ਬੁਧਵਾਰਿ ਆਪੇ ਬੁਧਿ ਸਾਰੁ॥ ਗੁਰਮੁਖਿ ਕਰਣੀ ਸਬਦੁ ਵੀਚਾਰੁ॥
ਨਾਮਿ ਰਤੇ ਮਨੁ ਨਿਰਮਲੁ ਹੋਇ॥
ਹਰਿ ਗੁਣ ਗਾਵੈ ਹਉਮੈ ਮਲੁ ਖੋਇ॥
ਦਰਿ ਸਚੈ ਸਦ ਸੋਭਾ ਪਾਏ॥ ਨਾਮਿ ਰਤੇ ਗੁਰ ਸਬਦਿ ਸੁਹਾਏ॥ ੪ ॥
( ਅੰਗ, ੮੪੧)
ਸਿੱਖ ਸੱਭਿਆਚਾਰ ਦੀ ਦ੍ਰਿਸ਼ਟੀ ਤੋਂ ਆਮ ਸਮਾਜ ਵਿਚ ਦਿਨਾਂ-ਦਿਹਾਰਾਂ ਸਬੰਧੀ ਕੀਤੇ ਜਾਂਦੇ ਭਰਮਾਂ ਤੋਂ ਸਮਾਜਿਕ ਜਾਗ੍ਰਿਤੀ ਲਈ ਜੋ ‘ਵਾਰ ਸਤ’ ਬਾਣੀ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਨੇ ਬਖ਼ਸ਼ਿਸ਼ ਕੀਤੀ ਹੈ, ਅਸੀਂ ਇਸ ਬਾਰੇ ਵਿਚਾਰ ਕਰ ਰਹੇ ਹਾਂ। ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ‘ਬੁੱਧ ਕੰਮ ਸੁੱਧ’ ਮਨਿਮਤੀਆਂ ਦਾ ਵਿਚਾਰ ਹੈ ਪਰ ਗੁਰਮਤਿ ਅਨੁਸਾਰ ਦਿਨ ਸਾਰੇ ਹੀ ਸ਼ੁੱਧ ਹਨ। ਇਸ ਲਈ ਕਿਸੇ ਭਰਮ ਵਿਚ ਨਹੀਂ ਪੈਣਾ ਹੈ।
‘ਬੁਧਿਵਾਰ ਬਾਰੇ ਵਿਚਾਰ ਕਰੀਏ ਤਾਂ ‘ਸੰਖਿਆ ਕੋਸ਼ ਅਨੁਸਾਰ ਬੁੱਧਵਾਰ ਬੁੱਧ ਗ੍ਰਹਿ ਦੇ ਨਾਂ ‘ਤੇ ਇਸ ਦਿਨ ਦਾ ਨਾਂ ਪਿਆ ਹੈ। ਇਹ ਗ੍ਰਹਿ ਸੂਰਜ ਦੇ ਬਹੁਤ ਨੇੜੇ ਹੈ। ਅੰਗਰੇਜ਼ੀ ਵਿਚ ਇਸ ਨੂੰ ਮਰਕਰੀ (Mercury) ਤੇ ਫ਼ਾਰਸੀ ਵਿਚ ‘ਅਤਰਾਦ’ ਕਹਿੰਦੇ ਹਨ।
ਅੰਗਰੇਜ਼ੀ ਪੰਜਾਬੀ ਕੋਸ਼ ਵਿਚ Mercury ਤੋਂ ਭਾਵ ਬੁਧ ਗ੍ਰਹਿ, ਰੋਮ ਦਾ ਇਕ ਦੇਵਤਾ ਹੈ। ਅੰਗਰੇਜ਼ੀ ਵਿਚ ਬੁੱਧਵਾਰ ਦਾ ਨਾਂਅ Wednesday ਇਕ ਦੇਵਤੇ Woden ਦੇ ਨਾਂਅ ਉੱਪਰ ਮੰਨਿਆ ਜਾਂਦਾ ਹੈ ਤੇ ਇਸ ਨੂੰ Woden’s Day ਆਖਦੇ ਸਨ। ‘ਮਹਾਨ ਕੋਸ਼’ ਅਨੁਸਾਰ “ਬੁਧ ਗ੍ਰਹਿ ਦੇ ਨਾਮ ਪੁਰ ਸਤਵਾਰੇ ਦਾ ਦਿਨ ਹੈ।” ਲਾਲ ਸਿੰਘ ਗਿਆਨੀ ਅਨੁਸਾਰ “ਚੰਦਰ ਵੰਸ਼ੀਆਂ ਦੇ ਵਡੇਰੇ ਦਾ ਨਾਂਅ ਵੀ ਬੁੱਧ ਸੀ, ਦੱਸਿਆ ਜਾਂਦਾ ਹੈ ਕਿ ਇਹ ਬ੍ਰਹਿਸਪਤੀ ਦੀ ਇਸਤਰੀ ਤਾਰਾ ਤੋਂ ਜਨਮਿਆ ਸੀ, ਜਿਸ ਨਾਲ ਚੰਦਰਮਾ ਦਾ ਸੰਬੰਧ ਸੀ। ‘ਸਮ ਅਰਥ ਕੋਸ਼’ ਵਿਚ ਬੁੱਧ ਦੇ ਅੱਠ ਸਮਾਨ-ਅਰਥੀ ਨਾਉਂ ਹਨ, ਜਿਨ੍ਹਾਂ ਵਿਚ ਚੰਦ੍ਰ ਸੁਤ, ਚੰਦ੍ਰਜ, ਸੋਮਯ, ਗਯ, ਜਾਰਜ, ਰੌਹਣੇਯ, ਵਿਦ, ਵਿਦਿਚ ਆਦਿ ਹਨ।
ਵਰਤਮਾਨ ਵਿਗਿਆਨਕ ਖੋਜਾਂ ਅਨੁਸਾਰ ‘ਬੁੱਧ ਗ੍ਰਹਿ ਦੀ ਸੂਰਜ ਤੋਂ ਦੂਰੀ ਕੇਵਲ 57 ਲੱਖ 91 ਹਜ਼ਾਰ ਕਿਲੋਮੀਟਰ ਹੈ। ਸੂਰਜ ਦੇ ਬਹੁਤ ਨਜ਼ਦੀਕ ਹੋਣ ਸਦਕਾ ਇਸ ‘ਤੇ ਵਾਯੂਮੰਡਲ ਨਾਮਾਤਰ ਹੈ ਅਤੇ ਇੱਥੇ ਤਾਪਮਾਨ ਦਾ ਦਬਾਅ ਸਾਰੇ ਗ੍ਰਹਿਆਂ ਤੋਂ ਵਧੀਕ ਹੈ। ਬੁੱਧ ਗ੍ਰਹਿ ‘ਤੇ ਇਕ ਦਿਨ ਧਰਤੀ ਦੇ 58 ਦਿਨ 15 ਘੰਟੇ 30 ਮਿੰਟ ਦੇ ਬਰਾਬਰ ਹੁੰਦਾ ਹੈ।
ਇਸ ਦਾ ਕਾਰਨ ਬੁੱਧ ਗ੍ਰਹਿ ਦਾ ਆਪਣੀ ਧੁਰੀ ‘ਤੇ ਬਹੁਤ ਹੌਲੀ ਗਤੀ ਨਾਲ ਘੁੰਮਣਾ ਹੈ।
‘ਬੁੱਧਵਾਰ’ ਸਬੰਧੀ ਸਾਡੇ ਸਮਾਜ ਦੇ ਕੁਝ ਭਰਮ ਜਾਂ ਅੰਧਵਿਸ਼ਵਾਸ ਵੀ ਹਨ ਕਿ ਬੁੱਧਵਾਰ ਕੀਤਾ ਕੰਮ ਸਫਲ ਹੋਣ ਦੀ ਆਸ ਹੁੰਦੀ ਹੈ। ਇਸ ਦਿਨ ਉੱਤਰ ਦਿਸ਼ਾ ਵੱਲ ਜਾਣਾ ਸ਼ੁੱਭ ਮੰਨਿਆ ਜਾਂਦਾ ਹੈ ਤੇ ਲੋਕ-ਭਰਮ ਹੈ ਕਿ ਉੱਤਰ ਦਿਸ਼ਾ ਧਨ-ਦੌਲਤ ਦੀ ਦਿਸ਼ਾ ਹੈ। ਦੂਜੇ ਪਾਸੇ ਪਹਾੜ ਵੱਲ ਜਾਣਾ ਕੁਸ਼ਗਨ ਜਾਂ ਅਸ਼ੁਭ ਮੰਨਿਆ ਜਾਂਦਾ ਹੈ ਤੇ ਲੋਕ ਮੁਹਾਵਰਾ ਹੈ :
ਮੰਗਲ ਬੁੱਧ ਨਾ ਜਾਈਏ ਪਹਾੜ,
ਜਿੱਤੀ ਬਾਜ਼ੀ ਆਈਏ ਹਾਰ।
ਇਸੇ ਤਰਾਂ ਬੁੱਧਵਾਰ ਕੱਪੜਾ ਖ਼ਰੀਦਣ ਲਈ ਸ਼ੁੱਭ ਮੰਨਿਆ ਜਾਂਦਾ ਹੈ ਤੇ ਇਸ ਦਿਨ ਫ਼ਸਲ ਬੀਜਣਾ ਵੀ ਸ਼ੁੱਭ ਮੰਨਿਆ ਜਾਂਦਾ ਹੈ ਪਰ ਗਊ ਖ਼ਰੀਦਣੀ ਅਸ਼ੁਭ ਸਮਝੀ ਜਾਂਦੀ ਹੈ।
ਕਈ ਲੋਕ ਬੁੱਧ ਗ੍ਰਹਿ ਨੂੰ ਖ਼ੁਸ਼ ਕਰਨ ਲਈ ਬੁੱਧਵਾਰ ਦਾ ਵਰਤ ਰੱਖਦੇ ਹਨ ਅਤੇ ਇਹ ਭਰਮ ਵੀ ਹੈ ਕਿ ਵਰਤ ਰੱਖਣ ਨਾਲ ਬੁੱਧੀ ਤੇਜ਼ ਹੁੰਦੀ ਹੈ। ਇਸ ਦਿਨ ਇੱਕੋ ਵਾਰ ਹੀ ਭੋਜਨ ਕੀਤਾ ਜਾਂਦਾ ਹੈ ਅਤੇ ਭੋਜਨ ਵਿਚ ਖਾਧੀਆਂ ਵਸਤਾਂ ਦਾਨ ਵੀ ਕੀਤੀਆਂ ਜਾਂਦੀਆਂ ਹਨ। ਕੁਝ ਇਸਤਰੀਆਂ ਤੇਜ਼ ਬੁੱਧੀ ਵਾਲੇ ਬੱਚੇ ਦੀ ਕਾਮਨਾ ਕਰਕੇ ਇਹ ਵਰਤ ਰੱਖਦੀਆਂ ਹਨ। ਦੂਜੇ ਪਾਸੇ ਭਾਰਤੀ ਸੰਸਕ੍ਰਿਤੀ ‘ਚ ਪੱਤਰੀ ਵਾਲਿਆਂ ਦੇ ਆਪਣੇ ਟੋਟਕੇ ਹਨ ਕਿ ਬੁੱਧਵਾਰ ਕੇਸੀਂ ਨਾਵੇ ਤਾਂ ਦੌਲਤ ਹੱਥ ਲੱਗੂ ਪਰ ਵੀਰਵਾਰ ਨੂੰ ਕੇਸੀਂ ਨਾਵੇ ਤਾਂ ਉਮਰ ਦਾ ਨੁਕਸਾਨ ਹੋਊ।
ਫਿਰ ਆਪਣੇ ਹਲਵੇ ਮੰਡੇ ਦੀ ਗੱਲ ਹੈ ਕਿ ਬੁੱਧਵਾਰ ਵਾਲੇ ਦਿਨ ਨੀਲ ਬਸਤਰ, ਸੋਨਾ, ਚਾਂਦੀ, ਕੈਂਹਾਂ, ਗਊ, ਮੂੰਗਫਲ ਦਾਨ ਕਰੇ ਤਾਂ ਫਲ ਜ਼ਰੂਰ ਲੱਗੇਗਾ।
ਸਾਡਾ ਉਪਰੋਕਤ ਸਾਰਿਆਂ ਦਾ ਹਵਾਲਾ ਦੇਣ ਤੋਂ ਭਾਵ ਇਹ ਹੈ ਕਿ ਸਤਿਗੁਰਾਂ ਨੇ ਸਾਨੂੰ ਇਨ੍ਹਾਂ ਸਾਰੇ ਹੀ ਭਰਮਾਂ ਤੇ ਅੰਧਵਿਸ਼ਵਾਸਾਂ ਤੋਂ ਮੁਕਤ ਕੀਤਾ ਹੈ। ਇਸ ਲਈ ਗੁਰੂ ਦੇ ਸਿੱਖਾਂ ਨੇ ਕਿਸੇ ਵੀ ਅਜਿਹੇ ਭਰਮ ਵਿਚ ਨਹੀਂ ਪੈਣਾ ਹੈ। ਸਤਿਗੁਰਾਂ ਦਾ ਉਪਦੇਸ਼ ਹੈ:
ਰੇ ਮਨ ਮੇਰੇ ਭਰਮੁ ਨ ਕੀਜੈ॥
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ॥੧ ॥ ਰਹਾਉ॥
(ਅੰਗ ੧੫੩)
ਭਗਤ ਕਬੀਰ ਜੀ ਨੇ ਬੁੱਧਵਾਰ ਪ੍ਰਥਾਇ ਇਹ ਉਪਦੇਸ਼ ਦ੍ਰਿੜ ਕਰਵਾਇਆ ਹੈ :
ਬੁਧਵਾਰਿ ਬੁਧਿ ਕਰੈ ਪ੍ਰਗਾਸ॥
ਹਿਰਦੈ ਕਮਲ ਮਹਿ ਹਰਿ ਕਾ ਬਾਸ॥
ਗੁਰ ਮਿਲਿ ਦੋਊ ਏਕ ਸਮ ਧਰੈ॥
ਉਰਧ ਪੰਕ ਲੈ ਸੂਧਾ ਕਰੈ॥੪॥
(ਅੰਗ ੩੪੪)
ਭਾਵ ਬੁੱਧਵਾਰ ਪ੍ਰਭੂ ਗੁਣ ਗਾਉਂਦਿਆਂ ਮਨੁੱਖ ਬੁੱਧ ਵਿਚ ਪ੍ਰਭੂ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ ਤੇ ਹਿਰਦੇ ਕਮਲ ਵਿਚ ਪ੍ਰਭੂ ਦਾ ਨਿਵਾਸ ਬਣਾ ਲੈਂਦਾ ਹੈ। ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਦੀ ਹੈ ਅਤੇ ਇਸ ਤਰ੍ਹਾਂ ਮਨੁੱਖ ਸੰਸਾਰੀ ਰਸ-ਕਸ਼ਾਂ ਜਾਂ ਭਰਮਾਂ ‘ਚ ਉਲਟਿਆ ਹੋਇਆ ਹਿਰਦਾ, ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ।
ਹੁਣ ਸਾਡੀ ਜੋ ਲੜੀਵਾਰ ਵਿਚਾਰ ਹੈ ਕਿ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਨੇ ਬੁੱਧਵਾਰ ਪ੍ਰਥਾਇ ਜੋ ਸਾਨੂੰ ਉਪਦੇਸ਼ ਬਖ਼ਸ਼ਿਸ਼ ਕੀਤਾ ਹੈ, ਉਸ ਵਿਚ ਸਭ ਭਰਮ ਦੂਰ ਕੀਤੇ ਹਨ ਅਤੇ ਗੁਰਬਾਣੀ ਉੱਪਰ ਦ੍ਰਿੜ ਨਿਸ਼ਚਾ ਰੱਖਣ ਦਾ ਫ਼ਰਮਾਨ ਹੈ। ਜੋ ਪੰਕਤੀਆਂ ਇਸ ਨਿਬੰਧ ਦੇ ਅਰੰਭ ਵਿਚ ਹਨ, ਉਨ੍ਹਾਂ ਦਾ ਭਾਵ ਹੈ ਕਿ ‘ਬੁਧਵਾਰਿ’ ਪ੍ਰਭੂ ਆਪ ਹੀ ਮਨੁੱਖ ਨੂੰ ਗੁਰੂ ਦੀ ਸ਼ਰਨ ਵਿਚ ਰੱਖ ਕੇ ਸਿਫ਼ਤ ਸਾਲਾਹ ਦੀ ਵਿਚਾਰ ਬਖ਼ਸ਼ਦਾ ਹੈ। ਫਿਰ ਨਾਮ ਵਿਚ ਰੰਗੇ ਮਨੁੱਖ ਦਾ ਮਨ ਪਵਿੱਤਰ ਹੋ ਜਾਂਦਾ ਹੈ ਤੇ ਭਰਮ ਰੂਪੀ ਹਉਮੈ ਦੀ ਮਲ ਦੂਰ ਹੁੰਦੀ ਹੈ ਤੇ ਮਨੁੱਖ ਪ੍ਰਭੂ ਗੁਣ ਗਾਉਂਦਾ ਹੈ। ਇਸ ਤਰ੍ਹਾਂ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ-ਨਾਮ ਵਿਚ ਰੰਗੇ ਹੋਏ ਮਨੁੱਖ ਸੋਹਣੇ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ। ਇਸ ਤੋਂ ਅੱਗੇ ਉਪਦੇਸ਼ ਹੈ :
ਲਾਹਾ ਨਾਮੁ ਪਾਏ ਗੁਰ ਦੁਆਰਿ॥
ਆਪੇ ਦੇਵੈ ਦੇਵਣਹਾਰੁ॥
ਜੋ ਦੇਵੈ ਤਿਸ ਕਉ ਬਲਿ ਜਾਈਐ॥
ਗੁਰ ਪਰਸਾਦੀ ਆਪੁ ਗਵਾਈਐ॥
ਨਾਨਕ ਨਾਮੁ ਰਖਹੁ ਉਰ ਧਾਰਿ॥
ਦੇਵਣਹਾਰੇ ਕਉ ਜੈਕਾਰੁ॥ ੫॥
( ਅੰਗ ੮੪੧)
ਭਾਵ – ਗੁਰੂ ਦੇ ਦਰ ‘ਤੇ ਮਨੁੱਖ ਨਾਮ ਰੂਪੀ ਲਾਭ ਖੱਟ ਲੈਂਦਾ ਹੈ ਪਰ ਇਹ ਦਾਤ ਦੇਣ ਵਾਲਾ ਪ੍ਰਭੂ ਆਪ ਹੀ ਹੈ। ਇਹ ਦਾਤ ਦੇਣ ਵਾਲੇ ਪ੍ਰਭੂ ਤੋਂ ਸਦਕੇ ਜਾਣਾ ਚਾਹੀਦਾ ਹੈ ਤੇ ਗੁਰੂ ਕਿਰਪਾ ਨਾਲ ਆਪਣੇ ਅੰਦਰੋਂ ‘ਮੈਂ-ਮੇਰੀ’ ਦੀ ਭਾਵਨਾ ਦੂਰ ਕਰਨੀ ਚਾਹੀਦੀ ਹੈ। ਹੇ ਨਾਨਕ ! (ਹੇ ਭਾਈ !) ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰੱਖੋ ਤੇ ਸਭ ਕੁਝ ਦੇਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
ਡਾ. ਇੰਦਰਜੀਤ ਸਿੰਘ ਗੋਗੋਆਣੀ
