ਕਲਕੱਤੇ ਦੇ ਅਖਬਾਰ ‘ਯੂਨਿਟੀ ਐਡਮਿਨਿਸਟਰ’ ਵਿਚ ਇਕ ਬੰਗਾਲੀ ਦਾ ਲ਼ੇਖ ਛਪਿਆ ਹੈ। (ਜ਼ਿਕਰਯੋਗ ਲੇਖ ੨੪ ਅਪ੍ਰੈਲ, ੧੯੦੭ ਈ. ਤੋਂ ਪਹਿਲਾਂ ਦਾ ਛਪਿਆ ਹੈ) ਜਿਸ ਦਾ ਸਿਰਨਾਵਾਂ ਇਹ ਹੈ ਕਿ ‘ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੇਰੇ ਲਈ ਕੀਹ ਕੀਤਾ ਹੈ?’ ਇਸ ਲੇਖ ਵਿਚ ਉਸ ਸੱਜਣ ਨੇ ਆਪਣੀ ਹੱਡਬੀਤੀ ਸਾਰੀ ਵਰਣਨ ਕੀਤੀ ਹੈ। ਲੇਖਕ ਸਿੱਖ ਨਹੀਂ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ’ਤੇ ਭਰੋਸਾ ਕਰ ਕੇ ਜੋ ਕੁਝ ਉਸ ਦੇ ਆਤਮਾ ਪਰ ਵਰਤਿਆ ਹੈ, ਉਸ ਨੇ ਲਿਖਿਆ ਹੈ। ਅਸੀਂ ਉਸ ਦੇ ਲੇਖ ਦਾ ਖੁਲਾਸਾ ਹੇਠਾਂ ਦਿੰਦੇ ਹਾਂ, ਕਿ ਜੋ ਲੋਕ ਸਿੱਖ ਨਹੀਂ ਹਨ ਉਹ ਪੇ੍ਰਮ ਕਰ ਕੇ ਐਸੇ ਲਾਭ ਪ੍ਰਾਪਤ ਕਰਦੇ ਹਨ, ਜਿਨ੍ਹਾਂ ਤੋਂ ਕਈ ਸਿੱਖ ਵਾਂਞੇ ਬੈਠੇ ਹਨ; ਉਨ੍ਹਾਂ ਲਈ ਕੈਸੀ ਸ਼ਰਮ ਦੀ ਗੱਲ ਹੈ। ਹਰੇਕ ਸਿੱਖ ਇਸ ਮਜ਼ਮੂਨ ਨੂੰ ਪੜ੍ਹੇ ਤੇ ਪੜ੍ਹ ਕੇ ਵੇਖੇ ਕਿ ਆਯਾ ਉਹ ਸਿੱਖ ਹੋ ਕੇ ਐਸੀ ਬਾਤ ਇਸ ਭਰੋਸੇ ਨਾਲ ਆਖ ਸਕਦਾ ਹੈ? ਸਿੱਖ ਨੂੰ ਤਾਂ ਸਿਦਕ ਇਸ ਤੋਂ ਵਧੀਕ ਚਾਹੀਏ, ਪਰ ਸਿੱਖਾਂ ਵਿਚ ਐਨਾ ਸੁਖ ਮਾਣਨ ਵਾਲੇ ਬੀ ਹਨ? ਜੇ ਹਨ ਤਾਂ ਸਾਰੇ ਪੰਥ ਵਿਚੋਂ ਕਿੰਨੇ ਕੁ? ਜੇ ਕਦੀ ਗੰ੍ਰਥੀ ਪੁਜਾਰੀ ਐਨੇ ਕੁ ਸਿਦਕ ਵਾਲੇ ਹੋਣ ਤਦ ਕਦੇ ਉਮੈਦ ਹੋ ਸਕਦੀ ਹੈ ਕਿ ਕੋਈ ਦੁਖ ਹੋਵੇ? ਜੇ ਸਰਬ੍ਰਾਹਾਂ ਨੇ ਇਹ ਕੁਝ ਸਤਿਗੁਰੂ ਨੂੰ ਜਾਤਾ ਹੋਵੇ ਤਦ ਤੁਸੀਂ ਉਮੈਦ ਕਰ ਸਕਦੇ ਹੋ ਕਿ ਤੁਹਾਡੀ ਦੁਖਾਂ ਭਰੀ ਆਵਾਜ਼ ਸਦਾ ਡੋਰੇ ਕੰਨਾਂ ’ਤੇ ਪਵੇ? ਜੇ ਕਦੀ ਇਹ ਭਰੋਸਾ ਇਹ ਸਿਦਕ, ਇਹ ਪਿਆਰ ਹੋਵੇ ਤਦ ਕਦੀ ਸਿੱਖਾਂ ਵਿਚ ਫੁਟ ਵੱਸ ਸਕੇ? ਕਦੇ ਸੈ੍ਵ ਸਤਿਕਾਰ ਦਾ ਖੂਨ ਹੋ ਸਕੇ? ਕਦੇ ਪ੍ਰੇਮ ਦੀ ਸੇਵਾ ਦੇ ਵਿਰੋਧੀ ਪੰਥ ਵਿੱਚੋਂ ਨਿਕਲ ਸਕਣ? ਧਰਮ ਭਾਵਨਾ, ਪੇ੍ਰਮ ਭਾਵਨਾ ਗੁਰੂ ਸ਼ਰਧਾ ਵਿਚ ਨਹੀਂ ਰਹੀ। ਅਸੀਂ ਕੀ ਕਹੀਏ, ਪਾਠਕ ਜਨੋ! ਆਪੋ ਆਪਣੀ ਥਾਂ ਵਿਚਾਰ ਕਰ ਕੇ ਆਪਣੇ ਹਿਰਦਿਆਂ ਨਾਲ ਆਪ ਸੋਚੋ ਕਿ ਅਸੀਂ ਆਪੋ ਆਪਣੀ ਥਾਂ ਕਿੰਨਾ ਕੁ ਤੇ ਕੀ ਦਮ ਮਾਰ ਕੇ ਕਹਿ ਸਕਦੇ ਹਾਂ ਕਿ ਸਾਡੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਹ ਕੁਝ ਕੀਤਾ ਹੈ। ਬੰਗਾਲੀ ਪੇ੍ਰਮੀ ਜੀ ਤਾਂ ਐਊਂ ਆਪਣੇ ਦਿਲੀ ਭਾਵ ਵਰਣਨ ਕਰਦੇ ਹਨ, ਜ਼ਰਾ ਆਪਣੇ ਨਾਲ ਮੁਕਾਬਲਾ ਕਰ ਕੇ ਪੜ੍ਹਨਾ:-
ਮੈਂ ਨਾਮ ਵਿਚ ਸਿੱਖ ਤਾਂ ਨਹੀਂ ਪਰ ਆਪਣੇ ਆਤਮਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁਰੀਦ ਹਾਂ। ਭਾਵੇਂ ਮੈਂ ਇਸ ਲਾਇਕ ਬੀ ਨਹੀਂ ਹਾਂ ਕਿ ਭਾਈ ਮਰਦਾਨਾ ਤੇ ਹੋਰ ਸਿੱਖਾਂ ਦੀ (ਕਿ ਜਿਨ੍ਹਾਂ ਨੇ ਗੁਰੂ ਸੇਵਾ ਪੇ੍ਰਮ ਨਾਲ ਕੀਤੀ ਤੇ ਦਰਸ਼ਨ ਪਾਏ ਹਨ) ਜੁੱਤੀ ਦਾ ਤਸਮਾ ਬੀ ਖੋਲ ਸਕਾਂ, ਅਰ ਮੈਂ ਇਹ ਕਹਿਣ ਲਾਇਕ ਬੀ ਨਹੀਂ ਕਿ ਮੇਰੇ ਲਈ ਜੀਵਨ ਹੀ ਗੁਰੂ ਨਾਨਕ ਹੈ, ਪਰ ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਆਪਣੇ ਗੁਰੂ ਦੇ ਆਤਮਾ ਦੀ ਸੁੰਦਰਤਾ ਦੇਖੀ ਹੈ ਅਰ ਇਸ ਤੋਂ ਕ੍ਰਿਤਾਰਥ ਹੋਇਆ ਹਾਂ, ਪਰ ਨਾਲ ਹੀ ਮੈਂ ਇਹ ਬੀ ਪ੍ਰਤੀਤ ਕਰਦਾ ਹਾਂ ਕਿ ਮੇਰੇ ਗਿਰਦ ਇਕ ਭਾਰੀ ਬੋਝ ਹੈ ਜੋ ਇਸ ਮਾਤਲੋਕ ਤੋਂ ਮੈਨੂੰ ਉੱਠਣ ਨਹੀਂ ਦੇਂਦਾ। ਮੈਂ ੧੮੬੬ ਵਿਚ ਪੰਜਾਬ ਪਹਿਲੀ ਵੇਰ ਡਿੱਠਾ। ਉਸ ਤੋਂ ਮਗਰੋਂ ਮੈਂ ਪੰਦਰ੍ਹਾਂ ਸੋਲਾਂ ਵੇਰੀ ਪੰਜਾਬ ਦੀ ਯਾਤਰਾ ਕੀਤੀ। ਜਿੰਨੀ ਵੇਰੀ ਵਧੀਕ ਮੈਂ ਯਾਤਰਾ ਕੀਤੀ, ਉਨਾ ਹੀ ਵਧੀਕ ਮੈਂ ਸ੍ਰੀ ਗੁਰੂ ਜੀ ਦੀ ਆਤਮਾ ਵੱਲ ਖਿੱਚਿਆ ਗਿਆ। ਸਿੱਖ ਧਰਮ ਵਿਚ ਜੋ ਧਰਮਾਤਮਾ ਹੋਏ ਹਨ, ਜਿਨ੍ਹਾਂ ਨੇ ਇਸ ਵਿਚ ਕਾਰਜ ਕੀਤੇ ਹਨ, ਮੈਨੂੰ ਅਤੀ ਪਵਿੱਤਰ ਲਗਦੇ ਹਨ। ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ, ਮਾਤਾ ਸੁਲਖਣੀ ਜੀ, ਸ੍ਰੀ ਚੰਦ, ਲਖਮੀ ਦਾਸ ਜੀ ਅਰ ਪਾਵਨ ਕੁਲ ਦੇ ਹੋਰ ਸਾਰੇ ਸਜਣ ਤੇ ਮਗਰਲੇ ਸਾਰੇ ਪਿਆਰੇ ਗੁਰੂ ਸਾਹਿਬਾਨ ਮੈਨੂੰ ਅਤਿ ਪਿਆਰੇ ਲਗਦੇ ਹਨ। ਮੈਂ ਸ੍ਰੀ ਗੁਰੂ ਗੰ੍ਰਥ ਸਾਹਿਬ, ਵਾਰਾਂ ਭਾਈ ਗੁਰਦਾਸ ਤੇ ਜਨਮ ਸਾਖੀ ਪੜ੍ਹਦਾ ਹਾਂ। ਮੈਨੂੰ ਇਹ ਆਤਮ ਸਤਯਾ ਨਾਲ ਭਰਪੂਰ ਦਿਸਦੇ ਹਨ। ਮੈਨੂੰ ਏਹ ਗੁਰੂ ਜੀ ਦੀ ਮਹਾਨ ਜੀਉਂਦੀ ਜਾਗਦੀ ਜੋਤਿ ਪ੍ਰਤੀਤੀ ਦੇਂਦੇ ਹਨ ਅਤੇ ਮੈਂ (ਭਾਵੇਂ ਚੰਗੀ ਤਰ੍ਹਾਂ ਨਹੀਂ ਪਰ) ਇਸ ਜੋਤਿ ਨੂੰ ਬੰਗਾਲੀ ਬੋਲੀ ਵਿਚ ਵਰਣਨ ਕਰਨ ਦਾ ਯਤਨ ਕੀਤਾ ਹੈ। ਮੈਨੂੰ ਸਾਰੇ ਪੰਜਾਬ ਦਾ ਵਾਯੂ ਮੰਡਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤਮਾ ਨਾਲ ਭਰਪੂਰ ਅਰ ਸਾਰਾ ਆਕਾਸ਼ ਉਨ੍ਹਾਂ ਦੇ ਆਤਮ ਤੇਜ ਨਾਲ ਜਗ-ਮਗ ਕਰਦਾ ਭਾਸਦਾ ਹੈ, ਜਿਸਦਾ ਪ੍ਰਕਾਸ਼ ਮੈਂ ਸਿੱਖਾਂ ਦੇ ਮਰਦਾਊਂ ਭਰੇ ਚਿਹਰਿਆਂ ਵਿਚ ਵੇਖਦਾ ਹਾਂ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਤਮ ਜੀਵਨ ਕੁਦਰਤੀ ਸੀ। ਇਹ ਮੌਲਿਆ ਐਉਂ ਜਿਵੇਂ ਹੋਰ ਜੀਵਨ ਮੌਲਦੇ ਹਨ, ਕੇਵਲ ਐਨੇ ਫਰਕ ਨਾਲ ਕਿ ਹੱਦ ਤੋਂ ਹੱਦ ਦਰਜੇ ਅਸਲੀ ਸੀ। ਉਨ੍ਹਾਂ ਦੇ ਜੀਵਨ ਨੇ ਮੌਲ਼ ਕੇ ਪੂਰਣਤਾ ਪ੍ਰਾਪਤ ਕੀਤੀ। ਉਨ੍ਹਾਂ ਦਾ ਸਾਰਾ ਆਪਣਾ ਆਪ ਆਤਮਾ ਹੋ ਗਿਆ। ਐਥੋਂ ਤਾਈਂ ਕਿ ਉਹ ਪਰਮੇਸ਼ਰ ਦੇ ਜੀਵਨ ਦਾ ਅਵਤਾਰ ਹੋਏ। ਆਪ ਮਨੁੱਖ ਸ਼ੇ੍ਰਣੀ ਵਾਸਤੇ ਇਕ ਪਰਮ ਉੱਤਮ ਨਮੂਨਾ ਬਣੇ। ਅਸੀਂ ਸੁਣਦੇ ਹਾਂ ਕਿ ਪਰਮੇਸ਼ਰ ਦਾ ਭਉ ਗਿਆਨ ਦਾ ਮੁੱਢ ਹੈ। ਬਾਲ ਅਵਸਥਾ ਵਿਚ ਗੁਰੂ ਨਾਨਕ ਜੀ ਪਰਮੇਸ਼ਰ ਦੇ ਭਉ ਨਾਲ ਅਕਸਰ ਕੰਬਿਆ ਕਰਦੇ ਹਨ, ਅਰ ਸੰਸਾਰਕ ਖਿਆਲਾਂ ਤੋਂ ਬੇਪ੍ਰਵਾਹ ਰਹਿੰਦੇ ਸਨ ਅਰ ਹਉਮੈਂ ਜੋ ਵੱਡਾ ਸ਼ਤਰੂ ਹੈ, ਨਾਲ ਯੁੱਧ ਕਰਦੇ ਸੇ, ਦਿਨ ਰਾਤ ਵੈਰਾਗ ਕਰਦੇ, ਅਰ ਮੂਧੜੇ ਮੂੰਹ ਪਏ ਰਹਿੰਦੇ ਸੇ। ਇਸ ਦਸ਼ਾ ਦੇ ਕਈ ਨਾਮ ਧਰੇ ਜਾਂਦੇ ਹਨ। ਇਕ ਵੈਦ ਸੱਦਿਆ, ਪਰ ਗੁਰੂ ਜੀ ਨੇ ਕਿਹਾ, ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥੧॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥ ਫਿਰ ਕਿਹਾ ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਗੁਰੂ ਜੀ ਆਅæਲਾ ਜੀਵਨ ਪ੍ਰਾਪਤ ਹੋਏ। ਉਨ੍ਹਾਂ ਦਾ ਸਾਰਾ ਆਤਮਾ ਐਉਂ ਸੀ ਜਿਕੁਰ ਰੋਹੀ ਧਰਤੀ ਹੁੰਦੀ ਹੈ ਕਿ ਜਿਸ ਵਿਚ ਦੈਵੀ ਜੀਵਨ ਦੀ ਅੰਗੂਰੀ ਸਾਰੀ ਪੁੰਗਰ ਪੈਂਦੀ ਹੈ। ਗੁਰੂ ਜੀ ਆਪਣੇ ਪਵਿੱਤਰ ਜੀਵਨ ਵਿਚ ਆਪ ਮੋਹਿਤ ਹੋ ਰਹੇ ਸਨ। ਪਿਤਾ ਨੇ ਕਿਹਾ; ਬਰਖੁਰਦਾਰ ਖੇਤੀ ਕਰ, ਗੁਰੂ ਜੀ ਕਹਿਣ ਲੱਗੇ: “ਮੇਰਾ ਆਪਣਾ ਖੇਤ ਲਹਿ ਲਹਿ ਕਰ ਰਿਹਾ ਹੈ, ਮੈ ਹੋਰ ਦੇ ਖੇਤ ਕੀਕੂੰ ਸੰਭਾਲਾਂ।” ਗੁਰੂ ਜੀ ਦੇ ਵਾਕਾਂ ਤੋਂ ਲੋਕ ਹੈਰਾਨ ਹੁੰਦੇ ਸਨ, ਸੰਸਾਰਕ ਕੰਮਾਂ ਤੋਂ ਉਪ੍ਰਾਮਤਾ ਦੱਸਦੀ ਸੀ ਕਿ ਉਨ੍ਹਾਂ ਨੇ ਕੋਈ ਹੋਰ ਵੱਡਾ ਕੰਮ ਕਰਨਾ ਹੈ, ਓਹ ਵਾਹਿਗੁਰੂ ਦੇ ਪ੍ਰੇਮ ਨਾਲ ਦੀਵਾਨ ਹੋ ਰਹੇ ਸੇ। ਓਹ ਵਾਹਿਗੁਰੂ ਵਿਚ ਅਰ ਕੇਵਲ ਵਾਹਿਗੁਰੂ ਵਿਚ ਨਿਵਾਸ ਰਖਦੇ ਸੇ। ਓਹ ਮੂਲੋਂ ਹੀ ਇਸ ਦੁਨੀਆ ਦੇ ਨਹੀਂ ਸਨ। ਓਹ ਸੱਚਖੰਡ ਵਿਚ ਸੱਦੇ ਗਏ, ਜੋ ਉਨ੍ਹਾਂ ਦੇ ਅੰਦਰ ਪ੍ਰਕਾਸ਼ਮਾਨ ਹੋਇਆ, ਦਰਸ਼ਨ ਕਰ ਕੇ ਅਚਰਜ ਵਿਸਮਾਦ ਵਿਚ ਆਪ ਲੀਨ ਹੋਏ ਜੋ ਕਥਨ ਤੋਂ ਪਰੇ ਹੈ। ਆਰਤੀ ਵਿਚ ਗੁਰੂ ਜੀ ਨੇ ਉਸ ਸਤਯ ਦਰਬਾਰ ਦੀ ਮਹਿਮਾ ਕੀਤੀ ਹੈ। ਸਾਰੇ ਸੰਸਾਰਕ ਧੰਦੇ ਛੱਡ ਕੇ ਵਾਹਿਗੁਰੂ ਦੇ ਪਯਾਰ ਨਾਲ ਲੱਦੇ ਹੋਏ, ਵਾਹਿਗੁਰੂ ਦੇ ਦਰਸ਼ਨ ਵਿਚ ਪ੍ਰੋਤੇ ਹੋਏ ਉਹ ਦੂਰ ਦੂਰ ਫਿਰੇ, ਨਾ ਕੇਵਲ ਹਿੰਦੁਸਤਾਨ, ਪਰ ਅਰਬ ਤੇ ਲੰਕਾ ਵਿਚ ਬੀ। ਓਹ ਬਹੁਤ ਬੋਲਦੇ ਨਹੀਂ ਸਨ, ਪਰ ਉਨ੍ਹਾਂ ਦੇ ਚਿਹਰੇ ਦੀ ਦੈਵੀ ਚਮਕ ਐਸੀ ਪਿਆਰੀ ਸੀ ਅਰ ਥੋੜੇ ਪਦਾਂ ਤੇ ਸ਼ਬਦਾਂ ਦੀ, ਜੋ ਉਹ ਉਚਾਰਦੇ ਸਨ, ਐਸੀ ਤਾਕਤ ਸੀ ਕਿ ਜੋ ਉਨ੍ਹਾਂ ਦੀ ਦਰਸ਼ਨ ਕਰਦੇ ਯਾ ਸੁਣਦੇ ਸੇ ਵਾਹਿਗੁਰੂ ਗੁਰੂ ਦੇ ਰਾਜ ਦੇ ਬੰਦੇ ਹੋ ਜਾਂਦੇ ਸਨ ਅਰ ਮੋਹੇ ਜਾ ਕੇ ਭੌਜਲ ਤੋਂ ਤਰ ਜਾਂਦੇ ਸਨ। ਉਨ੍ਹਾਂ ਨੇ ਹਿਮਾਲਾ ਦੇ ਜੋਗੀਆਂ ਤੇ ਸੰਨਯਾਸੀਆਂ ਨਾਲ ਗੱਲਾਂ ਕੀਤੀਆਂ ਤੇ ਸੱਚਾ ਗਿਆਨ ਵਾਹਿਗੁਰੂ ਦਾ ਬਖਸ਼ਿਆ। ਸ੍ਰੀ ਗੁਰੂ ਨਾਨਕ ਦੇਵ ਜੀ ਬਿਜਲੀ ਵਾਂਗ ਦੂਸਰੇ ਪਰ ਅਸਰ ਕਰਨ ਵਾਲੇ ਸੇ। ਜਿਨ੍ਹਾਂ ਨਾਲ ਕੇਵਲ ਛੁਹਣਾ ਹੀ ਨਵਾਂ ਜਨਮ ਬਖ਼ਸ਼ਦਾ ਸੀ। ਸੰਸਾਰ ਤੋਂ ਐਸੇ ਉੱਚੇ ਹੋ ਕੇ ਉਹ ਆਪਣੇ ਪਰਵਾਰ ਸਬੰਧੀ ਫਰਜ਼ਾਂ ਦੇ ਬੀ ਜਾਣੂ ਸੇ। ਉਨ੍ਹਾਂ ਵਿਚ ਆਅæਲਾ ਤੋਂ ਆਅæਲਾ ਭਗਤੀ ਯੋਗ ਤੇ ਜਗਤ ਦੇ ਕੰਮ ਇਕ ਸ੍ਵਰ ਹੋਏ ਸੇ। ਅਰਥਾਤ ਸੰਸਾਰ ਦੇ ਕੰਮ ਤੇ ਭਗਤਿ ਯੋਗ ਨੂੰ ਉਨ੍ਹਾਂ ਨੇ ਮਿਲਾਕੇ ਦਿਖਾ ਦਿੱਤਾ। ਓਹ ਐਡੇ ਨਿੰਮ੍ਰਤਾ ਵਾਲੇ ਸੇ ਕਿ ਕਦੇ ਕੋਈ ਨਹੀਂ ਹੋਇਆ ਅਰ ਸਚਖੰਡ ਦੇ ਬਲ ਨਾਲ ਭਰਪੂਰ ਸੇ। ਚਰਚਾ ਵਾਦ ਵਾਲਾ ਦਰਸ਼ਨ (ਮਤ) ਉਨ੍ਹਾਂ ਦਾ ਕੋਈ ਨਹੀਂ ਸੀ। ਉਨ੍ਹਾਂ ਦਾ ਦਰਸ਼ਨ (ਮਤ) ਪ੍ਰੇਮ ਤੇ ਫਿਲਾਸਫੀ (ਵਿੱਦਿਆ) ਕੇਵਲ ਵਾਹਿਗੁਰੂ ਸੀ। ਓਹ ਮਨੁੱਖ ਦੇ ਪਾਪਾਂ ਪਰ ਵਿਰਲਾਪ ਕਰਦੇ ਤੇ ਹਿੰਦੂ ਮੁਸਲਮਾਨ ਦੋਹਾਂ ਨੂੰ ਕੇਵਲ ਹਿੰਦੂ ਮੁਸਲਮਾਨ ਹੋਣ ਕਰਕੇ ਚੰਗਾ ਨਹੀਂ ਜਾਣਦੇ ਸੇ। ਉਨ੍ਹਾਂ ਦੇ ਉਪਦੇਸ਼ ਦਾ ਪ੍ਰਯੋਜਨ ਇਹ ਸੀ ਕਿ ਮਨੁੱਖਾਂ ਨੂੰ ਪਰਮੇਸ਼ਰ ਦਿਖਾ ਦੇਣ। ਓਹ ਸਿਦਕ ਦੇ ਅਵਤਾਰ ਸੇ। ਹਿੰਦੂ ਮੁਸਲਮਾਨ ਨੂੰ ਇਕ ਸਾਰ ਉਪਦੇਸ਼ਦੇ ਸੇ। ਦੋਨੋਂ ਕੌਮਾਂ ਉਨ੍ਹਾਂ ਦਾ ਸਤਿਕਾਰ ਕਰਦੀਆਂ ਤੇ ਮਗਰ ਚਲਦੀਆਂ ਸਨ। ਰੂਹਾਨੀ ਬਲ ਉਨ੍ਹਾਂ ਤੋਂ ਉਨ੍ਹਾਂ ਦੇ ਚੇਲਿਆਂ (ਦਸਾਂ ਗੁਰੂ ਸਾਹਿਬਾਨ) ਵਿਚ ਪ੍ਰਵੇਸ਼ ਕਰਦਾ ਰਿਹਾ ਜਿਸ ਨੇ ਸਾਰੀ ਧਰਤੀ ਦੀ ਸੂਰਤ ਪਲਟ ਦਿੱਤੀ, ਅਰ ਵਾਸੀਆਂ ਦੇ ਚਾਲ ਚਲਣ ਤੇ ਸਰੀਰ ਦੀ ਕਾਇਆ ਬੀ ਪਲਟ ਦਿੱਤੀ। ਪਰ ਇਹ ਬੜਾ ਮੰਗਲ ਸਮਾਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਗਏ ਨਹੀਂ ਜੀਉਂਦੇ ਜਾਗਦੇ ਹਨ ਅਰ ਆਪਣੇ ਸਿੱਖਾਂ ਪਰ ਰਾਜ ਕਰ ਰਹੇ ਹਨ।
“ਗੁਰੂ ਜੀ ਹੁਣ ‘ਰਸਤਾ ਰੋਸ਼ਨੀ ਤੇ ਸੱਚ’ ਹਨ, ਕਿਉਂਕਿ ਰੂਹਾਂ ਦੀ ਮੁਕਤੀ ਉਨ੍ਹਾਂ ਦੇ ਹੱਥ ਹੈ। ਬੇਅੰਤ ਪਾਪੀ ਉਨ੍ਹਾਂ ਨੇ ਛੁਡਾਏ ਹਨ, ਹੁਣ ਤੀਕ ਉਨ੍ਹਾਂ ਦੇ ਨਾਮ ਦੀ ਬੇਹੱਦ ਮਹਿਮਾ ਕਰਦੇ ਹਨ। ਮੈਂ ਬੰਗਾਲ ਤੋਂ ਇਕ ਨਿਮਾਣਾ ਯਾਤਰੀ ਹਾਂ ਅਰ ਸੱਚੇ ਪਾਤਸ਼ਾਹ ਦੇ ਰਾਜ ਦੀ ਯਾਤਰਾ ਕਰ ਚੁੱਕਾ ਹਾਂ। ਜਿੰਨਾ ਵਧੀਕ ਮੈਂ ਇਸ ਨੂੰ ਡਿੱਠਾ, ਉਨਾ ਵਧੀਕ ਮੈਂ ਉਨ੍ਹਾਂ ਦਾ ਮੋਹਿਤ ਕਰਨ ਵਾਲੇ ਵਜੂਦ ਵੱਲ ਖਿੱਚਿਆ ਗਿਆ, ਜੋ ਵਜੂਦ ਅਜੇ ਤਕ ਪੰਜਾਬ ਦੇ ਸਾਰੇ ਵਾਯੂ ਮੰਡਲ ਨੂੰ ਭਰਪੂਰ ਕਰ ਰਿਹਾ ਹੈ। ਇਹ ਗਰੀਬ ਬੰਗਾਲੀ ਗੁਰੂ ਜੀ ਦੇ ਚਰਨ ਕਮਲਾਂ ਦੀ ਮਿੱਠੀ ਪਿਆਰੀ ਸੁਗੰਧੀ ਨੂੰ ਪ੍ਰਾਪਤ ਕਰਕੇ ਕ੍ਰਿਤ ਕ੍ਰਿਤ ਹੋਇਆ ਹੈ ਅਰ ਇਸ ਨਾਲ ਦ੍ਰਵ ਗਿਆ ਹੈ। ਇਹ ਮੇਰੇ ਆਤਮਾ ਦਾ ਜਲ ਤੇ ਭੋਜਨ ਬਣ ਗਿਆ ਹੈ। ਮੈਂ ਅਨੇਕਾਂ ਵਾਰੀ ਪ੍ਰਤੀਤ ਕਰਦਾ ਹਾਂ ਕਿ ਮੇਰਾ ਗੁਰੂ ਮੇਰੇ ਨਾਲ ਹੈ ਅਰ ਮੇਰੇ ਅੰਦਰ ਹੈ। ਆਦਿ।”
ਮਿੱਤਰੋ! ਇਸ ਨੂੰ ਫੇਰ ਇਕ ਵਾਰ ਪੜ੍ਹੋ ਤੇ ਵੀਚਾਰੋ। ਜੇ ਓਹ ਲੋਕ, ਜੋ ਸਿੱਖ ਨਹੀਂ, ਗੁਰੂ ਜੀ ਦੇ ਪਵਿੱਤਰ ਆਤਮਾ ਤੋਂ ਐਸ ਤਰ੍ਹਾਂ ਪ੍ਰਭਾਵਿਤ ਹੋ ਕੇ ਲਾਭ ਉਠਾ ਰਹੇ ਹਨ, ਤੁਸੀਂ ਭਰੇ ਸਰ ਖਾਲੀ ਬੈਠੇ ਕੀ ਕਰ ਰਹੇ ਹੋ? ਬਿਨਾ ਪਵਿੱਤਰ ਜੀਵਨ ਬਣਾਏ ਦੇ, ਬਿਨਾ ਗੁਰੂ ਦੇ ਪਿਆਰ ਵਿਚ ਡੁਬਕੀ ਮਾਰੇ ਦੇ ਸਰਬ ਉੱਨਤੀਆਂ ਇਕ ਖੱਡ ਹਨ। ਇਸ ਨਾਲੋਂ ਵਧੀਕ ਪਵਿੱਤਰ ਜੀਵਨ ਸਿੱਖ ਦਾ ਚਾਹੀਦਾ ਹੈ। ਜ਼ਰਾ ਆਪਣੀਆਂ ਕਰਨੀਆਂ ਤੇ ਆਪਣੇ ਸਿਦਕ ਵਿਸ਼ਵਾਸ ਨਾਲ ਮੁਕਾਬਲਾ ਕਰੋ ਇਸ ਬੰਗਾਲੀ ਵੀਰ ਦੇ ਦਿਲੀ ਭਾਵਾਂ ਦਾ। (ਖਾਲਸਾ ਸਮਾਚਾਰ, ਮਿਤੀ ੨੪-੪-੧੯੦੭ ਈ.)
-ਭਾਈ ਵੀਰ ਸਿੰਘ
