ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ॥
ਆਪਿ ਉਪਾਇ ਸਭ ਕੀਮਤਿ ਪਾਈ॥
ਗੁਰਮੁਖਿ ਹੋਵੈ ਸੁ ਕਰੈ ਬੀਚਾਰੁ॥
ਸਚੁ ਸੰਜਮੁ ਕਰਣੀ ਹੈ ਕਾਰ॥ ਵਰਤੁ ਨੇਮੁ ਨਿਤਾਪ੍ਰਤਿ ਪੂਜਾ॥ ਬਿਨੁ ਬੂਝੇ ਸਭੁ ਭਾਉ ਹੈ ਦੂਜਾ॥੭॥
( ਅੰਗ, ੮੪੧)
ਅਸੀਂ ਸਿੱਖ ਸੱਭਿਆਚਾਰ ਦੇ ਨਜ਼ਰੀਏ ਤੋਂ ਵਾਰ ਸਤ ਬਾਣੀ ਤੋਂ ਸੇਧ ਲੈ ਕੇ ਸ਼ੁੱਕਰਵਾਰ ਦੀ ਵਿਚਾਰ ਕਰ ਰਹੇ ਹਾਂ। ਜੇਕਰ ਇਸ ਦੇ ਨਾਮਕਰਣ ਬਾਰੇ ਜਾਣੀਏ ਤਾਂ ‘ਸੰਖਿਆ ਕੋਸ਼’ ਅਨੁਸਾਰ ਅੰਗਰੇਜ਼ੀ ਵਿਚ ਫਰਾਈਡੇ (Friday) ਤੇ ਅਰਬੀ ਵਿਚ ਜੁਮਾ ਹੈ। ਸ਼ੁੱਕਰ (Venus) ਇਕ ਚਮਕੀਲੇ ਗ੍ਰਹਿ ਦੇ ਨਾਮ ਪੁਰ ਇਹ ਦਿਨ ਹੈ। ਕੁਝ ਸੱਭਿਆਤਾਵਾਂ ਵਿਚ ਵੀਨਸ ਨੂੰ ਪਿਆਰ ਤੇ ਖ਼ੂਬਸੂਰਤੀ ਦੀ ਦੇਵੀ ਮੰਨਿਆ ਗਿਆ ਹੈ। ਅੰਗਰੇਜ਼ੀ/ਪੰਜਾਬੀ ਕੋਸ਼ ਵਿਚ Ve-nus ਤੋਂ ਭਾਵ ਪਿਆਰ ਤੇ ਖੂਬਸੂਰਤੀ ਦੀ ਦੇਵੀ, ਸੁੰਦਰੀ, ਰੂਪਵਤੀ, ਹੁਸੀਨਾ ਤੇ ਸ਼ੁੱਕਰ ਗ੍ਰਹਿ ਹੈ। ਕੁਝ ਮਾਨਤਾਵਾਂ ਅਨੁਸਾਰ Frigga ਅਤੇ Freya ਖ਼ੂਬਸੂਰਤੀ ਦੀ ਦੇਵੀ ਦੇ ਨਾਉਂ ਉੱਪਰ Friday ਨਾਂਅ ਰੱਖਿਆ ਗਿਆ ਹੈ। ਮਿੱਥ ਅਨੁਸਾਰ ਸ਼ੁੱਕਰਵਾਰ ਨੂੰ ਦੈਂਤਾਂ ਦੇ ਗੁਰੂ ਸ਼ੁਕਰਚਾਰੀਆ ਨਾਲ ਵੀ ਜੋੜਿਆ ਜਾਂਦਾ ਹੈ। ਸੰਸਕ੍ਰਿਤ ਵਿਚ ਸ਼ੁੱਕਰ ਨੂੰ ਸਾਫ਼, ਸਪੱਸ਼ਟ, ਚਮਕੀਲਾ, ਲਿਸ਼ਕਦਾ, ਚਮਕਦਾਰ ਆਦਿ ਅਰਥਾਂ ਵਿਚ ਲਿਆ ਜਾਂਦਾ ਹੈ। ਇਹ ਗ੍ਰਹਿ ਪ੍ਰਿਥਵੀ ਦੇ ਨੇੜੇ ਹੈ। ਸੂਰਜ ਤੋਂ ਇਸ ਦੀ ਦੂਰੀ 3 ਕਰੋੜ 35 ਲੱਖ ਕੋਹ ਹੈ, 225 ਦਿਨਾਂ ਵਿਚ ਇਹ ਆਪਣੇ ਧੁਰੇ ਪੁਰ ਇਕ ਗੇੜਾ ਲਾਉਂਦਾ ਹੈ। ਪੁਰਾਣਾਂ ਅਨੁਸਾਰ ਇਹ ਸ਼ੁੱਕਰ ਦੈਂਤਾਂ ਦਾ ਗੁਰੂ ਹੈ।
‘ਸਮ ਅਰਥ ਕੋਸ਼’ ਵਿਚ ਸ਼ੁੱਕਰ ਦੇ ਸਮਾਨਅਰਥੀ ਸ਼ਬਦ-ਉਸਨ ਉਸਨਸ, ਅਸੁਰ ਗੁਰ, ਅਸੁਰ ਪ੍ਰੋਹਿਤ ਆਦਿ ਦੇਵ ਗੁਰ, ਕਾਲ, ਦੈਂਤ ਗੁਰੂ, ਦੈਤਯਰਾਜ, ਭਾਰਗਵ ਆਦਿ ਵੀ ਹਨ।
ਹੁਣ ਸ਼ੁੱਕਰਵਾਰ ਸਬੰਧੀ ਅਨੇਕਾਂ ਭਰਮ ਵੀ ਹਨ। ਕੁਝ ਲੋਕ ਮਾਨਸਿਕ ਸ਼ਾਂਤੀ ਲਈ ਇਸ ਦਿਨ ਵਰਤ ਰੱਖਦੇ ਹਨ ਕਿ ਦੁੱਖ ਦੂਰ ਹੋ ਜਾਣਗੇ। ਇਸ ਤਰ੍ਹਾਂ ਮਨਮੰਗੀਆਂ ਮੁਰਾਦਾਂ ਪੂਰੀਆਂ ਕਰਨ ਲਈ ਵਰਤ ਰੱਖਣ ਦੀ ਧਾਰਨਾ ਹੈ। ਇਹ ਵੀ ਭਰਮ ਹੈ ਕਿ ਸੱਤ ਸ਼ੁੱਕਰਵਾਰ ਲਗਾਤਾਰ ਵਰਤ ਰੱਖੇ ਜਾਣ ਅਤੇ ਅੰਤਲੇ ਸ਼ੁੱਕਰਵਾਰ ਬ੍ਰਾਹਮਣ ਨੂੰ ਖੀਰ ਦਾਨ ਕੀਤੀ ਜਾਵੇ ਤਾਂ ਸ਼ੁੱਕਰ ਗ੍ਰਹਿ ਦੀ ਕ੍ਰੋਪੀ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖਾਂ ਤੋਂ ਨਵਿਰਤੀ ਮਿਲ ਜਾਏਗੀ।
ਇਹ ਹਕੀਕਤ ਹੈ ਕਿ ਇਸ ਦਿਨ ਦਾ ਸੰਬੰਧ ਸ਼ੁੱਕਰ ਗ੍ਰਹਿ ਨਾਲ ਹੈ ਪਰ ਲੋਕ-ਧਾਰਨਾ ਜਾਂ ਮਿਥ ਕਥਾ ਸ਼ੁੱਕਰ ਗ੍ਰਹਿ ਤੋਂ ਭਿੰਨ ਵੀ ਹੈ ਕਿ ਸ਼ੁਕਰਚਾਰੀਆ ਪੰਡਿਤ ਭ੍ਰਿਗੂ ਦਾ ਪੁੱਤਰ ਸੀ। ਇਹ ਨੀਤੀ ਸ਼ਾਸਤਰ ਤੇ ਧਰਮ ਸ਼ਾਸਤਰ ਦਾ ਕਰਤਾ ਸੀ। ਇਸ ਨੇ ਸ਼ਿਵ ਜੀ ਪਾਸੋਂ ਸ਼ਕਤੀ ਪ੍ਰਾਪਤ ਕੀਤੀ ਸੀ। ਵਿਸ਼ਨੂੰ ਨੇ ਜੰਗ ਵਿਚ ਇਸ ਦੀ ਮਾਤਾ ਨੂੰ ਮਾਰ ਦਿੱਤਾ ਸੀ।
ਫਿਰ ਇਸ ਨੇ ਆਪਣੀ ਮਾਤਾ ਨੂੰ ਵੀ ਜਿਊਂਦਾ ਕਰ ਲਿਆ। ਇਸ ਨੇ ਵਿਸ਼ਨੂੰ ਨੂੰ ਪ੍ਰਿਥਵੀ ‘ਤੇ ਸੱਤ ਵਾਰੀ ਜਨਮ ਲੈਣ ਦਾ ਸਰਾਪ ਦਿੱਤਾ ਸੀ। ਸ਼ੁੱਕਰ ਨੂੰ ਕਾਣਾ ਮੰਨਿਆ ਹੈ। ਇਹ ਰਾਜਾ ਬਲਿ ਦਾ ਪਰੋਹਤ ਗੁਰੂ ਸੀ। ਇਹ ਵੇਰਵਾ ਭਾਈ ਕਾਨ੍ਹ ਸਿੰਘ ਤੇ ਲਾਲ ਸਿੰਘ ਗਿਆਨੀ ਜੀ ਨੇ ਵਿਸਥਾਰ ਸਹਿਤ ਦਿੱਤਾ ਹੈ। ਇਸ ਤੋਂ ਇਹ ਵੀ ਜਾਪਦਾ ਹੈ ਕਿ ਕੁਝ ਭਰਮੀ ਸੋਚਾਂ ਵਿਚ ਅਜਿਹੇ ਦਿਨ ‘ਤੇ ਵਰਤ ਰੱਖਣੇ ਅਤੇ ਫਿਰ ਵਰ ਜਾਂ ਮਨਇੱਛਾ ਪ੍ਰਾਪਤ ਕਰਨ ਆਦਿ ਦੇ ਭਰਮਾਂ ਪਿੱਛੇ ਇਹ ਮਿੱਥ ਕਥਾਵਾਂ ਭਾਰੂ ਸਨ ਜੋ ਉਨ੍ਹਾਂ ਦੇ ਆਪ ਸਿਰਜੇ ਡਰ ਤੇ ਖ਼ਿਆਲਾਂ ਵਿੱਚੋਂ ਜਾ ਨਹੀਂ ਰਹੀਆਂ ਹਨ।
ਇਸੇ ਤਰ੍ਹਾਂ ਆਮ ਜਨ-ਜੀਵਨ ਵਿਚ ਬੁੱਧਵਾਰ ਗਊ, ਸ਼ਨੀਵਾਰ ਮੱਝ ਅਤੇ ਸ਼ੁੱਕਰਵਾਰ ਘੋੜੀ ਖ਼ਰੀਦਣੀ ਅਸ਼ੁੱਭ ਵੀ ਮੰਨੇ ਜਾਂਦੇ ਹਨ ਪਰ ਜੁਮਾ (ਸ਼ੁੱਕਰਵਾਰ) ਖ਼ਾਸ ਕਰਕੇ ਮੁਸਲਮਾਨਾਂ ਵਿਚ ਜੁਮੇ ਦੀ ਰਾਤ ਬੜੀ ਚੰਗੀ ਮੰਨੀ ਜਾਂਦੀ ਹੈ। ਦੂਜੇ ਪਾਸੇ ਬਿਪਰਵਾਦੀ ਉਪਾਵਾਂ ਵਿਚ ਇਸ ਦਿਨ ਚਿੱਟਾ ਕੱਪੜਾ, ਚਾਵਲ, ਖੁਸ਼ਬੂਆਂ, ਘਿਓ, ਸੋਨਾ ਤੇ ਹੀਰਾ ਦਾਨ ਕਰਨ ਦਾ ਉਪਾਅ ਦਿੱਤਾ ਹੈ।
ਭਗਤ ਕਬੀਰ ਜੀ ਨੇ ਆਪਣੀ ਬਾਣੀ ਵਿਚ ਸ਼ੁੱਕਰਵਾਰ ਲਈ ‘ਸੁਕ੍ਰਿਤੁ (ਭਲੀ ਕਿਰਤ) ਸ਼ਬਦ ਵਰਤਿਆ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਇਹੋ ਵਰਣਨ ਕੀਤਾ ਹੈ। ਸ਼ੁੱਕਰਵਾਰ ਪ੍ਰਥਾਇ ਭਗਤ ਕਬੀਰ ਜੀ ਦਾ ਉਪਦੇਸ਼ ਹੈ :
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ॥
ਅਨਦਿਨ ਆਪਿ ਆਪ ਸਿਉ ਲੜੈ॥
ਸੁਰਖੀ ਪਾਂਚਉ ਰਾਖੈ ਸਬੈ॥ ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ॥੬॥ (ਅੰਗ ੩੪੪)
ਭਾਵ – ਵਾਰ-ਵਾਰ ਪ੍ਰਭੂ ਗੁਣ ਗਾ ਕੇ ਸੁਕ੍ਰਿਤ ਸਹਾਰੇ ਮਨੁੱਖ ਔਖੀ ਘਾਟੀ ਚੜ੍ਹਦਾ ਹੈ।
ਹਰ ਵੇਲੇ ਆਪਣੇ ਆਪ ਨੂੰ ਵਿਕਾਰਾਂ ਤੋਂ ਰੋਕਦਾ ਹੋਇਆ ਆਪਣੇ-ਆਪ ਨਾਲ ਯੁੱਧ ਕਰਦਾ ਹੈ। ਪੰਜਾਂ ਹੀ ਗਿਆਨ ਇੰਦਰੀਆਂ (ਸੁਰਖੀ ਪਾਂਚਉ) ਨੂੰ ਵੱਸ ਵਿਚ ਰੱਖਦਾ ਹੈ, ਇਸ ਪ੍ਰਕਾਰ ਫਿਰ ਮੇਰ-ਤੇਰ (ਦੂਜੀ ਦ੍ਰਿਸਟਿ) ਦਾ ਨਜ਼ਰੀਆ ਨਹੀਂ ਰਹਿੰਦਾ।
ਅੱਗੇ ਜੋ ਲੜੀਵਾਰ ਵਿਚਾਰ ਹੈ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਸ਼ੁੱਕਰਵਾਰ ਰਾਹੀਂ ਉਪਦੇਸ਼ ਬਖ਼ਸ਼ਿਸ਼ ਕੀਤਾ ਹੈ, ਉਹ ਗੁਰਬਾਣੀ ਦੀਆਂ ਪਾਵਨ ਪੰਕਤੀਆਂ ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਭਾਵ-ਅਰਥ ਇਸ ਪ੍ਰਕਾਰ ਹੈ :
ਸ਼ੁੱਕਰਵਾਰ ਰਾਹੀਂ ਉਪਦੇਸ਼ ਹੈ ਕਿ ਹੇ ਭਾਈ ! ਸਾਰੀ ਸ੍ਰਿਸ਼ਟੀ ਵਿਚ ਪ੍ਰਭੂ ਵਿਆਪਕ ਹੈ ਤੇ ਸ੍ਰਿਸ਼ਟੀ ਨੂੰ ਆਪ ਹੀ ਪੈਦਾ ਕਰ ਕੇ ਸਭ ਦੀ ਕਦਰ ਵੀ ਆਪ ਹੀ ਜਾਣਦਾ ਹੈ। ਜਦ ਕੋਈ ਗੁਰਮੁਖ ਹੋ ਕੇ ਵਿਚਾਰ ਕਰਦਾ ਹੈ, ਉਹ ਸਿਮਰਨ ਕਰਦਾ ਤੇ ਸੰਜਮ ਦਾ ਧਾਰਨੀ ਹੋ ਕੇ ਨਿੱਤ ਦਾ ਕਰਤਬ ਪਾਲਦਾ ਹੈ। ਇਸ ਲਈ ਇਕ ਪ੍ਰਭੂ ਦੇ ਸਿਮਰਨ ਤੋਂ ਬਗੈਰ ਨਿੱਤ ਦੇ ਵਰਤ, ਕਰਮ-ਕਾਂਡ, ਦਿਨਾਂ-ਦਿਹਾਰਾਂ ਦੀਆਂ ਵਿਚਾਰਾਂ ਸਭ ਵਿਅਰਥ ਹਨ ਤੇ ਇਨਸਾਨ ਨੂੰ ਪ੍ਰਭੂ ਦੇ ਭੈ ਤੇ ਭਾਉ ਵਿਚ ਰਹਿਣਾ ਚਾਹੀਦਾ ਹੈ। ਦਿਨ ਸਾਰੇ ਹੀ ਸ਼ੁਭ ਹਨ, ਸਾਡਾ ਕਰਮ (ਜੀਵਨ ਕਿਰਿਆ) ਸ਼ੁਭ ਹੋਣਾ ਚਾਹੀਦਾ ਹੈ ਤੇ ਸਿੱਖ ਨੇ ਕਿਸੇ ਦਿਨ ਪ੍ਰਤੀ ਭਰਮ ਨਹੀਂ ਕਰਨਾ, ਇਹ ਗੁਰ-ਉਪਦੇਸ਼ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ
