21 views 9 secs 0 comments

ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਮੋਰਚਾ

ਲੇਖ
October 23, 2025

ਅੰਗਰੇਜ਼ ਹੁਕਮਰਾਨਾਂ ਦੀ ਨੀਤੀ ਇਹ ਸੀ ਕਿ ‘ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ’ ਅਤੇ ‘ਖਾਲਸਾ ਕਾਲਜ ਅੰਮ੍ਰਿਤਸਰ’ ਆਦਿਕ ਪ੍ਰਮੁੱਖ ਸਿੱਖ ਸੰਸਥਾਵਾਂ ਦਾ ਪ੍ਰਬੰਧ ਆਪਣੇ ਹਿਤਾਂ ਦੀ ਸੁਰੱਖਿਆ ਲਈ, ਆਪਣੀ ਮਰਜ਼ੀ ਅਨੁਸਾਰ ਚੁਣੇ ਸਿੱਖ ਸਰਬਰਾਹਾਂ ਰਾਹੀਂ ਕੀਤਾ ਜਾਵੇ। ਹੋਰ ਤਾਂ ਹੋਰ ਉਹ ਇਸ ਮਾਮਲੇ ਵਿਚ ਆਪਣੇ ਹਮਾਇਤੀ ਚੀਫ਼ ਖਾਲਸਾ ਦੀਵਾਨ ਦੇ ਆਗੂਆਂ ਨੂੰ ਭੀ ਇਹਨਾਂ ਸੰਸਥਾਵਾਂ ਦੇ ਪ੍ਰਬੰਧ ਤੋਂ ਦੂਰ ਰੱਖਣਾ ਚਾਹੁੰਦੇ ਸਨ। ਇਕ ਅੰਗਰੇਜ਼ ਅਧਿਕਾਰੀ ਡੀ. ਪੀਟਰਾਈ ਨੇ ੧੯੧੧ ਈ. ਵਿਚ ਅੰਗਰੇਜ਼ ਸਰਕਾਰ ਨੂੰ ਭੇਜੇ ਇਕ ਮੈਮੋਰੰਡਮ ਵਿਚ ਲਿਖਿਆ ਸੀ, “ਜੇ ਕਦੀ ਤੱਤ ਖਾਲਸਾ ਪਾਰਟੀ (ਚੀਫ਼ ਖ਼ਾਲਸਾ ਦੀਵਾਨ) ਦਰਬਾਰ ਸਾਹਿਬ ਉੱਤੇ ਕਬਜ਼ਾ ਜਮਾਉਣ ਵਿਚ ਸਫਲ ਹੋ ਸਕੇ ਅਤੇ ਧਾਰਮਿਕ ਮਾਮਲਿਆਂ ਵਿਚ ਲੀਡਰਸ਼ਿਪ ਆਪਣੇ ਲਈ ਹਥਿਆਉਣ ਵਿਚ ਸਫਲ ਹੋ ਜਾਵੇ ਤਾਂ ਨਤੀਜੇ ਬੜੇ ਗੰਭੀਰ ਹੋ ਸਕਦੇ ਹਨ। ਇਸ ਪਾਸੇ ਉਹਨਾਂ ਦੇ ਸਫਲ ਹੋਣ ਦੀ ਸੰਭਾਵਤਾ ਬਹੁਤੀ ਦੂਰ ਦੀ ਗੱਲ ਨਹੀਂ ਜਾਪਦੀ। ੧੯੦੭ ਈ. ਵਿਚ ਤੱਤ ਖਾਲਸਾ ਪਾਰਟੀ ਦੀਆਂ ਦਰਬਾਰ ਸਾਹਿਬ ਬਾਰੇ ਗੋਂਦਾਂ ਸੰਬੰਧੀ, ਮਹਾਰਾਜਾ ਨਾਭਾ ਕੋਲ ਸਿੱਖ ਪੁਜਾਰੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ ਕਈ ਵਾਰ ਰਿਪੋਰਟਾਂ ਹੋ ਚੁੱਕੀਆਂ ਹਨ ਕਿ ਗ੍ਰੰਥੀਆਂ ਤੇ ਪੁਜਾਰੀਆਂ ਨੂੰ ਆਪਣੇ ਵੱਲ ਕਰਨ ਲਈ ਤੱਤ ਖਾਲਸਾ ਪਾਰਟੀ ਨੇ ਕਈ ਵਾਰ ਜਤਨ ਕੀਤੇ। ਇਹਨਾਂ ਜਤਨਾਂ ਦੀ ਸਫਲਤਾ ਦੇ ਨਤੀਜੇ ਬੜੇ ਦੂਰ ਪਹੁੰਚਵੇਂ ਅਸਰਾਂ ਵਾਲੇ ਹੋ ਸਕਦੇ ਹਨ।”
ਅਕਾਲੀਆਂ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕਬਜ਼ੇ ਦੀ ਗੱਲ ਤਾਂ ਇਕ ਪਾਸੇ ਰਹੀ, ਅੰਗਰੇਜ਼ ਸਰਕਾਰ ਤਾਂ ਚੀਫ਼ ਖਾਲਸਾ ਦੀਵਾਨ ਦੀ ਆਪਣੀ ਵਫ਼ਾਦਾਰ ਲੀਡਰਸ਼ਿਪ ਨੂੰ ਭੀ ਦਰਬਾਰ ਸਾਹਿਬ ਦੇ ਪ੍ਰਬੰਧ ਦੇ ਲਾਗੇ ਨਹੀਂ ਸੀ ਢੁੱਕਣ ਦੇਣਾ ਚਾਹੁੰਦੀ। ਉਸ ਨੂੰ ਆਪਣੀ ਰਾਜਸੱਤਾ ਦੇ ਖਿਲਾਫ਼ ਸਾਜ਼ਿਸ਼ਾਂ ਦਾ ਸ਼ੱਕ ਆਪਣੇ ਵਫ਼ਾਦਾਰਾਂ ਉੱਤੇ ਭੀ ਸੀ। ਅੰਗਰੇਜ਼ ਸਰਕਾਰ ਦੀ ਨੀਤੀ ਸਪੱਸ਼ਟ ਸੀ, ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੂਸਰੇ ਗੁਰਦੁਆਰਿਆਂ ਦੇ ਪ੍ਰਬੰਧ ‘ਤੇ ਆਪਣਾ ਕਬਜ਼ਾ ਜਮਾਈ ਰੱਖੋ ਅਤੇ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਆਪਣੇ ਰਾਜ ਦੇ ਹਿਤਾਂ ਲਈ ਵਰਤੋ।
ਸਿੱਖਾਂ ਤੋਂ ਆਕੀ ਹੋਣ ਦੀ ਜੁਰਅਤ ਮਹੰਤਾਂ ਅਤੇ ਪੁਜਾਰੀਆਂ ਨੂੰ ਕਿਵੇਂ ਹੋਈ? ਇਸ ਲਈ ਕਿ ਅੰਗਰੇਜ਼ ਸਰਕਾਰ ਉਹਨਾਂ ਦੀ ਪਿੱਠ ’ਤੇ ਸੀ। ਅੰਗਰੇਜ਼ ਅਫ਼ਸਰਾਂ ਨਾਲ ਮਿਲ ਕੇ ਉਹਨਾਂ ਨੇ ਗੁਰਦੁਆਰਿਆਂ ਦੀਆਂ ਲੱਖਾਂ ਰੁਪਿਆਂ ਦੀਆਂ ਜਾਇਦਾਦਾਂ ਆਪਣੇ ਨਿਜੀ ਨਾਵਾਂ ‘ਤੇ ਕਰਵਾ ਲਈਆਂ ਸਨ। ਅੰਗਰੇਜ਼ ਸਰਕਾਰ ਨਹੀਂ ਸੀ ਚਾਹੁੰਦੀ ਕਿ ਗੁਰਦੁਆਰੇ ਅਤੇ
ਉਹਨਾਂ ਦੀਆਂ ਜਾਇਦਾਦਾਂ ਸਿੱਖ ਪੰਥ ਦੇ ਹੱਥਾਂ ਵਿਚ ਜਾਣ, ਕਿਉਂਕਿ ਗੁਰਦੁਆਰਿਆਂ ਦੇ ਪ੍ਰਬੰਧ ਦੀ ਅੰਗਰੇਜ਼ ਅਧਿਕਾਰੀਆਂ ਹੱਥੋਂ ਆਜ਼ਾਦੀ, ਅੰਗਰੇਜ਼ ਸਰਕਾਰ ਦੇ ਹਿੱਤਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਇਸ ਲਈ ਗੁਰਦੁਆਰਿਆਂ ਦੇ ਸਰਬਰਾਹਾਂ, ਮਹੰਤਾਂ ਅਤੇ ਪੁਜਾਰੀਆਂ ਨੂੰ ਸਿੱਖ ਪੰਥ ਤੋਂ ਅੰਗਰੇਜ਼ ਸਰਕਾਰ ਤੇ ਉਸ ਦੇ ਅਧਿਕਾਰੀਆਂ ਨੇ ਹੀ ਆਕੀ ਕਰਾਇਆ। ਮਹੰਤਾਂ ਅਤੇ ਸਿੱਖ ਪੰਥ ਦੇ ਵਿਚਾਲੇ ਅੰਗਰੇਜ਼ ਸਰਕਾਰ ਨਾ ਖਲੋਂਦੀ ਤਾਂ ਮਹੰਤਾਂ ਨੇ ਚੁੱਪ-ਚਾਪ ਸਮਝੌਤੇ ਕਰ ਕੇ ਗੁਰਦੁਆਰੇ ਸਿੱਖ ਪੰਥ ਦੇ ਹਵਾਲੇ ਕਰ ਕੇ ਅਤੇ ਆਪਣੇ ਆਚਰਨ (ਚਾਲ-ਚਲਨ) ਦਾ ਸੁਧਾਰ ਕਰ ਕੇ ਪੰਥਕ ਪ੍ਰਬੰਧ ਹੇਠ ਜਾਂ ਤਾਂ ਮਹੰਤ ਬਣੇ ਰਹਿਣਾ ਸੀ ਜਾਂ ਜੀਵਨ ਭਰ ਲਈ ਗੁਜ਼ਾਰੇ ਲਈ ਕੁਝ ਵਜ਼ੀਫ਼ੇ ਆਦਿ ਲੈ ਕੇ ਗੁਰਦੁਆਰਾ ਪ੍ਰਬੰਧ ਤੋਂ ਨਿਰਲੇਪ ਹੋ ਜਾਣਾ ਸੀ। ਇਸ ਲਈ ਝਗੜਾ ਸਿੱਖਾਂ ਤੇ ਮਹੰਤਾਂ ਵਿਚਕਾਰ ਨਹੀਂ ਸਗੋਂ ਸਿੱਖਾਂ ਤੇ ਅੰਗਰੇਜ਼ ਸਰਕਾਰ ਵਿਚਕਾਰ ਸੀ। ਮਹੰਤ ਤੇ ਪੁਜਾਰੀ ਤਾਂ ਅੰਗਰੇਜ਼ ਦੀ ਰਾਜਨੀਤੀ ਨੂੰ ਅਮਲੀ ਜਾਮਾ ਪੁਆਉਣ ਲਈ, ਇਕ ਤਰ੍ਹਾਂ ਅੰਗਰੇਜ਼ ਅਧਿਕਾਰੀਆਂ ਦੇ ਹੱਥਾਂ ਵਿਚ ਹਥਿਆਰ ਸਨ। ਅੰਗਰੇਜ਼ ਸਰਕਾਰ ਨੇ ਕੁਝ ਇਕ ਮਹੰਤਾਂ ਨੂੰ ਆਪਣੇ ਹੱਥ ਵਿਚ ਲੈ ਕੇ ਹੋ ਰਹੇ ਸਮਝੌਤੇ ਭੀ ਸਿਰੇ ਨਾ ਚੜ੍ਹਨ ਦਿੱਤੇ।
ਬਾਬੇ ਦੀ ਬੇਰ ਸਿਆਲਕੋਟ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਸਿੱਖ ਸੰਗਤਾਂ ਦੀ ਮੰਗ ਅਨੁਸਾਰ ਕਮੇਟੀ ਬਣਾਉਣ ਦੀ ਥਾਂ ਸਿੱਖਾਂ ਦੀ ਜ਼ੋਰਦਾਰ ਵਿਰੋਧਤਾ ਦੇ ਬਾਵਜੂਦ ਇਕ ਪਤਿਤ (ਸਿੱਖ) ਗੰਡਾ ਸਿੰਘ ਉਬਰਾਏ ਨੂੰ ਪ੍ਰਬੰਧਕ ਬਣਾ ਦਿੱਤਾ ਗਿਆ। ਇਸ ਤੋਂ ਪਹਿਲੇ ਮਹੰਤ ਹਰਨਾਮ ਸਿੰਘ ਦੇ ਵਿਰੁੱਧ ਭੀ ਕਈ ਮੁਕੱਦਮੇ ਹੋਏ। ਹਰ ਕਾਨੂੰਨੀ ਚਾਰਾਜੋਈ ਕੀਤੀ ਗਈ ਕਿ ਗੁਰਦੁਆਰਾ ਸਿੱਖ ਸੰਗਤਾਂ ਦੀ ਚੁਣੀ ਹੋਈ ਕਮੇਟੀ ਦੇ ਪ੍ਰਬੰਧ ਹੇਠ ਦਿੱਤਾ ਜਾਏ ਪਰ ਨਾ ਕੋਈ ਸਰਕਾਰੀ ਅਫ਼ਸਰ ਇਸ ਪਾਸੇ ਧਿਆਨ ਦਿੰਦਾ ਸੀ, ਨਾ ਕਿਸੇ ਅਦਾਲਤ ਵਿਚ ਕੋਈ ਸੁਣਵਾਈ ਹੁੰਦੀ ਸੀ। ਅੰਗਰੇਜ਼ ਹਾਕਮ ਪੂਰੀ ਤਰ੍ਹਾਂ ਸਰਬਰਾਹ ਗੰਡਾ ਸਿੰਘ ਦੀ ਸਹਾਇਤਾ ਕਰ ਰਹੇ ਸਨ।
ਸਤੰਬਰ ੧੯੨੦ ਈ. ਵਿਚ ਸਿਆਲਕੋਟ ਦੀ ਸਿੱਖ ਸੰਗਤ ਦੀ ਇੱਛਾ ਅਤੇ ਮੰਗ ਅਨੁਸਾਰ ਸ. ਅਮਰ ਸਿੰਘ ਝਬਾਲ, ਸ. ਜਸਵੰਤ ਸਿੰਘ ਝਬਾਲ ਅਤੇ ਸ. ਤੇਜਾ ਸਿੰਘ ਭੁੱਚਰ ਆਦਿਕ ਅਕਾਲੀ ਆਗੂ ਸਾਰੇ ਹਾਲਾਤ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਿਆਲਕੋਟ ਪੁੱਜੇ।
ਕਿਉਂਕਿ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਦੀ ਮੰਗ ਲਈ ਜਦੋ-ਜਹਿਦ ਕਰ ਰਹੇ ਸਥਾਨਕ ਸਿੱਖ ਆਗੂਆਂ ਸ. ਭਾਗ ਸਿੰਘ, ਸ. ਜਵਾਹਰ ਸਿੰਘ, ਸ. ਨਾਨਕ ਸਿੰਘ, ਸ. ਰਾਮ ਸਿੰਘ ਅਤੇ ਸ. ਮਹਾਂ ਸਿੰਘ ਵਿਰੁੱਧ ਡਿਪਟੀ ਕਮਿਸ਼ਨਰ ਸਿਆਲਕੋਟ ਨੇ ਦਫ਼ਾ ੧੦੭ ਅਧੀਨ ਵਰੰਟ ਗ੍ਰਿਫ਼ਤਾਰੀ ਜਾਰੀ ਕਰਵਾ ਦਿੱਤੇ ਸਨ। ਬਾਹਰੋਂ ਆਏ ਅਕਾਲੀ ਮੁਖੀਆਂ ਦੀ ਅਗਵਾਈ ਹੇਠ ਉਕਤ ਸਥਾਨਕ ਸਿੱਖ ਮੁਖੀਆਂ ਨੂੰ ਇਕ ਵੱਡੇ ਜਲੂਸ ਦੀ ਸ਼ਕਲ ਵਿਚ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਗਿਆ। ਇਹਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਤੇ ਮੁਕੱਦਮੇ ਦੀ ਸੁਣਵਾਈ ਲਈ ਅਗਲੀ ਪੇਸ਼ੀ ੫ ਅਕਤੂਬਰ, ੧੯੨੦ ਈ. ਮੁਕੱਰਰ ਕੀਤੀ ਗਈ। ਪਹਿਲੀ ਪੇਸ਼ੀ ਦੀ ਤਾਰੀਖ ‘ਤੇ ਹੀ ਉਕਤ ਪੰਜੇ ਸਥਾਨਕ ਆਗੂ ਰਿਹਾਅ ਹੋ ਗਏ।
ਇਸ ਰਿਹਾਈ ਤੋਂ ਭੀ ਵੱਡੀ ਜਿੱਤ ਇਹ ਸੀ ਕਿ ਸਰਬਰਾਹ ਗੰਡਾ ਸਿੰਘ ਨੂੰ ਗੁਰਦੁਆਰਾ ਪ੍ਰਬੰਧ ਤੋਂ ਵੱਖ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ੫ ਅਕਤੂਬਰ, ੧੯੨੦ ਈ. ਨੂੰ ਸਿੱਖ ਕੌਮ ਦੀ ਚੁਣੀ ਪ੍ਰਤੀਨਿਧ ਕਮੇਟੀ ਦੇ ਹੱਥ ਆ ਗਿਆ।
ਇਸ ਮੋਰਚੇ ਦੀ ਜਿੱਤ ਬਾਰੇ ਸ. ਨਰੈਣ ਸਿੰਘ ਆਪਣੀ ਰਚਿਤ ਪੁਸਤਕ ‘ਅਕਾਲੀ ਮੋਰਚੇ ਤੇ ਝੱਬਰ’ ਵਿਚ ਲਿਖਦੇ ਹਨ, “ਝੱਬਰ ਜੀ ਨੇ ਤਸ਼ਰੀਹ (ਖੋਲ੍ਹ ਕੇ ਬਿਆਨ ਕਰਨਾ) ਕੀਤੀ ਕਿ ਇਸ ਕਮੇਟੀ ਵਿਚ ਕੋਈ ਰਹਿਤ-ਹੀਣ, ਸ਼ਰਾਬੀ ਆਦਿ ਨਾ ਲਿਆ ਜਾਵੇ। ਪ੍ਰੇਮੀ ਅਤੇ ਨਿੱਤਨੇਮੀ ਸਿੰਘਾਂ ਦੀ ਕਮੇਟੀ ਬਣਾਈ ਜਾਵੇ। ਨੌਂ ਮੈਂਬਰਾਂ ਦੀ ਕਮੇਟੀ ਬਣਾਈ ਗਈ ਅਤੇ ਪ੍ਰਧਾਨਗੀ ਲਈ ਝੱਬਰ ਜੀ ਨੇ ਬਾਬਾ ਖੜਕ ਸਿੰਘ ਦਾ ਨਾਮ ਪੇਸ਼ ਕੀਤਾ, ਜੋ ਸਰਬ-ਸੰਮਤੀ ਨਾਲ ਪ੍ਰਵਾਨ ਹੋਇਆ। ਇਸ ਤਰ੍ਹਾਂ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਕਬਜ਼ਾ ਕਰ ਕੇ ਇਸ ਜਥੇ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਨੀਂਹ ਰੱਖ ਦਿੱਤੀ। ਸੈਂਟਰਲ ਮਾਝਾ ਦੀਵਾਨ ਦੇ ਪੰਝੀ ਕੁ ਸਿੰਘ ਕਮੇਟੀ ਦੀ ਸਹਾਇਤਾ ਲਈ ਉਥੇ ਛੱਡ ਕੇ ਬਾਕੀ ਜਥਾ ਅਗਲੇ ਭਲਕ ਉਥੋਂ ਚਲਾ ਗਿਆ। ਅੱਗੇ ਖੁਸ਼ਹਾਲਪੁਰ ਕੋਠਾ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਪੁਲੀਟੀਕਲ ਜਲਸਾ ਨੇੜੇ ਹੀ ਸੀ।
੯ ਅਕਤੂਬਰ, ੧੯੨੦ ਈ. ਦੀ ਰਾਤ ਨੂੰ ਸ. ਕਰਤਾਰ ਸਿੰਘ ਜੀ ਝੱਬਰ ਵੀ ਖੁਸ਼ਹਾਲਪੁਰ ਪਹੁੰਚ ਗਏ। ਅਗਲੇ ਦਿਨ ਭਾਈ ਤੇਜਾ ਸਿੰਘ ਜੀ ਚੂਹੜਕਾਨਾ ਭੀ ਪਹੁੰਚ ਗਏ। ਸ. ਤੇਜਾ ਸਿੰਘ ਜੀ ਭੁੱਚਰ ਭੀ ਪੁੱਜੇ, ਪੰਡਤ ਰਾਮਭਜਨ ਅਤੇ ਹੋਰ ਭੀ ਹਿੰਦੂ-ਮੁਸਲਮਾਨ ਕਾਂਗਰਸੀ ਲੀਡਰ ਪੁੱਜੇ। ੧੧ ਅਕਤੂਬਰ ਨੂੰ ਸ. ਵਸਾਵਾ ਸਿੰਘ ਨੰਬਰਦਾਰ ਨੇ ਆਪਣੀ ਨੰਬਰਦਾਰੀ ਛੱਡਣ ਦਾ ਐਲਾਨ ਕੀਤਾ। ਉਸ ਦਿਨ ਇਤਨੀ ਦੁਨੀਆਂ ਆਈ ਕਿ ਲੋਕਾਂ ਨੂੰ ਰੋਟੀ-ਪਾਣੀ ਨਾ ਮਿਲਿਆ। ਦਿਨ ਦੇ ਦੋ ਵਜੇ ਦੇ ਕਰੀਬ ਝੱਬਰ ਅਤੇ ਚੂਹੜਕਾਨੇ ਨੇ ਆਪਣੀ ਬਣਾਈ ਹੋਈ ਰਾਜਸੀ ਕਵਿਤਾ ਪੜ੍ਹੀ। ਪੰਜਾਬ ਕੌਂਸਲ ਲਈ ਨਵੀਂ ਚੋਣ ਹੋਣ ਵਾਲੀ ਸੀ ਅਤੇ ਕਾਂਗਰਸ ਨੇ ਇਸ ਚੋਣ ਦਾ ਬਾਈਕਾਟ ਕੀਤਾ ਹੋਇਆ ਸੀ। ਇਹ ਇਸੇ ਭਾਵ ਦੀ ਕਵਿਤਾ ਸੀ, ਧਾਰਨਾ ਇਹ ਸੀ :

ਰਕਾਬ ਗੰਜ ਦੀ ਕੰਧ ਜੇ ਢਾਹੀ,
ਮੁਸਲਮਾਨਾਂ ਦਾ ਮੱਕਾ ਖੋਹ ਲਿਆ,
ਸਿੱਖਾਂ ਦਾ ਦਰਬਾਰ,
ਪਰਚੀ ਨਹੀਂ ਦੇਣੀ।
ਬਣਨ ਨਾ ਦੇ ਸਰਕਾਰ, ਪਰਚੀ ਨਹੀਂ ਦੇਣੀ।
ਛੱਡਦੀ ਨਹੀਂ ਸਰਕਾਰ, ਪਰਚੀ ਨਹੀਂ ਦੇਣੀ।
ਚਤਰ ਸਿੰਘ ਨੂੰ ਪਿੰਜਰੇ ਪਾਇਆ…।
ਇਸ ਤਰ੍ਹਾਂ ਦੀ ਇਸ ਕਵਿਤਾ ਦੇ ਬਾਰਾਂ ਮਿਸਰੇ ਸਨ । ਜਦੋਂ ਝੱਬਰ ਅਤੇ ਚੂਹੜਕਾਨੇ ਨੇ ਉੱਚੀ ਸੁਰ ਨਾਲ ਇਹ ਕਵਿਤਾ ਪੜ੍ਹੀ ਤਾਂ ਇਸ ਦਾ ਆਮ ਲੋਕਾਂ ‘ਤੇ ਬਹੁਤ ਅਸਰ ਹੋਇਆ। ਜਲਸਾ ਚਾਰ ਵਜੇ ਖ਼ਤਮ ਕਰ ਕੇ ਇਹ ਬਟਾਲੇ ਸਟੇਸ਼ਨ ‘ਤੇ ਆ ਗਏ, ਪਰ ਗੱਡੀ ਆਉਣ ਤੋਂ ਅੱਧਾ ਘੰਟਾ ਪਿੱਛੋਂ ਪੁੱਜੇ, ਸੋ ਮਾਸਟਰ ਮੋਤਾ ਸਿੰਘ ਭੁੱਚਰ, ਚੂਹੜਕਾਣਾ ਅਤੇ ਝੱਬਰ ਆਦਿ ਆਗੂ ਰਾਤ ਸਟੇਸ਼ਨ ‘ਤੇ ਹੀ ਸੁੱਤੇ।

ਸ. ਜਗਜੀਤ ਸਿੰਘ ਔਲਖ