ਮੰਗਲਿ ਮਾਇਆ ਮੋਹੁ ਉਪਾਇਆ॥
ਆਪੇ ਸਿਰਿ ਸਿਰਿ ਧੰਧੈ ਲਾਇਆ॥
ਆਪਿ ਬੁਝਾਏ ਸੋਈ ਬੂਝੈ॥ ਗੁਰ ਕੈ ਸਬਦਿ ਦਰੁ ਘਰੁ ਸੂਝੈ॥
ਪ੍ਰੇਮ ਭਗਤਿ ਕਰੇ ਲਿਵ ਲਾਇ॥
ਹਉਮੈ ਮਮਤਾ ਸਬਦਿ ਜਲਾਇ ॥੩॥( ਅੰਗ ੮੪੧)
‘ਮੰਗਲਵਾਰ’ ਸਬੰਧੀ ‘ਸੰਖਿਆ ਕੋਸ਼’ ਵਿਚ ਇਉਂ ਹਵਾਲਾ ਹੈ ਕਿ “ਮੰਗਲ ਇਕ ਗ੍ਰਹਿ ਹੈ ਜਿਸ ਦੇ ਨਾਮ ਤੋਂ ਮੰਗਲਵਾਰ ਹੋਇਆ ਹੈ। ਅੰਗਰੇਜ਼ੀ ਵਿਚ ਇਸ ਉਪਗ੍ਰਹਿ ਨੂੰ Mars ਕਹਿੰਦੇ ਹਨ। ਕਵੀਆਂ ਨੇ ਇਸ ਨੂੰ ਲਾਲ ਰੰਗ ਦਾ ਵਰਣਨ ਕੀਤਾ ਹੈ। ਇਸ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਇਹ ਗ੍ਰਹਿ ਸਾਡੀ ਪ੍ਰਿਥਵੀ ਤੋਂ ਬਹੁਤ ਨੇੜੇ ਹੈ। ਅਰਬੀ ਫ਼ਾਰਸੀ ਵਿਚ ਇਸ ਗ੍ਰਹਿ ਦਾ ਨਾਂ ਮਰੀਖ਼ ਹੈ।” ਇਸੇ ਤਰ੍ਹਾਂ ਸਮ ਅਰਥ ਕੋਸ਼ਾ ਵਿਚ ਮੰਗਲ ਦੇ ਸਮਾਨਾਰਥੀ ਸ਼ਬਦ- ਅੰਗਰਕ, ਅੰਗਾਰਕਾ, ਕੁਜ, ਭੂਮਿ ਸੁਤ, ਭੌਮ, ਮਹਿ ਸੂਨ, ਮਹਿ ਬਾਲ, ਮਹੀ ਸੁਤ, ਲੋਹਿਤਾਂਗ, ਵਕ ਆਦਿ ਹਨ।
‘ਮਹਾਨ ਕੋਸ਼’ ਅਨੁਸਾਰ “ਪ੍ਰਿਥਵੀ ਦਾ ਪੁੱਤਰ ਮੰਗਲ ਗ੍ਰਹਿ, ਜਿਸ ਦੇ ਨਾਮ ਤੋਂ ਮੰਗਲਵਾਰ ਹੈ। ਇਸੇ ਤਰਾਂ ਦੁਰਗਾ ਦਾ ਮੁੱਖ ਚੰਦਰਮਾ ਤੇ ਲਾਲ ਟਿੱਕਾ ਮੰਗਲ ਹੈ। ਇਸ ਪ੍ਰਤੀ ਮਿਥ ਕਥਾਵਾਂ ਵੀ ਹਨ ਕਿ ਵਿਸ਼ਨੂ ਦੇ ਵੀਰਯ ਤੋਂ ਮੰਗਲ ਪ੍ਰਿਥਵੀ ਦਾ ਪੁੱਤਰ ਹੈ, ਕਿਸੇ ਨੇ ਵਿਸ਼ਨੂ ਦੇ ਪਸੀਨੇ ਤੋਂ ਉਤਪਤੀ ਦੱਸੀ ਹੈ, ਕਿਸੇ ਅਨੁਸਾਰ ਸ਼ਿਵ ਜੀ ਦੇ ਮੂੰਹ ਵਿੱਚੋਂ ਡਿੱਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।”
ਉਂਜ ਮੰਗਲ ਦਾ ਇਕ ਅਰਥ ਅਨੰਦ ਜਾਂ ਖ਼ੁਸ਼ੀ ਦਾ ਗੀਤ ਵੀ ਹੈ। ਇਸ ਤੋਂ ਹੀ ਸਿੱਖ ਸਾਹਿਤ ਵਿਚ ਮੰਗਲਚਰਣ, ਮੰਗਲਚਾਰ, ਮੰਗਲਾ, ਮੰਗਲਾਚਰਣ ਆਦਿ ਸ਼ਬਦ ਹੋਂਦ ਵਿਚ ਆਏ। ਗੁਰਬਾਣੀ ਵਿਚ ਮੰਗਲ ਸ਼ਬਦ ਰੂਹਾਨੀ ਅਨੰਦ, ਵਿਸਮਾਦ ਤੇ ਖ਼ੁਸ਼ੀ ਜਾਂ ਖੇੜੇ ਦਾ ਪ੍ਰਗਟਾਉ ਹੈ ਅਤੇ ਮੰਗਲ ਕਰਨਾ ਤੋਂ ਭਾਵ ਉਸਤਤਿ ਕਰਨਾ ਵੀ ਹੈ। ਗੁਰਬਾਣੀ ਵਿਚ “ਹਰਿ ਮੰਗਲੁ ਗਾਉ” ਅਤੇ “ਮਿਲਿ ਸਹੀਆ ਮੰਗਲੁ ਗਾਵਹੀ” ਰੂਹਾਨੀ ਮੰਡਲ ਦੀਆਂ ਵਿਸਮਾਦੀ ਰਮਜ਼ਾਂ ਹਨ।
ਮੰਗਲਵਾਰ ਨਾਲ ਸਾਡੇ ਸਮਾਜ ਨੇ ਬਹੁਤ ਸਾਰੇ ਅੰਧਵਿਸ਼ਵਾਸਾਂ ਤੇ ਫੋਕਟ ਵਿਚਾਰਾਂ ਨੂੰ ਵੀ ਜੋੜਿਆ ਹੋਇਆ ਹੈ। ਜ਼ਿਆਦਾਤਰ ਮੰਗਲਵਾਰ ਨੂੰ ਚੰਗਾ ਦਿਨ ਨਹੀਂ ਸਮਝਿਆ ਜਾਂਦਾ, ਜਿਵੇਂ ਮੰਗਲਵਾਰ ਸਿਰ ਨਹੀਂ ਨਹਾਉਣਾ ਕਿਉਂਕਿ ਇਸ ਨਾਲ ਸਿਰ ਦੁਖਣ ਲੱਗ ਪੈਂਦਾ ਹੈ। ਲੋਕ ਮੁਹਾਵਰਾ ਹੈ ਕਿ ਮੰਗਲਵਾਰ ਤਾਂ ਮੱਝ ਵੀ ਟੋਭੇ ਵਿਚ ਸਿਰ ਨਹੀਂ ਭਿਉਂਦੀ। ਇਸੇ ਤਰਾਂ ਮੰਗਲਵਾਰ ਨੂੰ ਸ੍ਰੀ ਹਨੂੰਮਾਨ ਜੀ ਦਾ ਦਿਨ ਮੰਨ ਕੇ ਮਾਸ ਪਕਾਉਣਾ ਤੇ ਖਾਣਾ ਬੁਰਾ ਸਮਝਿਆ ਜਾਂਦਾ ਹੈ। ਦੂਜੇ ਪਾਸੇ ਮੰਗਲ ਨੂੰ ਮਰਦ ਦਿਨ ਵੀ ਮੰਨਿਆ ਜਾਂਦਾ ਹੈ ਅਤੇ ਮੰਗਲਵਾਰ ਨੂੰ ਨਵੇਂ ਘਰ ਦੀ ਨੀਂਹ ਰੱਖਣੀ ਸ਼ੁਭ ਸਮਝੀ ਜਾਂਦੀ ਹੈ। ਇਵੇਂ ਹੀ ਇੱਟਾਂ ਦੇ ਭੱਠੇ ਜਾਂ ਆਵੇ ਨੂੰ ਅੱਗ ਦੇਣੀ ਇਸ ਦਿਨ ਸ਼ੁਭ ਮੰਨੀ ਜਾਂਦੀ ਹੈ। ਮੰਗਲਵਾਰ ਨੂੰ ਪਹਾੜ ਵਾਲੇ ਪਾਸੇ ਜਾਣਾ ਬੁਰਾ ਮੰਨਿਆ ਜਾਂਦਾ ਹੈ ਪਰ ਉੱਤਰ ਦਿਸ਼ਾ ਵੱਲ ਜਾਣਾ ਸ਼ੁਭ ਮੰਨਿਆ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਮੰਗਲ ਗ੍ਰਹਿ ਮੰਦ-ਭਾਵਨਾ ਦਾ ਸੂਚਕ ਹੈ ਤੇ ਕਈ ਅੰਧ-ਵਿਸ਼ਵਾਸੀ ਲੋਕ ਇਸ ਗ੍ਰਹਿ ਤੋਂ ਬਚਣ ਲਈ ਮੂੰਗਾ ਧਾਰਨ ਕਰਦੇ ਹਨ। ਇਸੇ ਤਰ੍ਹਾਂ ਵਿਚਾਰ ਕੀਤੀ ਜਾਂਦੀ ਹੈ ਕਿ ਮੰਗਲਵਾਰ ਕਿਸੇ ਦੇ ਅਫਸੋਸ ਕਰਨ ਨਹੀਂ ਜਾਣਾ ਚਾਹੀਦਾ। ਇਸੇ ਪ੍ਰਕਾਰ ਜਨਮ ਕੁੰਡਲੀ ਦੇ ਵਿਸ਼ਵਾਸੀਆਂ ਅਨੁਸਾਰ ਜਨਮ ਕੁੰਡਲੀ ਦੇ ਚੌਥੇ, ਅੱਠਵੇਂ ਜਾਂ ਬਾਰਵੇਂ ਘਰ ਮੰਗਲ ਗ੍ਰਹਿ ਹੋਵੇ ਤਾਂ ਉਸ ਨੂੰ ਮੰਗਲੀਕ ਕਿਹਾ ਜਾਂਦਾ ਹੈ। ਫੇਰ ਮੰਗਲੀਕ ਦਾ ਵਿਆਹ ਮੰਗਲੀਕ ਨਾਲ ਕਰਨ ਦਾ ਭਰਮ ਚੱਲ ਪੈਂਦਾ ਹੈ। ਹੁਣ ਵੇਖਾ-ਵੇਖੀ ਕੁਝ ਪ੍ਰਤੀਸ਼ਤ ਭੋਲੇ ਭਾਲੇ ਸਿੱਖ ਵੀ ਇਸ ਭਰਮ ਵਿਚ ਫਸਦੇ ਜਾ ਰਹੇ ਹਨ। ਸਿੱਖ ਸਮਾਜ ਨੂੰ ਇਸ ਪਖੰਡ ਕਰਮ ਤੋਂ ਬਚਣ ਦੀ ਲੋੜ ਹੈ। ਇਸੇ ਤਰਾਂ ਪੰਜਾਬੀ ਲੋਕ ਧਰਮ ਵਿਚ ਡਾ. ਦਰਿਆ ਨੇ ਅੰਕਿਤ ਕੀਤਾ ਹੈ ਕਿ “ਮੰਗਲ ਗ੍ਰਹਿ ਦੇ ਕ੍ਰੋਧ ਤੋਂ ਬਚਣ ਲਈ ਮੰਗਲਵਾਰ ਵਰਤ ਰੱਖਿਆ ਜਾਂਦਾ ਹੈ। ਇਸ ਦਿਨ ਲਾਲ ਰੰਗ ਦੇ ਪਦਾਰਥ ਵਧੇਰੇ ਵਰਤੇ ਜਾਂਦੇ ਹਨ ਕਿਉਂਕਿ ਧਾਰਨਾ ਹੈ ਕਿ ਮੰਗਲ ਗ੍ਰਹਿ ਦਾ ਰੰਗ ਵੀ ਲਾਲ ਹੈ। ਇਹ ਵੀ ਲੋਕ ਧਾਰਨਾ ਹੈ ਕਿ ਜੇਕਰ ਇੱਕੀ ਹਫਤੇ ਲਗਾਤਾਰ ਵਰਤ ਰੱਖਿਆ ਜਾਵੇ ਤਾਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਅਤੇ ਮੰਗਲ ਗ੍ਰਹਿ ਦੇ ਮਾੜੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।”
ਇਸ ਤੋਂ ਇਲਾਵਾ ਵੀ ਮੰਗਲਵਾਰ ਬਾਰੇ ਵੱਖ-ਵੱਖ ਇਲਾਕਿਆਂ ਵਿਚ ਹੋਰ ਅੰਧ-ਵਿਸ਼ਵਾਸ ਤੇ ਫੋਕਟ ਵਿਚਾਰਾਂ ਹੋਣਗੀਆਂ ਜੋ ਲੋਕ-ਮਾਨਸਿਕਤਾ ਨੂੰ ਭੈ-ਭੀਤ ਕਰੀ ਬੈਠੀਆਂ ਹਨ। ਸਾਡੇ ਲਿਖਣ ਦਾ ਮਕਸਦ ਹੈ ਕਿ ਇਨ੍ਹਾਂ ਸਮੂਹ ਭਰਮਾਂ ਪ੍ਰਤੀ ਗੁਰਮਤਿ ਦਾ ਸੰਦੇਸ਼ ਕੀ ?
ਵਾਰ ਸਤ ਬਾਣੀ ਦੇ ਉਪਦੇਸ਼ ਦੀ ਵਿਆਖਿਆ ਤੋਂ ਪਹਿਲਾਂ ਭਗਤ ਕਬੀਰ ਜੀ ਦੀ ਬਾਣੀ “ਰਾਗ ਗਉੜੀ ਵਾਰ ਕਬੀਰ ਜੀਉ ਕੇ ੭॥” ਸਿਰਲੇਖ ਹੇਠ ਮੰਗਲਵਾਰ ਸੰਬੰਧੀ ਇਹ ਫ਼ਰਮਾਨ ਹੈ:
ਮੰਗਲਵਾਰੇ ਲੇ ਮਾਹੀਤਿ॥ ਪੰਚ ਚੋਰ ਕੀ ਜਾਣੈ ਰੀਤਿ॥ ਘਰ ਛੋਡੇਂ ਬਾਹਰਿ ਜਿਨਿ ਜਾਇ॥
ਨਾਤਰੁ ਖਰਾ ਰਿਸੈ ਹੈ ਰਾਇ॥੩॥ (ਅੰਗ ੩੪੪)
ਭਾਵ – ਮੰਗਲ ਤਾਰੇ ਨਾਲ ਸੰਬੰਧ ਰੱਖਣ ਵਾਲੇ ਦਿਨ ਮਨੁੱਖ ਪ੍ਰਭੂ ਸਿਫਤ ਸਲਾਹ
ਦਾ ਕਿਲ੍ਹਾ (ਮਾਹੀਤ) ਬਣਾ ਲੈਂਦਾ ਹੈ। ਉਹ ਕਾਮਾਦਿਕ ਪੰਜ ਚੋਰਾਂ ਦਾ ਹੱਲਾ ਕਰਨ ਦਾ ਢੰਗ ਸਮਝ ਲੈਂਦਾ ਹੈ। ਇਸ ਲਈ ਹੇ ਭਾਈ ! ਤੂੰ ਵੀ ਨਾਮ ਸਿਮਰਨ ਦੇ ਕਿਲ੍ਹੇ ਨੂੰ ਛੱਡ ਕੇ ਬਾਹਰ ਨਾ ਜਾਈਂ, ਨਹੀਂ ਤਾਂ (ਨਾਤਰੁ) ਇਹ ਮਨ ਵਿਕਾਰਾਂ ਵਿਚ ਪੈ ਕੇ ਦੁਖੀ ਹੋਵੇਗਾ।
ਹੁਣ ਇਸ ਲੇਖ ਦੇ ਅਰੰਭ ਵਿਚ ਜੋ “ਬਿਲਾਵਲ ਮਹਲਾ ੩ ਵਾਰ ਸਤ” ਬਾਣੀ ਦਾ ਮੂਲ ਪਾਠ ਦਿੱਤਾ ਹੈ ਅਤੇ ਜੋ ਮੰਗਲਵਾਰ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਦਾ ਉਪਦੇਸ਼ ਹੈ, ਅਸੀਂ ਉਸ ਦੀ ਵਿਚਾਰ ਕਰਦੇ ਹਾਂ। ਸਤਿਗੁਰੂ ਜੀ ਫ਼ਰਮਾਉਂਦੇ ਹਨ, “ਪਰਮਾਤਮਾ ਨੇ ਮੰਗਲ (ਵਾਰ) ਦੇ ਰਾਹੀਂ ਮਾਇਆ ਦਾ ਮੋਹ ਪੈਦਾ ਕੀਤਾ ਹੈ ਤੇ ਆਪ ਹੀ ਹਰੇਕ ਜੀਵ ਨੂੰ ਧੰਦੇ ਵਿਚ ਲਾਇਆ ਹੋਇਆ ਹੈ। ਜਿਸ ਮਨੁੱਖ ਨੂੰ ਪ੍ਰਭੂ ਆਪ ਸਮਝ ਬਖਸ਼ਦਾ ਹੈ, ਉਸ ਨੂੰ ‘ਗੁਰ ਸ਼ਬਦ’ ਦੀ ਬਰਕਤ ਨਾਲ ਪ੍ਰਭੂ ਦਾ ਦਰ ਘਰ ਦਿਸ ਪੈਂਦਾ ਹੈ। ਉਹੀ ਮਨੁੱਖ ਫਿਰ ਪ੍ਰਭੂ-ਭਗਤੀ ਕਰਦਾ ਹੈ ਤੇ ਸ਼ਬਦ ਦੇ ਬਲ ਨਾਲ ਹਉਮੈਂ ਤੇ ਸੰਸਾਰੀ ਰਸਾਂ ਕਸਾਂ ਦੇ ਮੋਹ ਨੂੰ ਸਾੜ ਲੈਂਦਾ ਹੈ।
ਤੱਤਸਾਰ ਵਜੋਂ ਗੁਰਬਾਣੀ ਦੀ ਬਰਕਤ ਜਾਂ ਪ੍ਰਕਾਸ਼ ਨਾਲ ਦਿਨਾਂ-ਦਿਹਾਰਾਂ ਦੇ ਭਰਮ-ਮਈ ਹਨੇਰੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਗੁਰੂ ਦੇ ਸਿੱਖਾਂ ਨੇ ਮੰਗਲਵਾਰ ਦੇ ਕਿਸੇ ਵੀ ਫੋਕਟ ਵਿਚਾਰ ਵਿਚ ਨਹੀਂ ਪੈਣਾ ਕਿਉਂਕਿ ਸਿੱਖ ਫ਼ਲਸਫ਼ੇ ਅਨੁਸਾਰ ਸਾਡੀ ਕਿਰਤ, ਕਰਮ, ਕਿਰਿਆ ਤੇ ਕਾਰਜਸ਼ੈਲੀ ਭਲੀ ਹੋਣੀ ਚਾਹੀਦੀ ਹੈ. ਦਿਨ ਤਾਂ ਸਾਰੇ ਹੀ ਭਲੇ ਹਨ। ਸਾਡੇ ਦੇਸ਼ ਵਿਚ ਥਿੱਤਾਂ ਵਾਰਾਂ ਦੇ ਨਾਉਂ ਉਤੇ ਸੈਂਕੜੇ ਸ਼ੈਤਾਨ ਲੋਕ ਆਰਥਿਕ ਤੇ ਬੌਧਿਕ ਲੁੱਟ ਕਰ ਰਹੇ ਹਨ। ਲੋਕ ਕਹਾਵਤ ਅਨੁਸਾਰ ਡੈਣ ਦੇ ਕੁੱਛੜ ਮੁੰਡਾ ਤੇ ਦੁੱਧ ਦੀ ਰਾਖੀ ਬਿੱਲੀ ਹੋਵੇ ਤਾਂ ਬਚਾਓ ਕੀ ਹੋਣਾ ? ਪਰ ਬਚੇਗਾ ਉਹੀ ਜੋ ਜਾਗ੍ਰਿਤ ਤੇ ਸੁਚੇਤ ਹੋਵੇਗਾ।
ਗੁਰਬਾਣੀ ਦਾ ਉਪਦੇਸ਼ ਮੰਨਣਾ ਪਵੇਗਾ।
ਡਾ. ਇੰਦਰਜੀਤ ਸਿੰਘ ਗੋਗੋਆਣੀ
