7 views 0 secs 0 comments

ਅਖੌਤੀ ਧਾਰਮਿਕ

ਲੇਖ
October 06, 2025

ਮੈਨੂੰ ਕਈ ਨੌਜਵਾਨ ਮਿਲਦੇ ਨੇ ਤੇ ਕਹਿੰਦੇ ਨੇ ਅਸੀਂ ਗੁਰਦੁਆਰੇ ਕੀ ਜਾਈਏ ! ਅਸੀਂ ਆਪਣੇ ਪਿਉ ਨੂੰ ਦੇਖਦੇ ਹਾਂ ਕਿ ਉਹ ਚਾਲ੍ਹੀ ਸਾਲ ਤੋਂ ਉਪਰ ਜਾ ਰਿਹਾ ਹੈ ਤੇ ਕਠੋਰ ਦਾ ਕਠੋਰ ਹੈ। ਝੂਠ ਬੋਲਦਾ ਹੈ, ਬੇਈਮਾਨੀ ਕਰਦਾ ਹੈ। ਜੇ ਉਸ ਦਾ ਹੀ ਕੁਝ ਨਹੀਂ ਬਣਿਆ ਤਾਂ ਸਾਡਾ ਕੀ ਬਣੇਗਾ।

ਬਹੁਤਾ ਅਧਰਮ ਜਗਤ ਅੰਦਰ ਫੈਲਦਾ ਹੈ ਉਹਨਾਂ ਮਨੁੱਖਾਂ ਕਰਕੇ ਜੋ ਅਖੌਤੀ ਧਾਰਮਿਕ ਨੇ। ਧਾਰਮਿਕ ਨਹੀਂ ਨੇ, ਸਿਰਫ਼ ਵਿਖਾਵੇ ਦੇ ਧਾਰਮਿਕ ਨੇ।

ਇਸ ਕਰਕੇ ਬਹੁਤੇ ਨੌਜਵਾਨ ਧਰਮ ਤੋਂ ਬਾਗ਼ੀ ਹੋ ਜਾਂਦੇ ਨੇ ਤੇ ਕਹਿ ਦਿੰਦੇ ਨੇ ਕਿ ਐਹ ਜਾਂਦੇ ਨੇ ਵਲ ਛਲ ਕਪਟ ਕਰਨ ਵਾਲੇ। ਪੰਜਾਬ ਦੇ ਨੌਜਵਾਨ ਬਾਗ਼ੀ ਹੋ ਗਏ ਨੇ। ਕੁਰਹਿਤਾਂ ਕਰ ਕੇ ਗੁਰੂ ਦੀ ਮੋਹਰ ਮੂੰਹਾਂ ਤੋਂ ਉਤਾਰ ਦਿੱਤੀ ਹੈ, ਪਤਾ ਏ ਕਿਉਂ ? ਇਹ ਵੱਡੇ ਅਖਵਾਉਣ ਵਾਲੇ ਸਾਰੇ ਗੁਰਦੁਆਰਿਆਂ ਤੋਂ ਆਪਣਾ ਸੁਆਰਥ ਪੂਰਾ ਕਰਦੇ ਪਏ ਨੇ ਤੇ ਘਟੀਆ ਰਾਜਨੀਤੀ ਛਾਈ ਹੋਈ ਹੈ। ਇਥੋਂ ਕੋਈ ਐਮ.ਪੀ. ਬਣਨਾ ਚਾਹੁੰਦਾ ਹੈ, ਕੋਈ ਮਨਿਸਟਰ ਬਣਨਾ ਚਾਹੁੰਦਾ ਹੈ ਤੇ ਕੋਈ ਐਮ. ਐਲ. ਏ. । ਕੋਈ ਆਪਣੇ ਹੋਰ ਸੁਆਰਥ ਸਿੱਧ ਕਰਨਾ ਚਾਹੁੰਦਾ ਹੈ। ਗੁਰਦੁਆਰੇ ਦੀ ਕੀ ਗੱਲ ਹੈ, ਕੁਝ ਵੀ ਨਹੀਂ ਹੈ। ਨੌਜਵਾਨ ਬਾਗ਼ੀ ਹੋ ਗਏ ਨੇ।

ਇਸ ਸੰਬੰਧ ਵਿਚ ਮੈਂ ਕਿਤਾਬ ਲਿਖੀ ਹੈ ਤੇ ਸਾਰੀ ਦੁਨੀਆਂ ਵਿਚ ਫ੍ਰੀ ਵੰਡੀ ਗਈ ਹੈ। ਇਸ ਕਿਤਾਬ ਦਾ ਨਾਂ ਹੈ—ਦੇਸ਼-ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ। ਫਿਰ ਇਸ ਨੂੰ ਕਾਬਲੀ ਸਿੰਘਾਂ ਨੇ ਛਾਪਣ ਵਾਸਤੇ ਇਜਾਜ਼ਤ ਮੰਗੀ ਕਿ ਅਸੀਂ ਇਸ ਨੂੰ ਛਾਪ ਕੇ ਵੰਡਦੇ ਹਾਂ। ਮੈਂ ਕਿਹਾ ਠੀਕ ਹੈ। ਇੰਗਲੈਂਡ ਦੇ ਇਕ ਸੱਜਣ ਨੇ ਕਿਹਾ ਕਿ ਮੈਂ ਚਾਹੁੰਨਾਂ ਕਿ ਦਸ ਹਜ਼ਾਰ ਇਹ ਕਿਤਾਬ ਛਾਪ ਕੇ ਵੰਡਾਂ! ਮੈਂ ਕਿਹਾ ਠੀਕ ਹੈ। ਇਹ ਸਾਰੀ ਦੁਨੀਆਂ ਵਿਚ ਤਕਸੀਮ ਹੋਈ। ਇਹਦੇ ਵਿਚ ਮੈਂ ਸਾਰੇ ਹਾਲਾਤ ਬੜੀ ਬਾਰੀਕੀ ਨਾਲ ਲਿਖੇ ਨੇ । ਪਈ ਜੇ ਨਹੀਂ ਸੁਧਾਰ ਕਰੋਗੇ ਤਾਂ ਪਛੁਤਾਓਗੇ, ਵੇਖੋ ਕੀ ਹੋ ਰਿਹਾ ਹੈ! ਪੰਜਾਬ ਦਾ ਨੌਜਵਾਨ ਤਬਕਾ ਅੱਧਾ ਬਾਗ਼ੀ ਹੋ ਗਿਆ ਹੈ ਤੇ ਪਤਿਤ ਹੋ ਗਿਆ ਹੈ। ਫਿਰ ਜਿਹਨਾਂ ਜਿਹਨਾਂ ਨੇ ਇਹ ਕਿਤਾਬ ਪੜ੍ਹੀ ਏ, ਕਰੀਬਨ ਕਰੀਬਨ ਉਹਨਾਂ ਨੇ ਮੰਨਿਆ ਏ ਕਿ ਤੁਸੀਂ ਠੀਕ ਲਿਖਿਆ ਹੈ। ਇਸ ਨਾਲ ਮੇਰਾ ਹੌਸਲਾ ਵਧਿਆ ਹੈ। ਇਸ ਵਾਸਤੇ ਕੋਈ ਚੌਥੀ ਪੰਜਵੀਂ ਐਡੀਸ਼ਨ ਛਪ ਚੁੱਕੀ ਹੈ। ਇਤਨੇ ਲੋਕੀਂ ਸ਼ੌਕ ਨਾਲ ਪੜ੍ਹਦੇ ਪਏ ਨੇ।

ਗਿਆਨੀ ਸੰਤ ਸਿੰਘ ਜੀ ਮਸਕੀਨ