18 views 14 secs 0 comments

ਭਗਤ ਨਾਮਦੇਵ ਜੀ

ਲੇਖ
November 01, 2025

ਪਿਆਰ ਤੇ ਏਕਤਾ ਦਾ ਪੈਗਾਮ ਦੇਣ ਵਾਲੇ ਸ਼੍ਰੋਮਣੀ ਭਗਤ ਨਾਮਦੇਵ ਜੀ ਸੰਬੰਧੀ ਪੰਜਵੀਂ ਨਾਨਕ ਜੋਤ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਇੰਜ ਫੁਰਮਾਨ ਕਰਦੇ

ਊਚ ਤੇ ਊਚ ਨਾਮਦੇਉ ਸਮਦਰਸੀ ॥ (ਅੰਗ ੧੨੦੭)

ਆਸਾ ਰਾਗ ਦੇ ਛੰਤ ਦੀ ਅੰਤਲੀ ਤੁਕ ਵਿੱਚ ਗੁਰੂ ਜੀ ਨਾਮਦੇਵ ਜੀ ਦੀ ਵਿਸ਼ੇਸ਼ ਘਟਨਾ ਇਕ ਨਾਲ ਸੰਬੰਧਿਤ ਦਾ ਉਲੇਖ ਇੰਜ ਕਰਦੇ ਹਨ :

ਅਹੰਕਾਰੀਆ ਨਿੰਦਕਾ ਪਿਠਿ ਦੇਇ
ਨਾਮਦੇਉ ਮੁਖਿ ਲਾਇਆ ॥
(ਅੰਗ ੪੫੧)

ਗੁਰੂ ਨਾਨਕ ਸਾਹਿਬ ਜੀ ਤੋਂ ੨੦੦ ਵਰ੍ਹੇ ਪਹਿਲਾਂ ਲਗਭਗ ੭੨੩ ਸਾਲ ਪੂਰਵ, ਭਗਤ ਜੀ ਦਾ ਜਨਮ ਮਹਾਂਰਾਸ਼ਟਰ ਪ੍ਰਾਂਤ ਦੇ ਜ਼ਿਲ੍ਹਾ ਸਤਾਰਾ ਦੇ ਇਕ ਪਿੰਡ ਨਰਸੀ ਬਾਹਮਣੀ ਵਿੱਚ ੨੬ ਅਕਤੂਬਰ ੧੨੭੧ ਈਸਵੀ ਨੂੰ ਪਿਤਾ ਦਾਮਸ਼ੇਠ ਦੇ ਗ੍ਰਹਿ ਵਿਖੇ ਹੋਇਆ । ਭਗਤ ਰਵਿਦਾਸ ਜੀ ਅਤੇ ਕਬੀਰ ਜੀ ਤੋਂ ਇਹ ਪਹਿਲਾਂ ਹੋਏ ਹਨ, ਕਿਉਂ ਜੋ ਇਹਨਾਂ ਦੋਹਾਂ ਨੇ ਆਪਣੀ ਬਾਣੀ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਵਰਣਨ ਕੀਤਾ ਹੈ । ਭਗਤ ਕਬੀਰ ਜੀ ਬਿਲਾਵਲ ਰਾਗ ਵਿੱਚ ਲਿਖਦੇ ਹਨ:

ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥ (ਅੰਗ ੮੫੬)

ਅਤੇ ਭਗਤ ਰਵਿਦਾਸ ਜੀ ਮਾਰੂ ਰਾਗ ਵਿੱਚ ਇੰਜ ਫੁਰਮਾਨ ਕਰਦੇ ਹਨ:

ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥
(ਅੰਗ ੧੧੦੬)

ਬਾਬਾ ਜੀ ਦੇ ਮਾਤਾ-ਪਿਤਾ ਧਾਰਮਿਕ ਰੁਚੀਆਂ ਦੇ ਧਾਰਨੀ ਸਨ । ਉਹਨਾਂ ਦਾ ਹੋਣਹਾਰ ਤੇ ਕ੍ਰਾਂਤੀਕਾਰੀ ਸਪੁੱਤਰ ਨਾਮਦੇਵ ਵੀ ਉਹਨਾਂ ਦੇ ਪੂਰਨਿਆਂ ‘ਤੇ ਚੱਲਿਆ ਤੇ ਭਗਤੀ ਭਾਵ ਵਿੱਚ ਉਹ ਮੰਜ਼ਿਲਾਂ ਤੈਅ ਕੀਤੀਆਂ ਕਿ ਉਹ ਨਾ ਕੇਵਲ ਮਹਾਂਰਾਸ਼ਟਰ ਪ੍ਰਦੇਸ਼ ਦਾ ਸਗੋਂ ਸਮੁੱਚੇ ਭਾਰਤ ਦਾ ਸਿਰਮੌਰ ਭਗਤ, ਮਿੱਠ-ਬੋਲੜਾ, ਸਮਦਰਸੀ ਤੇ ਬ੍ਰਹਮ-ਗਿਆਤਾ ਹੋ ਨਿਬੜਿਆ ।

ਬਚਪਨ ਤੋਂ ਹੀ ਆਪ ਜੀ ਦੀ ਲਗਨ ਪ੍ਰਭੂ-ਭਗਤੀ ਵੱਲ ਆਕਰਸ਼ਿਤ ਸੀ। ਇਹ ਲਗਨ ਆਪ ਜੀ ਨੂੰ ਵਿਰਸੇ ਵਿੱਚ ਹੀ ਮਿਲੀ ਸੀ ਕਿਉਂ ਜੋ ਆਪ ਜੀ ਦੇ ਪਿਤਾ ਵੀ ਠਾਕਰਾਂ ਦੀ ਪੂਜਾ ਕਰਿਆ ਕਰਦੇ ਸਨ ਪਰ ਨਾਮਦੇਵ ਜੀ ਨੇ ਸਰਗੁਣ ਤੋਂ ਨਿਰਗੁਣ ਵੱਲ ਕ੍ਰਾਂਤੀਕਾਰੀ ਮੋੜ ਕਟਿਆ, ਜਿਸ ਕਾਰਣ ਉਹ ਬੁੱਤ-ਪੂਜਾ ਅਤੇ ਹੋਰ ਕਰਮ-ਕਾਂਡਾਂ ਤੋਂ ਉਤਾਂਹ ਉਠ ਗਏ। ਉਹ ਹਰ ਪਾਸੇ, ਕਣ-ਕਣ ਵਿੱਚ ਆਪਣੇ ਬੀਠਲ ਪ੍ਰਭੂ ਨੂੰ ਸਾਖਸ਼ਾਤ ਸਮਝਦੇ ਸਨ । ਪੱਥਰਾਂ ਨੂੰ ਪੂਜਣ ਵਾਲੇ ਲੋਕਾਂ ਤੇ ਪੰਡਿਤਾਂ ਨੂੰ ਉਹਨਾਂ ਆਖਿਆ ਕਿ ਜੋ ਮੰਦਰ ਦੇ ਬੁੱਤ(ਜੋ ਪੱਥਰ ਦਾ ਬਣਿਆ ਹੋਇਆ ਹੈ, ਭਾਵ ਜੋ ਨਿਰਜਿੰਦ ਹੈ, ਸਾਹਹੀਣ ਹੈ, ਉਸੇ ਨੂੰ ਦੇਵਤੇ ਦਾ ਉੱਚ ਦਰਜਾ ਦੇਂਦੇ ਹੋ ਤਾਂ ਕੀ ਗਲੀ ਦਾ ਪੱਥਰ, ਜਿਸ ‘ਤੇ ਤੁਸੀਂ ਆਪਣਾ ਪੈਰ ਰੱਖਦੇ ਹੋ, ਦੇਵਤਾ ਨਹੀਂ ?
ਭਾਵ ਇਕ ਪੱਥਰ ਤੋਂ ਭੈ ਖਾਂਦੇ ਹੋ ਤੇ ਦੂਜੇ ਉੱਪਰ ਪੈਰ ਰੱਖਦੇ ਹੋ ! ਆਪ ਜੀ ਇਸ ਪਰੰਪਰਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਇੰਜ ਖੰਡਨ ਕਰਦੇ ਹਨ:

ਜੇ ਓਹੁ ਦੇਉ ਤ ਓਹੁ ਭੀ ਦੇਵਾ॥
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥ (ਅੰਗ ੫੨੫)

ਕ੍ਰਾਂਤੀਕਾਰੀ ਪੱਖ:

ਰੂੜੀਵਾਦੀ ਧਾਰਾ ਨੂੰ ਵੰਗਾਰ ਕੇ ਨਵੀਂ ਪਰਿਪਾਟੀ ਪਾਉਣੀ ਜਾਂ ਵਿਲੱਖਣ ਸੇਧ ਦਰਸਾਉਣੀ ਕ੍ਰਾਂਤੀ/ਇਨਕਲਾਬੀ ਸੁਰ ਦੀ ਪ੍ਰਤੀਕ ਹੈ । ਇਸ ਪੱਖੋਂ ਵੀ ਭਗਤ ਨਾਮਦੇਵ ਜੀ ਦਾ ਜੀਵਨ ਮਹੱਤਵਪੂਰਣ ਅਤੇ ਜੁੱਗ-ਪਲਟਾਊ ਰਿਹਾ ਹੈ। ੬-੭ਵਰ੍ਹਿਆਂ ਦੀ ਨਿੱਕੀ ਜਿਹੀ ਆਯੂ ਹੋਵੇਗੀ, ਜਦੋਂ ਪਿਤਾ ਆਪਣੇ ਘਰੋਗੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਏ ਤਾਂ ਨਿਤ ਦੇ ਕਰਮ ਅਨੁਸਾਰ ਠਾਕੁਰ/ਬੀਠਲ ਨੂੰ ਭੋਗ ਲਗਵਾਉਣ ਦੀ ਜ਼ਿੰਮੇਵਾਰੀ, ਆਪਣੇ ਪੁੱਤਰ ਨੂੰ ਸੌਂਪ ਗਏ । ਬਾਲਕ ਨਾਮਦੇਵ ਦੀ ਬਿਬੇਕ ਬੁੱਧੀ ਭਗਵਾਨ ਨੂੰ ਖਿੜੇ-ਮੱਥੇ ਚੈਲਿੰਜ ਕਰਦੀ ਹੈ ਕਿ ਜੇਕਰ ਉਸ ਦੇ ਪਿਤਾ ਜੀ ਪਾਸੋਂ ਦੁੱਧ ਪੀਤਾ ਜਾ ਸਕਦਾ ਹੈ ਤਾਂ ਨਾਮਦੇਵ ਵਿੱਚ ਕਿਹੜੀ ਘਾਟ ਹੈ ? ਨਾਰਾਇਣ ਜੀ ਪਸੀਜ ਗਏ । ਨਾਮਦੇਵ ਜੀ ਵੱਲੋਂ ਕੀਤੀਆਂ ਬੇਨਤੀਆਂ ਅਤੇ ਅਰਜ਼ੋਈਆਂ ਸਦਕਾ ਨਾਮਦੇਵ ਜੀ ਹੱਥੋਂ ਭਗਵਾਨ ਨੇ ਆਪ ਸਗਵਾਂ ਦੁੱਧ ਪੀਤਾ :

ਦੂਧੁ ਕਟੋਰੈ ਗਡਵੈ ਪਾਨੀ ॥
ਕਪਲ ਗਾਇ ਨਾਮੈ ਦੁਹਿ ਆਨੀ ॥ (ਅੰਗ ੧੧੬੩)

ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਰਚੇ ੬੧ ਸ਼ਬਦਾਂ ਨੂੰ ੧੮ ਰਾਗਾਂ ਵਿੱਚ ਦਰਜ ਕੀਤਾ ਹੈ। ਇਨ੍ਹਾਂ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਬਾਬਾ ਜੀ ਨੇ ਸਮੁੱਚੀ ਜੀਵਨ-ਫਿਲਾਸਫੀ ਬਿਆਨ ਕਰ ਦਿੱਤੀ ਹੈ । ਉਹ ਖੁਦ ਵੀ ਇਸੇ ਪੰਧ ਦੇ ਪਾਂਧੀ ਸਨ ।
ਮਾਨਵਤਾ ਦੇ ਸੱਚੇ ਦਰਦੀ, ਨਾਮਦੇਵ ਜੀ ਨੇ ਮਨੁੱਖ ਮਾਤਰ ਨੂੰ ਕੇਵਲ ਇਕ ਈਸ਼ਵਰ ਦੀ ਸਿਰਜਣਾ ਹੋਣ ਕਾਰਣ ਬਰਾਬਰਤਾ ਦਾ ਉਪਦੇਸ਼ ਦੇ ਕੇ ਸਮੁੱਚੇ ਭਾਰਤ ਵਰਸ਼ ਵਿੱਚ ਏਕਤਾ ਦੀ ਲਹਿਰ ਚਲਾਈ। ਭਾਰਤ ਵਾਸੀਆਂ ਦੀ ਮਰ ਚੁੱਕੀ ਅਣਖ ਤੇ ਗ਼ੈਰਤ ਨੂੰ ਜਗਾਉਣ ਲਈ, ਉਹਨਾਂ ਦੀ ਸਵੈਮਾਨਤਾ ਨੂੰ ਟੁੰਬਣ ਲਈ
ਆਪ ਜ਼ਾਲਮ ਮੁਸਲਮਾਨ ਬਾਦਸ਼ਾਹ ਮੁਹੰਮਦ ਤੁਗਲਕ ਸਾਹਮਣੇ ਡਟ ਗਏ । ਉਹਨਾਂ ਨੇ ਅਨੇਕਾਂ ਪ੍ਰਕਾਰ ਦੇ ਦੁੱਖ, ਕਸ਼ਟ ਤੇ ਤਸੀਹੇ ਆਪਣੇ ਕੋਮਲ ਸਰੀਰ ‘ਤੇ ਬਰਦਾਸ਼ਤ ਕੀਤੇ ਪਰ ਕਿਸੇ ਦੀ ਈਨ ਹਰਗਿਜ਼ ਨਹੀਂ ਮੰਨੀ । ਆਪਣਾ ਧਰਮ ਨਹੀਂ ਛੱਡਿਆ। ਮਾਂ ਦਾ ਰੋਣ ਵੀ ਉਹਨਾਂ ਨੂੰ ਆਪਣੇ ਅਟੱਲ ਨਿਸ਼ਾਨੇ ਤੋਂ ਨਾ ਡੁਲਾ ਸਕਿਆ। ਜ਼ਿਕਰਯੋਗ ਹੈ ਕਿ ਇਹ ਘਟਨਾ ਮਰਾਠੀ ਭਾਸ਼ਾ ਦੇ ਪ੍ਰਸਿੱਧ ਸਾਹਿਤਕਾਰ ਪ੍ਰਭਾਕਰ ਮਾਚਵੇ ਅਨੁਸਾਰ ਇਹ ਸਾਖੀ ‘ਬੇਦਾਰ’ ਵਿੱਚ ਹੋਈ ਸੀ । ਸਵਰਗੀ ਗਿਆਨੀ ਪ੍ਰਤਾਪ ਸਿੰਘ ਜੀ ਨੇ ਆਪਣੀ ਪ੍ਰਸਿੱਧ ਪੁਸਤਕ ‘ਭਗਤ ਦਰਸ਼ਨ’ ਵਿੱਚ ਲਿਖਿਆ ਹੈ ਕਿ ਇਹ ਘਟਨਾ ‘ਬਿਦਰ’ (ਵਰਤਮਾਨ ਕਰਨਾਟਕ ਪ੍ਰਾਂਤ) ਵਿੱਚ ਹੋਈ ਹੈ, ਪਰ ਇਸ ਘਟਨਾ ਸੰਬੰਧੀ ਇਤਿਹਾਸਕ ਤੇ ਪ੍ਰਮਾਣਿਕ ਤੱਥਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ।) ਉਹਨਾਂ ਦਾ ਇਰਾਦਾ ਪਹਾੜ ਵਰਗਾ ਸਖਤ ਅਤੇ ਸਾਗਰ ਵਰਗਾ ਡੂੰਘਾ ਸੀ । ਉਹਨਾਂ ਆਪਣੀ ਮਾਤਾ ਜੀ ਨੂੰ ਬੜੇ ਬੇਬਾਕ ਸ਼ਬਦਾਂ ਵਿੱਚ ਇਉ ਸੰਬੋਧਨ ਕੀਤਾ :
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥
ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥(ਅੰਗ ੧੧੬੫)

ਮੁਢਲੀ ਉਮਰ ਵਿਚ ਭਗਤ ਨਾਮਦੇਵ ਜੀ ਨੂੰ ਬ੍ਰਾਹਮਣਾਂ, ਪੁਜਾਰੀਆਂ ਅਤੇ ਸਮੇਂ ਦੇ ਅਤਿਆਚਾਰੀ ਹਾਕਮਾਂ ਦਾ ਕਰੜਾ ਵਿਰੋਧ ਸਹਿਣਾ ਪਿਆ ਪਰ ਆਪ ਜੀ ਨੇ ਉਕਤ ਸ਼ੋਸ਼ਕ ਵਰਗਾਂ ਦਾ ਡੱਟ ਕੇ ਵਿਰੋਧ ਕੀਤਾ । ਇਥੋਂ ਤੀਕ ਕਿ ਉਹਨਾਂ ਕਾਮੇ, ਕਿਰਤੀਆਂ ਦਾ ਸਦਾ ਹੀ ਪੱਖ ਪੂਰਿਆ । ਆਪਣੇ ਨਿਰਗੁਣ ਇਸ਼ਟ ਤਕ ਪਹੁੰਚ ਲਈ ਜੋ ਰਸਤਾ ਬ੍ਰਾਹਮਣਾਂ ਨੇ ਅਪਣਾ ਰੱਖਿਆ ਸੀ, ਉਸ ਵਿੱਚ ਮਨੁੱਖ ਨੂੰ ਗ੍ਰਹਿਸਤ-ਆਸ਼ਰਮ ਤੋਂ ਬਾਅਦ ਘਰ-ਬਾਰ ਤਿਆਗ ਕੇ ਸੰਨਿਆਸ ਲੈਣਾ ਜ਼ਰੂਰੀ ਹੁੰਦਾ ਸੀ। ਭਗਤ ਨਾਮਦੇਵ ਜੀ ਨੇ ਗ੍ਰਹਿਸਤ ਵਿੱਚ ਰਹਿੰਦਿਆਂ ਹੀ ਨਾਮ-ਸਿਮਰਨ ਨੂੰ ਮੁਕਤੀ ਦਾ ਦੁਆਰ ਦਰਸਾਇਆ। ਆਪ ਜੀ ਦਾ ਅਕੱਟ ਫੁਰਮਾਣ ਹੈ :

ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥
ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥
ਰਾਂਗਨਿ ਰਾਂਗਉ ਸੀਵਨਿ ਸੀਵਉ ॥
ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥ (ਅੰਗ ੪੮੫)

ਇੰਜ ਆਪ ਜੀ ਨੇ ਕਿਰਤ ਦੇ ਨਾਲ ਨਾਮ ਜਪਣ ਨੂੰ ਦ੍ਰਿੜ੍ਹ ਕਰਵਾਇਆ ਅਤੇ ਘਰ ਦੇ ਤਿਆਗ ਦਾ ਕਰੜਾ ਵਿਰੋਧ ਕੀਤਾ ।
ਭਗਤ ਨਾਮਦੇਵ ਜੀ ਦਾ ਅਨੁਭਵ ਬੜਾ ਵਿਸ਼ਾਲ ਤੇ ਡੂੰਘਾ ਹੈ । ਜਦੋਂ ਉਹ ਬਾਣੀ ਵਿੱਚ ਗਨਕਾ, ਕੁਬਜਾ, ਕੈਰੋ, ਰਾਵਣ, ਸੁਦਾਮਾ, ਅਜਾਮਲ, ਦੁਰਯੋਧਨ ਤੇ ਬਾਰਾਂ ਜੋਜਨ ਦੇ ਪ੍ਰਮਾਣ ਸੰਕੇਤ ਕਰਦੇ ਹਨ ਤਾਂ ਸਹਿਜੇ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਨੂੰ ਭਗਤੀ ਇਤਿਹਾਸ ਤੇ ਮਿਥਿਹਾਸ ਦੀ ਪੂਰੀ ਸੋਝੀ ਤੇ ਸਮਝ ਹੈ। ਜਦੋਂ ਭਗਤ ਨਾਮਦੇਵ ਜੀ ਆਪਣੀ ਪ੍ਰਭੂ-ਪ੍ਰੀਤ ਦਾ ਪ੍ਰਗਟਾਅ ਕਰਨ
ਲਈ ਕੋਕਿਲ ਤੇ ਅੰਬ ਦਾ, ਚਕਵੀ ਤੇ ਸੂਰਜ ਦਾ, ਚਾਤ੍ਰਿਕ ਤੇ ਮੀਂਹ ਦਾ, ਮੱਛੀ ਤੇ ਨੀਰ ਦਾ, ਗਊ ਤੇ ਵੱਛੇ ਦਾ, ਭੰਵਰ ਤੇ ਸੁਗੰਧੀ ਦਾ ਦ੍ਰਿਸ਼ ਸਿਰਜਦੇ ਹਨ ਤਾਂ ਇਸ ਤਰ੍ਹਾਂ ਜਾਪਦਾ ਹੈ ਕਿ ਆਪਣੇ ਅਨੁਭਵ ਨੂੰ ਪ੍ਰਸਤੁਤ ਕਰਨ ਲਈ ਉਹਨਾਂ ਕੋਲ ਉਪਮਾ ਅਲੰਕਾਰਾਂ ਦਾ ਅਸੀਮ ਭੰਡਾਰ ਵੀ ਹੈ ।
ਪੰਜਾਬ ਪ੍ਰਾਂਤ ਦੇ ਪਿੰਡ ਘੁਮਾਣ, ਜ਼ਿਲ੍ਹਾ ਗੁਰਦਾਸਪੁਰ ਨੂੰ ਬਾਬਾ ਜੀ ਦਾ ਅੰਤਮ ਅਸਥਾਨ ਹੋਣ ਦਾ ਮਾਣ ਪ੍ਰਾਪਤ ਹੈ। ਇਕ ਰਿਵਾਇਤ ਅਨੁਸਾਰ ਬਾਬਾ ਜੀ ਨੇ ਆਪਣੀ ਆਯੂ ਦੇ ਅੰਤਲੇ ੧੮ ਵਰ੍ਹੇ ਏਥੇ ਹੀ ਬਤੀਤ ਕੀਤੇ ਤੇ ਏਥੇ ਹੀ ੨ ਮਾਘ ਵਾਲੇ ਦਿਨ ਆਪ ਗੁਰਪੁਰੀ ਪਿਆਨਾ ਕਰ ਗਏ । ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਏਥੇ ਦੋ ਇਤਿਹਾਸਕ ਅਸਥਾਨ ਬਣੇ ਹੋਏ ਹਨ। ਇਕ ਤਪਿਆਣਾ ਸਾਹਿਬ ਤੇ ਦੂਜਾ ਦਰਬਾਰ ਬਾਬਾ ਨਾਮਦੇਵ ਜੀ। ਤਪਿਆਣਾ ਸਾਹਿਬ, ਬਾਬਾ ਜੀ ਦੇ ਤਪ ਕਰਨ ਦਾ ਸਥਾਨ ਹੈ ਤੇ ਦਰਬਾਰ ਬਾਬਾ ਨਾਮਦੇਵ ਜੀ ਵਿਖੇ ਆਪ ਜੀ ਦਾ ਅੰਤਮ ਅਸਥਾਨ।

ਪਿਛਲੇ ਅਸਥਾਨ ਨੂੰ ‘ਦੇਹੁਰਾ ਸਾਹਿਬ’ ਵੀ ਕਹਿਆ ਜਾਂਦਾ ਹੈ।

ਭਗਤ ਨਾਮਦੇਵ ਜੀ ਦੀ ਸਿਖਿਆ ਅੱਜ ਵੀ ਓਨੀ ਹੀ ਕੀਮਤੀ ਤੇ ਮਹੱਤਵਪੂਰਣ ਹੈ, ਜਿੰਨੀ ਕਿ ਉਹਨਾਂ ਦੇ ਆਪਣੇ ਸਮੇਂ ਵਿੱਚ । ਉਹਨਾਂ ਵੱਲੋਂ ਦਰਸਾਇਆ ਪਿਆਰ ਦਾ ਮਾਰਗ ਮਨੁੱਖ ਦੀਆਂ ਅਜੋਕੀਆਂ ਮਾਨਸਿਕ ਬੀਮਾਰੀਆਂ ਲਈ ਰਸਾਇਣ ਦੇ ਬਰਾਬਰ ਹੈ। ਇਸੇ ਤਰ੍ਹਾਂ ਏਕੀਕਰਣ, ਬਹੁਤੇ ਝਗੜੇ ਤੇ ਝਮੇਲਿਆਂ ਦਾ ਅਕੱਟ ਦਾਰੂ ਹੈ । ਭਾਰਤੀਅਤਾ ਤੇ ਸਮਾਨਤਾ ਦਾ ਬਾਬਾ ਜੀ ਨੇ ਖੁਲ੍ਹ ਕੇ ਲੋਕਾਂ ਵਿੱਚ ਪ੍ਰਚਾਰ ਕੀਤਾ । ਉਨ੍ਹਾਂ ਨੇ ਊਚ-ਨੀਚ ਨੂੰ ਸਮਾਪਤ ਕਰਨ ਦੇ ਭਰਪੂਰ ਉਪਰਾਲੇ ਕੀਤੇ । ਇਕ ਈਸ਼ਵਰ ਦੀ ਭਗਤੀ-ਭਾਵਨਾ ਵੱਲ ਲੋਕਾਂ ਨੂੰ ਪ੍ਰੇਰਿਤ ਕੀਤਾ।
ਸਰੋਤ: “ਸੇ ਭਗਤ ਸਤਿਗੁਰ ਮਨਿ ਭਾਏ” ਵਿੱਚੋਂ।

ਡਾ. ਐਮ. ਐਸ. ਅੰਮ੍ਰਿਤ