ਕਿਸੇ ਖਾਸ ਸਮੇਂ ਵਾਸਤੇ ਕਿਸੇ ਚੀਜ਼ ਨੂੰ ਨਾ ਵਰਤਣ ਦੇ ਕੀਤੇ ਗਏ ਪ੍ਰਣ ਨੂੰ ਵਰਤ ਕਿਹਾ ਜਾਂਦਾ ਹੈ। ਜ਼ਿਆਦਾਤਰ ਭੋਜਨ ਦੇ ਤਿਆਗ ਨੂੰ ਹੀ ਵਰਤ ਕਿਹਾ ਜਾਂਦਾ ਹੈ। ‘ਬਾਈਬਲ’ ਅਤੇ ‘ਕੁਰਾਨ’ ਵਿਚ ਵੀ ਕਈ ਤਰ੍ਹਾਂ ਦੇ ਵਰਤਾਂ ਦਾ ਜ਼ਿਕਰ ਵੱਖਰੇ-ਵੱਖਰੇ ਨਾਵਾਂ ਅਧੀਨ ਮਿਲਦਾ ਹੈ। ਯਹੂਦੀਆਂ ਦੇ 40 ਤੇ ਮੁਸਲਮਾਨਾਂ ਦੇ 30 ਰੋਜ਼ੇ ਮਸ਼ਹੂਰ ਵਰਤ ਹਨ। ਹਿੰਦੂ ਮੱਤ ਦੇ ਵਰਤਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਨ੍ਹਾਂ ਦੇ ਧਾਰਮਿਕ ਗ੍ਰੰਥਾਂ
ਵਿਚ ਕੋਈ ਬਿਤ ਜਾਂ ਮਹੀਨਾ ਐਸਾ ਨਹੀਂ ਹੈ, ਜਿਸ ਵਿਚ ਕਿਸੇ ਨਾ ਕਿਸੇ ਵਰਤ ਰੱਖਣ ਦੇ
‘ਫਲਾ’ ਦਾ ਜ਼ਿਕਰ ਨਾ ਹੋਵੇ।
ਗੁਰਮਤਿ ਵਿਚ ਵਰਤ ਵਰਗੀ ਰੀਤ ਨੂੰ ਕੋਈ ਥਾਂ ਨਹੀਂ ਹੈ, ਕਿਉਂਕਿ ਇਹ ਹਠ ਕਰਮ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਖ਼ੁਰਾਕ ਤੋਂ ਜਿਸਮ, ਜਿਸਮ ਤੋਂ ਦਿਲ ਤੇ ਦਿਲ ਤੋਂ ਮਨ ਕੰਮ ਕਰਨ ਦੇ ਲਾਇਕ ਬਣਦਾ ਹੈ। ਇਸ ਵਾਸਤੇ ਮਨੁੱਖ ਲਈ ਭੋਜਨ ਕਰਨਾ ਅਤੀ ਜ਼ਰੂਰੀ ਹੈ। ਹਾਂ, ਸਰੀਰ ਦੀ ਤੰਦਰੁਸਤੀ ਵਾਸਤੇ ਕਿਸੇ ਸਮੇਂ ਭੋਜਨ ਨਾ ਕਰਨਾ (ਵਰਤ ਰੱਖਣਾ) ਵੱਖਰੀ ਗੱਲ ਹੈ, ਲੇਕਿਨ ਕਿਸੇ ‘ਫਲਾ ਦੀ ਪ੍ਰਾਪਤੀ ਦੀ ਆਸ ਨਾਲ ਭੋਜਨ ਨਾ ਛਕਣਾ (ਵਰਤ ਰੱਖਣਾ) ਆਪਣੇ ਆਪ ਨੂੰ ਸਜ਼ਾ ਦੇਣ ਵਾਲੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਫੁਰਮਾਉਂਦੇ ਹਨ-
ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥
(ਵਾਰ ਆਸਾ ੧, ਸਲੋਕ ਮ: ੧, ਪੰਨਾ ੪੬੭)
ਭਾਵ ਜਿਸ ਨੇ ਅੰਨ (ਭੋਜਨ ਛੱਡਿਆ ਹੋਇਆ ਹੈ, ਉਸ ਨੇ ਜੀਵਨ ਦਾ ਅਨੰਦ ਗੁਆਇਆ ਹੈ ਅਤੇ ਵਿਅਰਥ ਦੁੱਖ ਸਹਾਰ ਰਿਹਾ ਹੈ। ਉਸ ਨੂੰ (ਨਾਮ ਸਿਮਰਨ ਛੱਡ ਕੇ) ਇਹ ਕੰਮ ਚੰਗਾ ਲੱਗ ਰਿਹਾ ਹੈ। ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ-
ਅੰਨ ਨ ਖਾਹਿ ਦੇਹੀ ਦੁਖੁ ਦੀਜੈ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ॥
(ਰਾਮਕਲੀ ਮ: ੧, ਅੰਗ ੯੦੫)
ਭਾਈ ਗੁਰਦਾਸ ਜੀ ਫੁਰਮਾਣ ਕਰਦੇ ਹਨ ਕਿ ਵਰਤ, ਨੇਮ ਜਾਂ ਹੋਰ ਪੁੰਨ ਵਰਗੇ ਕਰਮਕਾਂਡ ਸਭ ਪਾਖੰਡ ਗਿਣੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿਚ ਜੀਵ ਨੂੰ ਪ੍ਰਮਾਤਮਾ ਦੇ ਦਰਬਾਰ ਵਿਚ ਪਹੁੰਚਾਉਣ ਵਾਲੀ ਕੋਈ ਸ਼ਕਤੀ ਨਹੀਂ ਹੈ-
ਵਰਤ ਨੇਮ ਲਖ ਦਾਨ ਕਰਮ ਕਮਾਵਣਾ। ਲਉਬਾਲੀ ਦਰਗਾਹ ਪਖੰਡ ਨ ਜਾਵਣਾ ॥੧੫॥
(ਵਾਰ ੨੧: ੧੫)
ਗੁਰਸਿੱਖ ਭਾਈ ਕਲਿਆਣਾ ਜੀ, ਰਿਆਸਤ ਮੰਡੀ (ਹਿਮਾਚਲ ਪ੍ਰਦੇਸ਼) ਵਿਚ ਅੰਮ੍ਰਿਤਸਰ ਦੀ ਉਸਾਰੀ ਵਾਸਤੇ ਇਮਾਰਤੀ ਲੱਕੜ ਖ਼ਰੀਦਣ ਗਏ ਸਨ। ਦੇਵਨੇਤ ਨਾਲ ਉਨ੍ਹੀਂ ਦਿਨੀਂ ਜਨਮ ਅਸ਼ਟਮੀ ਆ ਗਈ ਸੀ। ਇਸ ਮੌਕੇ ‘ਤੇ ਰਾਜੇ (ਹਰੀਸੈਨ) ਵੱਲੋਂ ਢੰਡੋਰਾ ਪਿਟਵਾਇਆ ਗਿਆ, ਕਿ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ‘ਤੇ ਰਾਤ ਨੂੰ ਸਾਰੇ ਹਿੰਦੂ ਤੇ ਸਿੱਖ ਵਰਤ ਰੱਖਣ ਅਤੇ ਸਵੇਰੇ ਠਾਕੁਰ ਦੇ ਦਰਸ਼ਨ ਕਰਨ, ਸਾਲਗ੍ਰਾਮ ਦੀ ਪੂਜਨ ਕਰਨ ਤੇ ਚਰਣਾਮ੍ਰਿਤ ਲੈ ਕੇ ਹੀ ਵਰਤ ਖੋਲ੍ਹਣ। ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਭਾਈ ਕਲਿਆਣਾ ਜੀ ਹੋਰ ਸਿੱਖਾਂ ਵਾਂਗ ਹਿੰਦੂ ਜਾਂ ਮੁਸਲਮਾਨ ਜੋ ‘ਸਿੱਖ ਮੱਤਾ ਧਾਰਨ ਕਰ ਚੁੱਕੇ ਸਨ, ਉਨ੍ਹਾਂ ਨੇ ਇਸ ਵਰਤ ਤੇ ਸਰਕਾਰੀ ਹੁਕਮ ਨੂੰ ਟਿੱਚ ਸਮਝਿਆ।
ਜਦੋਂ ਰਾਜੇ ਨੂੰ ਪਤਾ ਲੱਗਾ ਤਾਂ ਉਹ ਕ੍ਰੋਧਿਤ ਹੋਇਆ। ਉਸ ਨੇ ਭਾਈ ਕਲਿਆਣਾ ਜੀ ਨੂੰ ਬੁਲਾ ਕੇ ਵਰਤ ਨਾ ਰੱਖਣ, ਸਾਲਗ੍ਰਾਮ ਦੀ ਪੂਜਾ ਨਾ ਕਰਨ ਤੇ ਇਨ੍ਹਾਂ ਦੇ ਖੰਡਨ ਕਰਨ ਦਾ ਕਾਰਨ ਪੁੱਛਿਆ। ਭਾਈ ਕਲਿਆਣਾ ਜੀ ਨੇ ਦੱਸਿਆ ਕਿ ਗੁਰੂ ਅਰਜਨ ਸਾਹਿਬ ਜੀ ਦਾ ਉਪਦੇਸ਼ ਹੈ-
ਸਗਲੀ ਬੀਤਿ ਪਾਸਿ ਡਾਰਿ ਰਾਖੀ॥ ਅਸਟਮ ਥੀਤਿ ਗੋਵਿੰਦ ਜਨਮਾ ਸੀ॥ ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥
(ਭੈਰਉ ਮਹਲਾ ੫, ਅੰਗ ੧੧੩੬)
ਭਾਵ ਭਰਮ ਵਿਚ ਪਏ ਮਨੁੱਖ ਹੀ ਇਹ ਕੱਚੀ ਗੱਲ ਕਰਦੇ ਹਨ ਕਿ ਪ੍ਰਮਾਤਮਾ ਨੇ ਹੋਰ ਸਭ ਥਿਤਾਂ ਲਾਂਭੇ ਰੱਖ ਕੇ ਭਾਦਰੋਂ ਵਦੀ ਅਸ਼ਟਮੀ ਥਿਤ ਨੂੰ ‘ਕ੍ਰਿਸ਼ਨ ਰੂਪ ਵਿਚ ਜਨਮ ਲਿਆ। ਪ੍ਰਮਾਤਮਾ ਤਾਂ ਜੰਮਣ-ਮਰਨ ਤੋਂ ਪਰ੍ਹੇ ਹੈ। ਹਿੰਦੂ ਲੋਕਾਂ ਦਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਜਨਮ ਅਸ਼ਟਮੀ ਦੇ ਦਿਨ ਕ੍ਰਿਸ਼ਨ ਭਗਵਾਨ ਦੇ ਰੂਪ ਵਿਚ ਸੰਸਾਰ ‘ਤੇ ਆਇਆ। ਇਸ ਦਿਨ ਮੰਦਰਾਂ ਵਿਚ ਮੇਲੇ ਲੱਗਦੇ ਹਨ ਤੇ ਰਾਤ ਨੂੰ ਕ੍ਰਿਸ਼ਨ ਦੇ ਜਨਮ ਸਮੇਂ ਕ੍ਰਿਸ਼ਨ ਮੂਰਤੀ ਨੂੰ ਪੰਘੂੜੇ ਵਿਚ ਪਾ ਕੇ ਲੋਰੀ ਦਿੱਤੀ ਜਾਂਦੀ ਹੈ।
ਸਗਲ ਪਰਾਧ ਦੇਹਿ ਲੋਰੋਨੀ ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥
(ਭੈਰਉ ਮਹਲਾ ੫, ਅੰਗ ੧੧੩੬)
ਕ੍ਰਿਸ਼ਨ ਮੂਰਤੀ ਨੂੰ ਲੋਰੀ ਦੇਣੀ ਅਪਰਾਧ ਦਾ ਮੂਲ ਹੈ। ਉਹ ਮੂੰਹ ਸੜ ਜਾਏ, ਜੋ ਆਖੇ ਕਿ ਮਾਲਕ ਪ੍ਰਭੂ ਜੂਨਾਂ ਵਿਚ ਆਉਂਦਾ ਹੈ।
ਇਹ ਸ਼ਬਦ ਸੁਣ ਕੇ ਰਾਜਾ ਬੋਲਿਆ, “ਗਿਆਨ ਦੇ ਰਾਹ ‘ਤੇ ਤੁਸੀਂ ਸੱਚੇ ਹੋ, ਪਰ ਮੇਰਾ ਹੁਕਮ ਨਾ ਮੰਨ ਕੇ ਤੁਸੀਂ ਗੁਨਾਹੀ ਹੋ।” ਇਹ ਸੁਣ ਭਾਈ ਕਲਿਆਣਾ ਜੀ ਕਹਿਣ ਲੱਗੇ, “ਆਪ ਤਾਂ ਪ੍ਰਮਾਤਮਾ ਦੇ ਨਿਯਮਾਂ ਦੀ ਉਲੰਘਣਾ ਕਰ ਰਹੇ ਹੋ, ਕਿਉਂਕਿ ਪ੍ਰਮਾਤਮਾ ਸਭ ਨੂੰ ਰੋਜ਼ੀ ਦੇਂਦਾ ਹੈ, ਪਰ ਤੁਸੀਂ ਵਰਤ ਰਖਾਉਂਦੇ ਹੋ। ਕੀ ਕਿਸੇ ਨੂੰ ਭੁੱਖੇ ਰੱਖਣਾ ਪਾਪ ਨਹੀਂ?” ਗੁਰਮਤਿ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਵਾਪਸੀ ਸਮੇਂ ਭਾਈ ਕਲਿਆਣਾ ਜੀ ਦੇ ਨਾਲ ਰਾਜਾ ਹਰੀਸੈਨ ਅੰਮ੍ਰਿਤਸਰ ਵਿਖੇ ਆ ਕੇ ਗੁਰੂ ਅਰਜਨ ਸਾਹਿਬ ਜੀ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਵਾਪਸ ਗਿਆ। ਰਾਜੇ ਨੇ ਆਪਣੇ ਰਾਜ ਵਿਚ ਗੁਰਮਤਿ ਪ੍ਰਚਾਰ ਦੁਆਰਾ ਭੋਲੇ-ਭਾਲੇ ਲੋਕਾਂ ਦੇ ਗਲੋਂ ਬਿਪਰਵਾਦੀ ਜੂਲਾ ਲੁਹਾ ਦਿੱਤਾ ਅਤੇ ਵਰਤ ਰੱਖਣ ਵਰਗੇ ਫ਼ੋਕਟ ਕਰਮਾਂ ਦੀ ਦਲਦਲ ਵਿਚ ਡਿੱਗਣੋਂ ਆਪ ਨੂੰ ਤੇ ਉਨ੍ਹਾਂ ਨੂੰ ਬਚਾ ਲਿਆ।
ਅਫ਼ਸੋਸ ਕਿ ਜਿਨ੍ਹਾਂ ਨੇ ਘਰ-ਘਰ ਜਾ ਕੇ ਗੁਰਮਤਿ ਦਾ ਪ੍ਰਚਾਰ ਕਰਨਾ ਸੀ, ਉਨ੍ਹਾਂ ਵਿਚੋਂ ਕੁਝ ਸਿੱਖ ਬੀਬੀਆਂ, ਭੈਣਾਂ ਵੀ ਵਰਤ ਰੱਖਣ ਵਰਗੀ ਆਪ ਸਹੇੜੀ ਬੀਮਾਰੀ ਦਾ ਸ਼ਿਕਾਰ ਬਣ ਰਹੀਆਂ ਹਨ ਅਤੇ ਕਈ ਵੀਰ ਵੀ ਇਸ ਬੀਮਾਰੀ ਤੋਂ ਨਹੀਂ ਬਚ ਸਕੇ। ਵੈਸੇ ਪਿੰਡਾਂ ਨਾਲੋਂ ਸ਼ਹਿਰਾਂ ਵਿਚ ਇਸ ਬੀਮਾਰੀ ਦਾ ਜ਼ਿਆਦਾ ਜ਼ੋਰ ਹੈ। ਚੇਤ ਤੇ ਕੱਤਕ ਮਹੀਨਿਆਂ ਵਿਚ ਇਨ੍ਹਾਂ ਦੀ ਜ਼ਿਆਦਾ ਭਰਮਾਰ ਹੁੰਦੀ ਹੈ। ਕਰਵਾ ਚੌਥ, ਮਹਾਂਲਕਸ਼ਮੀ, ਨਵਰਾਤੇ, ਪੂਰਨਮਾਸ਼ੀ ਆਦਿ ਕਈ ਵਰਤ ਹਨ। ਪਰ ਚੰਦ੍ਰਾਯਣ ਵਰਤ 12 ਮਹੀਨੇ 30 ਦਿਨ ਹੀ ਚੱਲਦਾ ਰਹਿੰਦਾ ਹੈ। ਇਸ ਵਰਤ ਦੀ ਵਿਧੀ ਇਸ ਤਰ੍ਹਾਂ ਹੈ-
“ਚਾਂਦਨੀ ਏਕਮ ਨੂੰ ਤਿੰਨ ਵੇਲੇ ਇਸ਼ਨਾਨ ਕਰਕੇ ਸੰਞ ਸਮੇਂ ਮੋਰ ਦੇ ਆਂਡੇ ਦੇ ਆਕਾਰ ਦਾ ਇਕ ਗ੍ਰਾਸ ਖਾਵੇ, ਦੂਜ ਨੂੰ ਦੋ ਗ੍ਰਾਮ, ਇਸ ਤਰ੍ਹਾਂ ਕਰਮ ਅਨੁਸਾਰ ਇਕ ਗ੍ਰਾਮ ਵਧਾਉਂਦਾ ਹੋਇਆ ਪੂਰਨਮਾਸ਼ੀ ਨੂੰ ਪੰਦਰਾਂ ਗ੍ਰਾਮ ਖਾਵੇ, ਫੇਰ ਅੰਧੇਰੇ ਪੱਖ ਦੀ ਏਕਮ ਨੂੰ ਚੌਦਾਂ, ਦੂਜ ਨੂੰ ਤੇਰਾਂ, ਐਸੇ ਹੀ ਯਥਾਕ੍ਰਮ ਘਟਾਉਂਦਾ ਹੋਇਆ ਅੰਧੇਰੀ ਚੌਦੇਂ ਨੂੰ ਇਕ ਗ੍ਰਾਮ ਖਾਵੇ ਅਤੇ ਅਮਾਵਸ ਦੇ ਦਿਨ ਕੁਝ ਨ ਖਾਵੇ। ਇਹ ਵਰਤ ਦੇ ਹੋਰ ਭੀ ਕਈ ਪ੍ਰਕਾਰ ਧਰਮ ਸ਼ਾਸਤਰਾਂ ਵਿਚ ਲਿਖੇ ਹਨ, ਪਰ ਸਭ ਦਾ ਮੱਤ ਇਕੋ ਹੀ ਹੈ ਕਿ ਚੰਦ੍ਰਮਾ ਦੇ ਵਧਣ ਘਟਣ ਨਾਲ ਗ੍ਰਾਮ ਵਧਾਉਣਾ ਘਟਾਉਣਾ ਹੈ।
(ਮਹਾਨ ਕੋਸ਼ ਪੰਨਾ ੪੬੨)
ਕਈ ਵਰਤ ਤਾਂ ਅਜਿਹੇ ਵੀ ਹਨ, ਜਿਨ੍ਹਾਂ ਵਿਚ ਮੂੰਹ ਵਿਚ ਤੀਲਾ ਪਾਉਣ ਦੀ ਵੀ ਇਜਾਜ਼ਤ ਨਹੀਂ ਹੈ। ਜੋ ਵਰਤ ਰੱਖਣ ਜਾਂ ਰਖਾਉਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਭਗਤ ਕਬੀਰ ਜੀ ਸਮਝਾਉਂਦੇ ਹਨ-
ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ ਜਗ ਮਹਿ ਬਕਤੇ ਦੂਧਾਧਾਰੀ॥ ਗੁਪਤੀ ਖਾਵਹਿ ਵਟਿਕਾ ਸਾਰੀ॥ ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ ਨ ਮਿਲੈ ਗੁਪਾਲੁ॥ ਕਹੁ ਕਬੀਰ ਹਮ ਐਸੇ ਜਾਨਿਆ॥ ਧੰਨੁ ਅਨਾਦਿ ਠਾਕੁਰ ਮਨੁ ਮਾਨਿਆ॥
(ਗੋਂਡ, ਅੰਗ ੮੭੩)
ਭਾਵ ਜੋ ਲੋਕ ਅੰਨ ਛੱਡ ਦਿੰਦੇ ਹਨ, ਇਹ ਪਾਖੰਡ ਕਰਦੇ ਹਨ, ਉਹ ਉਨ੍ਹਾਂ ਕੁਚੱਜੀਆਂ ਜ਼ਨਾਨੀਆਂ ਵਾਂਗ ਹਨ, ਜੋ ਨਾ ਸੋਹਗਣਾਂ ਹਨ ਤੇ ਨਾ ਰੰਡੀਆਂ ਹਨ। ਅੰਨ ਛੱਡਣ ਵਾਲੇ ਸਾਧੂ ਲੋਕਾਂ ਵਿਚ ਆਖਦੇ ਫਿਰਦੇ ਹਨ, ਅਸੀਂ ਨਿਰਾ ਦੁੱਧ ਪੀ ਕੇ ਹੀ ਨਿਰਬਾਹ ਕਰਦੇ ਹਾਂ, ਪਰ ਚੋਰੀ-ਚੋਰੀ ਸਾਰੀ ਦੀ ਸਾਰੀ ਪਿੰਨੀ ਖਾ ਜਾਂਦੇ ਹਨ। ਅੰਨ ਤੋਂ ਬਿਨਾਂ ਸੁਕਾਲ ਨਹੀਂ ਹੋ ਸਕਦਾ, ਅੰਨ ਛੱਡਿਆਂ ਰੱਬ ਨਹੀਂ ਮਿਲਦਾ। ਕਬੀਰ (ਬੇਸ਼ੱਕ) ਆਖ, ਸਾਨੂੰ ਇਹ ਨਿਸਚਾ ਹੈ ਕਿ ਅੰਨ ਬੜਾ ਸੁੰਦਰ ਪਦਾਰਥ ਹੈ ਜਿਸ ਨੂੰ ਖਾਧਿਆਂ (ਸਿਮਰਨ ਕਰਕੇ) ਸਾਡਾ ਮਨ ਪ੍ਰਮਾਤਮਾ ਨਾਲ ਜੁੜਦਾ ਹੈ।
‘ਮਹਾਨ ਕੋਸ਼’ ਦੇ ਪੰਨਾ 33-34 ਉੱਪਰ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ “ਅਹੋਈ-ਅਹਿਵੰਸ਼ ਵਿਚ ਹੋਣ ਵਾਲੀ ਇਹ ਦੇਵੀ ਜੋ ਕੁਆਰੀ ਕੰਨਿਆ ਦੀ ਪੂਜਯ (ਦੇਵੀ) ਹੈ, ਅੱਸੂ ਦੇ ਨਵਰਾਤਿਆਂ ਵਿਚ ਕੁਆਰੀਆਂ ਲੜਕੀਆਂ ਇਸ ਮਿੱਟੀ ਦੀ ਮੂਰਤੀ ਬਣਾ ਕੇ ਕੰਧ ਉੱਪਰ ਲਾਉਂਦੀਆਂ ਹਨ, ਅਸ਼ਟਮੀ ਦਾ ਵਰਤ ਰੱਖ ਕੇ, ਧੂਪ ਦੀਪ ਨਾਲ ਦੇਵੀ-ਮੂਰਤੀ ਦੀ ਪੂਜਾ ਕਰਦੀਆਂ ਹਨ। ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ-ਪ੍ਰਵਾਹ ਕਰ ਦੇਂਦੀਆਂ ਹਨ।”
ਭਗਤ ਕਬੀਰ ਜੀ ਫੁਰਮਾਉਂਦੇ ਹਨ-
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ॥ ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ॥ ੧੦੮॥
(ਸਲੋਕ, ਭਗਤ ਕਬੀਰ ਜੀ, ਅੰਗ ੧੩੭੦)
ਭਾਵ ਰਾਮ ਨਾਮ ਛੱਡਣ ਦਾ ਇਹ ਨਤੀਜਾ ਹੈ ਕਿ (ਮੂਰਖ) ਇਸਤਰੀ ਸੀਤਲਾ ਦਾ ਵਰਤ ਰੱਖਦੀ ਫਿਰਦੀ ਹੈ। ਤੇ ਜੇ ਭਲਾ ਸੀਤਲਾ (ਦੇਵੀ) ਉਸ ਨਾਲ ਬੜਾ ਹੀ ਪਿਆਰ ਕਰੇਗੀ ਤਾਂ ਉਸ ਨੂੰ ਹਰ ਵੇਲੇ ਆਪਣੇ ਪਾਸ ਰੱਖਣ ਲਈ ਆਪਣੀ ਸਵਾਰੀ ਖੋਤੀ ਬਣਾ ਲਵੇਗੀ ਤੇ ਖੋਤੇ-ਖੋਤੀਆਂ ਵਾਂਗ ਛੁੱਟਾਂ ਦਾ ਚਾਰ ਮਣ ਭਾਰ ਢੋਂਦੀ ਹੈ। ਵੈਸੇ ਵੀ ਜੇ ਮਨ ਨੂੰ ਇਕਾਗਰ ਕਰਨ ਵਾਸਤੇ ਵਰਤ ਰੱਖਣ ਨਾਲ, ਤਪ-ਤਪਣ ਨਾਲ ਤੇ ਮਨ ਦੇ ਫੁਰਨਿਆਂ ਨੂੰ ਬਦੀ ਵਲੋਂ ਰੋਕਣ ਦੇ ਜਤਨ ਨਾਲ ਤਾਂ ਸਰੀਰ ਹੀ ਦੁਖੀ ਹੁੰਦਾ ਹੈ, ਪਰ ਮਨ ਨੂੰ ਕੋਈ ਅਸਰ ਨਹੀਂ ਹੁੰਦਾ, ਨਾ ਹੀ ਕੋਈ ਕਰਮ ਪ੍ਰਮਾਤਮਾ ਦੇ ਨਾਮ-ਸਿਮਰਨ ਦੀ ਬਰਾਬਰੀ ਕਰ ਸਕਦਾ ਹੈ-
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ॥ ਵਰਤੁ ਤਪਨੁ ਕਰਿ ਮਨੁ ਨਹੀ ਭੀਜੈ॥ ਰਾਮ ਨਾਮ ਸਰਿ ਅਵਰੁ ਨ ਪੂਜੈ॥
(ਰਾਮਕਲੀ ਮਹਲਾ ੧, ਅੰਗ ੯੦੫)
ਵਰਤ ਰੱਖਣ ਵਰਗਾ ਭਰਮ-ਜਾਲ ਫੈਲਾਉਣਾ ਕਿਸੇ ਸ਼ੈਤਾਨ ਦੀ ਕਾਢ ਹੈ। ਪਹਿਲਾ
ਲੜਕੀ ਨੂੰ ‘ਵਰ’ ਪ੍ਰਾਪਤੀ ਲਈ ਵਰਤ ਰੱਖਣ ਵਾਸਤੇ ਤੇ ਫਿਰ ਪਤੀ ਦੀ ਵੱਡੀ ਉਮਰ ਮੰਗਣ ਵਾਸਤੇ ਕਰਵਾ ਚੌਥ ਵਰਗਾ ਵਰਤ ਰੱਖਣ ਲਈ ਕਿਹਾ ਜਾਂਦਾ ਹੈ। ਇਹ ਵਰਤ ਬੀਬੀਆਂ ਭੈਣਾਂ ਵਿਚ ਹੀਣ-ਭਾਵਨਾ ਬਣਾਈ ਰੱਖਦੇ ਹਨ। ਦੇਖਾ-ਦੇਖੀ ਕਈ ਸਿੱਖ ਬੀਬੀਆਂ ਵੀ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ। ਕਈ ਬੀਬੀਆਂ ਨੂੰ ਸਹੁਰੇ ਪਰਿਵਾਰ ਵੱਲੋਂ ਵਰਤ ਰੱਖਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਵੇਂ ਕਿ ਇਕ ਸਿੱਖ ਬੀਬੀ ਨੇ ਪੁੱਛਣ ‘ਤੇ ਦੱਸਿਆ ਕਿ ਮੈਨੂੰ ਪਤਾ ਹੈ ਕਿ ਗੁਰਮਤਿ ਵਰਤ ਰੱਖਣ ਵਰਗੇ ਕਰਮ-ਕਾਂਡਾਂ ਦਾ ਖੰਡਨ ਕਰਦੀ ਹੈ, ਪਰ ਜੇ ਮੈਂ ਕਰਵਾ ਚੌਥ ਨਾ ਰੱਖਾਂ ਤਾਂ ਮੇਰੇ ਘਰ ਵਿਚ ਦਰਾਣੀਆਂ ਜਠਾਣੀਆਂ, ਸੱਸ ਤੇ ਨਣਦ ਕਲੇਸ਼ ਖੜ੍ਹਾ ਕਰ ਦੇਂਦੀਆਂ ਹਨ। ਇਸ ਲਈ ਮੈਂ ਪਤੀ ਦੀ ਮਾਰ ਤੋਂ ਡਰਦੀ ਤੇ ਘਰ ਵਿਚ ਕਲੇਸ਼ ਪੈਦਾ ਹੋਣ ਤੋਂ ਡਰਦੀ ਹੀ ਇਹ ਸਿਆਪਾ ਕਰਦੀ ਹਾਂ।
ਉਸ ਦਿਨ ਇਕ ਬ੍ਰਾਹਮਣੀ, ਕਰਵੇ ਚੌਥ ਨਾਲ ਜੁੜੀ ਇਕ ਰਾਜੇ ਦੀ ਰਾਣੀ ‘ਵੀਰੋ ਦੀ ਕਹਾਣੀ ਵਿਸ਼ੇਸ਼ ਕੱਪੜੇ ਪਾਏ ਵਰਤ ਰੱਖਣ ਵਾਲੀਆਂ ਬੀਬੀਆਂ ਭੈਣਾਂ ਨੂੰ ਸੁਣਾਉਂਦੀ ਹੈ ਜੋ ਇਸ ਪ੍ਰਕਾਰ ਹੈ-
ਵੀਰੋ ਸੱਤਾਂ ਭਰਾਵਾਂ ਦੀ ਲਾਡਲੀ ਭੈਣ ਇਕ ਰਾਜੇ ਦੀ ਪਤਨੀ ਹੁੰਦੀ ਹੈ। ਵਰਤ ਵਾਲੇ ਦਿਨ ਉਸ ਦੇ ਭਰਾਵਾਂ ਨੇ ਤਾਂ ਰੋਟੀ ਖਾ ਲਈ, ਪਰ ਉਸ ਨੇ ਨਾ ਖਾਧੀ। ਉਸ ਨੂੰ ਰੋਟੀ ਖਵਾਉਣ ਲਈ ਭਰਾਵਾਂ ਨੇ ਇਕ ਚਾਲ ਚੱਲੀ। ਉਨ੍ਹਾਂ ਬੇਲੇ ਵਿਚ ਅੱਗ ਲਾ ਦਿੱਤੀ ਤੇ ਅੱਗੇ ਕੱਪੜਾ ਤਾਣ ਕੇ ਭੈਣ ਨੂੰ ਕਹਿਣ ਲੱਗੇ ਕਿ ਵੇਖ ਚੰਦਰਮਾ ਚੜ੍ਹ ਪਿਆ ਹੈ। ਉਹ ਚੰਦਰਮਾ ਦੀ ਕਿਤਨੀ ਰੌਸ਼ਨੀ (ਚਾਦਰੇ ਵਾਲੇ ਪਾਸੇ) ਪ੍ਰਤੀਤ ਹੋ ਰਹੀ ਹੈ। ਇਸ ਲਈ ਤੂੰ ਰੋਟੀ ਖਾ ਲੈ। ਵੀਰੋ, ਕੁੜੀ ਨੇ ਰੋਟੀ ਖਾ ਲਈ। ਉਸ ਦਾ ਪਤੀ ਜੋ ਉਸ ਸਮੇਂ ਸ਼ਿਕਾਰ ਖੇਡਣ ਗਿਆ ਹੋਇਆ ਸੀ, ਉਹ ਤੜਫਦਾ-ਤੜਫਦਾ ਮਹਿਲ ਵਿਚ ਵਾਪਸ ਆਇਆ। ਉਸ ਦੇ ਰੋਮ-ਰੋਮ ਵਿਚ ਸੂਈਆਂ ਖੁੱਭੀਆਂ ਹੋਈਆਂ ਸਨ, ਸਿਰ ਵਿਚ ਵੀ। ਵੀਰੋ ਉਸ ਦਾ ਸਿਰ ਆਪਣੇ ਪੱਟਾਂ ‘ਤੇ ਰੱਖ ਕੇ ਸੂਈਆਂ ਕੱਢਣ-ਪੁੱਟਣ ਲੱਗੀ ਅਤੇ ਸਾਰਾ ਸਾਲ ਕੱਢਦੀ ਰਹੀ ਤੇ ਉਹ ਸਾਰਾ ਸਾਲ ਬੇਹੋਸ਼ ਪਿਆ ਰਿਹਾ।
ਸਾਲ ਮਗਰੋਂ ਫਿਰ ਕਰਵੇ ਦਾ ਵਰਤ ਆ ਗਿਆ। ਜਦੋਂ ਉਸ ਦੇ ਪਤੀ (ਰਾਜੇ) ਦੇ ਸਿਰ ਵਿਚ ਇਕ ਸੂਈ ਰਹਿ ਗਈ ਤਾਂ ਬਾਹਰੋਂ ਕਰਵੇ ਵੇਚਣ ਵਾਲੇ ਦੀ ਅਵਾਜ਼ ਸੁਣ ਕੇ ਵੀਰੋ ਆਪਣੀ ਗੋਲੀ ਨੂੰ ਸੂਈ ਕੱਢਣ ਵਾਸਤੇ ਕਹਿ ਕੇ ਆਪ ਕਰਵਾ ਖ੍ਰੀਦਣ ਚਲੀ ਗਈ।
(ਕਰਵਾ ਮਿੱਟੀ ਦੇ ਕੁੱਜੇ ਦੀ ਸ਼ਕਲ ਦਾ ਹੁੰਦਾ ਹੈ) ਜਦੋਂ ਗੋਲੀ ਨੇ ਰਾਜੇ ਦੇ ਸਿਰ ਵਿਚੋਂ ਆਖ਼ਰੀ ਸੂਈ ਕੱਢੀ ਤਾਂ ਉਹ ਇਕ ਸਾਲ ਤੋਂ ਬੇਹੋਸ਼ ਰਾਮ ਰਾਮ ਕਰਦਾ ਉੱਠ ਬੈਠਾ। ਉਸ ਦਿਨ ਤੋਂ ਰਾਜਾ ਗੋਲੀ ਨੂੰ ਰਾਣੀ ਤੇ ਰਾਣੀ ਨੂੰ ਗੋਲੀ ਸਮਝਣ ਲੱਗ ਪਿਆ। ਏਨੀ ਅੱਧੀ ਕਹਾਣੀ ਸੁਣ ਕੇ ਬ੍ਰਾਹਮਣੀ ਦੇ ਦੁਆਲੇ ਗੋਲ ਚੱਕਰ ਵਿਚ ਬੈਠੀਆਂ ਵਰਤ ਰੱਖਣ ਵਾਲੀਆਂ ਵਿਚ ਬ੍ਰਾਹਮਣੀ ਬਾਲੀ ਫੇਰਦੀ ਹੈ ਤੇ ਸਾਰੀਆਂ ਸੋਹਾਗਣ ਤੀਵੀਆਂ ਆਪੋ ਆਪਣੇ ਸਿਰ ਚੁੰਨੀ ਨਾਲ ਘੁੱਟ-ਬੰਨ੍ਹ ਲੈਂਦੀਆਂ ਹਨ ਤੇ ਬ੍ਰਾਹਮਣੀ ਅੱਗੋਂ ਕਹਾਣੀ ਸ਼ੁਰੂ ਕਰਦੀ ਹੈ
ਲੈ ਵੀਰੋ ਕੁੜੀਏ। ਲੈ ਸਰਬ ਸੁਹਾਗਣ ਕਰਵੜਾ।
ਲੈ ਭਾਈਆਂ ਦੀ ਭੈਣ ਕਰਵੜਾ।
ਕੱਤੀਂ ਨਾ ਅਟੇਰੀ ਨਾ। ਘੁੰਮ ਚਰਖੜਾ ਫੇਰੀ ਨਾ।
ਵਾਹਣ ਪੈਰ ਪਾਈਂ ਨਾ। ਸੁੱਤੇ ਨੂੰ ਜਗਾਈਂ ਨਾ।
ਰੁੱਸੇ ਨੂੰ ਮਨਾਈਂ ਨਾ।
ਕਰਵੜਾ ਵਟਾਇਆ। ਜਵੰਦਾ ਝੋਲੀ ਪਾਇਆ।
ਰਾਜਾ ਜਦ ਬਾਹਰ ਗਿਆ ਤਾਂ ਰਾਣੀ ਦੀ ਮੰਗ ਅਨੁਸਾਰ ਉਸ ਲਈ ਹਾਰ-ਸ਼ਿੰਗਾਰ ਦਾ ਸਮਾਨ ਤੇ ‘ਗੋਲੀ’ ਦੀ ਮੰਗ ਅਨੁਸਾਰ ਉਸ ਲਈ ਪੱਟ-ਗੁੱਡੀਆਂ (ਗੁੱਡੀਆਂ-ਪਟੋਲੇ)।
ਰਾਜਾ ਰਾਣੀ ਆਪਣੇ ਕਮਰੇ ਵਿਚ ਹੁੰਦੇ, ਗੋਲੀ ਭਾਵ ਵੀਰੋ ਗੁੱਡੀਆਂ ਨਾਲ ਗੱਲਾਂ ਕਰਦੀ। “ਸੁਣੋ ਨੀ ਭੈਣੋਂ ਗੁੱਡੜੀਓ ! ਰਾਣੀ ਸੀ ਜੋ ਗੋਲੀ ਹੋਈ, ਗੋਲੀ ਸੀ ਜੋ ਰਾਣੀ ਹੋਈ।” ਕਈ ਵਾਰ ਇਸ ਤਰ੍ਹਾਂ ਕਹਿੰਦੀ।
ਇਕ ਦਿਨ ਰਾਜੇ ਨੇ ਗੋਲੀ (ਜੋ ਅਸਲ ਵਿਚ ਰਾਣੀ ਸੀ) ਤੋਂ ਪੁੱਛ ਲਿਆ ਕਿ ਤੂੰ ਇਹ ਕੀ ਪੜ੍ਹਦੀ-ਗਾਉਂਦੀ ਏਂ? ਗੋਲੀ (ਵੀਰੋ) ਨੇ ਸਾਰੀ ਕਹਾਣੀ ਸੁਣਾਈ, ਜਿਸ ਨੂੰ ਸੁਣ ਕੇ ਰਾਜੇ ਨੇ ਮੁੜ ਉਸ ਨੂੰ ਆਪਣੀ ਰਾਣੀ ਬਣਾ ਲਿਆ। ਵਰਤ ਰੱਖਣ ਵਾਲੀਆਂ ਬੀਬੀਆਂ ਭੈਣਾਂ ਇਸ ਮਨਘੜਤ ਕਹਾਣੀ ਨੂੰ ਬੜੇ ਮਜ਼ੇ ਨਾਲ ਸੁਣਦੀਆਂ ਹਨ। ਕੋਈ ਵੀ ਬੀਬੀ ਭੈਣ ਬ੍ਰਾਹਮਣੀ ਨੂੰ ਇਹ ਪੁੱਛਣਾ ਜ਼ਰੂਰੀ ਨਹੀਂ ਸਮਝਦੀ ਕਿ ਵੀਰੋ ਕੁੜੀ ਦੇ ਪੇਕੇ ਕਿੱਥੇ ਸਨ ਤੇ ਉਹ ਕਿੱਥੋਂ ਦੇ ਰਾਜੇ ਦੀ ਰਾਣੀ ਸੀ? (ਪਿਤਾ ਤੇ ਪਤੀ ਦਾ ਨਾਮ ਜਾਣਨਾ ਵੀ ਜ਼ਰੂਰੀ ਹੈ) ਕੀ ਬੇਲੇ ਵਿਚ ਲੱਗੀ ਅੱਗ ਚੰਦਰਮਾ ਦਾ ਭੁਲੇਖਾ ਪਾ ਸਕਦੀ ਹੈ? ਕਦੇ ਵੀ ਨਹੀਂ ! ਵੀਰੋ ਕੁੜੀ ਦੇ ਪਤੀ ਦੇ ਰੋਮ ਰੋਮ ਵਿਚ ਸੂਹੀਆਂ ਚੁਭਾਉਣ ਵਾਲਾ ਕੌਣ ਸੀ? ਸਰੀਰ ਵਿਚ ਵੱਜੀ ਸੂਈ ਮਾਸ ਵਿਚ ਅੱਗੇ ਤੁਰ ਜਾਂਦੀ ਹੈ। ਕੀ ਰੋਮ-ਰੋਮ ਵਿਚ ਵੱਜੀਆਂ ਸੂਈਆਂ ਅੱਗੇ ਨਾ ਤੁਰੀਆਂ? ਕੀ ਉਸ ਸਮੇਂ ਕੋਈ ਵੈਦ ਹਕੀਮ ਨਹੀਂ ਸੀ? ਜਾਂ ਵੀਰੋ ਕੁੜੀ ਖ਼ੁਦ ਵੈਦ-ਡਾਕਟਰ ਸੀ ਜੋ ਆਪਣੇ ਪਤੀ ਦੇ ਸਰੀਰ ਵਿਚੋਂ ਆਪ ਹੀ ਸੂਈਆਂ ਪੁੱਟਦੀ ਰਹੀ? ਰਾਜੇ ਦੇ ਮਾਂ ਪਿਉ ਭੈਣ-ਭਰਾਵਾਂ ਜਾਂ ਵੀਰੋ ਦੇ ਪੇਕਿਆਂ-ਭਰਾਵਾਂ ਨੇ ਰਾਜੇ ਦੇ ਸਰੀਰ ਵਿਚੋਂ ਸੂਈਆਂ ਪੁੱਟਣ ਵਾਸਤੇ ਵੀਰੋ ਨਾਲ ਹੱਥ ਕਿਉਂ ਨਾ ਵਟਾਇਆ? ਰੋਮ-ਰੋਮ ਵਿਚ ਸੂਈਆਂ ਚੁੱਭਣ ਕਰਕੇ ਰਾਜੇ ਨੂੰ ਲੋਹ ਵਿਸ ਨਾ ਹੋਈ। ਸਾਰਾ ਸਾਲ ਪਤੀ ਦਾ ਸਿਰ ਪੱਟਾਂ ‘ਤੇ ਰੱਖ ਕੇ ਸੂਈਆਂ ਪੁੱਟਣ ਵਾਲੀ ਪਤਨੀ ਅਖੀਰਲੀ ਇਕ ਸੂਈ ਵਿਚੇ ਛੱਡ ਕੇ ਕਰਵਾ ਖ਼ਰੀਦਣ ਚਲੇ ਗਈ। ਕੀ ਵੀਰੋ ਨੂੰ ਜ਼ਿਆਦਾ ਪਤੀ ਦੀ ਲੋੜ ਸੀ ਜਾਂ ਕਰਵੇ ਦੀ? ਗੋਲੀ ਨੇ ਕਿਉਂ ਨਾ ਰਾਜੇ ਨੂੰ ਦੱਸਿਆ ਕਿ ਮੈਂ ਤੇਰੀ ‘ਰਾਣੀ’ ਨਹੀਂ? ਕੋਈ ਔਰਤ ਆਪਣੇ ਪਤੀ ਨਾਲ ਕਿਸੇ ਦੁਜੀ ਔਰਤ ਦੇ ਨਜਾਇਜ਼ ਸੰਬੰਧਾਂ ਨੂੰ ਬਰਦਾਸ਼ਤ ਨਹੀਂ ਕਰਦੀ, ਫਿਰ ਵੀਰੋ ਦੇ ਚੁੱਪ ਰਹਿਣ ਵਿਚ ਕੀ ਰਾਜ਼ ਸੀ? ਰਾਜੇ ਦੇ ਮਾਂ-ਪਿਉ ਤੇ ਵੀਰੋ ਦੇ ਪੇਕੇ-ਭਰਾਵਾਂ ਨੇ ਵੀ ਰਾਜੇ ਨੂੰ ਅਸਲੀਅਤ ਕਿਉਂ ਨਾ ਦੱਸੀ?
ਕਰਵਾ ਚੌਥ ਵਾਲੇ ਦਿਨ ਵਰਤ ਰੱਖਣ ਵਾਲੀ ਨੂੰ ਹੱਥ ‘ਤੇ ਹੱਥ ਧਰ ਕੇ (ਵਿਹਲੀ) ਬੈਠਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਸ ਨੂੰ ਸੁੱਤੇ ਹੋਏ ਪਤੀ ਨੂੰ ਨਾ ਜਗਾਉਣ ਦੀ ਤੇ ਰੁੱਸੇ ਪਤੀ ਨੂੰ ਨਾ ਮਨਾਉਣ ਦੀ ਸਿੱਖਿਆ ਦੇਣੀ ਕਿੱਥੋਂ ਤੱਕ ਉਚਿਤ ਹੈ? ਅਗਰ ਵਰਤ ਰੱਖਣ ਵਾਲੀ ਬੀਬੀ ਉਮਰ ਦੀ ਵਡੇਰੀ ਹੋਵੇ, ਬੱਚੇ ਵੀ 10-12 ਹੋਣ ਤਾਂ ਕੀ ਉਸ ਨੂੰ ਬ੍ਰਾਹਮਣੀ ਵੱਲੋਂ “ਜਵੰਦਾ ਝੋਲੀ ਪਾਇਆ” ਦੀ ਅਸੀਸ ਦੇਣੀ ਠੀਕ ਹੈ?
ਇਕਾਦਸ਼ੀ ਦਾ ਵਰਤ ਅਰਥਾਤ ਗਿਆਰਵੀਂ ਥਿਤ ਦਾ ਵਰਤ, ਜਿਸ ਨੂੰ ਅੰਧ-ਵਿਸ਼ਵਾਸੀ ਇਸਤਰੀ-ਮਰਦ ਸ਼ਰਧਾ ਨਾਲ ਰੱਖਦੇ ਹਨ ਅਤੇ ਸਾਰਾ ਦਿਨ ਅੰਨ ਨਹੀਂ ਖਾਂਦੇ। ਗੁਰੂ ਅਰਜਨ ਸਾਹਿਬ ਜੀ ਉਪਦੇਸ਼ ਦੇਂਦੇ ਹਨ-
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ॥ ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮੁ॥ ਮਨਿ ਸੰਤੋਖੁ ਸਰਬ ਜੀਅ ਦਇਆ॥ ਇਨ ਬਿਧਿ ਬਰਤੁ ਸੰਪੂਰਨ ਭਇਆ॥
(ਥਿਤੀ ਗਉੜੀ ਮਹਲਾ ੫, ਅੰਗ ੨੯੯)
ਭਾਵ ਪ੍ਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਵੇਖੋ, ਆਪਣੇ ਇੰਦਿਆਂ ਨੂੰ ਕਾਬੂ ਵਿਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ। ਮਨ ਵਿਚ ਸੰਤੋਖ ਧਾਰ ਕੇ ਸਭ ਜੀਵਾਂ ‘ਤੇ ਦਇਆ ਕਰਨ ਨਾਲ ਇਹ ਇਕਾਦਸ਼ੀ ਦਾ ਵਰਤ ਕਾਮਯਾਬ ਹੋ ਜਾਂਦਾ ਹੈ, ਭੁੱਖੇ ਰਹਿਣ ਨਾਲ ਨਹੀਂ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ-
ਇਕ ਮਨਿ ਹੋਇ ਇਕਾਦਸੀ ਗੁਰਮੁਖਿ ਵਰਤੁ ਪਤਿਬ੍ਰਤਿ ਭਾਇਆ॥ (ਵਾਰ ੭:੧੧)
ਭਾਵ ਮਨ ਨਾਲ ਪ੍ਰਭੂ-ਪਤੀ ਦੀ ਭਗਤੀ ਵਿਚ ਪਿਆਰ ਪਾਉਣਾ ਹੀ ਗੁਰਮੁਖਾਂ ਲਈ ਇਕਾਦਸ਼ੀ ਦਾ ਵਰਤ ਹੈ
ਨਉਮੀ ਨੇਮੁ ਸਚੁ ਜੇ ਕਰੈ॥ ਕਾਮ ਕ੍ਰੋਧੁ ਤ੍ਰਿਸਨਾ ਉਚਰੈ॥ ਦਸਮੀ ਦੱਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ॥ ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ॥ ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ॥
(ਵਾਰ ਸਾਰੰਗ ੪, ਸਲੋਕ ਮ: ੩, ਅੰਗ ੧੨੪੫)
ਭਾਵ ਜੇ ਮਨੁੱਖ ਸੱਚ ਧਾਰਨ ਦੇ ਨੇਮ ਨੂੰ ‘ਨਉਮੀ’ ਦਾ ਵਰਤ ਬਣਾਏ। ਕਾਮ, ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ। ਜੇ ਦਸ ਇੰਦ੍ਰਿਆਂ ਨੂੰ ਵਿਕਾਰਾਂ ਵੱਲੋਂ ਦੂਰ ਰੱਖੇ, ਇਸ ਉੱਦਮ ਨੂੰ ‘ਦਸਮੀ’ ਦਾ ਵਰਤ ਬਣਾਏ। ਇਕ ਪ੍ਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ। ਇਹ ਉਸ ਦਾ ਇਕਾਦਸ਼ੀ ਦਾ ਵਰਤ ਹੋਵੇ। ਪੰਜ ਕਾਮਾਦਿਕਾਂ ਨੂੰ ਕਾਬੂ ਰੱਖੇ, ਜੇਕਰ ਇਹ ਉਸ ਦਾ ‘ਦੁਆਦਸ਼ੀ’ ਦਾ ਵਰਤ ਬਣੇ ਤਾਂ ਮਨੁੱਖ ਦਾ ਮਨ ਪਤੀਜ ਜਾਂਦਾ ਹੈ। ਹੇ ਪੰਡਿਤ ! ਜੇ ਇਹੋ ਜਿਹਾ ਵਰਤ ਨਿਭਾ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ।
ਸਾਡੇ ਇਲਾਕੇ ਵਿਚ ਮੰਨੇ-ਪ੍ਰਮੰਨੇ ਜਾਣ ਵਾਲੇ ਪੰਡਿਤ ਕੋਲੋਂ ਵਰਤਾਂ ਦੀ ਜਾਣਕਾਰੀ ਲੈਣ ਵਾਸਤੇ ਸੰਪਰਕ ਕੀਤਾ ਗਿਆ ਤੇ ਉਸ ਨੂੰ ਪੁੱਛਿਆ ਗਿਆ ਕਿ, “ਸਾਨੂੰ ਦੱਸੋ ਕਿ ਕਿਸ ਇਤਿਹਾਸ-ਮਿਥਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਕੋਈ ਵੀ ਪਹਿਲਾ ਵਰਤ ਕਦੋਂ ਤੇ ਕਿਸ ਨੇ ਰੱਖਿਆ ਸੀ?” ਉਸ ਨੇ ਦੱਸਿਆ ਕਿ “ਅੱਜ ਤੱਕ ਮੈਂ ਕਾਫ਼ੀ ਪੜ੍ਹ ਚੁੱਕਿਆ ਹਾਂ, ਪਰ ਇਹ ਜਾਣਕਾਰੀ ਅਜੇ ਤਕ ਨਹੀਂ ਮਿਲੀ।” ਅੱਜ ਤੱਕ ਜੋ ਮਾਈ ਭਾਈ ਬੀਬੀਆਂ-ਭੈਣਾਂ ਅਨਪੜ੍ਹਤਾ ਜਾਂ ਅਗਿਆਨਤਾ ਦੇ ਚੁੰਗਲ ਵਿਚ ਫਸ ਕੇ, ਕਿਸੇ ਨਾ ਕਿਸੇ ‘ਫਲ’ ਦੀ ਪ੍ਰਾਪਤੀ ਦੀ ਆਸ ਨਾਲ ਵਰਤ ਰੱਖਦੇ ਆ ਰਹੇ ਹਨ, ਓਨੀ ਦੇਰ ਤੱਕ ਉਨ੍ਹਾਂ ਦਾ ਕਰਮ-ਕਾਂਡਾਂ ਰੂਪੀ ਭਰਮ ਜਾਲ ਤੋਂ ਛੁਟਕਾਰਾ ਨਹੀਂ ਹੋ ਸਕਦਾ, ਜਿੰਨੀ ਦੇਰ ਤੱਕ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਮੰਨ ਕੇ ਆਪਣੇ ਹਿਰਦੇ ਅੰਦਰ ਗੁਰਮਤਿ ਦਾ ਪ੍ਰਕਾਸ਼ ਨਹੀਂ ਕਰਦੇ।
ਲਖ ਜਪ ਤਪ ਲਖ ਸੰਜਮਾਂ ਹੋਮ ਜਗ ਲਿਖ ਵਰਤ ਕਰੰਦੇ।….. ਗੁਰੁ ਸਿਖੀ ਸੁਖੁ ਤਿਲੁ ਨ ਲਹੰਦੇ॥੧੮॥
(ਵਾਰ ੨੮: ੧੮)
ਭਾਵ ਲੱਖਾਂ ਜਪੀਏ, ਲੱਖਾਂ ਹੀ ਤਪੀਏ ਹਨ, ਲੱਖਾਂ ਹੀ ਸੰਜਮ, ਲੱਖਾਂ ਹੀ ਵਰਤ ਰੱਖਦੇ ਹਨ, ਪਰ ਇਹ ਸਾਰੇ ਅਡੰਬਰ ਗੁਰਸਿੱਖੀ ਦਾ ‘ਫਲਾ ਦੇ ਇਕ ਤਿਲ-ਮਾਤਰ ਵੀ ਅਨੰਦ ਪ੍ਰਾਪਤ ਨਹੀਂ ਕਰ ਸਕਦੇ। ਸੋ ਆਓ, ਗੁਰੂ ਪਿਆਰ ਵਾਲਿਓ! ਗੁਰਮਤਿ ਦੇ ਮਾਰਗ ‘ਤੇ ਚੱਲਦਿਆਂ ਹੋਇਆਂ ਬਿਪਰਵਾਦੀ ਕਰਮ-ਕਾਂਡਾਂ ਦੇ ਜੂਲੇ ਨੂੰ ਆਪਣੇ ਗਲੋਂ ਲਾਹ ਕੇ ਦੂਰ ਸੁੱਟਣ ਦਾ ਪ੍ਰਣ ਕਰੀਏ। ਗੁਰੂ ਭਲੀ ਕਰੇਗਾ!
ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ