36 views 3 secs 0 comments

ਰੱਬ ਸਿਫ਼ਰ ਹੈ

ਲੇਖ
November 14, 2025

ਕੋਇਟੇ ਦੇ ਭੂਚਾਲ ਤੋਂ ਬਾਅਦ ਅਸੀਂ ਸਿੱਬੀ ਸ਼ਹਿਰ ਚਲੇ ਗਏ। ਉਥੇ ਮੈਨੂੰ ਗੋਰਮਿੰਟ ਸਕੂਲ ਵਿਚ ਪੰਜਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ ਗਿਆ। ਉਥੇ ਮੇਰਾ ਇਕ ਜਮਾਤੀ ਸੀ ਜਿਸ ਦੀ ਉਮਰ ਵੀਹ-ਬਾਈ ਸਾਲ ਹੋਣੀ ਏ। ਫ਼ਕੀਰ ਬਖ਼ਸ਼ ਉਸ ਦਾ ਨਾਮ ਸੀ। ਉਹ ਦਸਾਂ-ਯਾਰਾਂ ਵਰ੍ਹਿਆਂ ਦੇ ਬੱਚਿਆਂ ਦੀ ਜਮਾਤ ਵਿਚ ਬੈਠਾ ਬੜਾ ਅਜੀਬ ਲਗਦਾ ਸੀ। ਉਹ ਪੜ੍ਹਨੇ ਹੀ 14 ਸਾਲ ਦੀ ਉਮਰ ਵਿਚ ਪਿਆ ਸੀ। ਮੈਥੋਂ ਘੱਟੋ-ਘੱਟ ਦਸ-ਬਾਰਾਂ ਸਾਲ ਵੱਡਾ ਹੋਣ ਦੇ ਬਾਵਜੂਦ ਉਹ ਮੇਰਾ ਦੋਸਤ ਬਣ ਗਿਆ।

ਉਹ ਦੱਸਦਾ ਹੁੰਦਾ ਸੀ, ਕਿ ਮਸ਼ਹੂਰ ਸੂਫ਼ੀ ਦਰਵੇਸ਼ ਮੌਲਾਨਾ ਰੂਮੀ ਦੇ ਘਰਾਨੇ ਨਾਲ ਉਸ ਦਾ ਸੰਬੰਧ ਹੈ। ਆਪ ਵੀ ਨੇਕ ਖੁਦਾ ਪਰਸਤ ਇਨਸਾਨ मी।

ਇਕ ਦਿਨ ਜਦ ਸਕੂਲੋਂ ਛੁੱਟੀ ਹੋਈ ਤਾਂ ਅਸੀਂ ਦੋਵੇਂ ਇਕੱਠੇ ਆਪੋ ਵਿਚ ਗੱਲਾਂ ਕਰਦੇ ਇਕ ਲੱਗੀ ਸੜਕ ‘ਤੇ ਪੈ ਗਏ। ਉਸ ਮੈਨੂੰ ਪੁੱਛਿਆ, “ਕਿਆ ਖੁਦਾ ਕੋ ਮਾਨਤੇ ਹੋ ?”

ਮੈਂ ਕਿਹਾ, “ਹਾਂ ਮਾਨਤਾ ਹੂੰ।”

“ਜਾਨਤੇ ਭੀ ਹੋ ?

ਪ੍ਰਸ਼ਨ ਸਮਝੇ ਬਿਨਾ ਮੈਂ ਆਖਿਆ, “ਹਾਂ ਜਾਨਤਾ ਭੀ ਹੂੰ।”

“ਕਿਆ ਜਾਨਤੇ ਹੋ ?” ਉਸ ਨੇ ਪੁੱਛਿਆ।

“ਵੁਹ ਬਹੁਤ ਬੜਾ ਹੈ।” ਮੈਂ ਕਿਹਾ।

“ਕਿਤਨਾ ਬੜਾ ?”

ਮੈਂ ਦੋਵੇਂ ਬਾਹਾਂ ਫੈਲਾ ਕੇ ਉਸ ਨੂੰ ਕਿਹਾ, “ਇਤਨਾ ਬੜਾ !”

ਉਹ ਹੱਸ ਪਿਆ, ਤੇ ਕਹਿਣ ਲੱਗਾ, “ਬੱਸ ਰੱਬ ਇਤਨਾ ਹੀ ਬੜਾ ਹੈ ?” ਤਦ ਮੈਂ ਬਾਹਾਂ ਘੁਮਾ ਕੇ ਪਿਛਲੇ ਪਾਸੇ ਲਿਜਾ ਕੇ ਦੋਵੇਂ ਹੱਥ ਮਿਲਾ ਦਿੱਤੇ ਤੇ ਕਿਹਾ, “ਵੁਹ ਇਤਨਾ ਬੜਾ ਹੈ।”
ਉਹ ਫਿਰ ਹੱਸਿਆ ਤੇ ਕਹਿਣ ਲੱਗਾ, “ਪਹਿਲੇ ਤੁਮ ਨੇ ਦੋਨੋਂ ਬਾਹੇਂ ਫੈਲਾਈ ਔਰ ਕਹਾ ਰੱਬ ਇਤਨਾ ਬੜਾ ਹੈ। ਫੈਲੀ ਹੂਈ ਬਾਹੋਂ ਤੋਂ ਏਕ ਲਕੀਰ ਕੀ ਮਾਨੰਦ ਹੋਤੀ ਹੈ। ਰੱਬ ਕੋਈ ਲਕੀਰ ਨਹੀਂ। ਅਬ ਤੁਮ ਨੇ ਹਾਥ ਪੀਠ ਪੀਛੇ ਮਿਲਾ ਕਰ ਏਕ ਦਾਇਰਾ ਬਨਾ ਦੀਆ ਔਰ ਕਹਾ ਰੱਬ ਇਤਨਾ ਬੜਾ ਹੈ। ਦਾਇਰਾ ਤੋ ਮਹਿਦੂਦ ਹੋਤਾ ਹੈ। ਪਰ ਰੱਬ ਤੋਂ ਲਾ-ਮਹਿਦੂਦ ਹੈ !”

ਮੈਂ ਮਹਿਸੂਸ ਕੀਤਾ, ਉਸ ਨਾਲ ਮੈਂ ਬਹਿਸ ਨਹੀਂ ਕਰ ਸਕਦਾ। ਮੈਂ ਉਸ ਨੂੰ ਪੁੱਛਿਆ, “ਫਿਰ ਆਪ ਬਤਾਓ ਖੁਦਾ ਕਿਤਨਾ ਬੜਾ ਹੈ ?” ਕਹਿਣ ਲੱਗਾ, “ ਖੁਦਾ ਸਿਫ਼ਰ ਕੇ ਬਰਾਬਰ ਹੈ। ਸਿਫ਼ਰ ਨਾ ਛੋਟਾ ਹੋ ਸਕਤਾ ਹੈ ਨਾ ਬੜਾ। ਖੁਦਾ ਕੋ ਭੀ ਨਾ ਹਮ ਛੋਟਾ ਕਰ ਸਕਤੇ ਹੈਂ ਨਾ ਬੜਾ।” ਮੈਂ ਨਿਰੁੱਤਰ ਤਾਂ ਹੋ ਗਿਆ। ਪਰ ਰੱਬ ਨੂੰ ਸਿਫ਼ਰ ਨਾ ਮੰਨ ਸਕਿਆ। ਤਾਂ ਵੀ ਫ਼ਕੀਰ ਬਖਸ਼ ਦੀ ਸਿਆਣਪ ਵਲੋਂ ਕਾਇਲ ਹੋ ਗਿਆ। ਪੰਜਾਹ ਵਰ੍ਹਿਆਂ ਬਾਅਦ ਜਦ ਮੈਂ ਵੇਦਾਂਤ ਪੜ੍ਹਿਆ ਤਾਂ ਪਤਾ ਲੱਗਾ ਕਿ ‘ਰੱਬ ਇਹ ਵੀ ਨਹੀਂ, ਉਹ ਵੀ ਨਹੀਂ।–ਨੇਤੀ ! ਨੇਤੀ ! ਜਦ ਮੈਂ ਬੋਧੀ ਸਾਹਿੱਤ ਪੜ੍ਹਿਆ ਤਾਂ ਉਨ੍ਹਾਂ ਨੇ ਸੁੰਨ ਨੂੰ ਪ੍ਰਥਮ ਯਥਾਰਥ ਦਰਸਾਇਆ। “ਸੁੰਨ ਵੀ ਤਾਂ ਸਿਫ਼ਰ ਹੀ ਹੈ।” ਮੈਂ ਸੋਚਿਆ। ਤਦ ਮੈਨੂੰ ਫ਼ਕੀਰ ਬਖ਼ਸ਼ ਯਾਦ ਆਇਆ ਜਿਸ ਨੇ ਮੈਨੂੰ ਦੱਸਿਆ ਸੀ ਕਿ ਰੱਬ ਸਿਫ਼ਰ ਹੈ।

ਡਾ. ਜਸਵੰਤ ਸਿੰਘ ਨੇਕੀ