
ਗੁਰਮੁਖ ਜੋ ਅੰਮ੍ਰਿਤ ਵੇਲੇ ਜਪ ਕਰਦਾ ਏ, ਸਿਮਰਨ ਕਰਦਾ ਏ, ਉਸ ਤੋਂ ਜੋ ਕੁਝ ਤਰੰਗਾਂ ਬਣਦੀਆਂ ਨੇ, ਕੁਝ ਲਹਿਰਾਂ ਬਣਦੀਆਂ ਨੇ, ਉਹ ਬਾਹਰ ਦੇ ਵਾਤਾਵਰਨ ਨੂੰ ਮੁਤਾਸਿਰ ਕਰਦੀਆਂ ਨੇ। ਫ਼ਿਜ਼ਾ ਧਾਰਮਿਕ ਬਣਦੀ ਏ, ਮਾਹੌਲ ਧਾਰਮਿਕ ਬਣਦਾ ਏ। ਆਪ ਨੇ ਦੇਖਿਆ ਹੋਵੇਗਾ, ਕਿਸੇ ਗੁਰਦੁਆਰੇ ਵਿਚ ਬੈਠ ਕੇ ਮਨੁੱਖ ਨੂੰ ਬੜਾ ਚੈਨ ਮਿਲਦਾ ਹੈ, ਬੜਾ ਸਕੂਨ ਮਿਲਦਾ ਹੈ । ਉਹੀ ਗੁਰਬਾਣੀ ਦੀ ਕਥਾ, ਕੀਰਤਨ ਕਿਸੇ ਹੋਰ ਗੁਰਦੁਆਰੇ ‘ਚ ਹੈ, ਉਥੇ ਉਸ ਨੂੰ ਟਿਕਾਓ ਨਹੀਂ ਮਿਲਦਾ। ਇਹ ਮੇਰਾ ਜ਼ਾਤੀ ਤਜਰਬਾ ਵੀ ਹੈ। ਮੈਂ ਦੇਖਦਾ ਹਾਂ ਕਿ ਦਿੱਲੀ ਵਿਚ ਅੰਮ੍ਰਿਤ ਵੇਲੇ ਦੂਰ ਦੂਰ ਤੋਂ ਲੋਕੀਂ ਬੱਸਾਂ ‘ਤੇ ਬੈਠ ਕੇ, ਕੋਈ ਪੈਦਲ ਚੱਲ ਕੇ ਭੱਜੇ ਆ ਰਹੇ ਨੇ, ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ, ਗੁਰਦੁਆਰਾ ਬੰਗਲਾ ਸਾਹਿਬ ਵਿੱਚ, ਜਦ ਕਿ ਉਹਨਾਂ ਦੀ ਆਪਣੀ ਕਲੋਨੀ ਵਿਚ ਬੜੇ ਸੁੰਦਰ ਗੁਰਦੁਆਰੇ ਬਣੇ ਨੇ। ਮਾਰਬਲ ਦੇ ਬਣੇ ਨੇ। ਬੜੇ ਕੀਮਤੀ ਬਣੇ ਨੇ। ਬੜੇ ਸੋਹਣੇ ਜਥੇ ਰੱਖੇ ਹੋਏ ਨੇ। ਅੰਮ੍ਰਿਤ ਵੇਲੇ ਉਥੇ ਵੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਹੈ, ਪਰੰਤੂ ਭੱਜੇ ਆ ਰਹੇ ਨੇ ਗੁਰਦੁਆਰਾ ਸੀਸ ਗੰਜ ਸਾਹਿਬ। ਦੌੜੇ ਆ ਰਹੇ ਨੇ ਬੰਗਲਾ ਸਾਹਿਬ। ਪੁੱਛੀਏ ਐਸਾ ਕਿਉਂ ? ਉਥੇ ਸੁਣ ਲਵੋ। ਕਹਿੰਦੇ ਨੇ ਇਥੇ ਚੈਨ ਮਿਲਦਾ ਹੈ। ਇਥੇ ਸਕੂਨ ਮਿਲਦਾ ਹੈ। ਅਸਥਾਨ ਧਾਰਮਿਕ ਤਾਂ ਬਹੁਤ ਸਾਰੇ ਨੇ ਪਰ ਇਹ ਸ਼ਬਦ ਸਿਰਫ਼ ਹਰਿਮੰਦਰ ਸਾਹਿਬ ਵਾਸਤੇ ਨੇ:
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥ (ਅੰਗ ੧੩੬੨)
ਇਹ ਸਿਰਫ਼ ਉਸ ਜਗ੍ਹਾ ਵਾਸਤੇ ਨੇ । ਐਸਾ ਕਿਉਂ? ਇਹਨਾਂ ਅਸਥਾਨਾਂ ਦੀ ਜੋ ਵਾਇਬ੍ਰੇਸ਼ਨ ਹੈ, ਜਿਹੜੀਆਂ ਅਧਿਆਤਮਿਕ ਤਰੰਗਾਂ ਨੇ, ਉਥੇ ਬੈਠਦਿਆਂ ਹੀ ਪ੍ਰਭਾਵਿਤ ਕਰਦੀਆਂ ਨੇ। ਸੀਸ ਗੰਜ ਵਿਖੇ ਗੁਰੂ ਤੇਗ਼ ਬਹਾਦਰ ਜੀ ਨੇ ਆਪਣਾ ਖੂਨ ਡੋਲਿਆ ਹੈ। ਇਕ ਬ੍ਰਹਮ ਗਿਆਨੀ ਦੀ ਚਰਨ-ਛੋਹ ਉਸ ਮਿੱਟੀ ਨੂੰ ਪ੍ਰਾਪਤ ਹੈ। ਫਿਰ ਦਿਨ ਰਾਤ ਚੌਵੀ ਘੰਟੇ ਉਥੇ ਸਿਮਰਨ ਚੱਲਦਾ ਹੀ ਰਹਿੰਦਾ ਹੈ। ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ, ਨਾਮ ਅਭਿਆਸ ਦੇ ਰੂਪ ਵਿਚ, ਪਾਠ ਦੇ ਰੂਪ ਵਿੱਚ। ਤਰੰਗਾਂ ਤਾਂ ਬਣਦੀਆਂ ਨੇ । ਮੁਤਾਸਿਰ ਤਾਂ ਕਰਦੀਆਂ ਨੇ। ਕਿਸੇ ਗੁਰਦੁਆਰੇ ਵਿਚ ਘੰਟਾ ਕੀਰਤਨ ਹੋਇਆ, ਅੱਧਾ ਘੰਟਾ ਕੀਰਤਨ ਹੋਇਆ; ਫਿਰ ਤਾਲੇ ਲੱਗ ਗਏ, ਕੁਝ ਵੀ ਨਹੀਂ। ਉਥੇ ਉਹ ਤਰੰਗਾਂ ਨਹੀਂ ਬਣਦੀਆਂ। ਜੇ ਉਥੇ ਗੁਰਦੁਆਰੇ ਦੇ ਵਿਚ ਕਿਤੇ ਹੋਰ ਦੁਨਿਆਵੀ ਚਰਚਾ ਵੀ ਚੱਲਦੀ ਰਹੀ ਹੋਵੇ, ਤਾਂ ਉਹ ਜਿਹੜੀਆਂ ਉਥੇ ਸ਼ੁੱਧ ਤਰੰਗਾਂ ਬਣੀਆਂ ਸਨ, ਉਹ ਉਹਨਾਂ ਨੂੰ ਕੱਟਦੀਆਂ ਵੀ ਨੇ।
ਗਿਆਨੀ ਸੰਤ ਸਿੰਘ ਜੀ ਮਸਕੀਨ