6 views 0 secs 0 comments

ਖਾਲਸਾ ਕੌਮ ਤੂੰ ਖਾਲਸ ਬਨ

ਲੇਖ
October 04, 2025

ਸਾਡੇ ਕਿਤਨੇ ਗੋਬਰ ਗੁਹੀਰ ਸਿੰਘ ਬਗਲੇ ਵਾਂਗ ਖੰਭ ਖਿਲਾਰ ਕੇ ਅਰ ਚੁੰਜ ਮਾਰ ਕੇ ਵਖ੍ਯਾਨ ਦੇਂਦੇ ਹਨ ਕਿ ਅਸੀਂ ਭਾਵੇਂ ਸਿੱਖ ਹੋ ਗਏ ਹਾਂ, ਪਰ ਫੇਰ ਭੀ ਹਿੰਦੂਆਂ ਤੋਂ ਜੁਦੇ ਨਹੀਂ ਹਾਂ ਅਰ ਸਾਡਾ ਮੁੱਢ ਯਾ ਧੁਰਾ ਓਹੋ ਹਿੰਦੂ ਕੌਮ ਹੈ ਜਿਸ ਵਿੱਚੋਂ ਨਿਕਲ ਕੇ ਸਿੰਘ ਕਹਾਉਂਦੇ ਹਾਂ, ਫਿਰ ਅਸੀਂ ਕਿਸ ਤਰ੍ਹਾਂ ਹਿੰਦੂਆਂ ਤੇ ਜੁਦੇ ਹਾਂ ਜਿਸ ਤੇ ਸਾਨੂੰ ਚਾਹੀਦਾ ਹੈ ਕਿ ਜੋ ਸਾਡਾ ਜ਼ਖੀਰਾ ਰੱਖਯਾ ਹੈ ਅਰ ਇਸ ਨਾਲ ਮਿਲੇ ਜੁਲੇ ਰਹੀਏ।
ਅਸੀਂ ਅਜੇਹੇ ਲਾਲ ਬੁਝੱਕੜ ਵਰਗੇ ਖਯਾਲਾਂ ਵਾਲੇ ਭਾਈਆਂ ਪ੍ਰਤਿ ਪ੍ਰਗਟ ਕਰਦੇ ਹਾਂ ਕਿ ਤੁਹਾਡਾ ਇਹ ਮੰਤਕ ਯਾ ਖਯਾਲ ਦਸਮ ਗੁਰੂ ਜੀ ਤੇ ਬਿਲਕੁੱਲ ਵਿਰੁੱਧ ਹੈ ਅਰ ਉਸ ਸੱਚੇ ਪਾਤਸ਼ਾਹ ਕਲਗੀ ਵਾਲੇ ਦੇ ਦਰਬਾਰ ਵਿਚ ਆਪ ਨੂੰ ਕਦੇ ਭੀ ਢੋਈ ਨਹੀਂ ਮਿਲੇਗੀ।
ਅਸੀਂ ਇਸ ਬਾਤ ਨੂੰ ਭੀ ਮੰਨ ਲੈਂਦੇ ਹਾਂ ਕਿ ਸਿੱਖ ਕੌਮ ਹਿੰਦੂਆਂ ਵਿਚੋਂ ਹੀ ਬਣੀ ਹੈ ਜੋ ਅੱਜ ਤੱਕ ਭੀ ਬਣ ਰਹੀ ਹੈ ਪਰੰਤੂ ਇਸ ਨੂੰ ਹਿੰਦੂ ਆਖਨਾ ਸਰਾਸਰ ਗਲਤ ਹੈ। ਅਸੀਂ ਅਪਨੀ ਅੱਖੀਂ ਦੇ ਸਾਮ੍ਹਨੇ ਦੇਖਯਾ ਕਿ ਹਜ਼ਾਰਾਂ ਭੱਟੀ ਹਿੰਦੂ ਜਿੱਟ ਸਿੱਖ ਹੋ ਗਏ ਹਨ ਜਿਨ੍ਹਾਂ ਦੇ ਸੈਂਕੜੇ ਮੁਰੀਦ ਹਨ, ਇਸੇ ਤਰ੍ਹਾਂ ਲੱਖਾਂ ਰਾਜ ਮਿਸਤਰੀ ਮੁਸਲਮਾਨ ਹੋ ਗਏ ਜਿਨ੍ਹਾਂ ਦੇ ਨੱਗ੍ਰ ਵੱਸ ਰਹੇ ਹਨ। ਇਸੇ ਤਰ੍ਹਾਂ ਕਈ ਅੱਜ ਕੱਲ ਮੁਸਲਮਾਨੀ ਦੀਨ ਵਿਚ ਜਾ ਰਹੇ ਹਨ, ਪਰੰਤੂ ਉਨ੍ਹਾਂ ਭੱਟੀਆਂ ਰਾਜਪੂਤਾਂ ਨੇ ਕਦੇ ਭੀ ਇਹ ਦਾਹਵਾ ਨਹੀਂ ਕੀਤਾ ਕਿ ਅਸੀਂ ਪਹਿਲੇ ਹਿੰਦੂ ਸੇ ਅਰ ਹੁਣ ਅਸੀਂ ਉਨ੍ਹਾਂ ਨੂੰ ਅਪਨਾ ਜ਼ਖੀਰਾ ਮੰਨਦੇ ਹਾਂ ਯਾ ਉਨ੍ਹਾਂ ਨਾਲ ਨਾਤੇ ਰਿਸ਼ਤੇ ਸਾਡੀ ਉਨਤੀ ਦੇ ਸਾਧਨ ਹਨ। ਕਿੰਤੂ ਇਸ ਬਾਤ ਨੂੰ ਮੰਨ ਕੇ ਭੀ ਕਿ ਸਾਡੀ ਤੀਜੀ ਯਾ ਚੌਥੀ ਪੁਸ਼ਤ ਹਿੰਦੂ ਸੀ ਫਿਰ ਭੀ ਹਿੰਦੂਆਂ ਨਾਲ ਕੁਝ ਸੰਬੰਧ ਨਹੀਂ ਰੱਖਦੇ। ਫਿਰ ਸਿੰਘ ਭੀ ਉਨ੍ਹਾਂ ਹਿੰਦੂਆਂ ਨਾਲ, ਜਿਨ੍ਹਾਂ ਨਾਲ ਇਨ੍ਹਾਂ ਦੀ ਜੰਞ ਟਿੱਕਾ ਅਰ ਮੁੰਡਨ ਕਰਨ ਦੀ ਸਾਂਝ ਨਹੀਂ ਰਹੀ ਕਿਸ ਦਲੀਲ ਨਾਲ ਮਿਲਾਪ ਰੱਖਦੇ ਹਨ, ਇਸ ਵਾਸਤੇ ਸਾਡੇ ਖਯਾਲ ਵਿਚ ਤਾਂ ਜਦ ਕੋਈ ਹਿੰਦੂ ਦਸਮੇ ਗੁਰੂ ਜੀ ਦਾ ਅੰਮ੍ਰਿਤ ਛਕ ਲੈਂਦਾ ਹੈ ਤਦ ਉਸ ਦਾ ਅਪਨੀ ਪੁਰਾਣੀ ਹਿੰਦੂ ਜਾਤੀ ਨਾਲ ਐਸਾ ਹੀ ਸੰਬੰਧ ਰਹਿੰਦਾ ਹੈ ਜੈਸਾ ਕਿ ਇੱਕ ਹਿੰਦੂ ਦਾ ਮੁਸਲਮਾਨ ਹੋ ਕੇ ਫਿਰ ਹਿੰਦੂਆਂ ਨਾਲ ਰਹਿੰਦਾ ਹੈ।
ਇਸ ਵਾਸਤੇ ਜੋ ਲੋਗ ਖਾਲਸਾ ਨੂੰ ਹਿੰਦੂਆਂ ਵਿਚ ਗੇਰ ਕੇ ਅੰਨਮਤੀਆਂ ਦੇ ਹਵਾਲੇ ਕਰਦੇ ਹਨ ਸੋ ਜ਼ਰੂਰ ਦਸਮੇਂ ਗੁਰੂ ਜੀ ਦੇ ਦੋਖੀ ਹਨ, ਕਿਉਂਕਿ ਅੱਜ ਕੱਲ ਜਿਤਨੇ ਸਿੰਘਾਂ ਦੇ ਗਲੇ ਵਿਚ ਧਾਗੇ ਪਾਏ ਜਾਂਦੇ ਹਨ ਅਰ ਹੱਥਾਂ ਵਿਚ ਘਾਸ ਦੇ ਛੱਲੇ ਪਾ ਕੇ ਸਿਰ ਨੂੰ ਭੁੰਗੀਆਂ ਬਨ੍ਹਾਈਆਂ ਜਾਂਦੀਆਂ ਹਨ ਇਹ ਉਨ੍ਹਾਂ ਹੀ ਪਾਪ ਕਰਨ ਵਾਲਿਆਂ ਦੇ ਉਪਦੇਸ਼ਾਂ ਦਾ ਫਲ ਹੈ ਜੋ ਖਾਲਸਾ ਅਤੇ ਹਿੰਦੂਆਂ ਨੂੰ ਇਕ ਸਮਝਦੇ ਹਨ। ਜਿਤਨੇ ਸਿੰਘਾਂ ਦੇ ਚਲਾਣਿਆਂ ਪਰ ਮੰਜੇ, ਬਸਤ੍ਰ ਅਤੇ ਬਰਤਨ ਅੰਨਮਤੀਆਂ ਦੇ ਘਰ ਵਿਚ ਜਾ ਕੇ ਉਨ੍ਹਾਂ ਦਾ ਘਰ ਭਰਦੇ ਹਨ ਅਰ ਸਿੱਖਾਂ ਨੂੰ ਲੁਟਾਉਂਦੇ ਹਨ, ਸੋ ਇਸ ਪਾਪ ਦੇ ਫਲ ਦੇ ਭਾਗੀ ਭੀ ਹਿੰਦੂ ਅਤੇ ਸਿੱਖਾਂ ਨੂੰ ਇਕ ਕਰਨ ਵਾਲੇ ਭਾਈ ਹੀ ਹਨ, ਫਿਰ ਜਿਤਨੇ ਗੁਰਦੁਆਰੇ ਅਤੇ ਧਰਮਸ਼ਾਲਾਂ ਦੇ ਟਹਲੇ ਛੱਡ ਕੇ ਸਿੱਖਾਂ ਨੂੰ ਸ਼ਿਵਾਲੇ ਅਤੇ ਠਾਕੁਰਦੁਆਰਿਆਂ ਵੱਲ ਲੈ ਜਾ ਕੇ ਧਨ ਖਰਚਨ ਦਾ ਹੌਸਲਾ ਦੇਂਦੇ ਹਨ ਸੋ ਇਸ ਕੁਰੀਤੀ ਦੇ ਜ਼ਿੰਮੇਵਾਰ ਭੀ ਓਹੋ ਹੋ ਸਕਦੇ ਹਨ।

ਐ ਖਾਲਸਾ ਕੌਮ ! ਹੁਣ ਤੂੰ ਜਾਗ ਅਰ ਅਪਨੇ ਆਪ ਨੂੰ ਸੰਭਾਲ ਅਤੇ ਦੂਸਰੀਆਂ ਕੌਮਾਂ ਵਾਂਗ ਦੁਨੀਆਂ ਪਰ ਅਪਨਾ ਜੁਦਾ ਨਸ਼ਾਨ ਖੜਾ ਕਰ।

(ਖ਼ਾਲਸਾ ਅਖ਼ਬਾਰ ਲਾਹੌਰ, ੮ ਜੁਲਾਈ ੧੮੯੮, ਪੰਨਾ ੩)

ਗਿਆਨੀ ਦਿੱਤ ਸਿੰਘ