views 13 secs 0 comments

ਪੰਜਾਬ ਵਿੱਚੋਂ ਨਸ਼ੇ ਕਿਵੇਂ ਖਤਮ ਹੋਣ?

ਲੇਖ
October 17, 2025

ਪੰਜਾਬ ਵਿਚ ਨਸ਼ਾ ਨਵਾਂ ਨਹੀਂ ਹੈ, ਪਰੰਤੂ ਨਸ਼ੇ ਬਦਲ ਗਏ ਹਨ। ਸਮੇਂ ਦੇ ਬਦਲਾਅ ਨਾਲ ਨਸ਼ੇ ਦੀ ਵਰਤੋਂ ਕਰਨ ਵਾਲਾ ਵਰਗ ਅਤੇ ਇਨ੍ਹਾਂ ਦੇ ਤਸਕਰ ਵੀ ਬਦਲ ਗਏ ਹਨ। ਨਵੇਂ ਨਸ਼ੇ ਜਿੰਨੇ ਭਿਆਨਕ ਹਨ ਓਨਾ ਹੀ ਵੱਡਾ ਇਨ੍ਹਾਂ ਦਾ ਕਾਰੋਬਾਰ ਹੈ। ਇੱਥੇ ਇਹ ਗੱਲ ਵੀ ਸਮਝ ਤੋਂ ਬਾਹਰ ਹੈ ਕਿ ਆਰਥਿਕ ਤੌਰ ‘ਤੇ ਕੰਗਾਲ ਹੁੰਦੇ ਜਾ ਰਹੇ ਪੰਜਾਬ ਵਿਚ ਇਕ ਪਾਸੇ ਕਿਸਾਨ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ, ਦੂਸਰੇ ਪਾਸੇ ਪੰਜਾਬ ਦੇ ਨੌਜਵਾਨ ਮਹਿੰਗੇ ਨਸ਼ੇ (ਚਿੱਟੇ) ਦਾ ਸ਼ਿਕਾਰ ਹੋ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਅਤੇ ਨਸ਼ੇ ਦੀ ਵਾਧੂ ਵਰਤੋਂ ਜਾਂ ਤੋਟ ਨਾਲ ਹੋ ਰਹੀਆਂ ਮੌਤਾਂ ਪੰਜਾਬ ਦੇ ਕਾਲੇ ਭਵਿੱਖ ਦੀ ਤਸਵੀਰ ਪੇਸ਼ ਕਰ ਰਹੀਆਂ ਹਨ।

ਨਸ਼ੇ ਨੂੰ ਖਤਮ ਕਰਨ ਲਈ ਮਨੋਵਿਗਿਆਨੀ ਦੋ ਢੰਗਾਂ ਦਾ ਜ਼ਿਕਰ ਕਰਦੇ ਹਨ। ਪਹਿਲਾ ਸ਼ਕਤੀ ਜਾਂ ਸੱਤ੍ਹਾ ਦੀ ਵਰਤੋਂ ਨਾਲ ਨਸ਼ੇ ਦੇ ਤਾਣੇ-ਬਾਣੇ ਨੂੰ ਖਤਮ ਕਰਨ ਦਾ ਨਾਂਹ-ਪੱਖੀ ਤਰੀਕਾ ਹੈ। ਇਸ ਦਾ ਉਦੇਸ਼ ਹੈ ਕਿ ਨਸ਼ੇ ਨੂੰ ਨਸ਼ੇੜੀਆਂ ਤਕ ਪਹੁੰਚਣ ਨਾ ਦਿੱਤਾ ਜਾਵੇ ਜਾਂ ਨਸ਼ੇੜੀਆਂ ਦੀ ਕੁੱਟਮਾਰ ਕੀਤੀ ਜਾਵੇ ਅਤੇ ਉਨ੍ਹਾਂ ਅੰਦਰ ਸੱਤ੍ਹਾ/ਤਾਕਤ ਦਾ ਡਰ ਪੈਦਾ ਕਰ ਕੇ ਨਸ਼ਾ ਛੁਡਾਇਆ ਜਾਵੇ। ਨਸ਼ਾ ਤਸਕਰਾਂ ਲਈ ਫਾਂਸੀ ਦੀ ਸਜ਼ਾ ਅਤੇ ਡੋਪ ਟੈਸਟ ਆਦਿ ਸਖਤ ਕਦਮ ਇਸ ਕਰਕੇ ਚੁੱਕੇ ਜਾ ਰਹੇ ਹਨ। ਪੰਜਾਬ ਸਰਕਾਰ ਇਸ ਨਾਂਹ-ਪੱਖੀ ਢੰਗ ‘ਤੇ ਕੰਮ ਕਰ ਰਹੀ ਜਾਪਦੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਏ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਦੇ ਲੋਕ ਵੀ ਨਸ਼ੇੜੀਆਂ ਅਤੇ ਨਸ਼ੇ ਦੇ ਸੌਦਾਗਰਾਂ ‘ਤੇ ਸਖਤੀ ਦੀ ਵਰਤੋਂ ਕਰਨ ਦੇ ਪੱਖ ਵਿਚ ਹਨ। ਬੇਸ਼ੱਕ ਸ਼ਕਤੀ ਨਾਲ ਨਸ਼ਾ ਛੁਡਾਇਆ ਜਾ ਸਕਦਾ ਹੈ, ਪਰੰਤੂ ਇਹ ਢੰਗ ਲੰਮੇ ਸਮੇਂ ਤਕ ਲਾਗੂ ਨਹੀਂ ਕੀਤਾ ਜਾ ਸਕਦਾ। ਸ਼ਕਤੀ ਵਿਚ ਢਿੱਲ ਮਿਲਣ ‘ਤੇ ਨਸ਼ੇੜੀ ਮੌਕਾ ਸੰਭਾਲ ਲੈਂਦੇ ਹਨ ਭਾਵ ਇਕ ਜਗ੍ਹਾ ਤੋਂ ਨਸ਼ਾ ਨਾ ਮਿਲੇ ਤਾਂ ਦੂਸਰੇ ਰਾਜਾਂ ਤੋਂ ਲੈ ਆਉਂਦੇ ਹਨ। ਇਕ ਨਸ਼ਾ ਬੰਦ ਹੋਣ ‘ਤੇ ਕੋਈ ਹੋਰ ਕਿਸਮ ਦਾ ਨਸ਼ਾ ਸ਼ੁਰੂ ਕਰ ਲੈਂਦੇ ਹਨ ਕਿਉਂਕਿ ਇਸ ਢੰਗ ਨਾਲ ਰੋਗੀ ਦਾ ਰੋਗ ਖਤਮ ਨਹੀਂ ਹੁੰਦਾ, ਬਲਕਿ ਰੋਗੀ
(ਨਸ਼ੇੜੀ) ਦੇ ਖਤਮ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ। ਨਸ਼ਾ ਛੁਡਾਉਣ ਲਈ ਸ਼ਕਤੀ ਦੀ ਵਰਤੋਂ ਨਾਂਹ-ਪੱਖੀ ਇਸ ਕਰਕੇ ਮੰਨੀ ਜਾਂਦੀ ਹੈ ਕਿ ਇਸ ਢੰਗ ਨਾਲ ਨਸ਼ੇ ਦੀ ਜੜ੍ਹ ਖਤਮ ਨਹੀਂ ਹੁੰਦੀ।

ਨਸ਼ਾ ਛੁਡਾਉਣ ਦੇ ਦੂਸਰੇ ਹਾਂ-ਪੱਖੀ ਸਕਾਰਾਤਮਕ ਢੰਗ ਨਾਲੋਂ ਇਹ ਵੇਖਣ ਵਿਚ ਸ਼ਕਤੀ ਦਾ ਢੰਗ ਸੌਖਾ ਜਾਪਦਾ ਹੈ, ਕਿਉਂਕਿ ਇੱਛਾ-ਸ਼ਕਤੀ ਨਾਲ ਨਸ਼ਾਬੰਦੀ ਕੀਤੀ ਜਾ ਸਕਦੀ ਹੈ, ਪਰੰਤੂ ਇਸ ਨਾਲ ਬਿਮਾਰੀ ਦਾ ਇਲਾਜ ਸੰਭਵ ਨਹੀਂ ਬਲਕਿ ਵਧੇਰੇ ਸ਼ਕਤੀ ਦੀ ਵਰਤੋਂ ਨਾਲ ਇਸ ਵਿਧੀ ਨਾਲ ਰੋਗ ਨੂੰ ਮਾਰਨ ਲੱਗਿਆਂ ਰੋਗੀ ਦੇ ਮਰ ਜਾਣ ਦਾ ਵੀ ਖ਼ਤਰਾ ਹੁੰਦਾ ਹੈ। ਅਮਲੀ ਚਾਹੁੰਦੇ ਹੋਏ ਵੀ ਅਮਲ ਨਹੀਂ ਛੱਡਦੇ।

ਅਮਲ ਵਿਚ ਗ੍ਰਸਤ ਲੋਕ ਦੱਸਦੇ ਹਨ ਕਿ ਇਕ ਵਾਰ ਲੱਗਿਆ ਅਮਲ ਛੱਡਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਮਲ ਤੋਂ ਬਿਨਾਂ ਅਮਲੀ ਦਾ ਜੀਵਨ ਮੌਤ ਬਰਾਬਰ ਹੁੰਦਾ ਹੈ। ਸ਼ਾਇਦ ਇਸ ਵਜ੍ਹਾ ਕਰਕੇ ਅਮਲੀ ਇਕ ਪੜ੍ਹਾਅ ‘ਤੇ ਇਹ ਜਾਣ ਲੈਂਦਾ ਹੈ ਕਿ ਨਸ਼ਾ ਉਸ ਦੀ ਜਾਨ ਲੈ ਸਕਦਾ ਹੈ ਇਸ ਦੇ ਬਾਵਜੂਦ ਵੀ ਉਹ ਨਸ਼ਾ ਛੱਡਣ ਲਈ ਮਨੋਂ ਰਾਜ਼ੀ ਨਹੀਂ ਹੁੰਦਾ। ਸ਼ੁਰੂ ਵਿਚ ਭਾਵੇਂ ਉਹ ਵੇਖੋ-ਵੇਖੀ ਜਾਂ ਇਕ ਵਾਰ ਨਜ਼ਾਰਾ ਵੇਖਣ ਲਈ ਨਸ਼ਾ ਕਰਦਾ ਹੈ ਫਿਰ ਉਹ ਇਸ ਦਾ ਆਦੀ ਬਣ ਜਾਂਦਾ ਹੈ। ਨਸ਼ੇ ‘ਤੇ ਲੱਗ ਜਾਣ ਤੋਂ ਪਿੱਛੋਂ ਅਮਲੀ ਨੂੰ ਆਪਣੀ ਜਾਨ ਨਸ਼ੇ ਵਿਚ ਵਿਖਾਈ ਦਿੰਦੀ ਹੈ। ਇਹ ਜਾਣਦੇ ਹੋਏ ਕਿ ਨਸ਼ਾ ਬਰਬਾਦੀ ਵੱਲ ਜਾਂਦਾ ਰਾਹ ਹੈ, ਪਰੰਤੂ ਜਿਸ ਪਾਸੇ ਵੀ ਨਸ਼ਾ ਵਿਕਦਾ ਹੋਵੇ ਨਸ਼ੇੜੀ ਉਸ ਪਾਸੇ ਵੱਲ ਆਕਰਸ਼ਿਤ ਹੁੰਦੇ ਹਨ। ਇਹ ਵੇਖਿਆ ਗਿਆ ਹੈ ਕਿ ਨਸ਼ੇ ਦੀ ਤੋਟ ਕਾਰਨ ਤੁਰਨ ਤੋਂ ਸਤਹੀਣ ਹੋਏ ਅਮਲੀ ਨੂੰ ਜਦੋਂ ਨਸ਼ੇ ਦੀ ਭਿਣਕ ਪੈਂਦੀ ਹੈ ਤਾਂ ਉਸ ਵਿਚ ਤੁਰੰਤ ਜੋਸ਼ ਆ ਜਾਂਦਾ ਹੈ। ਉਹ ਆਪਣੀ ਊਰਜਾ ਇਕੱਠੀ ਕਰ ਕੇ ਹਰ ਹੀਲਾ ਵਰਤ ਕੇ ਨਸ਼ਾ ਪ੍ਰਾਪਤ ਕਰਨ ਲਈ ਆਹੁਲਦਾ ਹੈ। ਇਸ ਕਰਕੇ ਬਹੁਤ ਨਸ਼ਾ-ਛੁਡਾਊ ਕੇਂਦਰ ਨਸ਼ੇ ਰਾਹੀਂ ਨਸ਼ੇ ਦਾ ਇਲਾਜ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਨਸ਼ਾ ਛੁਡਾਉਣ ਦਾ ਕਾਰਜ ਕਾਫੀ ਮੁਸ਼ਕਲ ਹੈ, ਕਿਉਂਕਿ ਨਸ਼ੇੜੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹੁੰਦੇ।

ਨਸ਼ਾ ਕਮਜ਼ੋਰ ਮਨੁੱਖਾਂ ਦੀ ਮਜ਼ਬੂਰੀ ਬਣ ਜਾਂਦਾ ਹੈ। ਇਸ ਕਰਕੇ ਬਦਲਵੇਂ ਨਸ਼ੇ ਪ੍ਰਚਲਿਤ ਹੋ ਜਾਂਦੇ ਹਨ। ਨਸ਼ਾ ਬੰਦ ਕਰਨ ਲਈ ਨਸ਼ੇ ਦਾ ਰਾਹ ਬੰਦ ਕਰਨਾ ਅਤਿ ਕਠਿਨ ਕਾਰਜ ਹੈ, ਕਿਉਂਕਿ ਜੀਵਨ ਦੇ ਹਰ ਖੇਤਰ ਵਿਚ ਫੈਲ ਚੁੱਕੇ ਭ੍ਰਿਸ਼ਟਾਚਾਰ ਦੀ ਬਦੌਲਤ ਤਸਕਰਾਂ ਨੂੰ ਰਾਜਸੀ ਤੇ ਪ੍ਰਸ਼ਾਸਨਿਕ ਸ਼ਹਿ ਪ੍ਰਾਪਤ ਹੋ ਜਾਂਦੀ ਹੈ । ਸੁਭਾਵਿਕ ਹੀ ਇਸ ਨੂੰ ਰੋਕਣ ਲਈ ਸ਼ਕਤੀ ਦੀ ਵਰਤੋਂ ਜ਼ਰੂਰੀ ਬਣ ਜਾਂਦੀ ਹੈ।

ਨਸ਼ੇ ਰੋਕਣ ਲਈ ਸ਼ਕਤੀ ਦੀ ਵਰਤੋਂ ਤੋਂ ਇਲਾਵਾ ਨਸ਼ੇ ਦੇ ਵਿਭਿੰਨ ਕਾਰਨਾਂ ਦੀ ਖੋਜ ਕਰਨ ਦੀ ਖੋਜ ਕਰਕੇ ਇਸ ਦਾ ਤਸੱਲੀਬਖਸ਼ ਬਦਲ ਲੱਭਿਆ ਜਾਣਾ ਚਾਹੀਦਾ ਹੈ। ਇਹ ਢੰਗ ਜਿੰਨਾ ਉਪਯੋਗੀ ਹੈ ਓਨਾ ਹੀ ਲੰਮਾ ਅਤੇ ਵਿਧੀ-ਵਿਉਂਤ ਅਤੇ ਉੱਚਿਤ ਦ੍ਰਿਸ਼ਟੀ ਦੀ ਮੰਗ ਕਰਦਾ ਹੈ। ਪੰਜਾਬ ਵਿਚ ਫੈਲੇ ਨਸ਼ੇ ਨੂੰ ਇਸ ਦੀਆਂ ਵਿਭਿੰਨ ਸਮੱਸਿਆਵਾਂ ਦੇ ਨਾਲ ਜੁੜੀ ਇਕ ਗੰਭੀਰ ਸਮੱਸਿਆ ਸਮਝ ਕੇ ਇਸ ਦਾ ਦੂਰਅੰਦੇਸ਼ੀ ਨਾਲ ਬਦਲ ਲੱਭਿਆ ਜਾ ਸਕਦਾ ਹੈ।

ਨਸ਼ੇੜੀਆਂ ਦੇ ਸਰਵੇਖਣ ਅਤੇ ਉਨ੍ਹਾਂ ਬਾਰੇ ਕੀਤੇ ਅਨੁਭਵ ਦੇ ਆਧਾਰ ‘ਤੇ ਕੁਝ ਮੁੱਖ ਕਾਰਨ ਸਹਿਜ ਵਿਚ ਸਮਝ ਆ ਜਾਂਦੇ ਹਨ। ਨਸ਼ੇ ਦੀ ਵਰਤੋਂ ਦੇ ਵਧ ਜਾਣ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅਜੋਕੇ ਪੰਜਾਬ ਵਿਚ ਆਮ ਜੀਵਨ ਜਿਊਣਾ ਹੁਣ ਸੌਖਾ ਨਹੀਂ ਰਿਹਾ। ਜੀਵਨ ਦਾ ਹਰ ਪੱਖ ਅਤੇ ਰਿਸ਼ਤਾ ਭ੍ਰਿਸ਼ਟ ਚੁੱਕਾ ਹੈ। ਚਾਰੇ ਪਾਸੇ ਫੈਲੀ ਨਿਰਾਸ਼ਤਾ ਵਿੱਚੋਂ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਕ ਪੱਧਰ ‘ਤੇ ਸੰਕਟਾਂ ਤੋਂ ਇਲਾਵਾ ਇੱਥੋਂ ਦੀ ਖੁਰਾਕ, ਪੌਣ ਪਾਣੀ ਆਦਿ ਸਭ ਕੁਝ ਦੂਸ਼ਿਤ ਹੋ ਚੁੱਕਾ ਹੈ। ਜਿਸ ਰਾਜ ਵਿਚ ਬੀਜੀ ਜਾਂਦੀ ਹਰ ਤਰ੍ਹਾਂ ਦੀ ਫਸਲ, ਫਲ, ਸਬਜ਼ੀ ਨੂੰ ਨਸ਼ੇ (ਜ਼ਹਿਰ) ਦੀ ਪਾਣ ਚਾੜੀ ਜਾਂਦੀ ਹੈ ਤੇ ਦੁੱਧ ਆਦਿ ਇੱਥੋਂ ਤਕ ਮਾਂ ਦੇ ਦੁੱਧ ਵਿਚ ਵੀ ਜ਼ਹਿਰ ਦੇ ਅੰਸ਼ ਸਾਹਮਣੇ ਆ ਚੁੱਕੇ ਹਨ ਜ਼ਹਿਰੀਲੇ ਵਾਤਾਵਰਨ ਵਿਚ ਰਹਿੰਦੇ ਉੱਥੋਂ ਦੇ ਬਾਸ਼ਿੰਦੇ ਕੀ ਜ਼ਹਿਰ (ਨਸ਼ਿਆਂ) ਤੋਂ ਬਿਨਾ ਰਹਿ ਸਕਦੇ ਹਨ? ਇਸ ਪ੍ਰਸ਼ਨ ਦਾ ਮਤਲਬ ਇਹ ਨਹੀਂ ਕਿ ਅਸੀਂ ਨਸ਼ੇ ਦੀ ਵਰਤੋਂ ਨੂੰ ਜਾਇਜ਼ ਕਰਾਰ ਦੇ ਰਹੇ ਹਾਂ, ਬਲਕਿ ਸਥਿਤੀ ਨੂੰ ਸਮਝਣ ਲਈ ਇਹ ਮਸਲਾ ਅਤਿ ਗੰਭੀਰ ਹੈ।

ਮਨੁੱਖ ਸਹਾਰਾ ਲੈਣ ਲਈ ਨਸ਼ੇ ਵਰਤਦਾ ਹੈ। ਅਜੋਕੇ ਜੀਵਨ ਵਿਚ ਸਿਹਤ, ਪਰਵਾਰ ਤੇ ਸਮਾਜ ਤੋਂ ਸਹਾਰੇ ਦੀਆਂ ਉਮੀਦਾਂ ਮੱਧਮ ਪੈ ਰਹੀਆਂ ਹਨ। ਪੁਰਾਣੇ ਸਮੇਂ ਵਿਚ ਲੋਕ ਉਸਾਰੂ ਕਦਰਾਂ-ਕੀਮਤਾਂ ਦੇ ਸਹਾਰੇ ਜਿਊਂਦੇ ਸਨ। ਉਸ ਸਮੇਂ ਮਨੁੱਖ ਦੇ ਗੁਣਾਂ ਨੂੰ ਵਡਿਆਇਆ ਜਾਂਦਾ ਸੀ । ਅਜੋਕੇ ਸਮੇਂ ਵਿਚ ਮਨੁੱਖ ਨੂੰ ਸੰਸਕਾਰੀ ਜਾਂ ਗੁਣੀ ਹੋਣ ਨਾਲੋਂ ਮੁਨਾਫਾਖੋਰ ਬਣਾਇਆ ਜਾਂਦਾ ਹੈ। ਮੁਨਾਫੇ ਦਾ ਲਾਲਚ ਹਰ ਪਾਸੇ ਪਸਰਿਆ ਹੋਇਆ ਹੈ। ਵਿੱਦਿਅਕ ਸੰਸਥਾਵਾਂ ਜਿੱਥੋਂ ਬੌਧਿਕ ਦਿਸ਼ਾ ਮਿਲਦੀ ਸੀ ਉਹ ਮੁਨਾਫਾਖੋਰੀ ਕਾਰੋਬਾਰ ਬਣ ਚੁੱਕੀਆਂ ਹਨ, ਜਦੋਂ ਮੁਨਾਫਾ ਮਕਸਦ ਬਣ ਜਾਵੇ ਤਾਂ ਮੁਨਾਫੇ ਲਈ ਨਸ਼ਾ ਤਸਕਰ ਲਈ ਨੌਜਵਾਨਾਂ ਦੀਆਂ ਜਾਨਾਂ ਨਾਲ ਖੇਡ ਮੁਨਾਫਾ ਕਮਾਇਆ ਜਾਂਦਾ ਹੈ ਅਤੇ ਉਹ ਕਮਾ ਰਹੇ ਹਨ। ਨਸ਼ਾ ਰੋਕਣ ਲਈ ਜਾਗ੍ਰਿਤ ਹੋਣਾ ਪਵੇਗਾ। ਅਜੋਕੇ ਪਦਾਰਥਵਾਦੀ ਯੁੱਗ ਵਿਚ ਜੀਵਨ ਨੂੰ ਜਿਊਣ ਜੋਗਾ ਬਣਾਉਣ ਲਈ ਉਸਾਰੂ ਕਦਰਾਂ-ਕੀਮਤਾਂ ਸਿਰਜਣ ਲਈ ਪੰਜਾਬ ਦੀ ਬੌਧਿਕਤਾ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਬੌਧਿਕ ਕੰਗਾਲੀ ਦੀ ਬਦੌਲਤ ਨਸ਼ੇ ਰੋਕਣ ਦੀਆਂ ਕਾਰਵਾਈਆਂ ਸਿਰ ‘ਤੇ ਲੱਗੀ ਸੱਟ ਦਾ ਉਪਾਅ ਕਰਨ ਦੀ ਬਜਾਏ ਪੈਰਾਂ ‘ਤੇ ਮੱਲ੍ਹਮ-ਪੱਟੀ ਕਰਨ ਦਾ ਨੀਮ ਹਕੀਮ ਖ਼ਤਰਾ-ਏ-ਜਾਨ ਦਾ ਕਾਰਨ ਬਣ ਰਹੀਆਂ ਹਨ।

-ਡਾ. ਗੁਰਮੀਤ ਸਿੰਘ