ਭਾਈ ਜੇਠਾ ਜੀ (ਜੋ ਮਗਰੋਂ ਸ੍ਰੀ ਗੁਰੂ ਰਾਮਦਾਸ ਜੀ ਕਹਾਏ) ਦਾ ਪ੍ਰਕਾਸ਼ ਚੂਨੀ ਮੰਡੀ, ਲਾਹੌਰ ਵਿਚ ੨੪ ਸਤੰਬਰ, ੧੫੩੪ ਈ. ਵਿਚ ਹੋਇਆ। ਆਪ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ੩੧ ਰਾਗਾਂ ਵਿੱਚੋਂ ੩੦ ਰਾਗਾਂ ਵਿਚ ਬਾਣੀ ਰਚੀ। ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਨੁੱਖੀ ਨਵ-ਨਿਰਮਾਣ ਦੀ ਵਿਚਾਰਧਾਰਾ ਨੂੰ ਅੱਗੇ ਤੋਰਦੀ ਹੈ। ਰੱਬੀ ਪ੍ਰੀਤ ਤੇ ਬਿਰਹਾ, ਸਿਮਰਨ ਤੇ ਸੇਵਾ, ਸੱਚੀ ਲਗਨ ਤੇ ਕੁਰਬਾਨੀ ਉਨ੍ਹਾਂ ਦੇ ਜੀਵਨ-ਆਦਰਸ਼ ਉਨ੍ਹਾਂ ਦੁਆਰਾ ਕੌਮੀ ਸਿਰਜਣਾ ਦੀ ਨੀਂਹ ਬਣੇ। ਉਨ੍ਹਾਂ ਨੇ ਬੜੀ ਜ਼ਿੰਮੇਵਾਰੀ ਨਾਲ ਸਿੱਖ ਧਰਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਨਿਸ਼ਚਿਤ ਲੀਹਾਂ ’ਤੇ ਤੋਰਿਆ। ਉਨ੍ਹਾਂ ਦੁਆਰਾ ਰਚੀ ਬਾਣੀ ਰਾਹੀਂ ਅਸੀਂ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਹੇਠ ਲਿਖੇ ਅਨੁਸਾਰ ਸਮਝਣ ਦਾ ਯਤਨ ਕਰ ਸਕਦੇ ਹਾਂ:
ਪ੍ਰਭੂ ਪ੍ਰਾਪਤੀ ਲਈ ਆਤਮ ਸਮਰਪਣ:- ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਅਨੁਸਾਰ ਮਨੁੱਖ ਦਾ ਜੀਵਨ-ਮਨੋਰਥ ਪਰਮਾਤਮਾ ਅਥਵਾ ਪਰਮ ਹਕੀਕਤ ਦੀ ਪ੍ਰਾਪਤੀ ਹੈ। ਇਸ ਪ੍ਰਾਪਤੀ ਵਿਚ ਸਹਾਇਕ ਬਣਨ ਵਾਲੇ ਵਿਅਕਤੀ ਲਈ ਉਹ ਆਪਾ ਵੇਚਣ ਲਈ ਤਿਆਰ ਹਨ। ਇੱਥੋਂ ਤਕ ਕਿ ਪ੍ਰਭੂ ਵਸਲ ਲਈ ਆਪਣੇ ਤਨ ਦੇ ਟੁੱਕੜੇ-ਟੁੱਕੜੇ ਕਰਾਉਣ ਵਿਚ ਵੀ ਉਨ੍ਹਾਂ ਨੂੰ ਕੋਈ ਉਜ਼ਰ ਨਹੀਂ। ਅਜਿਹੀ ਤੜਪ ਦਾ ਯਥਾਰਥਕ ਵਰਣਨ ਦੁਨਿਆਵੀ ਸਾਹਿਤ ਵਿਚ ਕਿਧਰੇ ਨਹੀਂ ਮਿਲਦਾ ਜਿਵੇਂ:
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ॥. . .
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ॥
(ਪੰਨਾ ੭੫੭)
ਜੀਵਨ ਪਰਿਵਰਤਨ: ਉਪਰੋਕਤ ਆਤਮ-ਸਮਰਪਨ ਦੀ ਭਾਵਨਾ ਉਨ੍ਹਾਂ ਦੇ ਜੀਵਨ ਵਿਚ ਵੀ ਮਿਲਦੀ ਹੈ। ਇਸੇ ਭਾਵਨਾ ਨੇ ਉਨ੍ਹਾਂ ਦੇ ਜੀਵਨ ਦਾ ਕਾਇਆ-ਕਲਪ ਕੀਤਾ। ਆਪ ਦੀ ਸੇਵਾ ਪ੍ਰਵਾਨ ਹੋਈ। ਘੁੰਗਣੀਆਂ ਵੇਚਣ ਦੀ ਕਿਰਤ ਨੂੰ ਫਲ ਲੱਗਾ। ਸੇਵਾ, ਸਿਮਰਨ ਤੇ ਸਾਦਗੀ ਸਦਕਾ ਆਪ ਨੂੰ ਗੁਰਿਆਈ ਦੀ ਬਖਸ਼ਿਸ਼ ਹੋਈ। ਇਸ ਚਮਤਕਾਰੀ ਤਬਦੀਲੀ ਬਾਰੇ ਆਪ ਨੇ ਆਪਣੀ ਬਾਣੀ ਵਿਚ ਜ਼ਿਕਰ ਕੀਤਾ ਹੈ:
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ॥
(ਪੰਨਾ ੧੬੭)
ਹਊਮੈਂ ਦੀ ਭਾਵਨਾ ਦਾ ਵਿਨਾਸ਼: ਪ੍ਰਭੂ-ਪ੍ਰਾਪਤੀ ਅਥਵਾ ਜੀਵਨ ਦੀ ਸੰਪੂਰਨਤਾ ਵਿਚ ਵੱਡੀ ਰੋਕ ਹਊਮੈਂ ਦੀ ਹੈ। ਇਹ ਮਨੁੱਖ ਦੀ ਸੈ੍ਵ-ਕੇਂਦਰੀਅਤਾ ਨਾਲ ਸੰਬੰਧਿਤ ਹੈ। ਇਹ ਮਨੁੱਖ ਨੂੰ ਕਈ ਸ਼ੇ੍ਰਣੀਆਂ ਵਿਚ ਵੰਡ ਕੇ, ਝੂਠੀਆਂ ਕੀਮਤਾਂ ਵਿਚ ਉਲਝਾ ਕੇ, ਭ੍ਰਿਸ਼ਟਾਚਾਰ ਦਾ ਕਾਰਨ ਬਣਦੀ ਹੈ। ਮਨੁੱਖ ਹਉਮੈਂ ਦੀ ਦਸ਼ਾ ਵਿਚ ਘਟ ਘਟ ਵਸਦੀ ਪਰਮ ਹੋਂਦ ਤੋਂ ਆਪਣੇ ਆਪ ਨੂੰ ਵੱਖ ਸਮਝਣ ਲਗਦਾ ਹੈ ਤੇ ਸਮਾਜਿਕ ਇਕਸੁਰਤਾ ਨੂੰ ਤੋੜਨ ਦੇ ਆਹਰ ਵਿਚ ਲਗਦਾ ਹੈ।
-ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ॥
ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ॥ (ਪੰਨਾ ੫੯੨)
-ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ॥ (ਪੰਨਾ ੪੪੯)
ਮਾਨਵੀ ਹਸਤੀ ਦਾ ਸੰਕਟ ਤੇ ਸਮਾਧਾਨ: ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਮਾਨਵੀ ਹਸਤੀ ਦੇ ਸੰਕਟ ਨਾਲ ਜੂਝਦੀ ਹੈ। ਇਹ ਸੰਕਟ ਮਾਨਵੀ ਰਿਸ਼ਤਿਆਂ ਦੀ ਅਣਸਥਿਰਤਾ, ਸੰਸਾਰ ਦੀਆਂ ਨਾਸ਼ਵਾਨ ਵਸਤਾਂ ਤੇ ਜੀਵਨ ਦੀ ਛਿੰਨ ਭੰਗਰਤਾ ਦੇ ਅਹਿਸਾਸ ਤੋਂ ਉਤਪੰਨ ਹੁੰਦਾ ਹੈ। ਰਿਸ਼ਤੇਦਾਰਾਂ ਦੀ ਖੁਦਗਰਜ਼ੀ ਜੀਵਨ ਵਿਚ ਬੇ-ਰਸੀ ਪੈਦਾ ਕਰਦੀ ਹੈ। ਗਰਜ਼ ਖਤਮ ਹੋਣ ’ਤੇ ਰਿਸ਼ਤੇ ਛਾਈ ਮਾਂਈ ਹੋ ਜਾਂਦੇ ਹਨ। ਮਾਨਵੀ ਹਸਤੀ ਦੇ ਵਿਘਟਨ ਨੂੰ ਸੰਘਟਨ ਵਿਚ ਬਦਲਣ ਦਾ ਚਮਤਕਾਰ ਇੱਕੋ ਇੱਕ ਗੁਰੂ ਦੀ ਹਸਤੀ ਕੋਲ ਹੈ ਜੋ ਮਨੁੱਖ ਨੂੰ ਸੱਚੀ ਲਿਵ ਪ੍ਰਦਾਨ ਕਰ ਕੇ, ਉਸ ਦੇ ਨੈਣਾਂ ਵਿਚ ਪ੍ਰਭੂ ਦੇ ਦੀਦਾਰ ਦੀ ਸਿੱਕ ਪੈਦਾ ਕਰ ਕੇ ਉਸ ਨੂੰ ਪ੍ਰਭੂ ਮਿਲਾਪ ਦੇ ਸਮਰਥ ਬਣਾ ਸਕਦੀ ਹੈ ਅਤੇ ਉਸ ਦੀ ਰੂਹ ਦੀ ਬੇਕਰਾਰੀ ਨੂੰ ਮਿਟਾ ਕੇ, ਉਸ ਨੂੰ ਨਾਮ ਦੀ ਸੀਤਲਤਾਈ ਪ੍ਰਦਾਨ ਕਰ ਕੇ ਸਦੀਵੀ ਮਾਨਸਿਕ ਅਨੰਦ ਤੇ ਚੈਨ ਨਸੀਬ ਕਰਵਾ ਸਕਦੀ ਹੈ। ਇਸ ਤਰ੍ਹਾਂ ਗੁਰੂ ਦੀ ਹਸਤੀ ਮਨੁੱਖੀ ਜੀਵਨ ਦੀ ਊਲ ਜਲੂਲਤਾ ਅਥਵਾ ਬੇ-ਤੁਕੇਪਣ ਨੂੰ ਨਿਸਪ੍ਰਭਾਵ ਕਰ ਸਕਦੀ ਹੈ। ਇਸ ਸੰਦਰਭ ਵਿਚ ਗੁਰਬਾਣੀ ਦੇ ਕੁਝ ਫੁਰਮਾਨ ਹੇਠ ਲਿਖੇ ਹਨ:
-ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ॥
ਜਿਤੁ ਦਿਨਿ ਉਨੑ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ॥
(ਪੰਨਾ ੮੬੦)
-ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ॥
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ॥ (ਪੰਨਾ ੪੫੧)
-ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ॥ . . .
ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ॥ (ਪੰਨਾ ੪੫੨)
ਨਾਮ ਯੋਗ ਦੀ ਮਹਾਨਤਾ: ਗੁਰੂ ਜੀ ਨੇ ਮਨੁੱਖ ਨੂੰ ਪ੍ਰਭੂ ਦੇ ਨਾਮ-ਸਿਮਰਨ ਦੀ ਮਹਾਨਤਾ ’ਤੇ ਜ਼ੋਰ ਦਿੱਤਾ ਅਤੇ ਇਸ ਗੁਰਮਤਿ ਦੀ ਰਹੁ-ਰੀਤੀ ਨੂੰ ਤੀਰਥ-ਯਾਤਰਾ ਪੁੰਨ-ਦਾਨ ਕਰਨ ਅਤੇ ਵਰਤ ਰੱਖਣ ਆਦਿ ਦੇ ਬਾਹਰਲੇ ਕਰਮ-ਕਾਂਡ ਤੋਂ ਉਚੇਰਾ ਦੱਸਿਆ ਕਿਉਂਕਿ ਨਾਮ-ਯੋਗ ਇਕ ਮਨੋਵਿਗਿਆਨਕ ਅਨੁਸ਼ਾਸਨ ਵਿਧੀ ਹੈ। ਜਿਸ ਨਾਲ ਮਾਨਸਿਕ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਵਿਅਕਤੀ ਬਦੀ ਤੋਂ ਰਹਿਤ ਹੋ ਜਾਂਦਾ ਹੈ ਤੇ ਉਤਸ਼ਾਹੀ ਜੀਵਨ ਦਾ ਧਾਰਨੀ ਹੋ ਜਾਂਦਾ ਹੈ। ਇਹੋ ਜਿਹਾ ਵਿਅਕਤੀ ਪ੍ਰਵਾਨ ਪੁਰਖ ਦੀ ਪਦਵੀ ਗ੍ਰਹਿਣ ਕਰਦਾ ਹੈ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਫੁਰਮਾਨ ਜਿਨ ਹਰਿ ਜਪਿਆ ਸੇ ਹਰਿ ਹੋਏ ਦੀ ਰੋਸ਼ਨੀ ਵਿਚ ਉਹ ਪ੍ਰਭੂ ਨਾਲ ਅਭੇਦ ਹੋ ਜਾਂਦਾ ਹੈ। ਗੁਰਬਾਣੀ ਕੁਝ ਦੇ ਫੁਰਮਾਨ ਇਸ ਤੱਥ ਨੂੰ ਸਪੱਸ਼ਟ ਕਰਦੇ ਹਨ:
-ਸਭਿ ਤੀਰਥ ਵਰਤ ਜਗ ਪੁੰਨ ਤੁੋਲਾਹਾ॥
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ॥ (ਪੰਨਾ ੬੯੯)
-ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ॥
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ॥ (ਪੰਨਾ ੭੨੫)
-ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ॥ (ਪੰਨਾ ੬੬੭)
ਉੱਤਮ ਸ਼ਖ਼ਸੀਅਤ ਦਾ ਨਿਰਮਾਣ: ਗੁਰੂ ਜੀ ਨੇ ਉੱਤਮ ਸ਼ਖ਼ਸੀਅਤ ਦੀ ਉਸਾਰੀ ਲਈ ਨਿਮਰਤਾ ’ਤੇ ਪੇ੍ਰਮ ਦੀ ਭਾਵਨਾ ਨੂੰ ਮੁੱਖ ਸਥਾਨ ਦਿੱਤਾ। ਉਨ੍ਹਾਂ ਦੇ ਵਿਚਾਰ ਅਨੁਸਾਰ ਪ੍ਰਭੂ ਦੇ ਦਰ ’ਤੇ ਨਾ ਝੁਕਣ ਵਾਲਾ ਸਿਰ ਕੱਟ ਦੇਣਾ ਚਾਹੀਦਾ ਹੈ ਤੇ ਪ੍ਰਭੂ-ਪੇ੍ਰਮ ਤੋਂ ਸੱਖਣਾ ਸਰੀਰ ਸਾੜਨ ਯੋਗ ਹੈ। ਗੁਰਸਿੱਖ ਦੇ ਮਨ ਵਿਚ ਗੁਰੂ-ਪ੍ਰੀਤ ਦਾ ਪਿਆਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਵੇਂ ਭਿਖਾਰੀ ਦਾ ਖੈਰ ਨਾਲ, ਭੁੱਖੇ ਦਾ ਅੰਨ ਨਾਲ, ਚਕਵੀ ਦਾ ਸੂਰਜ ਨਾਲ ਜਾਂ ਬਛੜੇ ਦਾ ਗਊ ਨਾਲ। ਉਨ੍ਹਾਂ ਨੇ ਇਸ ਸਬੰਧ ਵਿਚ ਮਨੁੱਖੀ ਜੀਵਨ ਤੇ ਪ੍ਰਕਿਰਤੀ ’ਚੋਂ ਮਿਸਾਲਾਂ ਦਿੱਤੀਆਂ ਜਿਵੇਂ:
-ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ॥ (ਪੰਨਾ ੮੯)
-ਭੀਖਕ ਪ੍ਰੀਤਿ ਭੀਖ ਪ੍ਰਭ ਪਾਇ॥ ਭੂਖੇ ਪ੍ਰੀਤਿ ਹੋਵੈ ਅੰਨੁ ਖਾਇ॥ . . .
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ॥ . . .
ਬਛਰੇ ਪ੍ਰੀਤਿ ਖੀਰੁ ਮੁਖਿ ਖਾਇ॥ (ਪੰਨਾ ੧੬੪)
ਨਿਰਭਉ ਵਿਅਕਤਿਤਵ ਦੀ ਉਸਾਰੀ: ਨਿਰਭੈਅ ਸ਼ਖ਼ਸੀਅਤ ਦੀ ਉਸਾਰੀ ਲਈ ਗੁਰੂ ਜੀ ਨੇ ਮਨੁੱਖ ਨੂੰ ਪ੍ਰੇਰਨਾ ਕੀਤੀ ਕਿ ਉਹ ਪ੍ਰਭੂ ਨੂੰ ਹਾਜ਼ਰ-ਨਾਜ਼ਰ ਰਹਿਣ ਵਾਲੀ ਹਸਤੀ ਮੰਨੇ ਤਾਂਕਿ ਉਹ ਪਾਪ-ਭਾਵਨਾ ਤੋਂ ਮੁਕਤ ਹੋ ਸਕੇ, ਮਨ ਦੀ ਪਵਿੱਤਰਤਾ ਵਾਲੀ ਦਸ਼ਾ ਪ੍ਰਾਪਤ ਕਰ ਸਕੇ ਜਿਸ ਦੀ ਪ੍ਰਾਪਤੀ ਨਾਲ ਮਨੁੱਖ ਹਰੇਕ ਕਿਸਮ ਦੇ ਡਰ ਤੋਂ ਮੁਕਤ ਹੋ ਸਕਦਾ ਹੈ। ਜਿਵੇਂ:
-ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ॥ (ਪੰਨਾ ੮੪)
-ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ॥
(ਪੰਨਾ ੫੪੦)
ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਸਤਿਗੁਰੂ ਲਈ ਸੱਚੇ ਪਾਤਸ਼ਾਹ ਵਿਸ਼ੇਸ਼ਣ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਜੋ ਇਸ ਲਹਿਰ ਦੇ ਸਰਵੋਤਮ ਤੇ ਦੈਵੀ ਮਿਆਰ ਦੀ ਪ੍ਰਤੀਕ ਹੈ। ਗੁਰੂ ਦੀ ਪਦਵੀ ਨੂੰ ਦਿੱਤਾ ਇਹ ਰੁਤਬਾ ਸਿੱਖਾਂ ਦੇ ਮਨਾਂ ਵਿੱਚੋਂ ਦੁਨਿਆਵੀ ਪਾਤਸ਼ਾਹ ਦੇ ਰੋਹਬ ਤੇ ਦਬਦਬੇ ਨੂੰ ਨਿਰਾਰਥਕ ਕਰਦਾ ਹੈ। ਇਸ ਤਰ੍ਹਾਂ ਗੁਰੂ ਜੀ ਦੀ ਨਿਰਭੈਅ ਪ੍ਰਭੂਤਾ ਨਾਲ ਸਿੱਖ ਧਰਮ ਨਿਰਭੈਅ ਸਮਾਜ ਦੀ ਉਸਾਰੀ ਵੱਲ ਕਦਮ ਪੁੱਟਦਾ ਹੈ।
ਨਿਸ਼ਕਾਮ ਲੋਕ ਸੇਵਾ: ਨਿਸ਼ਕਾਮ ਲੋਕ-ਸੇਵਾ ਮਨੁੱਖੀ ਸ਼ਖ਼ਸੀਅਤ ਨੂੰ ਹਰਮਨ ਪਿਆਰਾ ਬਣਾਉਂਦੀ ਹੈ ਤੇ ਸਾਰੇ ਸੁੱਖਾਂ ਦਾ ਸੋਮਾ ਹੋ ਨਿੱਬੜਦੀ ਹੈ। ਇਹ ਮਨੁੱਖ ਨੂੰ ਪਵਿੱਤਰ ਬਣਾਉਂਦੀ ਹੈ ਤੇ ਸਤਿਗੁਰਾਂ ਦੀ ਪ੍ਰਸੰਨਤਾ ਦੀ ਪ੍ਰਾਪਤੀ ਦਾ ਵਸੀਲਾ ਹੈ ਜਿਵੇਂ:
-ਨਿਹਕਪਟ ਸੇਵਾ ਕੀਜੈ ਹਰਿ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ॥
(ਪੰਨਾ ੮੬੧)
-ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ॥ (ਪੰਨਾ ੩੧੪)
ਸਿੱਖ ਆਚਾਰ ਨੀਤੀ ਦਾ ਨਿਰਮਾਣ: ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਤਕ ਸਿੱਖ ਧਰਮ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਸੀ। ਹੁਣ ਇਸ ਧਰਮ ਦੀ ਜੀਵਨ-ਜਾਚ ਨਿਸ਼ਚਿਤ ਕਰਨ ਦੀ ਲੋੜ ਸੀ। ਗੁਰੂ ਜੀ ਨੇ ਸਿੱਖਾਂ ਲਈ ਇਕ ਆਚਾਰ ਨੀਤੀ ਤਿਆਰ ਕੀਤੀ। ਸਿੱਖ ਨੂੰ ਅੰਮ੍ਰਿਤ ਵੇਲੇ ਉੱਠਣ, ਇਸ਼ਨਾਨ ਕਰਨ, ਨਾਮ ਸਿਮਰਨ ਕਰਨ, ਗੁਰਬਾਣੀ ਗਾਇਨ ਤੇ ਪ੍ਰਭੂ ਦੇ ਹਰ ਵੇਲੇ ਨਾਮ ਜਪਣ ਦੀ ਮਨੋਵਿਗਿਆਨਕ ਵਿਧੀ ਨੂੰ ਅਪਣਾਉਣ ਦੀ ਪੇ੍ਰਰਨਾ ਕੀਤੀ ਤਾਂਕਿ ਉਹ ਪਵਿੱਤਰ ਜੀਵਨ ਜੀਅ ਸਕਣ। ਜਿਵੇਂ:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ (ਪੰਨਾ ੩੦੫)
ਸਿੱਖਾਂ ਦੀ ਵਿਆਹ-ਸੰਸਥਾ ਦੇ ਸਬੰਧ ਵਿਚ ਸੂਹੀ ਰਾਗ ਵਿਚ ਲਾਂਵਾਂ-ਫੇਰਿਆਂ ਨਾਲ ਸੰਬੰਧਿਤ ਸ਼ਬਦ ਉਚਾਰੇ ਗਏ ਜਿਨ੍ਹਾਂ ਵਿਚ ਲੋਕ-ਪ੍ਰਲੋਕ ਦੀ ਖੁਸ਼ਹਾਲੀ ਨੂੰ ਸਾਹਵੇਂ ਰੱਖ ਕੇ ਸ਼ਬਦਾਂ ਦੀ ਰਚਨਾ ਕੀਤੀ ਗਈ ਜਿਨ੍ਹਾਂ ਵਿਚ ਪਹਿਲੀ ਲਾਵ ਇਸ ਤੁਕ ਨਾਲ ਅਰੰਭ ਹੁੰਦੀ ਹੈ:
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
(ਪੰਨਾ ੭੭੩)
ਸਤਿਗੁਰੂ ਦੀ ਸਰਬਪੱਖੀ ਅਗਵਾਈ: ਮਨੁੱਖੀ ਸ਼ਖ਼ਸੀਅਤ ਦੀ ਪੁਨਰ-ਉਸਾਰੀ ਵਿਚ ਸਤਿਗੁਰ ਦੀ ਅਗਵਾਈ ਦਾ ਵਿਸ਼ੇਸ਼ ਮਹੱਤਵ ਹੈ। ਡਾ. ਸੁਰਜੀਤ ਹਾਂਸ (ਕਰਤਾ ਪੁਸਤਕ ਬਾਣੀ ਦਾ ਅਜੋਕੀ ਕਵਿਤਾ ਵਿਚ ਮਹੱਤਵ) ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਗੁਰੂ ਦੀ ਸੰਗਤ ਕਰਨ ਦਾ ਵਿਸ਼ਾ ਸ਼ਾਇਦ ਪਹਿਲੀ ਵਾਰ ਬਾਣੀ ਵਿਚ ਪ੍ਰਵੇਸ਼ ਕਰਦਾ ਹੈ ਕਿਉਂਕਿ ਉਸ ਵੇਲੇ ਸਿੱਖ ਧਾਰਮਿਕ ਜਾਗ੍ਰਿਤੀ ਦਾ ਅੰਦੋਲਨ ਬਲਵਾਨ ਹੋ ਰਿਹਾ ਸੀ। ਸਤਿਗੁਰਾਂ ਦੇ ਨਿਯੁਕਤ ਕੀਤੇ ਪ੍ਰਚਾਰਕਾਂ ਦੁਆਰਾ ਦਲਿਤ ਵਰਗ ਵਿੱਚੋਂ ਸਿੱਖੀ ਦੇ ਦਾਇਰੇ ਵਿਚ ਪ੍ਰਵੇਸ਼ ਕਰਨ ਵਾਲੇ ਨਵੇਂ ਸਿੱਖਾਂ ਵਿਚ ਗੁਰੂ ਪ੍ਰਤੀ ਸ਼ਰਧਾ ਤੇ ਅਨਿੰਨ ਭਗਤੀ ਦਾ ਮਾਦਾ ਹੋਣੀ ਕੁਦਰਤੀ ਸੀ। ਉਨ੍ਹਾਂ ਦੇ ਮਨ ਵਿਚ ਗੁਰੂ ਪ੍ਰਤੀ ਤਾਂਘ ਦਾ ਪ੍ਰਗਟਾਵਾ ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ॥ ਅਤੇ ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ॥ ਆਦਿ ਸ਼ਬਦਾਂ ਵਿਚ ਪ੍ਰਤੱਖ ਮਿਲਦਾ ਹੈ। ਸ੍ਰੀ ਗੁਰੂ ਰਾਮਦਾਸ ਜੀ ਨੇ ਸਤਿਗੁਰ ਦੇ ਲੱਛਣ ਵੀ ਬਿਆਨ ਕੀਤੇ ਹਨ। ਉਨ੍ਹਾਂ ਦੇ ਵਿਚਾਰ ਅਨੁਸਾਰ ਉਹੀ ਹਸਤੀ ਸਤਿਗੁਰ ਦੀ ਪਦਵੀ ਦਾ ਅਧਿਕਾਰ ਰੱਖਦੀ ਹੈ ਜਿਸ ਦੇ ਮਿਲਣ ਨਾਲ ਅਨੰਦ ਦੀ ਪ੍ਰਾਪਤੀ ਭਰਮ ਦਾ ਨਾਸ਼ ਤੇ ਉੱਚਤਮ ਆਤਮਿਕ ਬੁਲੰਦੀ ਦੀ ਦਸ਼ਾ ਪ੍ਰਾਪਤ ਹੋਵੇ। ਜਿਵੇਂ:
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ (ਪੰਨਾ ੧੬੮)
ਸਿੱਖ ਸੰਗਠਨ ਦੀ ਸੁਰੱਖਿਆ: ਗੁਰੂ ਜੀ ਨੇ ਸਿੱਖ ਸੰਗਤ ਨੂੰ ਸਿੱਖ ਪੰਥ ਦੇ ਸੰਗਠਨ ਪ੍ਰਤੀ ਆ ਰਹੀਆਂ ਨਵੀਆਂ ਵੰਗਾਰਾਂ ਪ੍ਰਤੀ ਸੁਚੇਤ ਕੀਤਾ। ਮੀਣਾ ਸੰਪਰਦਾਇ ਨਾਲ ਸੰਬੰਧਿਤ ਬਾਬਾ ਪ੍ਰਿਥੀ ਚੰਦ ਤੇ ਉਨ੍ਹਾਂ ਦਾ ਬੇਟਾ ਮਿਹਰਬਾਨ ‘ਨਾਨਕ ਛਾਪ’ ਹੇਠ ‘ਕੱਚੀ ਬਾਣੀ’ ਰਚ ਕੇ ਸਿੱਖ ਸੰਗਤਾਂ ਵਿਚ ਜਿੱਥੇ ਭਰਮ-ਭੁਲੇਖੇ ਪਸਾਰ ਰਹੇ ਸਨ, ਉੱਥੇ ਨਾਲ ਹੀ ਸਿੱਖ ਪੰਥ ਦੇ ਖ਼ਿਲਾਫ ਸਰਕਾਰ ਨਾਲ ਸਾਜ਼ਬਾਜ਼ੀ ਵੀ ਕਰ ਰਹੇ ਸਨ। ਗੁਰੂ ਜੀ ਹੇਠ ਲਿਖੇ ਫੁਰਮਾਨ ਵਿਚ ਅਜਿਹੇ ਗੁਰੂ ਵਿਰੋਧੀਆਂ ਦੀ ਦੁਰਦਸ਼ਾ ਦਾ ਬਿਆਨ ਕਰਦੇ ਹਨ। ਜਿਵੇਂ:
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥
ਓਨੑਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥
(ਪੰਨਾ ੩੦੪)
ਅਰੋਗ ਸੱਭਿਆਚਾਰ ਦੀ ਉਸਾਰੀ: ਤੰਦਰੁਸਤ ਸੱਭਿਆਚਾਰ ਦੀ ਉਸਾਰੀ ਲਈ ਆਪ ਨੇ ਨਿੰਦਾ ਚੁਗਲੀ ਦੀ ਨਿਖੇਧੀ ਕੀਤੀ ਕਿਉਂਕਿ ਇਹ ਆਦਤ ਸਮਾਜ ਵਿਚ ਜ਼ਹਿਰੀ ਵਾਤਾਵਰਨ ਉਸਾਰਨ ਵਿਚ ਮਦਦ ਕਰਦੀ ਹੈ। ਨਿੰਦਾ ਕਰਨ ਵਾਲਾ ਸਮਾਜ ਵਿਚ ਉੱਜਲੇ ਮੁਖ ਨਹੀਂ ਚੱਲ ਸਕਦਾ ਤੇ ਲੋਕਾਂ ਦਾ ਇਤਬਾਰ ਗੁਆ ਕੇ ਆਪਣੀ ਜ਼ਿੰਦਗੀ ਨੂੰ ਮਾਰੂਥਲ ਵਾਂਗ ਸੁੰਨਸਾਨ ਬਣਾ ਲੈਂਦਾ ਹੈ ਜਿਵੇਂ:
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ॥ (ਪੰਨਾ ੩੦੮)
ਤਤਕਾਲੀਨ ਸਮੇਂ ਵਿਚ ਦਾਜ ਵਿਖਾਣ ਦੀ ਰਸਮ ਬਹੁਤ ਪ੍ਰਚਲਿਤ ਸੀ। ਇਸ ਰਸਮ ਨੂੰ ਗੁਰੂ ਜੀ ਨੇ ਝੂਠ, ਹੰਕਾਰ ਤੇ ਪਖੰਡ ਦਾ ਪ੍ਰਤੀਕ ਦੱਸਿਆ ਗੁਰੂ ਜੀ ਦੇ ਵਿਚਾਰ ਅਨੁਸਾਰ ਵਿਆਂਹਦੜ ਲੜਕੀ ਲਈ ਪ੍ਰਭੂ ਦਾ ਨਾਮ ਹੀ ਵੱਡਾ ਤੋਹਫਾ ਤੇ ਦਾਜ ਦਾ ਸਮਾਨ ਹੈ ਜਿਵੇਂ:
ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ (ਪੰਨਾ ੭੯)
ਸ੍ਰੀ ਗੁਰੂ ਰਾਮਦਾਸ ਜੀ ਨੇ ਅਰੋਗ ਸੱਭਿਆਚਾਰ ਦੀ ਉਸਾਰੀ ਲਈ ਵਰਗ ਰਹਿਤ ਸਮਾਜ ਦੀ ਉਸਾਰੀ ਨੂੰ ਪ੍ਰਮੁੱਖ ਲੋੜ ਦੱਸਿਆ। ਗੁਰੂ ਜੀ ਅਨੁਸਾਰ ਚਾਰੇ ਜਾਤਾਂ ਵਿੱਚੋਂ ਕੋਈ ਵੀ ਵਿਅਕਤੀ ਪ੍ਰਭੂ ਦਾ ਨਾਮ ਜਪ ਕੇ ਉੱਤਮ ਪਦਵੀ ਪ੍ਰਾਪਤ ਕਰ ਸਕਦਾ ਜਿਵੇ:
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ॥ (ਪੰਨਾ ੮੬੧)
ਸਾਰ:- ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਕੌਮ ਦੀ ਉਸਾਰੀ ਵਿਚ ਸ੍ਰੀ ਗੁਰੂ ਰਾਮਦਾਸ ਜੀ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਨੇ ਆਪਣੇ ਵੇਲੇ ਦੀਆਂ ਸੰਗਤਾਂ ਨੂੰ ਕੁਰਬਾਨੀ, ਸੇਵਾ, ਆਤਮ ਸਮਰਪਨ, ਨਿਰਭੈਤਾ, ਪ੍ਰਭੂ-ਨਦਰ ਤੇ ਆਸ਼ਵਾਦ ਤੇ ਗੁਣ ਪ੍ਰਦਾਨ ਕੀਤੇ, ਜਿਨ੍ਹਾਂ ਨਾਲ ਪੰਜਾਬ ਵਾਸੀਆਂ ਵਿਚ ਗਤੀਸ਼ੀਲਤਾ, ਕਰਮਸ਼ੀਲਤਾ, ਸੰਘਰਸ਼ਸ਼ੀਲਤਾ ਆਦਿ ਸਿਰਜਨਾਤਮਿਕ ਪ੍ਰਵਿਰਤੀਆਂ ਦੀ ਉਤਪਤੀ ਹੋਈ। ਗੁਰੂ ਜੀ ਨੇ ਸਿੱਖ ਸੰਸਥਾਵਾਂ ਦੇ ਉਭਰਨ ਤੇ ਵਿਗਸਣ ਲਈ ਸਿੱਖਾਂ ਲਈ ਵਿਸ਼ੇਸ਼ ਜੀਵਨ-ਜਾਚ ਦੀ ਰੂਪ ਰੇਖਾ ਪੇਸ਼ ਕੀਤੀ। ਗੁਰਬਾਣੀ ਦੇ ਮੂਲ ਸਰੂਪ ਨੂੰ ਵਿਗਾੜਨ ਵਾਲੀਆਂ, ਪੰਥ ਦੋਖੀਆਂ ਦੀਆਂ ਕੋਸ਼ਿਸ਼ਾਂ ਨੂੰ ਵਿਫਲ ਕਰਨ ਦੇ ਉਪਰਾਲੇ ਕੀਤੇ। ਅਰੋਗ ਸੱਭਿਆਚਾਰ ਦੀ ਉਸਾਰੀ ਲਈ ਵਰਗ-ਰਹਿਤ ਪ੍ਰਣਾਲੀ ਨੂੰ ਆਧਾਰ ਬਣਾਉਣ ਦੀ ਪ੍ਰੇਰਨਾ ਕੀਤੀ। ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦਸਤਕਾਰੀ ਦਾ ਕੰਮ ਪ੍ਰਚਲਿਤ ਕਰਵਾਇਆ ਜਿਸ ਨਾਲ ਪੰਜਾਬ ਨੇ ਪੇਸ਼ਿਆਂ ਦੀ ਮੁਹਾਰਤ ਵਾਲੀ ਨਵੀਂ ਸੱਭਿਅਤਾ ਦੇ ਨਿਰਮਾਣ ਵਲ ਕਦਮ ਪੁੱਟਿਆ। ਗੁਰੂ ਜੀ ਦੀ ਬਾਣੀ ਤੇ ਜੀਵਨ ਅਮਲ ਜਿੱਥੇ ਸਿੱਖ ਧਰਮ ਦੀ ਨਿਆਰੀ ਹਸਤੀ ਤੇ ਨਿਆਰੇ ਸਰੂਪ ਦੇ ਪ੍ਰਤੀਕ ਹਨ, ਉੱਥੇ ਇਹ ਸਿੱਖ ਕੌਮ ਦੀ ਉਸਾਰੀ ਵਿਚ ਨਵੇਂ ਮੀਲ-ਪੱਥਰ ਵੀ ਹਨ।
-ਡਾ. ਇੰਦਰਜੀਤ ਸਿੰਘ ਵਾਸੂ