
ਬ੍ਰਾਹਮਣ ਉਹ ਹੈ ਜਿਸ ਦਾ ਮਨ ਬ੍ਰਹਮ ਵਰਗਾ ਬਣ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਬ੍ਰਾਹਮਣ ਦੀ ਤਸ਼ਰੀਹ ਮੌਜੂਦ ਹੈ। ਕਬੀਰ ਜੀ ਕਹਿੰਦੇ ਨੇ :
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥
(ਗਉੜੀ ਕਬੀਰ ਜੀ,ਅੰਗ ੩੨੪)
ਅਸੀਂ ਤਾਂ ਉਹਨੂੰ ਬ੍ਰਾਹਮਣ ਕਹਿੰਦੇ ਹਾਂ ਜਿਹਦੇ ਕੋਲ ਬ੍ਰਹਮ ਦੀ ਵਿਚਾਰ ਹੈ। ਤੇ ਤੁਸੀਂ ਸਿੱਖ ਕਿਸ ਨੂੰ ਆਖੋਗੇ? ਹੂ-ਬ-ਹੂ ਇਹੀ ਗੱਲ ਹੈ:
ਸਿਖੀ ਸਿਖਿਆ ਗੁਰ ਵੀਚਾਰਿ ॥
(ਵਾਰ ਆਸਾ ਮਹਲਾ ੧, ਅੰਗ ੪੬੫)
ਜੇ ਬ੍ਰਹਮ ਦੀ ਵਿਚਾਰ ਹੈ ਤਾਂ ਬ੍ਰਾਹਮਣ ਹੈ। ਜੇ ਗੁਰੂ ਦੀ ਵਿਚਾਰ ਹੈ ਤਾਂ ਸਿੱਖ ਹੈ ਵਰਨਾ ਕੋਈ ਨਹੀਂ। ਜੇ ਬ੍ਰਹਮ ਦੀ ਵਿਚਾਰ ਕੋਈ ਨਹੀਂ ਤਾਂ ਉਹ ਬ੍ਰਾਹਮਣ ਕੋਈ ਨਹੀਂ। ਜੇ ਗੁਰੂ ਦੀ ਕੋਲ ਵਿਚਾਰ ਨਹੀਂ ਤਾਂ ਉਹ ਸਿੱਖ ਕੋਈ ਨਹੀਂ। ਵਿਚਾਰ ਦੇ ਆਉਂਦਿਆਂ ਕੀ ਹੁੰਦਾ ਹੈ ? ਬ੍ਰਾਹਮਣ ਨੂੰ ਆਖਿਆ ਗਿਆ ਹੈ—ਦਿਜ, ਭਾਵ ਇਹਦਾ ਦੂਜਾ ਜਨਮ ਹੋ ਗਿਆ। ਇਹਨੂੰ ਨਵੀਂ ਜ਼ਿੰਦਗੀ ਮਿਲ ਗਈ। ਗੁਰੂ ਦੇ ਵਿਚਾਰ ਦੇ ਆਉਂਦਿਆਂ ਤੁਸੀਂ ਇਹੀ ਕੁਝ ਨਹੀਂ ਰਹਿ ਜਾਉਗੇ, ਜੋ ਹੁਣ ਹੋ। ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਤਾਂ ਵਿਚਾਰ ਕੁਝ ਵੀ ਨਾ ਹੋਇਆ। ਜੇ ਵਿਚਾਰ ਵੀ ਆ ਗਏ ਤੇ ਅਸੀਂ ਇਹੀ ਕੁਝ ਬਣੇ ਰਹੇ।
ਨਹੀਂ, ਫਿਰ ਅਸੀਂ ਇਹੀ ਕੁਝ ਨਹੀਂ ਹਾਂ। ਫਿਰ ਸਾਹਿਬ ਨੇ ਕਿਹਾ ਕਿ ਵਿਚਾਰ ਦੇ ਆਉਂਦਿਆਂ ਜਨਮ ਗੁਰੂ ਦੇ ਘਰ ਹੁੰਦੈ :
ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥
(ਰਾਮਕਲੀ ਮਹਲਾ ੧ ਸਿਧ ਗੋਸਟਿ,ਅੰਗ ੯੪੦)
ਫਿਰ ਜਨਮ ਗੁਰੂ ਘਰ ਵਿਖੇ ਹੁੰਦੈ। ਹੁਣ ਤਾਂ ਅਸੀਂ ਮਾਂ ਬਾਪ ਦੇ ਘਰ ਜਨਮ ਲਿਆ। ਗੁਰੂ ਦੇ ਘਰ ਉਦੋਂ ਜਨਮ ਹੁੰਦੈ ਜਦ ਹਿਰਦੇ ਵਿਚ ਗੁਰੂ ਦੀ ਵਿਚਾਰ ਵੱਸੇਗੀ, ਮੂਲ ਮੰਤਰ ਦਾ ਜਾਪ ਵੱਸੇਗਾ। ਗੁਰ-ਮੰਤਰ ਦਾ ਜਾਪ ਵੱਸੇਗਾ। ਜਿਸ ਨਵੀਂ ਜ਼ਿੰਦਗੀ ਦਾ ਜਨਮ ਹੁੰਦਾ ਹੈ, ਉਹ ਕਥਨ ਕਹਿਣ ਤੋਂ ਪਰ੍ਹੇ ਹੈ। ਮਾਂ ਬਾਪ ਦੇ ਘਰ ਜਨਮ ਲੈ ਕੇ ਬੰਦਾ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ। ਜਨਮ ਮਰਨ ਚੱਲਦਾ ਹੀ ਰਹੇਗਾ। ਕੋਈ ਮਾਂ ਜਨਮ ਦੇ ਕੇ ਇਹ ਦਾਅਵਾ ਨਹੀਂ ਕਰ ਸਕਦੀ ਕਿ ਇਸ ਦਾ ਹੋਰ ਜਨਮ ਨਹੀਂ ਹੋਵੇਗਾ। ਇਹ ਤਾਂ ਚੱਲਦਾ ਰਹੇਗਾ। ਇਹ ਤਾਂ :
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
ਬਹੁਤੁ ਸਜਾਇ ਪਇਆ ਦੇਸਿ ਲੰਮੈ ॥
(ਮਾਰੂ ਮਹਲਾ ੫,ਅੰਗ ੧੦੨੦)
ਗਿਆਨੀ ਸੰਤ ਸਿੰਘ ਜੀ ਮਸਕੀਨ