ਸਾਧੂ ਰਾਘਵਾਨੰਦ ਜੀ ਕੋਈ ੭੦-੭੫ ਸਾਲ ਦੇ ਸਨ। ਉਮਰ ਭਾਵੇਂ ਵੱਡੀ ਸੀ, ਪਰ ਸਰੀਰ ਤਕੜਾ ਤੇ ਸਿਹਤਮੰਦ ਸੀ ਭਾਵੇਂ ਕੇਵਲ ਦੁੱਧ ਤੇ ਕੁਝ ਫਲਾਂ ‘ਤੇ ਹੀ ਗੁਜ਼ਾਰਾ ਕਰਦੇ ਸਨ। ਅੰਨ ਆਦਿ ਹੋਰ ਕੁਝ ਵੀ ਨਹੀਂ ਸਨ ਖਾਂਦੇ।
ਉਹ ਕਈ ਵਾਰ ਸਾਡੇ ਘਰ ਮੇਰੇ ਦਾਦਾ ਜੀ ਨਾਲ ਅਧਿਆਤਮਕ ਵਾਰਤਾਲਾਪ ਕਰਨ ਆ ਜਾਇਆ ਕਰਦੇ ਸਨ। ਉਨ੍ਹਾਂ ਦੀ ਸਾਰੀ ਜਾਇਦਾਦ ਧੋਤੀ ਕੁਰਤਾ ਤੇ ਇਕ ਕਮੰਡਲ ਸੀ। ਸੌਂਦੇ ਵੀ ਭੁੰਞੇ ਹੀ ਸਨ। ਬੜੇ ਤਪੱਸਵੀ ਸਨ।
ਇਕ ਦਿਨ ਉਹ ਆਏ ਤਾਂ ਦਾਦਾ ਜੀ ਘਰ ਨਹੀਂ ਸਨ। ਮੈਂ ਘਰੇ ਸਾਂ, ਮੈਂ ਉਨ੍ਹਾਂ ਨੂੰ ਅੰਦਰ ਬਿਠਾਇਆ ਤੇ ਦੱਸਿਆ ਕਿ ਦਾਦਾ ਜੀ ਛੇਤੀ ਹੀ ਆ ਜਾਣਗੇ, ਗੁਰਦੁਆਰੇ ਮੱਥਾ ਟੇਕਣ ਗਏ ਹਨ। ਜਦ ਅਸੀਂ ਦੋਵੇਂ ਸਾਂ ਤਾਂ ਮੈਂ ਸਾਧੂ ਜੀ ਨੂੰ ਪੁੱਛਿਆ, “ਅੰਤਰ ਜੋਤਿ ਕਿਵੇਂ ਜਗਦੀ ਹੈ?” ਕਹਿਣ ਲੱਗੇ, “ਦੋ ਤਰ੍ਹਾਂ, ਇਕ ਲਾਲਟੈਨ ਰਾਹੀਂ ਇਕ ਆਰਸੀ ਰਾਹੀਂ।”
ਮੈਂ ਕਿਹਾ ਆਪ ਦੀ ਗੱਲ ਮੇਰੇ ਸਮਝ ਨਹੀਂ ਪਈ। ਕਹਿਣ ਲੱਗੇ, “ਲਾਲਟੈਨ ਦਾ ਭਾਵ ਹੈ ਕਿਸੇ ਦੇ ਅੰਦਰੋਂ ਸੁਤੈ ਪ੍ਰਕਾਸ਼ ਹੋ ਜਾਵੇ। ਇਹ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਨੂੰ ਵੀ ਕਿਸੇ ਵੇਲੇ ਹੋ ਸਕਦਾ ਹੈ। ਦੂਜਾ ਆਰਸੀ ਦਾ ਭਾਵ ਅਗਲੇ ਨੂੰ ਜਿਵੇਂ ਆਰਸੀ ਵਿਚ ਆਪਣਾ ਮੂੰਹ ਦਿਸਦਾ ਹੈ, ਉਵੇਂ ਉਸ ਨੂੰ ਉਸ ਦੇ ਅੰਦਰ ਜੋਤ ਦੇ ਦੀਦਾਰ ਕਰਾਉਣੇ। ਇਹ ਗੁਰੂ ਕਰਾਉਂਦਾ ਹੈ। ਪਹਿਲੋਂ ਉਸ ਨੂੰ ਅੰਦਰ ਦੀ ਜੋਤ ਵੱਲੋਂ ਆਗਾਹ ਕਰਦਾ ਹੈ, ਤੇ ਫਿਰ ਉਸ ਜੋਤਿ ਦੇ ਦਰਸ਼ਨਾਂ ਦਾ ਸਾਧਨ ਦੱਸਦਾ ਹੈ।
ਅਜੇ ਸਾਡੀ ਗੱਲ ਇਤਨੀ ਹੀ ਹੋਈ ਸੀ ਕਿ ਦਾਦਾ ਜੀ ਆ ਗਏ ਤੇ ਮੈਂ ਦੋਹਾਂ ਜਾਣਿਆਂ ਨੂੰ ਪਰਸਪਰ ਵਿਚਾਰ-ਵਟਾਂਦਰੇ ਲਈ ਛੋੜ ਕੇ ਬਾਹਰ ਆ ਗਿਆ।
ਸਾਧੂ ਜੀ ਨਾਲ ਮੇਰੀ ਜੋ ਵਾਰਤਾ ਹੋਈ ਉਸ ਬਾਰੇ ਮੈਂ ਆਪਣੇ ਦਾਦਾ ਜੀ ਨੂੰ ਦੱਸਿਆ ਤੇ ਕਿਹਾ ਕਿ ਮੇਰੀ ਜਿਗਿਆਸਾ ਵਿੱਚੇ ਹੀ ਰਹਿ ਗਈ ਕਿਉਂਕਿ ਤੁਸੀਂ ਆ ਗਏ ਤੇ ਮੈਂ ਤੁਹਾਨੂੰ ਸਾਧੂ ਜੀ ਕੋਲ ਇਕੱਲਿਆਂ ਛੋੜ ਆਉਣਾ ਉੱਚਿਤ ਸਮਝਿਆ।
ਦਾਦਾ ਜੀ ਮੁਸਕ੍ਰਾਏ ਤੇ ਕਹਿਣ ਲੱਗੇ ਇਉਂ ਸਮਝ ਗੁਰੂ ਨਾਨਕ ਸਾਹਿਬ ਦੇ ਅੰਦਰ ਪਰਮਾਤਮਾ ਨੇ ਆਪ ਜੋਤਿ ਜਗਾਈ, ਜਦ ਵੇਈਂ ਵਾਲੇ ਸਾਕੇ ਵਿਚ ਉਹ ਦੈਵੀ ਦਰਬਾਰ ਵਿਚ ਪਰਮਾਤਮਾ ਦੇ ਸਨਮੁਖ ਹੋਏ। ਪਰ ਗੁਰੂ ਅੰਗਦ ਸਾਹਿਬ ਵਿਚ ਜੋਤਿ ਗੁਰੂ ਨਾਨਕ ਸਾਹਿਬ ਨੇ ਜਗਾਈ। ਪਹਿਲੀ ਜੋਤਿ ਸਿੱਧੀ ਲਾਲਟੈਨ ਦੀ ਜੋਤਿ ਵਰਗੀ ਸੀ ਭਾਵੇਂ ਇਸ ਦਾ ਚਾਨਣ ਲਾਲਟੈਨ ਵਰਗਾ ਨਹੀਂ, ਕਈ ਸੂਰਜਾਂ ਵਰਗਾ ਹੋਂਦਾ ਹੈ। ਇਹ ਜੋਤਿ ਮੌਜੂਦ ਤਾਂ ਸਭ ਦੇ ਅੰਦਰ ਹੈ, ਪਰ ਕਰਮਾਂ ਹੇਠ ਢੱਕੀ ਹੋਂਦੀ ਹੈ। ਉਸ ਨੂੰ ਕੋਈ ਵੇਖ ਨਹੀਂ ਸਕਦਾ। ਗੁਰੂ ਜੀ ਆਪਣੀ ਨਦਰੇ ਕਰਮ ਨਾਲ ਜਿਗਿਆਸੂ ਨੂੰ ਉਸ ਦਾ ਝਲਕਾਰਾ ਵਿਖਾ ਸਕਦੇ ਹਨ, ਆਪ ਉਸ ਦੀ ਆਰਸੀ ਬਣ ਕੇ। ਜਿਗਿਆਸੂ ਇਹ ਤਾਂ ਹੀ ਵੇਖ ਸਕਦਾ ਹੈ ਜੇ ਆਪਣੇ ਆਪ ਨੂੰ ਗੁਰੂ ਅੱਗੇ ਆਪਣਾ ਆਤਮਾ-ਸਮਰਪਨ ਕਰ ਦੇਵੇ।
ਡਾ. ਜਸਵੰਤ ਸਿੰਘ ਨੇਕੀ
