸੀ। ੧੮੪੯ ਵਿਚ ਉਹਨਾਂ ਕੋਲੋਂ ਸਿੱਖ ਰਾਜ ਖੁੱਸਿਆ ਸੀ, ਅੰਗਰੇਜ਼, ਸਿੱਖਾਂ ਦੇ ਨਾ ਸਿਰਫ ਸਮਾਜਿਕ ਸਗੋਂ ਧਾਰਮਿਕ ਕੰਮਾਂ ਵਿਚ ਵੀ ਦਖ਼ਲ ਦੇ ਰਹੇ ਸਨ। ਸਿੱਖ ਆਪਣੇ ਮੂਲ ਕੇਂਦਰ ਤੋਂ ਟੁਟ ਰਹੇ ਸਨ ਅਤੇ ਉਹਨਾਂ ਦਾ ਵਿਸ਼ਵਾਸ ਕਮਜ਼ੋਰ ਹੋ ਰਿਹਾ ਸੀ। ਈਸਾਈ ਧਰਮ ਦੇ ਪ੍ਰਚਾਰ ਨਾਲ ਜਿਥੇ ਪਛੜੇ ਵਰਗਾਂ ਦੇ ਲੋਕ ਈਸਾਈ ਧਰਮ ਵਲ ਆਕ੍ਰਸ਼ਿਤ ਸਨ, ਉੱਥੇ ਉੱਚੀਆਂ ਜਾਤੀਆਂ ਦੇ ਵਰਗਾਂ ’ਤੇ ਵੀ ਇਸ ਦਾ ਪ੍ਰਭਾਵ ਸੀ। ਉਸ ਸਮੇਂ ਵਿਚ ਚਾਰ ਸਿੱਖ ਘਰਾਣਿਆਂ ਦੇ ਬੱਚਿਆਂ ਨੇ ਲਾਹੌਰ ਦੇ ਇਕ ਕਾਲਜ ਵਿਚ ਦਾਖ਼ਲਾ ਲੈਣਾ ਸੀ। ਉਹ ਦਾਖ਼ਲਾ ਲੈਣ ਦੇ ਯੋਗ ਵੀ ਸਨ ਪਰ ਪ੍ਰਬੰਧਕਾਂ ਨੇ ਉਹਨਾਂ ਬੱਚਿਆਂ ਦੇ ਦਾਖ਼ਲਾ ਲੈਣ ਲਈ ਉਹਨਾਂ ਦੇ ਕੇਸ ਕਟਵਾਉਣ ਦੀ ਸ਼ਰਤ ਲਾ ਦਿੱਤੀ ਜਿਸ ਕਰਕੇ ਉਹਨਾਂ ਨੇ ਮਜਬੂਰੀ ਵਿਚ ਇਹ ਫੈਸਲਾ ਵੀ ਲੈ ਲਿਆ। ਪਰ ਉਸ ਵਕਤ ਜਿਹੜੀ ਸਿੰਘ ਸਭਾ ਅੰਮ੍ਰਿਤਸਰ ਸਥਾਪਿਤ ਹੋਈ ਸੀ ਉਹਨਾਂ ਨੇ ਇਸ ਸੰਬੰਧੀ ਸਖਤ ਨੋਟਿਸ ਲਿਆ। ਉਹਨਾਂ ਚਾਰ ਬੱਚਿਆਂ ਦੇ ਨਾਮ ਸਨ ਆਇਆ ਸਿੰਘ, ਅਤਰ ਸਿੰਘ, ਸਾਧੂ ਸਿੰਘ ਅਤੇ ਸੰਤੋਖ ਸਿੰਘ।
ਸ. ਠਾਕਰ ਸਿੰਘ ਸੰਧਾਵਾਲੀਆ ਨੂੰ ਸ੍ਰੀ ਗੁਰੂ ਸਿੰਘ ਸਭਾ ਦਾ ਪਹਿਲਾ ਪ੍ਰਧਾਨ ਅਤੇ ਗਿਆਨੀ ਗਿਆਨ ਸਿੰਘ ਨੂੰ ਸਕੱਤਰ ਬਣਾਇਆ ਗਿਆ। ਦੂਸਰੀ ਤਰਫ ੧੮੭੯ ਈ. ਵਿਚ ਇਕ ਸਿੰਘ ਸਭਾ ਲਾਹੌਰ ਵਿਚ ਬਣਾਈ ਗਈ ਜਿਸ ਦੀ ਅਗਵਾਈ ਸ. ਗੁਰਮੁਖ ਸਿੰਘ ਕਰ ਰਹੇ ਸਨ।
ਇਨ੍ਹਾਂ ਦੋਵਾਂ ਸਿੰਘ ਸਭਾਵਾਂ ਦਾ ਮੁੱਖ ਉਦੇਸ਼ ਭਾਵੇਂ ਸਿੱਖ ਧਰਮ ਦਾ ਪ੍ਰਚਾਰ ਅਤੇ ਸਿੱਖਿਆ ਦਾ ਵਿਸਥਾਰ ਕਰਨਾ ਸੀ ਪਰ ਇਸ ਦੇ ਅਧੀਨ ਇਨ੍ਹਾਂ ਨੇ ਕੁਝ ਉਦੇਸ਼ਾਂ ਨੂੰ ਚੁਣਿਆ ਸੀ। ੧੮੮੦ ਈ. ਵਿਚ ਦੋਵਾਂ ਸਿੰਘ ਸਭਾਵਾਂ ਦੇ ਆਗੂਆਂ ਨੇ ਇਹ ਵਿਚਾਰ ਕੀਤੀ ਅਤੇ ਜਦੋਂ ਦੋਵਾਂ ਹੀ ਸਿੰਘ ਸਭਾਵਾਂ ਦੇ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਅਤੇ ਸਿੱਖਿਆ ਦਾ ਵਿਸਥਾਰ ਕਰਨਾ ਹੈ ਤਾਂ ਇਨ੍ਹਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਸ ਲਈ ੧੮੮੦ ਈ. ਵਿਚ ਹੀ ਇੰਨਾਂ ਦੋਵਾਂ ਸਭਾਵਾਂ ਨੇ ਮਿਲ ਕੇ ਇਸ ਦੀ ਜਨਰਲ ਸਭਾ ਦੇ ਅਧੀਨ ਆਪਣੀ ਇਕ ਮੀਟਿੰਗ ਕੀਤੀ ਜਿਸ ਨੇ ਇਸ ਦੀ ਰੂਪ-ਰੇਖਾ ਤੇ ਨਿਯਮ ਅਤੇ ਉਪ-ਨਿਯਮ ਬਣਾਉਣ ਤੇ ਵਿਚਾਰ ਕੀਤੀ।
੧੮੮੩ ਈ. ਵਿਚ ਇਸ ਸਭਾ ਦਾ ਨਾ ਖਾਲਸਾ ਦੀਵਾਨ ਰੱਖਿਆ। ੧੮੮੬ ਈ. ਤਕ ਇਸ ਨੇ ਮਿਲ ਕੇ ਸ੍ਰੀ ਅੰਮ੍ਰਿਤਸਰ ਵਿਚ ਇਕ ਹਸਪਤਾਲ ਖੋਲਿ੍ਹਆ ਅਤੇ ਇਸ ਦੇ ਨਾਲ ਹੀ ਕੁਝ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਜਿਸ ਤਹਿਤ ਸ੍ਰੀ ਅੰਮ੍ਰਿਤਸਰ, ਸਿਆਲਕੋਟ ਅਤੇ ਲਾਹੌਰ ਵਿਚ ਸਕੂਲ ਖੋਲ੍ਹੇ। ਉਸ ਤੋਂ ਬਾਅਦ ਹੋਰ ਸ਼ਹਿਰਾਂ ਜਿਵੇਂ ਰਾਵਲਪਿੰਡੀ, ਫਿਰੋਜਪੁਰ, ਸ਼ਿਮਲਾ, ਜਲੰਧਰ, ਲੁਧਿਆਣਾ, ਕਪੂਰਥਲਾ, ਫਰੀਦਕੋਟ ਅਤੇ ਹੋਰ ਸ਼ਹਿਰਾਂ ਵਿਚ ਸਕੂਲ ਖੋਲ੍ਹੇ।
ਹੁਣ ਖਾਲਸਾ ਦੀਵਾਨ ਨੇ ਇਹ ਵਿਚਾਰ ਕੀਤੀ ਕਿ ਸਿੱਖ ਬੱਚਿਆਂ ਨੂੰ ਸਮੇਂ ਦੇ ਅਨੁਸਾਰ ਉਚੇਰੀ ਵਿੱਦਿਆ ਪ੍ਰਾਪਤ ਕਰਨੀ ਚਾਹੀਦੀ ਹੈ ਜਿਸ ਤੋਂ ਬਗੈਰ ਉਹ ਦੇਸ਼ ਅਤੇ ਵਿਦੇਸ਼ ਵਿਚ ਅੱਗੇ ਨਹੀਂ ਵਧ ਸਕਦੇ। ਇਸ ਲਈ ੧੮੮੩ ਈ. ਵਿਚ ਹੀ ਖ਼ਾਲਸਾ ਦੀਵਾਨ ਨੇ ਖ਼ਾਲਸਾ ਕਾਲਜ ਖੋਲ੍ਹਣ ਦੀ ਸਰਕਾਰ ਨੂੰ ਬੇਨਤੀ ਕੀਤੀ ਪਰ ੧੮੮੬ ਈ. ਵਿਚ ਖ਼ਾਲਸਾ ਦੀਵਾਨ ਵਿਚ ਮਤਭੇਦ ਹੋ ਗਏ ਅਤੇ ਖ਼ਾਲਸਾ ਦੀਵਾਨ ਦੋ ਹਿੱਸਿਆਂ ਵਿਚ ਵੰਡਿਆ ਗਿਆ ਪਰ ਦੋਵੇ ਹੀ ਦੀਵਾਨ ਖ਼ਾਲਸਾ ਕਾਲਜ ਖੋਲ੍ਹਣ ਦੀ ਮੰਗ ਤੇ ਪੱਕੇ ਰਹੇ ਜਿਸ ਨੂੰ ਸਰਕਾਰ ਨੇ ਪ੍ਰਵਾਨ ਵੀ ਕਰ ਲਿਆ ਅਤੇ ਉਸ ਵਕਤ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਜੇਮਜ ਲਾਇਲ ਨੇ ੫ ਮਾਰਚ, ੧੮੯੨ ਈ. ਨੂੰ ਸ੍ਰੀ ਅੰਮ੍ਰਿਤਸਰ ਵਿਚ ਖ਼ਾਲਸਾ ਕਾਲਜ ਦੀ ਨੀਂਹ ਰੱਖੀ।
ਇਸ ਤੋਂ ਪਹਿਲਾਂ ਦੋਵਾਂ ਦੀਵਾਨਾਂ ਨੇ ਮਤਭੇਦ ਖਤਮ ਕਰ ਕੇ ੩੦ ਅਕਤੂਬਰ, ੧੯੦੨ ਈ. ਨੂੰ ਇਕ ਨਵੀਂ ਸੰਸਥਾ ਬਣਾਈ ਜਿਸ ਦਾ ਨਾਮ ਚੀਫ਼ ਖ਼ਾਲਸਾ ਦੀਵਾਨ ਰੱਖਿਆ ਅਤੇ ਇਸ ਸੰਸਥਾ ਨੇ ਪਹਿਲਾਂ ਤੋਂ ਨਿਰਧਾਰਤ ਹੋਏ ਉਦੇਸ਼ਾਂ ਦੀ ਪ੍ਰਾਪਤੀ ਲਈ ਆਪਣਾ ਕੰਮ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤਾ ਇਨ੍ਹਾਂ ਨਵੇਂ ਮੋਢੀਆਂ ਵਿਚ ਪੰਜ ਨਾਂ ਬਹੁਤ ਮਹੱਤਵਪੂਰਨ ਹਨ, ਉਹ ਸਨ—ਪੰਥ ਰਤਨ ਭਾਈ ਅਰਜਨ ਸਿੰਘ ਜੀ ਬਾਗੜੀਆਂ, ਭਾਈ ਵੀਰ ਸਿੰਘ ਜੀ, ਸ. ਸੁੰਦਰ ਸਿੰਘ ਮਜੀਠੀਆ, ਸ. ਤਰਲੋਚਨ ਸਿੰਘ ਅਤੇ ਸ. ਸ਼ਾਮ ਸਿੰਘ ਅਟਾਰੀ ਦੇ ਪਰਵਾਰ ਦੇ ਸ. ਹਰਬੰਸ ਸਿੰਘ ਅਟਾਰੀ। ਇਸ ਕਮੇਟੀ ਨੇ ਚੀਫ਼ ਖ਼ਾਲਸਾ ਦੀਵਾਨ ਦੇ ਨਿਯਮ ਅਤੇ ਉਪ-ਨਿਯਮ ਬਣਾਏ ਅਤੇ ਤੇਜ਼ੀ ਨਾਲ ਸਿੱਖਿਆ ਦੇ ਪ੍ਰਸਾਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ੧੯੦੪ ਈ. ਵਿਚ ਸ੍ਰੀ ਅੰਮ੍ਰਿਤਸਰ ਵਿਚ ਸੈਂਟਰਲ ਖ਼ਾਲਸਾ ਯਤੀਮਖਾਨਾ ਬਣਾਇਆ ਗਿਆ ਜਿਸ ਵਿਚ ਲੋੜਵੰਦ ਬੱਚਿਆਂ ਦੀ ਵਿੱਦਿਆ ਅਤੇ ਰਿਹਾਇਸ਼ ਤੋਂ ਇਲਾਵਾ ਉਹਨਾਂ ਨੂੰ ਪੇਸ਼ੇਵਾਰ ਸਿੱਖਿਆ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ। ਭਾਈ ਵੀਰ ਸਿੰਘ ਦੀਆਂ ਲਿਖਤਾਂ, ਖ਼ਾਲਸਾ ਸਮਾਚਾਰ ਅਤੇ ਟ੍ਰੈਕਟ ਛਾਪਣ ਕਰਕੇ ਸਿੱਖ ਧਰਮ ਦੇ ਪ੍ਰਚਾਰ ਵਿਚ ਵੱਡਾ ਵਾਧਾ ਹੋਇਆ।
ਸੰਨ ੧੯੦੦ ਤੋਂ ਬਾਅਦ ਮੁਸਲਿਮ ਸਮਾਜ ਵਿੱਦਿਆ ਦੇ ਖੇਤਰ ਵਿਚ ਬਹੁਤ ਅੱਗੇ ਵਧ ਰਿਹਾ ਸੀ। ਦਸੰਬਰ ੧੯੦੭ ਵਿਚ ਸਰ ਸੱਯਦ ਅਹਿਮਦ ਦੀ ਅਗਵਾਈ ਅਧੀਨ ਇਕ ਮੁਸਲਿਮ ਐਜੂਕੇਸ਼ਨਲ ਕਾਨਫæਰੰਸ ਕਰਾਚੀ ਵਿਚ ਹੋ ਰਹੀ ਸੀ। ਉਹਨਾਂ ਦਿਨਾਂ ਵਿਚ ਸ. ਹਰਬੰਸ ਸਿੰਘ ਅਟਾਰੀ ਅਤੇ ਸ. ਸੁੰਦਰ ਸਿੰਘ ਮਜੀਠੀਆ ਕਰਾਚੀ ਧਰਮ ਪ੍ਰਚਾਰ ਦੀ ਖਾਤਰ ਗਏ ਹੋਏ ਸਨ। ਉਹਨਾਂ ਨੇ ਵੀ ਉਸ ਕਾਨਫæਰੰਸ ਵਿਚ ਹਿੱਸਾ ਲਿਆ ਅਤੇ ਉਹਨਾਂ ਦੀ ਕਾਰਗੁਜ਼ਾਰੀ ਵੇਖ ਕੇ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ੧੯੦੮ ਈ. ਵਿਚ ਗੁਜਰਾਂਵਾਲਾ ਵਿਖੇ ਪਹਿਲੀ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਕਰਨ ਦਾ ਫੈਸਲਾ ਕੀਤਾ ਅਤੇ ਬੜੀ ਸਫ਼ਲਤਾ ਨਾਲ ਉਸ ਨੂੰ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੇ ਅਧੀਨ ਆਯੋਜਿਤ ਕੀਤਾ ਜਿਸ ਵਿਚ ਸਿੱਖ ਕੌਮ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਅਤੇ ਖਾਸ ਤੌਰ ਤੇ ਵਿੱਦਿਆ ਦੇ ਵਿਸਥਾਰ ਸੰਬੰਧੀ ਵਿਚਾਰਾਂ ਹੋਈਆਂ। ਇਸ ਕਾਨਫ਼ਰੰਸ ਵਿਚ ਨਵੀਆਂ ਵਿੱਦਿਅਕ ਸੰਸਥਾਵਾਂ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ ਅਤੇ ਪਹਿਲਾਂ ਹੀ ੯ ਸੰਸਥਾਵਾਂ ਚਲਦੀਆਂ ਸਨ। ਇਸ ਐਜੂਕੇਸ਼ਨਲ ਕਾਨਫ਼ਰੰਸ ਨੇ ਵਿੱਦਿਆ ਦੇ ਖੇਤਰ ਨੂੰ ਵਧਾਉਣ ਲਈ ਇਕ ਰੂਪ-ਰੇਖਾ ਤਿਆਰ ਕੀਤੀ।
ਦੇਸ਼ ਦੀ ਵੰਡ ਤਕ ੩੩ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਆਯੋਜਿਤ ਕੀਤੀਆਂ ਗਈਆਂ। ੧੯੪੭ ਈ. ਤਕ ਚੀਫ਼ ਖ਼ਾਲਸਾ ਦੀਵਾਨ ਨੇ ਕੋਈ ੬੦੦ ਵਿੱਦਿਅਕ ਸੰਸਥਾਵਾਂ ਖੋਲ੍ਹ ਦਿੱਤੀਆਂ ਸਨ। ਸਿੰਘ ਸਭਾ ਨੇ ਜਿਹੜੇ ਉਦੇਸ਼ ਉਲੀਕੇ ਸਨ ਉਹਨਾਂ ਦੀਆਂ ਪ੍ਰਾਪਤੀਆਂ ਚੀਫæ ਖਾਲਸਾ ਦੀਵਾਨ ਵੱਲੋਂ ਕੀਤੀਆਂ ਜਾ ਰਹੀਆਂ ਸਨ। ਉਹਨਾਂ ਪ੍ਰਾਪਤੀਆਂ ਵਿਚ ਰੇਲਵੇ ਸਟੇਸ਼ਨਾਂ ਤੇ ਬੱਸ ਸਟੇਸ਼ਨਾਂ ਦੇ ਨਾਮ ਅਤੇ ਟਿਕਟਾਂ ਤੇ ਪੰਜਾਬੀ ਵਿਚ ਲਿਖਵਾਉਣਾਂ, ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨੂੰ ਪੰਜਾਬੀ ਲਿਪੀ ਵਿਚ ਕਰਵਾਉਣਾ ਸਿੱਖ ਸਕੂਲਾਂ ਵਿਚ ਅੰਮ੍ਰਿਤ ਪ੍ਰਚਾਰ ਕਰਨਾ, ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਸਿੱਖ ਇਤਿਹਾਸ ਰੀਸਰਚ ਵਿਭਾਗ ਖੋਲਣਾ, ਛੋਟੀ ਉਮਰ ਦੇ ਵਿਆਹਾਂ ਤੇ ਰੋਕ, ਵਿਧਵਾ ਵਿਆਹ ਸਬੰਧੀ ਚੇਤਨਾ ਕਿਸਾਨਾਂ ਨੂੰ ਅਗਵਾਈ ਦੇਣ ਲਈ ਖ਼ਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਵਿਖੇ ਖੇਤੀਬਾੜੀ ਕਾਲਜ ਖੋਲਣਾ ਆਦਿ ਸਨ।
ਸਿੰਘ ਸਭਾ ਲਹਿਰ ਨੇ ਪਿਡਾਂ ਵਿਚ ਧਰਮ ਪ੍ਰਚਾਰ ਲਈ ਅਗਵਾਈ ਕੀਤੀ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੇ ਧਾਰਮਿਕ ਸਥਾਨਾਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਮੁਕਤ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਲਈ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਇਸ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪੰਥਕ ਹੱਥਾਂ ਵਿਚ ਲੈਣ ਲਈ ਕਈ ਮੋਰਚੇ ਲਾਏ ਜਿਨ੍ਹਾਂ ਵਿਚ ਮੁੱਖ ਹਨ— ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ ਮੋਰਚਾ, ਜੈਤੋ ਦਾ ਮੋਰਚਾ ਆਦਿ।
ਸੰਖੇਪ ਵਿਚ ਸਿੱਖ ਰਾਜ ਦੇ ਜਾਣ ਤੋਂ ਬਾਅਦ ਸਿੰਘ ਸਭਾ ਲਹਿਰ ਦੇ ਵਿੱਦਿਆ ਦੇ ਖੇਤਰ, ਧਾਰਮਿਕ ਸੁਧਾਰ, ਗੁਰਮੁਖੀ ਲਿਪੀ ਵਿਚ ਵਿੱਦਿਆ, ਸਿਹਤ ਦੇ ਖੇਤਰ, ਵਾਤਾਵਰਣ, ਖੇਡਾਂ, ਗਰੀਬ ਬੱਚਿਆਂ ਦੀ ਸਹੂਲਤ, ਉਚੇਰੀ ਵਿੱਦਿਆ ਲਈ ਮਾਲੀ ਮਦਦ ਅਤੇ ਸਿੱਖ ਬੱਚਿਆਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਦੇ ਯੋਗ ਬਣਨ ਲਈ ਬਹੁਤ ਸ਼ਲਾਘਾ ਯੋਗ ਕੰਮ ਕੀਤੇ ਹਨ।

ਡਾ. ਸਰਬਜੀਤ ਸਿੰਘ