ਵਿਦਯਾ ਧਨ ਕੋ ਪਾਇ ਕਰ, ਨਿੰਮ੍ਰਿਤ ਪੁਰਖ ਉਦਾਰ।
ਕੀਰਤ ਯਾ ਜਗ ਮੈ ਘਨੀ, ਬਹੁਰੋ ਸੂਖ ਅਪਾਰ। (ਭਾਵਰਸਾਂਮ੍ਰਿਤ)
ਕਈ ਵਾਰ ਸਮਾਜ ਵਿਚ ਕੁਝ ਇਨਸਾਨ ਗਿਆਨ ਪ੍ਰਾਪਤ ਕਰ ਕੇ ਹਉਮੈ ਗੁਸਤ ਹੋ ਜਾਂਦੇ ਹਨ। ਇਹ ਵੀ ਸੱਚ ਹੈ ਕਿ ਮਿੱਠੇ ਬੋਲ, ਨਿਮਰਤਾ ਤੇ ਹਲੀਮੀ ਚੰਗੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਹਨ। ਇਸ ਨਾਲ ਸਮਾਜਿਕ ਸਾਂਝ ਵਧਦੀ ਹੈ ਤੇ ਸੰਸਾਰ ਵਿਚ ਸਤਿਕਾਰ ਵਧੇਰੇ ਹੁੰਦਾ ਹੈ। ਪੰਜਾਬੀ ਦਾ ਅਖਾਣ ‘ਹੰਕਾਰਿਆ ਸੋ ਮਾਰਿਆ’ ਅਤੇ ਲੋਕ-ਟੱਪਾ ‘ਫਲ ਨੀਵਿਆਂ ਰੁੱਖਾਂ ਨੂੰ ਮਿੱਠੇ ਲੱਗਦੇ, ਸਿੰਬਲਾ ਤੂੰ ਮਾਣ ਨਾ ਕਰੀਂ’ ਆਦਿ ਹਉਮੈ ਗ੍ਰਸਤ ਮਾਨਸਿਕਤਾ ਨੂੰ ਦੱਸ ਕੇ ਨਿਮਰਤਾ ਧਾਰਨ ਕਰਨ ਲਈ ਜਾਂ ਪ੍ਰੇਰਨ ਦੇ ਲਈ ਹੀ ਹਨ। ਪੁਰਾਤਨ ਸਮੇਂ ਤੋਂ ਸੰਪੂਰਨ ਸ਼ਖ਼ਸੀਅਤ ਦੇ ਗੁਣਾਂ ਦੀ ਗੱਲ ਕਰਦਿਆਂ ਸੋਲ੍ਹਾਂ ਪ੍ਰਕਾਰ ਦੀਆਂ ਕਲਾਵਾਂ ਮੰਨੀਆਂ ਗਈਆਂ ਹਨ, ਜਿਨ੍ਹਾਂ ਵਿਚ ਵਿੱਦਿਆ ਵੀ ਇਕ ਕਲਾ ਹੈ ਭਾਵੇਂ ਵਿੱਦਿਆ ਅੱਗੇ ਬਹੁ-ਪਰਤੀ ਤੇ ਬਹੁ-ਪ੍ਰਕਾਰੀ ਹੈ। ਕਈ ਵਾਰ ਥੋੜ੍ਹੀ ਵਿੱਦਿਆ ਪਾ ਕੇ ਮਨੁੱਖ ਭੁਲੇਖਾ ਖਾ ਜਾਂਦਾ ਹੈ ਕਿ ਉਸ ਨੇ ਬਹੁਤ ਪੜ੍ਹ-ਲਿਖ ਲਿਆ ਹੈ। ਪਰ ਜਦ ਕੋਈ ਬਹੁਤ ਪੜ੍ਹ ਜਾਂਦਾ ਹੈ ਤਾਂ ਕਿਸੇ-ਕਿਸੇ ਨੂੰ ਸਮਝ ਪੈਂਦੀ ਹੈ ਕਿ ਮੇਰੇ ਪਾਸ ਬਹੁਤ ਥੋੜ੍ਹੀ ਜਾਣਕਾਰੀ ਹੈ। ਇਸੇ ਲਈ ਕਿਸੇ ਵਿਦਵਾਨ ਨੇ ਲਿਖਿਆ ਹੈ ਕਿ ‘ਉਮਰ ਭਰ ਜਾਨ ਕਰ ਜਾਨਾ ਤੋ ਯਹ ਜਾਨਾ ਕਿ ਨ ਜਾਨਾ ਕੁਛ ਭੀ’। ਇਸੇ ਭਾਵਨਾ ਨੂੰ ਪ੍ਰਗਟ ਕਰਦੇ ਹੋਏ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਆਪਣੀ ਸ੍ਵੈ-ਜੀਵਨੀ ਵਿਚ ਲਿਖਦੇ ਹਨ ਕਿ ‘ਜਦ ਮੈਂ ਬਹੁਤ ਥੋੜ੍ਹਾ ਜਾਣਦਾ ਸਾਂ, ਤਾਂ ਮੈਂ ਸਮਝਦਾ ਸਾਂ ਕਿ ਮੈਂ ਬਹੁਤ ਵਿਦਵਾਨ ਹਾਂ। ਪਰ ਹੁਣ ਬਹੁਤ ਕੁਛ ਜਾਣਨ ਤੋਂ ਬਾਅਦ ਮੈਨੂੰ ਗਿਆਨ ਹੋਇਆ ਹੈ ਕਿ ਮੈਂ ਬਹੁਤ ਥੋੜ੍ਹਾ ਜਾਣਦਾ ਹਾਂ ਤੇ ਐਸਾ ਭੁਲੇਖਾ ਹੀ ਮਨੁੱਖ ਦੀ ਸਭ ਤੋਂ ਵੱਡੀ ਅਗਿਆਨਤਾ ਹੈ ।’ ਇਸ ਤਰ੍ਹਾਂ ਦੇ ਬੋਲ ਆਮ ਮਨੁੱਖਾਂ ਲਈ ਗਹਿਰੀ ਖੋਜ ਕਰਨ ਵਾਸਤੇ ਪ੍ਰੇਰਨਾ-ਸ੍ਰੋਤ ਬਣਦੇ ਹਨ। ਮਨੁੱਖ ਆਪਣੇ ਧਰਾਤਲ ‘ਤੇ ਭਾਈਚਾਰਕ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਪਿਆਰ ਸਹਿਤ ਹੀ ਰਹੇ ਤਾਂ ਮਾਣ-ਸਤਿਕਾਰ ਉੱਚਾ ਰਹਿੰਦਾ ਹੈ। ਸਾਹਿਤਕ ਖੇਤਰ ਤੋਂ ਲੈ ਕੇ, ਧਾਰਮਿਕ, ਸਮਾਜਿਕ, ਰਾਜਨੀਤਿਕ ਖੇਤਰ ਵਿਚ ਉਹੀ ਲੋਕ ਸਰਬ-ਪ੍ਰਵਾਨਤ ਹੋਏ ਜਾਂ ਉਨ੍ਹਾਂ ਨੇ ਹੀ ਮਾਣ ਪ੍ਰਾਪਤ ਕੀਤਾ ਜੋ ਨਿਮਰਤਾ ਤੇ ਹਲੀਮੀ ਵਿਚ ਲੋਕਾਂ ਦੇ ਬਣ ਕੇ ਰਹੇ। ਉਹੀ ਲੋਕ-ਮਨਾਂ ਵਿਚ ਵੱਸ ਗਏ। ਸਾਡਾ ਸਮਾਜ ਤਾਂ ਏਨਾ ਵਿਸ਼ਾਲ ਮਨ ਵਾਲਾ ਹੈ ਕਿ ਜਿਨ੍ਹਾਂ ਧਾੜਵੀ ਕਿਸਮ ਦੇ ਮਨੁੱਖਾਂ ਨੇ ਵੀ ਗਰੀਬਾਂ ਵਿਚ ਦਾਨ ਕੀਤਾ ਤੇ ਆਮ ਲੋਕਾਈ ਦਾ ਦੁੱਖ ਸੁਣਿਆ, ਉਹ ਲੋਕ-ਨਾਇਕ ਬਣ ਗਏ ਅਤੇ ਉਨ੍ਹਾਂ ਦੀਆਂ ਵਾਰਾਂ ਤੇ ਕਿੱਸੇ ਪ੍ਰਚੱਲਤ ਹੋ ਗਏ। ਇਸ ਪਿਆਰ ਨੂੰ ਲੋਕ-ਪ੍ਰਵਾਨਗੀ ਕਿਹਾ ਜਾਂਦਾ ਹੈ। ਉਪਰੋਕਤ ਦੋਹਰਾ ‘ਭਾਵਰਸਾਂਮ੍ਰਿਤ’ ਗ੍ਰੰਥ ਵਿਚ ਕਵੀ ਗ਼ੁਲਾਬ ਸਿੰਘ ਦੀ ਰਚਨਾ ਹੈ। ਭਾਵ ਅਰਬ ਇਹੋ ਹੈ ਕਿ ਵਿੱਦਿਆ ਰੂਪੀ ਧਨ ਨੂੰ ਪਾ ਕੇ ਜੇਕਰ ਮਨੁੱਖ ਨਿਮਰਵਾਨ ਰਹਿੰਦਾ ਹੈ ਤਾਂ ਉਸ ਦੀ ਕੀਰਤੀ ਜਾਂ ਸਿਫ਼ਤ ਸੰਸਾਰ ਵਿਚ ਬਹੁਤ ਹੁੰਦੀ ਹੈ ਅਤੇ ਉਸ ਨੂੰ ਬਹੁਤ ਸੁਖ ਪ੍ਰਾਪਤ ਹੁੰਦਾ ਹੈ।
-ਡਾ. ਇੰਦਰਜੀਤ ਸਿੰਘ ਗੋਗੋਆਣੀ