ਕਾਮ ਦੀ ਨਜ਼ਰ ਖਿੜੀਆਂ ਕਲੀਆਂ ਦੀ ਗਾਹਕ ਹੁੰਦੀ ਹੈ।
ਮੁਰਝਾਏ ਫੁੱਲਾਂ ਵੱਲ ਇਹ ਪਿੱਠ ਕਰ ਖਲੋਂਦੀ ਹੈ।
ਕਾਮ ਦੀ ਰੁਚੀ ਆਪਣੇ ਆਪ ਵਿਚ ਨਾ ਨੈਤਿਕ ਹੈ ਨਾ ਅਨੈਤਿਕ। ਕਾਮੁਕ ਵਿਵਹਾਰ ਹੀ ਨੈਤਿਕ ਜਾਂ ਅਨੈਤਿਕ ਹੋ ਸਕਦਾ ਹੈ। ਜੇਕਰ ਇਹ ਮੁਹੱਬਤ ਨਾਲ ਬੱਝਾ ਤੇ ਸਾਦਕੀ ਨਾਲ ਸੰਵਾਰਿਆ ਹੋਵੇ ਤਾਂ ਪਵਿੱਤਰ ਹੁੰਦਾ ਹੈ ਤੇ ਕਰਤੇ ਦੀਆਂ ਨਜ਼ਰਾਂ ਵਿਚ ਪ੍ਰਵਾਨ ਹੁੰਦਾ ਹੈ। ਪਰ ਜੇਕਰ ਇਹ ਜੀਵਨ ਸਾਥੀ ਵੱਲ ਸਾਦਕੀ ਤੋਂ ਸੱਖਣਾ ਹੋਵੇ ਤਾਂ ਅਪਵਿੱਤਰ ਹੁੰਦਾ ਹੈ ਤੇ ਕਰਤੇ ਦੀਆਂ ਨਜ਼ਰਾਂ ਵਿਚ ਅਪ੍ਰਵਾਨ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਸਤਿਗੁਰਾਂ ਨੇ ਸੁੱਚੇ ਗ੍ਰਿਹਸਤ ਜੀਵਨ ਨੂੰ ਸਰਬੋਤਮ ਮੰਨਿਆ ਹੈ:
ਸਤਿਗੁਰ ਕੀ ਐਸੀ ਵਡਿਆਈ॥
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ॥(ਅੰਗ ੬੬੧)
ਕਾਮ ਦਾ ਅਸਲ ਮੰਤਵ ਔਲਾਦ ਪੈਦਾ ਕਰਨ ਤਕ ਹੀ ਸੀਮਤਿ ਹੈ। ਇਸ ਦਾ ਹੋਰ ਕੋਈ ਮੰਤਵ ਨਹੀਂ। ਕੁਦਰਤ ਨੇ ਪਰ, ਇਸ ਦੀ ਲਾਲਸਾ ਲੋੜ ਨਾਲੋਂ ਵਧੇਰੇ ਜੀਵਾਂ ਨੂੰ ਦਿੱਤੀ ਹੋਈ ਹੈ। ਹੋਰ ਭੁੱਖਾਂ, ਲੋੜ ਤੋਂ ਵਧੇਰੇ ਨਹੀਂ ਹੁੰਦੀਆਂ, ਪਰ ਇਹ ਕਾਮ ਦੀ ਭੁੱਖ ਤਾਂ ਜੀਵ ਨੂੰ ਕਾਮਾਤੁਰ ਕਰ ਦੇਂਦੀ ਹੈ। ਜੇਕਰ ਇਸ ‘ਤੇ ਕੋਈ ਨਿਯੰਤ੍ਰਣ ਨਾ ਹੋਵੇ ਤੇ ਬੰਦਾ ਜਦ ਚਾਹੇ ਇਸ ਵਿਚ ਖਚਿਤ ਹੋ ਸਕੇ ਤਾਂ ਦਸਾਂ ਕੁ ਵਰ੍ਹਿਆਂ ਵਿਚ ਹੀ ਉਹ ਪੂਰਾ ਪਿੰਡ ਵਸਾਉਣ ਜੋਗੀ ਔਲਾਦ ਪੈਦਾ ਕਰ ਲਵੇ । ਇਉਂ ਇਹ ਮਨੋਬਿਰਤੀ ਕੁਦਰਤ ਨੇ ਇਸ ਦੇ ਮੰਤਵ ਨਾਲੋਂ ਕਿਤੇ ਵਧੇਰੇ ਮਾਤਰਾ ਵਿਚ ਦੇ ਦਿੱਤੀ ਹੈ। ਤਦੇ ਹੀ ਸਤਿਗੁਰਾਂ ਨੇ ਇਸ ਨੂੰ ਨਿਯੰਤ੍ਰਣ ਵਿਚ ਰੱਖਣ ਦਾ ਆਦੇਸ਼ ਦਿੱਤਾ:
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ
ਤਾ ਤੇ ਅਹਿਨਿਸਿ ਭਾਗਉ ॥
(ਅੰਗ ੨੧੯)
ਕੁਝ ਲੋਕ ਜਿਵੇਂ ਖਾਣ ਪੀਣ ਵਿਚ ਬੇਇਹਤਿਆਤੀ ਕਰਦੇ ਹਨ ਤੇ ਗੰਦ-ਬਲਾ ਖਾ ਜਾਂਦੇ ਹਨ, ਉਵੇਂ ਕਾਮੁਕ ਵਿਵਹਾਰ ਵਿਚ ਵੀ ਬੇਇਹਤਿਆਤੀ ਵਰਤਦੇ ਤੇ ਥਾਂ ਕੁਥਾਂ ਸੋਚੇ ਬਿਨਾਂ ਇਸ ਦਾ ਦੁਰਉਪਯੋਗ ਕਰਦੇ ਫਿਰਦੇ ਹਨ। ਕਾਮੁਕ ਰੁਚੀ ਦੇ ਦੁਰਉਪਯੋਗ ਦੇ ਕਈ ਭ੍ਰਿਸ਼ਟ ਕਾਰਨ ਹਨ। ਉਹਨਾਂ ਦੇ ਨਤੀਜੇ ਵੀ ਭਿਆਨਕ ਨਿਕਲਦੇ ਹਨ ਤੇ ਇਲਾਜ ਵੀ ਕਠਿਨ ਹੁੰਦਾ ਹੈ। ਇਸ ਲਈ ਕਾਮ ਪੁਰ ਸੰਜਮ ਲਾਜ਼ਮੀ ਸਮਝਣਾ ਚਾਹੀਦਾ ਹੈ, ਨਹੀਂ ਤਾਂ ਇਹ ਜ਼ਿੰਦਗੀ ਵਿਚ ਹੀ ਨਰਕ ਪੈਦਾ ਕਰ ਦੇਂਦਾ ਹੈ:
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ॥(ਅੰਗ ੧੩੫੮)
ਡਾ. ਜਸਵੰਤ ਸਿੰਘ ਨੇਕੀ
