37 views 1 sec 0 comments

ਬਾਬਾ ਦੀਪ ਸਿੰਘ ਜੀ ਦੀ ਖੁੱਲ੍ਹਦਿਲੀ

ਲੇਖ
November 14, 2025

ਆਪਣੇ ਮਹਾਨ ਗੁਣਾਂ ਸਦਕਾ ਬਾਬਾ ਦੀਪ ਸਿੰਘ ਜੀ ਦੀ ਇਨ੍ਹੀਂ ਵਡਿਆਈ ਤੇ ਉਪਮਾ ਹੋ ਗਈ ਸੀ ਕਿ ਇਕ ਵਾਰ ਆਪ ਜੀ ਨੇ ਜੈਸਲਮੇਰ ਅਤੇ ਬੀਕਾਨੇਰ ਦੇ ਦੋ ਹਿੰਦੂ ਰਾਜਿਆਂ ਦੀ ਸੁਲਾਹ ਕਰਵਾ ਦਿੱਤੀ ਸੀ।

ਕੁਝ ਸਮਾਂ ਸਿੰਘਾਂ ਨੇ ਸੁੱਖ ਦਾ ਸਾਹ ਲਿਆ ਅਤੇ ਉਨ੍ਹਾਂ ਦੇ ਪਰਉਪਕਾਰ ਅਤੇ ਮਹਾਨ ਕਾਰਨਾਮਿਆਂ ਤੋਂ ਸਿੰਘਾਂ ਵਿਚ ਜਾਗ੍ਰਿਤੀ ਆਈ ਹੀ ਸੀ ਕਿ ਅਦੀਨਾ ਬੇਗ਼, ਜਲੰਧਰ ਨੇ ਗੜਬੜ ਅਰੰਭ ਕਰ ਦਿੱਤੀ। ਸ੍ਰ. ਜੱਸਾ ਸਿੰਘ
ਆਹਲੂਵਾਲੀਆ ਨੇ ਬਾਬਾ ਦੀਪ ਸਿੰਘ ਜੀ ਦੀ ਸਲਾਹ ਲਈ ਕਿ ਹੁਣ ਖ਼ਾਲਸੇ ਨੂੰ ਕੀ ਕਰਨਾ ਚਾਹੀਦਾ ਹੈ? ਬਾਬਾ ਦੀਪ ਸਿੰਘ ਜੀ ਨੇ ਹੁਕਮ ਕੀਤਾ ਕਿ ਸਭ ਮਿਸਲਾਂ ਸੂਰਮਿਆਂ ਸਮੇਤ ਦੁਆਬੇ ਵਿਚ ਇਕੱਠੀਆਂ ਹੋਣ ਅਤੇ ਅਦੀਨਾ ਬੇਗ਼ ਨੂੰ ਸੋਧਿਆ ਜਾਵੇ।

ਸੋ 12 ਮਿਸਲਾਂ ਦਾ ਦੁਆਬੇ ਵਿਚ ਇਕੱਠ ਹੋਇਆ, ਘਮਸਾਨ ਦਾ ਯੁੱਧ ਹੋਇਆ, ਜਿਸ ਵਿਚ ਅਦੀਨਾ ਬੇਗ਼ ਫ਼ੌਜ ਸਮੇਤ ਮਾਰਿਆ ਗਿਆ। ਜਿੱਤ ਪਿੱਛੋਂ ਵਿਚਾਰ ਹੋਈ ਕਿ ਇਹ ਇਲਾਕਾ ਕਿਸ ਨੂੰ ਸੌਂਪਿਆ ਜਾਵੇ। ਫ਼ੈਸਲਾ ਹੋਇਆ, “ਬਾਬਾ ਦੀਪ ਸਿੰਘ ਜੀ, ਜੋ ਫ਼ੈਸਲਾ ਕਰਨ ਪੰਥ ਨੂੰ ਪ੍ਰਵਾਨ ਹੈ।” ਨਿਰਸਵਾਰਥ ਬਾਬਾ ਦੀਪ ਸਿੰਘ ਜੀ ਨੇ ਜਿੱਤਿਆ ਇਲਾਕਾ ਸ੍ਰ. ਜੱਸਾ ਸਿੰਘ ਆਹਲੂਵਾਲੀਆ ਜੀ ਦੇ ਸਪੁਰਦ ਕਰਨ ਦਾ ਫੈਸਲਾ ਸੁਣਾਇਆ ਜੋ ਸਿਰ ਮੱਥੇ ਪ੍ਰਵਾਨ ਕੀਤਾ ਗਿਆ।

ਅਜੇ ਸਿੰਘ ਦੁਆਬੇ ਵਿਚ ਹੀ ਸਨ ਕਿ ਮੁਹੰਮਦ ਆਮੀਨ ਖ਼ਾਨ ਸਿਆਲਕੋਟ ਨੇ ਜਹਾਦ ਖੜਾ ਕਰ ਦਿੱਤਾ। ਉਹ ਖ਼ਾਲਸੇ ਨੂੰ ਮਾਰ ਕੇ ਤਬਾਹ ਕਰਨਾ, ਇਸਲਾਮੀ ਸ਼ਰ੍ਹਾ ਅਨੁਸਾਰ ਸਵਾਬ (ਪੁੰਨ) ਸਮਝਦਾ ਸੀ। ਆਮੀਨ ਖ਼ਾਨ ਦੀ ਇਸ ਪਾਲਿਸੀ ਤੋਂ ਧਾੜਵੀ ਅਤੇ ਜ਼ਾਲਮ ਮੁਸਲਮਾਨ, ਸਿੱਖਾਂ ਨੂੰ ਲੁੱਟਦੇ ਅਤੇ ਉਨ੍ਹਾਂ ਉੱਤੇ ਅੱਤਿਆਚਾਰ ਕਰਦੇ ਸਨ।
ਮੈਕਾਲਫ ਅਨੁਸਾਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਮਨੁੱਖਤਾ ਦੀ ਸੇਵਾ ਸੰਭਾਲ ਲਈ ਹੀ ਸਾਜਿਆ ਸੀ। ਉਸ (ਆਮੀਨ ਖਾਂ) ਦੇ ਅੱਤਿਆਚਾਰਾਂ ਦੀ ਦੁਆਬੇ ਵਿਚ ਖ਼ਬਰ ਮਿਲੀ। ਸਿੰਘਾਂ ਨੇ ਬਿਆਸ ਪਾਰ ਕਰਕੇ ਬਟਾਲਾ ਤੋਂ ਡੇਰਾ ਬਾਬਾ ਨਾਨਕ ਪੁੱਜ ਕੇ ਪੰਥ ਦਾ ਇਕੱਠ ਕੀਤਾ ਅਤੇ ਮੁਹੰਮਦ ਆਮੀਨ ਖ਼ਾਨ ਨੂੰ ਸੋਧਣ ਲਈ ਪਹਿਲੇ ਹੀ ਦਿਨ ਘੋੜਿਆਂ ਸਮੇਤ ਰਾਵੀ ਪਾਰ ਕਰਕੇ ਜਾ ਘੇਰਿਆ। ਆਮੀਨ ਖ਼ਾਨ ਮੈਦਾਨ ਛੱਡ ਕੇ ਦੌੜਿਆ
ਪਰ ਸਿੰਘਾਂ ਨੇ ਉਸਨੂੰ ਬੋਚ ਕੇ ਉਸਦੇ ਅੱਤਿਆਚਾਰਾਂ ਦਾ ਬਦਲਾ ਲਿਆ ਅਤੇ ਉਸਦੀ ਸਾਰੀ ਫ਼ੌਜ ਵੀ ਮਾਰ ਦਿੱਤੀ। ਲਾਹੌਰ ਦਰਬਾਰ ਦੀ ਮਦਦ ਉੱਤੇ ਉਸਨੂੰ ਮਾਣ ਸੀ ਪਰ ਉਸਦੀ ਮਦਦ ਲਈ ਕੋਈ ਨਾ ਬਹੁੜਿਆ।

ਸਿਆਲਕੋਟ ਦਾ ਪ੍ਰਬੰਧ ਕਿਸਦੇ ਹਵਾਲੇ ਕੀਤਾ ਜਾਵੇ, ਦੁਆਬੇ ਵਾਂਗ, ਇਹ ਫੈਸਲਾ ਕਰਨ ਦੇ ਵੀ ਪੂਰੇ ਅਧਿਕਾਰ ਬਾਬਾ ਦੀਪ ਸਿੰਘ ਜੀ ਨੂੰ ਦਿੱਤੇ ਗਏ। ਬਾਬਾ ਜੀ ਨੇ ਸੋਚ ਸਮਝ ਕੇ ਇਹ ਇਲਾਕਾ, ਲਾਹੌਰ ਦੇ ਨਾਲ ਲਗਦਾ ਹੋਣ ਕਰਕੇ, ਪੰਥ ਦੇ ਮਹਾਨ ਸੂਰਬੀਰ ਤੇ ਸਿਰਲੱਥ ਯੋਧੇ ਸ੍. ਨੱਥਾ ਸਿੰਘ ਤੇ ਸ੍ਰ. ਦਿਆਲ ਸਿੰਘ, ਜਿਨ੍ਹਾਂ ਨੂੰ ਇਸ ਇਲਾਕੇ ਦਾ ਭੇਤ ਵੀ ਸੀ, ਦੇ ਹਵਾਲੇ ਕਰਨ ਦਾ ਫ਼ੈਸਲਾ ਦਿੱਤਾ। ਪੰਥ ਨੇ ਖੁਸ਼ੀਆਂ ਦੇ ਜੈਕਾਰੇ ਛੱਡੇ ਅਤੇ ਸਿਰ ਮੱਥੇ ਮੰਨਿਆ।

ਪੰਥ ਦੇ ਸਰਕਾਰੀ ਧੱਕੇ-ਸ਼ਾਹੀ ਵਿਰੁੱਧ ਲੜਦੇ-ਭਿੜਦੇ ਰਹਿਣ ਵਿਚ ਸ੍ਰ. ਨੱਥਾ ਸਿੰਘ ਤੇ ਸ੍ਰ. ਦਿਆਲ ਸਿੰਘ ਸ਼ਹੀਦੀਆਂ ਪਾ ਗਏ। ਉਨ੍ਹਾਂ ਪਿੱਛੋਂ ਉਨ੍ਹਾਂ ਦੇ ਜਾਨਸ਼ੀਨ (ਉੱਤਰਾਧਿਕਾਰੀ) ਸ੍ਰ. ਕਰਮ ਸਿੰਘ ਤੇ ਸ੍ਰ. ਗੁਲਾਬ ਸਿੰਘ ਨੂੰ ਪੰਥ ਨੇ ਸਾਰਾ ਇਲਾਕਾ ਦੇ ਦਿੱਤਾ ਪਰ ਉਹ ਬਾਅਦ ਵਿਚ ਪੰਥ ਨੂੰ ਹੀ ਅੱਖਾਂ ਵਿਖਾਉਣ ਲੱਗ ਪਏ। ਉਨ੍ਹਾਂ ਦੀਆਂ ਪੰਥ ਪ੍ਰਤੀ ਬਦਸਲੂਕੀਆਂ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਨ੍ਹਾਂ ਸ਼ਹੀਦ ਮਿਸਲ ਦੇ 2000 ਸਿੰਘਾਂ ਸਮੇਤ ਸਿਆਲਕੋਟ ‘ਤੇ ਧਾਵਾ ਬੋਲ ਕੇ ਕਰਮ ਸਿੰਘ ਤੇ ਗੁਲਾਬ ਸਿੰਘ ਨੂੰ ਪਕੜ ਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਪਰ ਬਾਬਾ ਜੀ ਰਾਜ ਸੱਤਾ ਕਾਇਮ ਕਰਨ ਦੇ ਵਿਰੁੱਧ ਸਨ। ਉਨ੍ਹਾਂ ਨੇ ਸ਼ਹੀਦ ਮਿਸਲ ਦੇ ਇਕੱਠ ਵਿਚ ਫ਼ੈਸਲਾ ਕੀਤਾ ਕਿ ਸਿਆਲਕੋਟ ਇਲਾਕੇ ਦੀ ਜਗੀਰ ਕਿਸੇ ਇਕ ਵਿਅਕਤੀ ਦੀ ਮਲਕੀਅਤ ਨਹੀਂ ਹੋਵੇਗੀ। ਇਸ ਇਲਾਕੇ ਦੀ ਜਗੀਰ ਗੁਰਦੁਆਰਾ ਬੇਰ ਸਾਹਿਬ ਦੇ ਲੰਗਰ ਦੇ ਨਾਂ ਲਗਾਈ ਜਾਂਦੀ ਹੈ। ਮਿਸਲਾਂ ਵਿਚ ਸਭ ਤੋਂ ਪਹਿਲੀ ਤੇ ਉੱਤਮ ਮਿਸਾਲ ਬਾਬਾ ਦੀਪ ਸਿੰਘ ਜੀ ਨੇ ਕਾਇਮ ਕੀਤੀ।

ਮੁਖਤਾਰ ਸਿੰਘ ਗੁਰਾਇਆ