1 views 9 secs 0 comments

15 ਅਕਤੂਬਰ ਨੂੰ ਜੋਤੀ ਜੋਤਿ ਪੁਰਬ: ਸਿਮਰੌ ਸ੍ਰੀ ਹਰਿਰਾਇ

ਲੇਖ
October 15, 2025

ਸਿੱਖ ਕੌਮ ਦੇ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਪ੍ਰਕਾਸ਼ 1630 ਈ. ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਦੇ ਉਦਰ ਤੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਬਚਪਨ ਤੋਂ ਹੀ ਸਤੋਗੁਣੀ, ਸੰਤੋਖੀ, ਬੇਪਰਵਾਹ ਤੇ ਸਾਧੂ ਸੁਭਾਅ ਸਨ ਅਤੇ ਸਦਾ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਆਗਿਆ ਵਿਚ ਰਹਿੰਦੇ ਸਨ।

ਆਪ ਜੀ ਦੀ ਸ਼ਾਦੀ ਸੰਨ 1640 ਵਿਚ ਅਨੂਪ ਸ਼ਹਿਰ (ਜ਼ਿਲ੍ਹਾ ਬੁਲੰਦ ਸ਼ਹਿਰ-ਯੂ.ਪੀ. ਨਿਵਾਸੀ) ਦਇਆ ਰਾਮ ਜੀ ਦੀ ਸਪੁੱਤਰੀ ਬੀਬੀ ਕਿਸ਼ਨ ਕੌਰ ਜੀ ਨਾਲ ਹੋਈ ਤੇ ਇਨ੍ਹਾਂ ਦੀ ਕੁੱਖੋਂ ਦੋ ਸਪੁੱਤਰ (ਰਾਮਰਾਇ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ) ਪੈਦਾ ਹੋਏ।

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੀ ਗੱਦੀ ਦੇ ਲਾਇਕ ਆਪਣੇ ਵੱਡੇ ਸਪੁੱਤਰ ਗੁਰਦਿੱਤਾ ਜੀ ਦੇ ਛੋਟੇ ਬੇਟੇ ਸ੍ਰੀ ਹਰਿਰਾਇ ਜੀ ਨੂੰ ਹੀ ਸਮਝਿਆ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿਰਾਇ ਨੂੰ ਗੁਰਗੱਦੀ ‘ਤੇ ਬਿਰਾਜਮਾਨ ਕੀਤਾ। ਇਸ ਤਰ੍ਹਾਂ ਆਪ ਜੀ ਨੇ 15 ਸਾਲ ਦੀ ਛੋਟੀ ਉਮਰੇ 8 ਮਾਰਚ, 1644 ਨੂੰ ਗੁਰਿਆਈ ਪ੍ਰਾਪਤ ਕੀਤੀ।

ਆਪ ਜਦੋਂ ਗੁਰਗੱਦੀ ‘ਤੇ ਬੈਠੇ ਤਾਂ ਆਪਣਾ ਬਹੁਤਾ ਸਮਾਂ ਧਰਮ ਪ੍ਰਚਾਰ ਵਿਚ ਹੀ ਲਾਉਂਦੇ ਸਨ, ਫਿਰ ਭੀ ਆਪ ਨੂੰ ਦੋ ਵਾਰ ਫ਼ੌਜ ਦਾ ਪ੍ਰਬੰਧ ਕਰਨਾ ਪਿਆ। ਇਕ ਵਾਰ ਜਦੋਂ ਯਾਰ ਖਾਂ (ਜਿਸ ਦਾ ਪਿਤਾ ਮੁਖਲਸ ਖਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਹੱਥੋਂ ਮਾਰਿਆ ਗਿਆ ਸੀ) ਨੇ ਗੁਰੂ ਜੀ ‘ਤੇ ਹਮਲਾ ਕਰ ਦਿੱਤਾ, ਜਦੋਂ ਗੁਰੂ ਜੀ ਮਾਲਵੇ ਦਾ ਦੌਰਾ ਕਰਕੇ ਗੋਇੰਦਵਾਲ ਸਾਹਿਬ ਜਾ ਰਹੇ ਸਨ। ਦੂਜੀ ਵਾਰ ਜਦੋਂ ਕਹਿਲੂਰ ਦੇ ਰਾਜੇ ਨੇ ਸਿੱਖਾਂ ਨੂੰ ਬਹੁਤ ਤੰਗ ਕੀਤਾ ਸੀ। ਆਪ ਬਹੁਤ ਦਿਆਲੂ ਸਨ ਤੇ ਕਿਸੇ ਵੀ ਸ਼ਰਨ ਆਏ ਨੂੰ ਜਵਾਬ ਨਹੀਂ ਸਨ ਦਿੰਦੇ। ਆਪ ਦਾ ਹਿਰਦਾ ਬੜਾ ਕੋਮਲ ਸੀ । ਕਿਹਾ ਜਾਂਦਾ ਹੈ ਕਿ ਇਕ ਵਾਰੀ ਗੁਰੂ ਜੀ ਦੇ ਚੋਗੇ ਨਾਲ ਅੜ ਕੇ ਕੁਝ ਫੁੱਲ ਧਰਤੀ ‘ਤੇ ਡਿੱਗ ਪਏ। ਗੁਰੂ ਸਾਹਿਬ ਦੇ ਕੋਮਲ ਹਿਰਦੇ ‘ਤੇ ਇਸ ਦ੍ਰਿਸ਼ ਦਾ ਬੜਾ ਗੂੜ੍ਹਾ ਪ੍ਰਭਾਵ ਪਿਆ ਤੇ ਗੁਰੂ ਜੀ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਆਪ ਨੇ ਇਰਾਦਾ ਕੀਤਾ ਕਿ ਅੱਗੋਂ ਨੂੰ ਚੋਲਾ ਸੰਭਾਲ ਕੇ ਤੁਰਾਂਗੇ।

ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਗੁਰੂ ਨਾਨਕ-ਸੰਦੇਸ਼ ਦੇ ਪ੍ਰਚਾਰ ਹਿੱਤ ਮਾਝੇ ਤੇ ਦੁਆਬੇ ਗਏ ਅਤੇ ਮਾਲਵੇ ਦੇ ਵਿਅਕਤੀ ਫੂਲ ਨੂੰ ਅਜਿਹਾ ਵਰ ਦਿੱਤਾ ਕਿ ਉਸ ਦੇ ਵੰਸ਼ ਨੇ ਕੋਈ ਦੋ ਸੌ ਸਾਲ ਪਟਿਆਲਾ, ਨਾਭਾ ਤੇ ਜੀਂਦ ‘ਤੇ ਰਾਜ ਕੀਤਾ। ਇਹਨਾਂ ਨੂੰ ਫੁਲਕੀਆਂ ਰਿਆਸਤਾਂ ਕਿਹਾ ਜਾਂਦਾ ਸੀ।

ਦਾਰਾ ਸ਼ਿਕੋਹ ਔਰੰਗਜ਼ੇਬ ਨਾਲ ਟੱਕਰ ਲੈਣ ਸਮੇਂ ਗੁਰੂ ਜੀ ਪਾਸ ਆਇਆ ਤੇ ਗੁਰੂ ਜੀ ਤੋਂ ਸਹਾਇਤਾ ਮੰਗਣ ਲੱਗਾ। ਗੁਰੂ ਜੀ ਦੀ ਸਹਾਇਤਾ ਤੋਂ ਚਿੜ ਕੇ ਔਰੰਗਜ਼ੇਬ ਜਦੋਂ ਗੱਦੀ ‘ਤੇ ਬੈਠਿਆ ਤਾਂ ਉਸ ਨੇ ਗੁਰੂ ਜੀ ਨੂੰ ਸੱਦਾ ਭੇਜਿਆ। ਗੁਰੂ ਜੀ ਆਪ ਤਾਂ ਨਾ ਗਏ, ਪਰ ਆਪਣੇ ਵੱਡੇ ਲੜਕੇ ਰਾਮਰਾਇ ਨੂੰ ਭੇਜ ਦਿੱਤਾ।

ਔਰੰਗਜ਼ੇਬ ਨੇ ਇਹ ਵੇਖਣ ਲਈ ਕਿ ਸਿੱਖ ਧਰਮ ਮੁਸਲਮਾਨੀ ਧਰਮ ਦੇ ਵਿਰੁੱਧ ਤਾਂ ਨਹੀਂ, ਰਾਮਰਾਇ ‘ਤੇ ਅਨੇਕਾਂ ਪ੍ਰਸ਼ਨ ਕੀਤੇ ਤੇ ਰਾਮਰਾਇ ਨੇ ਬੜੀ ਯੋਗਤਾ ਨਾਲ ਉੱਤਰ ਦਿੱਤੇ, ਪਰ ਜਦੋਂ ਔਰੰਗਜ਼ੇਬ ਨੇ ਕਿਹਾ ਕਿ-ਸਿੱਖਾਂ ਦੇ ਗ੍ਰੰਥ ਵਿਚ ‘ਮਿਟੀ ਮੁਸਲਮਾਨ ਕੀ’ ਲਿਖਿਆ ਹੈ ਤਾਂ ਰਾਮਰਾਇ ਨੇ ਕਿਹਾ—ਨਹੀਂ, ਇਹ ‘ਮਿੱਟੀ ਬੇਈਮਾਨ ਕੀ’ ਹੈ। ਇਸ ‘ਤੇ ਔਰੰਗਜ਼ੇਬ ਨੇ ਖ਼ੁਸ਼ ਹੋ ਕੇ ਰਾਮਰਾਇ ਨੂੰ ਡੇਹਰਾਦੂਨ ਜਗੀਰ ਦਿੱਤੀ ਪਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਇਸ ਗੱਲ ਤੋਂ ਬਹੁਤ ਦੁਖੀ ਹੋਏ ਅਤੇ ਗੁਰੂ ਜੀ ਨੇ ਗੁਰਗੱਦੀ ਦਾ ਹੱਕਦਾਰ ਛੋਟੇ ਲੜਕੇ ਹਰਿਕ੍ਰਿਸ਼ਨ ਜੀ ਨੂੰ ਘੋਸ਼ਿਤ ਕਰ ਦਿੱਤਾ। ਰਾਮਰਾਇ ਨੇ ਬਹੁਤ ਮਾਫ਼ੀਆਂ ਮੰਗੀਆਂ, ਪਰ ਗੁਰੂ ਜੀ ਗੁਰਬਾਣੀ ਦਾ ਇੰਨਾ ਵੱਡਾ ਨਿਰਾਦਰ ਨਾ ਸਹਾਰ ਸਕੇ। ਇਸ ‘ਤੇ ਰਾਮਰਾਇ ਨੇ ਪ੍ਰਿਥੀਏ ਵਾਂਗ ਕਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ। ਗੁਰੂ ਜੀ ਨੇ ਰਾਮਰਾਇ ਨੂੰ ਮੀਣਿਆਂ ਤੇ ਧੀਰ ਮੱਲੀਆਂ ਵਾਂਗ ਸਿੱਖ ਭਾਈਚਾਰੇ ਵਿਚੋਂ ਖਾਰਜ ਕਰ ਦਿੱਤਾ।

ਅਪਾਰ ਸਿੱਖਾਂ ਦਾ ਉਧਾਰ ਕਰਕੇ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਜਦੋਂ ਆਪਣਾ ਚੋਲਾ ਛੱਡਣ ਦਾ ਸਮਾਂ ਨੇੜੇ ਆਇਆ ਵੇਖਿਆ ਤਾਂ ਇਕ ਵੱਡਾ ਦਰਬਾਰ ਸਜਾ ਕੇ ਆਪਣੇ ਛੋਟੇ ਸਪੁੱਤਰ ਹਰਿਕ੍ਰਿਸ਼ਨ ਜੀ, ਜੋ ਉਸ ਸਮੇਂ ਕੇਵਲ ਪੰਜ ਸਾਲ ਦੇ ਸਨ, ਨੂੰ ਗੁਰਤਾਗੱਦੀ ‘ਤੇ ਬਿਠਾ ਕੇ ਬਾਬੇ ਬੁੱਢੇ ਦੀ ਅੰਸ਼ ਭਾਈ ਭਾਨੇ ਦੇ ਹੱਥੋਂ ਤਿਲਕ ਲਵਾਇਆ ਅਤੇ ਆਪ 6 ਅਕਤੂਬਰ, 1661 ਨੂੰ ਜੋਤੀ ਜੋਤਿ ਸਮਾ ਗਏ। ਇਸ ਤਰ੍ਹਾਂ ਆਪ ਜੀ ਨੇ 17 ਵਰ੍ਹੇ, ਪੰਜ ਮਹੀਨੇ 8 ਦਿਨ ਗੁਰਤਾ ਕੀਤੀ ਤੇ 31 ਵਰ੍ਹੇ 8 ਮਹੀਨੇ 17 ਦਿਨ ਆਯੂ ਭੋਗੀ।

ਸ. ਗੁਰਬਖਸ਼ ਸਿੰਘ