52 views 12 secs 0 comments

ਕਲਿ ਤਾਰਣ ਗੁਰੁ ਨਾਨਕ ਆਇਆ

ਲੇਖ
November 05, 2025

ਵੇਦ ਕਾਲ ਦੇ ਸਾਰੇ ਪ੍ਰਚੱਲਿਤ ਵਿਚਾਰਾਂ ਦੀ ਪ੍ਰਤਿਭਾ ਤੋਂ ਇਨਕਾਰੀ ਹੋਣਾ ਸੰਕੀਰਨ ਅਗਿਆਨਤਾ ਹੈ। ਇਹ ਕਹਿਣਾ ਵੀ ਠੀਕ ਨਹੀਂ ਕਿ ਗੁਰੂ ਨਾਨਕ ਦੇਵ ਜੀ ਦੇ ਸਮਿਆਂ ਤੋਂ ਪਹਿਲਾਂ ਸੰਸਾਰ ਵਿਚ ਗਿਆਨ ਦਾ ਪ੍ਰਵਾਹ ਨਹੀਂ ਸੀ। ਪਰ ਇਹ ਸੱਚ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਾ ਸਮਾਂ, ਇਕ ਅਜਿਹਾ ਸਮਾਂ ਸੀ, ਜਦੋਂ ਵੇਦਾਂ ਦੇ ਗਿਆਨ ਦੀ ਵਾਸਤਵਿਕਤਾ ਦਾ ਵਿਘਟਨ ਹੋ ਰਿਹਾ ਸੀ, ਗਿਆਨ ਦੀ ਪ੍ਰਤਿਭਾ ਨੂੰ ਅੰਧਵਿਸ਼ਵਾਸਾਂ ਦਾ ਗ੍ਰਹਿਣ ਲੱਗ ਚੁੱਕਾ ਸੀ। ਮਾਨਵ ਸਮਾਜ ਵਿਚੋਂ ਦਾਨਾਈ ਦੀ ਚੇਤਨਾ ਮਨਫ਼ੀ ਹੋ ਰਹੀ ਸੀ, ਗਿਆਨ ਦਾ ਪ੍ਰਕਾਸ਼ ਲੁਪਤ ਹੋ ਰਿਹਾ ਸੀ ਤੇ ਸੰਸਾਰ ਵਿਚ ਚਾਰੇ ਪਾਸੇ ਅੰਧਗੁਬਾਰ ਤੇ ਅੰਧਘੋਰ ਦਾ ਬੋਲਬਾਲਾ ਸੀ। ਇਸ ਸਮੇਂ ਦੇ ਦੌਰ ਨੂੰ ਯੁੱਗ-ਚੇਤਨਾ ਵਿਚ ਕਲਜੁੱਗ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਕਲਜੁਗ ਤੋਂ ਭਾਵ ਹੈ, ਸਮਿਆਂ ਦਾ ਤਾਰੀਕ ਦੌਰ (Dark Age) । ਅਜਿਹੇ ਸਮੇਂ ਨੂੰ ਇਕ ਨਵਾਂ ਮੋੜ ਦੇ ਕੇ, ਕਲਜੁਗੀ ਮਨੁੱਖ ਦੇ ਮਨ ਵਿਚ ਗਿਆਨ ਦੇ ਬੋਧ ਪ੍ਰਤੀ, ਨਵੀਂ ਚੇਤਨਾ ਜਗਾਉਣ ਅਤੇ ਉਸ ਦੇ ਅਵਚੇਤਨ ਵਿਚ ਸੁੱਤੀ ਪਈ ਸੋਝੀ ਨੂੰ ਗਿਆਨ ਦੇ ਤਰਕ ਨਾਲ ਝੰਜੋੜ ਕੇ, ਉਸ ਦੀ ਜਗਿਆਸਾ ਨਾਲ, ਵਰਨਾਤਮਿਕ ਪੁਨਰ ਸੰਵਾਦ ਰਚਾਉਣਾ, ਉਸ ਦੌਰ ਦੀ ਸਭਤੋਂ ਵੱਡੀ ਚੁਣੌਤੀ ਸੀ। ਨਕਾਰਾਤਮਿਕ ਸਮਿਆਂ ਦੇ ਅੰਤਰਮੁਖੀ ਭਰਮਾਂ ਅਤੇ ਬਾਹਰਮੁਖੀ ਪਖੰਡਾਂ ਦਾ ਖੰਡਨ ਕਰਕੇ ਉਨ੍ਹਾਂ ਨੂੰ ਦਲੀਲ ਨਾਲ ਝੂਠੇ ਸਿੱਧ ਕਰਨ ਦੀ ਵੱਡੀ ਚੁਣੌਤੀ, ਕਿਸੇ ਪੈਗੰਬਰੀ ਯੁਗਪੁਰਸ਼ ਦੇ ਆਗਮਨ ਨਾਲ ਹੀ ਸਵੀਕਾਰ ਹੋ ਸਕਦੀ ਸੀ। ਇਸ ਮਹਾਨ ਕਾਰਜ ਲਈ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਸੰਸਾਰ ਵਿਚ ਹੋਇਆ। ਭਾਈ ਗੁਰਦਾਸ ਜੀ ਦੇ ਇਹ ਅਨੁਭਵੀ ਬਚਨ, ਕਲਜੁਗੀ ਸਮੇਂ ਦੇ ਇਸੇ ਸੱਚ ਨੂੰ ਬਿਆਨ ਕਰਦੇ ਹਨ ; ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਮਨੁੱਖੀ ਜਗਿਆਸਾ ਦੀ ਨਵਚੇਤਨਾ ਦਾ ਜੋ ਸੁਨੇਹਾ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਦਿਤਾ, ਉਹ ਦੇਸ਼-ਦਿਸ਼ਾਂਤਰਾਂ ਦੇ ਹੱਦਾਂ ਬੰਨਿਆਂ ਤਕ ਸੀਮਤ ਨਹੀਂ ਸੀ, ਗੁਰੂ ਨਾਨਕ ਦੇਵ ਜੀ ਦਾ ਹਰੇਕ ਵਿਚਾਰ ‘ਸ਼ਬਦ ਰੂਪ’ ਤੇ ਵਿਸ਼ਵਵਿਆਪੀ ਚਿੰਤਨ ਦੇ ਗਹਿਰ-ਗੰਭੀਰ ਵਿਸ਼ਿਆਂ ਨੂੰ ਹਾਜ਼ਰ-ਨਾਜ਼ਰ ਰੂਪ ਵਿਚ ਪ੍ਰਗਟ ਕਰਦਾ ਸੀ।

ਬਾਬੇ ਤਾਰੇ ਚਾਰਿ ਚਕਿ ਨਉ ਖੰਡਿ ਪ੍ਰਥਿਮੀ ਸਚਾ ਢੋਆ ਗੁਰਮਖਿ ਕਲਿ ਵਿਚ ਪਰਗਟੁ ਹੋਆ ॥

(ਭਾਈ ਗੁਰਦਾਸ, ਗੁਰੂ ਸੂਰਯੋਦਯ-27)

ਗੁਰੂ ਨਾਨਕ ਦੇਵ ਜੀ ਦੇ ਦ੍ਰਿਸ਼ਟੀ ਦਰਸ਼ਨ ਵਿਚ, ਮਨੁੱਖ ਦੇ ਵਿਕਾਸ ਦੇ ਸਿਧਾਂਤ ਨੂੰ ਉਨ੍ਹਾਂ ਦੇ ਮੂਲ ਰੂਪ ਵਿਚ ਛੋਹਿਆ ਹੈ, ਇਸ ਸੰਧਰਵ ਵਿਚ ਉਨ੍ਹਾਂ ਦੀ ਵਿਖਿਆਤ ਸਮਾਲੋਚਨਾ ਧਿਆਨ ਦੇਣ ਯੋਗ ਹੈ।

ਸੁਮੇਰ ਪਰਬਤ ਤੇ ਹੋਈ ਸਿੱਧ ਗੋਸ਼ਟੀ ਵਿਚ, ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਦਾ ਮੂਲ ਸਵਾਲ ਇਹ ਸੀ ;

ਕਵਣ ਮੂਲੁ ਕਵਣ ਮਤਿ ਵੇਲਾ॥

ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥

ਗੁਰੂ ਨਾਨਕ ਦੇਵ ਜੀ ਦਾ ਸਿੱਧਾਂ ਨੂੰ ਇਹ ਉੱਤਰ ਸੀ;

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥

(ਭਾਵ: ਸੁਆਸ ਮਨੁੱਖ ਦੇ ਜੀਵਨ ਦੀ ਹਸਤੀ ਦਾ ਮੁੱਢ ਹੈ ਤੇ ਇਹ ਸੁੱਚਾ ਸਮਾਂ, ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ। ਸ਼ਬਦ ਮੇਰਾ ਗੁਰੂ (ਪ੍ਰਭੂ) ਹੈ, ਮੇਰੀ ਸੁਰਤੀ ਸ਼ਬਦ ਦੀ ਮੁਰੀਦ ਹੈ)

ਉਪਰੋਕਤ ਤੋਂ ਪ੍ਰਤੱਖ ਹੈ ਕਿ ਸ਼ਬਦ ਦਾ ਆਵੇਸ਼, ਸਿੱਖ ਸੁਰਤੀ ਦਾ ਮੂਲ ਪ੍ਰੇਰਨਾ ਸ੍ਰੋਤ ਹੈ, ਸ਼ਬਦ ਹੀ ਸਿੱਖ ਸੋਝੀ ਦਾ ਮੂਲ ਸਵਰ ਤੇ ਉਸਦੀ ਪ੍ਰਤਿਧੁਨੀ ਹੈ । ਗੁਰੂ ਪਦਵੀ ਪ੍ਰਾਪਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਦੀ ਇਸੇ ਭਾਵਨਾ ਦੇ ਭਿੰਨ-ਭਿੰਨ ਤੱਤਾਂ ਦਾ ਸੰਸਲੇਸ਼ਣਕ ਸੰਜੋਗ ਹਨ। ਸਿੱਖ ਚੇਤਨਾ ਵਿਚ ਸਬਦੁ ਦੇ ਅਭਿਵਿਅੰਜਨ ਨੂੰ ਸੁਰਤੀ ਨਾਲ ਇੱਕਸੁਰ ਕਰਕੇ ਨਾਮ ਸਿਮਰਨ ਕਰਨਾ, ਸਤਿਗੁਰ ਦੀ ਬੰਦਗੀ ਹੈ।

ਇਸ ਅਭਿਵਿਅੰਜਨਾ ਨੂੰ ਪ੍ਰਮਾਣਿਤ ਕਰਦਾ ਇਕ ਉਮਦਾ ਦ੍ਰਿਸ਼ਟਾਂਤ ਗੁਰੂ ਸਾਖੀਆਂ ਵਿਚ ਮਿਲਦਾ ਹੈ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੀਵਾਨ ਸਜਾਈ ਬੈਠੇ ਸਨ, ਇਕ ਜਗਿਆਸੂ ਸਵਾਲ ਕਰਦਾ ਹੈ, ‘ਮਹਾਰਾਜ ਇਹ ਦੱਸੋ ਸਭ ਤੋਂ ਉੱਤਮ ਜੂਨੀ ਕਿਹੜੀ ਹੈ?’। ਪੰਚਮ ਪਾਤਸ਼ਾਹ ਫੁਰਮਾਉਂਦੇ ਹਨ;

ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
ਅਵਰਿ ਕਾਜ ਤੇਰੈ ਕਿਤੇ ਨ ਕਾਮ ॥
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥
(ਅੰਗ ੧੨, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

(ਅਰਥਾਤ: ਹੇ ਮਨੁੱਖ ਮੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ, ਪ੍ਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਏਹੋ ਇਕ ਸਵੱਲਾ ਮੌਕਾ ਹੈ, ਹੋਰ ਕਾਰਜ ਤੇਰੇ ਕਿਸੇ ਵੀ ਕੰਮ ਨਹੀਂ ਆਉਣੇ। ਸਤਿਸੰਗਤ ਵਿਚ ਜੁੜਕੇ ਉਸਦੇ ਨਾਮ ਦੀ ਅਰਾਧਨਾ ਕਰ ਲੈ, ਜਿਸ ਨੇ ਤੈਨੂੰ ਸਭ ਤੋਂ ਉੱਤਮ ਮਨੁੱਖਾ ਜਨਮ ਦਿਤਾ ਹੈ) ਇਸਲਾਮ ਵਿਚ ਵੀ ਮਨੁੱਖਾ ਜਨਮ ਨੂੰ ਅਸ਼ਰਫ਼-ਉਲ-ਮਖ਼ਲੂਕਾਤ ਆਖ ਕੇ ਤਸ਼ਬੀਅਤ ਕੀਤਾ ਹੈ। ਅਸ਼ਰਫ-ਉਲ-ਮਖ਼ਲੂਕਾਤ ਦਾ ਭਾਵ ਹੈ ; ਕਾਇਨਾਤ ਦੀ ਸਰਬਉੱਚਤਮ ਰਚਨਾ।

ਗੁਰੂ ਅਰਜਨ ਦੇਵ ਜੀ ਦੇ ਦੀਵਾਨ ਵਿਚ ਜੁੜੀ ਸੰਗਤ ਵਿਚੋਂ, ਇਕ ਹੋਰ ਜਗਿਆਸੂ ਸਵਾਲ ਕਰਦਾ ਹੈ : ਬੰਦਗੀ ਵਿਚ ਲੀਨ ਹੋਣ ਦਾ ਅਨੁਸਾਸ਼ਿਨ ਅਤੇ ਅੰਤਰ ਧਿਆਨ ਹੋਣ ਦੀ ਸਹੀ ਵਿਧੀ ਕੀ ਹੈ? ਪੰਜਵੇਂ ਗੁਰੂ ਫੁਰਮਾਉਂਦੇ ਹਨ;

ਅੰਤਰਿ ਗੁਰੂ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ॥

(ਅੰਗ 517. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

(ਭਾਵ : ਆਪਣੇ ਮਨ ਵਿਚ ਗੁਰੂ ਨੂੰ ਯਾਦ ਕਰ ਅਤੇ ਜੀਭ ਨਾਲ ਗੁਰੂ ਦਾ ਨਾਮ ਜਪ। ਅੱਖਾਂ ਨਾਲ ਅੰਤਰ ਧਿਆਨ ਹੋ ਕੇ ਗੁਰੂ ਦੇ ਦਰਸ਼ਨ ਦੀਦਾਰੇ ਕਰ ਅਤੇ ਕੰਨਾਂ ਨਾਲ ਗੁਰੂ ਦਾ ਨਾਮ ਸੁਣ। ਜੇ ਇਸ ਵਿਧੀ ਰਾਹੀਂ ਬੰਦਗੀ ਕਰੇਂਗਾ ਤਾਂ ਉਸਦੀ ਦਰਗਾਹ ਵਿਚ, ਨਿਸ਼ਚੇ ਹੀ ਪਨਾਹ ਮਿਲੇਗੀ)

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 22 ਵਰ੍ਹੇ, ਸੰਸਾਰ ਦੀਆਂ ਚਾਰੇ ਦਿਸ਼ਾਵਾਂ ਦਾ ਭਰਮਣ ਕੀਤਾ। ਗੁਰੂ ਸਾਹਿਬ ਨੇ ਆਪਣੀਆਂ ਪੰਜੇ ਹੀ ਉਦਾਸੀਆਂ ਵਿਚ ਲਗਭਗ 27000 ਕਿਲੋਮੀਟਰ ਪੈਦਲ ਸਫ਼ਰ ਕੀਤਾ। ਇਸ ਯਾਤਰਾ ਵਿਚ ਗੁਰੂ ਜੀ ਦੀ ਹਰ ਗੋਸ਼ਟੀ ਤੇ ਸੰਵਾਦ, ਗਿਆਨ ਦੇ ਪ੍ਰਕਾਸ਼ ਨਾਲ ਲਬਰੇਜ਼, ਦਲੀਲ ਅਤੇ ਤਰਕ ‘ਤੇ ਅਧਾਰਿਤ, ਵਿਸ਼ੇਸ਼, ਸਪੱਸ਼ਟੀਕਰਨ ਪ੍ਰਸਤੁਤ ਕਰਦੀ ਹੈ।

ਮਿਸਾਲ ਵਜੋਂ, ਸੁਮੇਰ ਪਰਬਤ ‘ਤੇ ਹੋਈ ਸਿੱਧ ਗੋਸ਼ਟੀ ਵਿਚ, ਜਦੋਂ ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਪਾਸੋਂ ਆਪਣੇ ਸਾਰੇ ਸਵਾਲਾਂ ਦੇ ਠੀਕ ਅਤੇ ਤਰਕ ਭਰਪੂਰ ਉੱਤਰ ਸੁਣ ਕੇ, ਸਿੱਧਾਂ ਨੇ ਗੁਰੂ ਨਾਨਕ ਦੇਵ ਜੀ ਦੇ ਬ੍ਰਹਮ ਗਿਆਨ ਨੂੰ ਸਵੀਕਾਰ ਕਰ ਲਿਆ, ਤਦ ਫੇਰ ਸਿੱਧ ਪੁੱਛਦੇ ਹਨ।

“ਫਿਰਿ ਪੁਛਣਿ ਸਿਧ ਨਾਨਕਾ ਮਾਤ ਲੋਕ ਵਿਚਿ ਕਿਆ ਵਰਤਾਰਾ ਸਭ ਸਿਧੀ ਇਹ ਬੁਝਿਆ ਕਲਿ ਤਾਰਣਿ ਨਾਨਕ ਅਵਤਾਰਾ

ਬਾਬੇ ਆਖਿਆ ਨਾਥ ਜੀ ਸਚੁ ਚੰਦ੍ਰਮਾ ਕੂੜੁ ਅੰਧਾਰਾ
ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜਿਆ ਸੰਸਾਰਾ ਪਾਪ ਗਿਰਾਸੀ ਪਿਰਥਮੀ ਧਉਲੁ ਖੜਾ ਧਰਿ ਹੇਠ ਪੁਕਾਰਾ ਸਿਧ ਛਪਿ ਬੈਠੇ ਪਰਬਤੀ ਕਉਣ ਜਗਤ ਕਉ ਪਾਰਿ ਉਤਾਰਾ”

(ਭਾਈ ਗੁਰਦਾਸ ਜੀ, ਸਿਧ ਗੋਸ਼ਟ, 29 ਪ੍ਰਸ਼ਨੋਤ੍ਰ)

ਉਪਰੋਕਤ ਦੇ ਸੰਧਰਵ ਵਿਚ, ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਲੰਮੇ ਪੈਂਡਿਆਂ ਦੀ ਗਾਥਾ, ਉਨ੍ਹਾਂ ਦੇ ਤਰਜੀਹੀ ਸੰਕਲਪਾਂ ਦੇ ਮੂਲ ਮਨੋਰਥਾਂ ਨੂੰ, ਅਜੋਕੇ ਵਿਸ਼ਵ ਸਰੋਕਰਾਂ ਦੇ ਪ੍ਰਸੰਗ ਵਿਚ, ਪੁਨਰ ਪ੍ਰਸਤੁਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਕਿਉਂਕਿ ਸਿੱਖ ਧਰਮ, ਅੱਜ ਇਕ ਵਿਸ਼ਵ ਧਰਮ ਦੇ ਰੂਪ ਵਿਚ ਸਥਾਪਿਤ ਹੋ ਚੁੱਕਾ ਹੈ, ਇਸ ਲਈ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੇ ਸੂਖਮ ਸੰਕੇਤ ਅਤੇ ਸੰਦੇਸ਼ ਸਮੁੱਚੀ ਮਾਨਵਤਾ ਦੇ ਭਲੇ ਲਈ, ਉਨ੍ਹਾਂ ਤਕ ਅਪੜਨੇ ਜ਼ਰੂਰੀ ਹਨ। ਅੱਜ ਸੰਸਾਰ ਦਾ ਬਹੁਤ ਵੱਡਾ ਹਿੱਸਾ ਬਹੁ-ਸਭਿਆਚਾਰੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਨਸਲੀ, ਮਨੁੱਖੀ ਸਮਾਜ ਦੇ ਅੰਤਰ ਵਿਰੋਧਾਂ ਦੇ ਦਵੰਦ ਨਾਲ ਜੂਝ ਰਿਹਾ ਹੈ। ਇਸ ਪਰਿਪੇਖ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸੂਖਮ ਲਕਸ਼ਾਂ ਦੀ ਵਾਸਤਵਿਕਤਾ ਅਤੇ ਸਾਪੇਖਤਾ ਨੂੰ, ਪੂਰੇ ਵਿਸ਼ਵ ਵਿਚ ਪਹੁੰਚਾਉਣ ਦੀ ਲੋੜ ਹੈ। ਗੁਰੂ ਜੀ ਦੀਆਂ ਉਦਾਸੀਆਂ ਦੇ ਪੁਰਨੂਰ ਪੈਡਿਆਂ ਦੀਆਂ ਪੈੜਾਂ ਤੇ ਸਾਖੀਆਂ ਦੇ ਸੱਚ, ਅੱਜ ਦੇ ਬੇਨੂਰ ਸਮਿਆਂ ਵਿਚ, ਮਾਨਵਵਾਦ ਦੇ ਪਸਾਰੇ ਲਈ ਪੂਰੇ ਵਿਸ਼ਵ ਵਿਚ ਪੁਨਰ ਪ੍ਰਭਾਸ਼ਿਤ ਕਰਨਾ, ਸਮੇਂ ਦੀ ਲੋੜ ਹੈ। ਇਸ ਮਹਾਨ ਕਾਰਜ ਵਿਚ, ਸਮੂਹ ਸਿੱਖ ਸੰਸਥਾਵਾਂ, ਸਿੱਖ ਖੋਜ ਸੰਸਥਾਵਾਂ, ਸਿੱਖ ਬੁੱਧੀਜੀਵੀਆਂ, ਲੇਖਕਾਂ, ਪ੍ਰਚਾਰਕਾਂ, ਰਾਗੀਆਂ, ਢਾਡੀਆਂ, ਕਵੀਸ਼ਰਾਂ ਤੇ ਕਥਾਵਾਚਕਾਂ, ਪਾਠੀਆਂ ਅਤੇ ਅਰਦਾਸੀਆਂ ਦੀ ਵੱਡੀ ਪ੍ਰਮਾਣਿਕ ਭੂਮਿਕਾ ਬਣਦੀ ਹੈ। ਇਸ ਲਈ ਉਨ੍ਹਾਂ ਦੇ ਕਾਰਜ ਖੇਤਰਾਂ ਦੀ ਸ਼ਨਾਖਤ ਕਰਕੇ, ਇਹ ਕਾਰਜ ਉਨ੍ਹਾਂ ਦੇ ਸਪੁਰਦ ਹੋਣੇ ਚਾਹੀਦੇ ਹਨ ਤੇ ਉਹ ਦੱਸਣ ਕਿ ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਦੇ ਜਹੂਰ ਨੂੰ, ਸਮੁੱਚੀ ਸਿੱਖ ਚੇਤਨਾ ਅਤੇ ਜੀਵਨ ਜਾਚ ਵਿਚ ਕਿਵੇਂ ਢਾਲਣਾ ਹੈ ? ਇਸ ਕਾਰਜ ਨੂੰ ਸਹੀ ਦ੍ਰਿਸ਼ਟੀ ਵਿਚ ਨੇਪਰੇ ਚਾੜ੍ਹਨ ਲਈ, ਨਵੇਂ ਅਤੇ ਸੰਜੀਦਾ ਖੋਜ ਕਾਰਜਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਨੂੰ, ਉੱਤਮ ਸਾਹਿਤ ਦੇ ਰੂਪ ਵਿਚ ਸੰਸਾਰ ਦੀਆਂ ਸਾਰੀਆਂ ਜ਼ੁਬਾਨਾਂ ਵਿਚ, ਤਰਜੁਮੇ ਕਰਵਾ ਕੇ ਪ੍ਰਕਾਸ਼ਿਤ ਕਰਨੇ ਚਾਹੀਦੇ ਹਨ। ਗੁਰੂ ਦੀ ਗੋਲਕ, ਜੋ ਸਿੱਖ ਸੰਗਤਾਂ ਦੇ ਸ਼ਰਧਾਪੂਰਵਕ ਦਸਵੰਧ ਅਤੇ ਤਿਲ-ਫੁਲ ਭੇਟਾਵਾਂ ਨਾਲ ਭਰਪੂਰ ਹੁੰਦੀ ਹੈ, ਉਸ ਨੂੰ ਬੇਦਰਦੀ ਅਤੇ ਬੇਸਮਝੀ ਨਾਲ ਅੰਝਾਈ ਨਹੀਂ ਗਵਾਉਣਾ ਚਾਹੀਦਾ। ਮੇਰੀ ਜਾਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ, ਸੁਲਤਾਨਪੁਰ ਲੋਧੀ ਦੇ ਅਸਥਾਨ ਤੇ ਪੰਡਾਲ ਸਜਾਵਣ ਲਈ, ਨੋਇਡਾ ਦੀ ਕਿਸੇ ਪ੍ਰਾਈਵੇਟ ਕੰਪਨੀ ਨੂੰ 12 ਕਰੋੜ ਰੁਪਏ ਦਾ ਠੇਕਾ ਦੇਣਾ, ਨਿਪਟ ਫਜੂਲ ਖਰਚੀ ਹੈ। ਗੁਰੂ ਕੀ ਗੋਲਕ ਦੀ ਇਹ ਸਾਰੀ ਰਕਮ ਸਿੱਖ ਸਾਹਿਤ ਦੀ ਰਚਨਾ ‘ਤੇ ਖਰਚ ਹੋਣੀ ਚਾਹੀਦੀ ਹੈ।

ਸਮੂਹ ਸਿੱਖ ਤਖ਼ਤਾਂ ਦੇ ਸਿੰਘ ਸਾਹਿਬਾਨ ਦੀ ਸੇਵਾ ਵਿਚ, ਇਕ ਹਕੀਕੀ ਅਰਜ਼ਦਾਸਤ ਹੈ ਕਿ ਵਿਸ਼ਵ ਸਰੋਕਾਰਾਂ ਦੀ ਦ੍ਰਿਸ਼ਟੀ ਵਿਚ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਗੁਰੂ ਨਾਨਕ ਸਾਹਿਬ ਦੀ ਫਿਲਾਸਫ਼ੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਵਲੋਕਨ ਅਨੁਸਾਰ, ਸਮੁੱਚੇ ਸਿੱਖ ਭਾਈਚਾਰੇ ਲਈ, ਸਾਰੇ ਸਿੰਘ ਸਾਹਿਬਾਨ ਵਲੋਂ, ਇਕ ਕੇਂਦਰੀ ਸੰਦੇਸ਼ ਜਾਰੀ ਹੋਣਾ ਚਾਹੀਦਾ ਹੈ, ਜੋ ਸਿੱਖ ਸੰਗਤਾਂ ਲਈ ਵਿਸ਼ੇਸ਼ ਕਰਕੇ ਅਤੇ ਸਮੁੱਚੀ ਮਾਨਵਤਾ ਲਈ ਆਮ ਕਰਕੇ, ਜੀਵਨ ਦੇ ਹਰ ਖੇਤਰ ਲਈ ਪ੍ਰਸੰਗਿਕ ਹੋਵੇ। ਇਹ ਸੰਦੇਸ਼ ਦੇਸ-ਪ੍ਰਦੇਸ਼ ਦੇ ਸਾਰੇ ਗੁਰਦਵਾਰਿਆਂ ਵਿਚ ਪੜ੍ਹਿਆ, ਪਰਚਾਰਨਾ ਅਤੇ ਪ੍ਰਸਾਰਨਾ ਚਾਹੀਦਾ ਹੈ।

ਬੀਰ ਦਵਿੰਦਰ ਸਿੰਘ (ਸਵਰਗੀ)
ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ