35 views 20 secs 0 comments

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ

ਲੇਖ
November 15, 2025

ਪਿਆਰਿਓ, ਦੁਨਿਆਵੀ ਰਿਸ਼ਤੇ ਇੱਕ ਟੁੱਟੇ ਹੋਏ ਕੱਚ ਦੇ ਸ਼ੀਸ਼ੇ ਦੀ ਤਰ੍ਹਾਂ ਹੁੰਦੇ ਹਨ। ਇਨ੍ਹਾਂ ਸੰਸਾਰੀ ਰਿਸ਼ਤਿਆਂ ਦਾ ਕਦੇ ਵੀ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਕੱਚ ਦੇ ਸ਼ੀਸ਼ੇ ਵਾਂਗੂੰ ਕਿਸ ਵੇਲੇ, ਕਿੱਥੇ ਅਤੇ ਕਿਸ ਜਗ੍ਹਾ ‘ਤੇ ਤਿੜਕ ਜਾਣਾ ਹੁੰਦਾ ਹੈ। ਇਹ ਸੰਸਾਰੀ ਰਿਸ਼ਤੇ ਸਿਰਫ਼ ਇਕ-ਦੂਜੇ ਪ੍ਰਤੀ ਕੰਮਾਂ-ਕਾਰਾਂ ਦੀ ਪ੍ਰਾਪਤੀ ਤਕ ਹੀ ਸੀਮਿਤ ਹੁੰਦੇ ਹਨ।

ਪਿਆਰਿਓ, ਇਨ੍ਹਾਂ ਰਿਸ਼ਤਿਆਂ ਦਾ ਇਕ ਬਿਰਦ ਹੁੰਦਾ ਹੈ ਕਿ ਜਿਨ੍ਹਾਂ ਚਿਰ ਤਕ ਕੋਈ ਇਨਸਾਨ ਆਪਣੇ ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ ਅਤੇ ਸਾਕ-ਸੰਬੰਧੀਆਂ ਦੇ ਕੰਮਾਂ-ਕਾਰਾਂ ਵਿਚ ਪੂਰਾ ਪੂਰਾ ਸਾਥ ਦਿੰਦਾ ਰਹਿੰਦਾ ਹੈ ਅਤੇ ਉਨ੍ਹਾਂ ਦੇ ਦੁਨਿਆਵੀ ਕੰਮਾਂ-ਕਾਰਾਂ ਨੂੰ ਆਪਣਾ ਵੱਡਾ ਫ਼ਰਜ਼ ਸਮਝ ਕੇ ਕਰਦਾ ਰਹਿੰਦਾ ਹੈ, ਉਨ੍ਹਾਂ ਚਿਰ ਤਾਂ ਇਹ ਦੁਨਿਆਵੀ ਰਿਸ਼ਤੇ ਇਕ ਚੱਟਾਨ ਦੀ ਤਰ੍ਹਾਂ ਜੁੜੇ ਹੋਏ ਬਹੁਤ ਹੀ ਮਜ਼ਬੂਤ ਦਿਸਣ ਲੱਗਦੇ ਹਨ ਪਰ ਜਦੋਂ ਕੋਈ ਵੀ ਇਨਸਾਨ ਆਪਣੇ ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ ਅਤੇ ਸਾਕ-ਸੰਬੰਧੀਆਂ ਨੂੰ ਕਿਸੇ ਵੀ ਕੰਮ ਤੋਂ ਆਪਣੀ ਅਸਮਰੱਥਾ ਦਿਖਾਉਣ ਲੱਗ ਜਾਂਦਾ ਹੈ ਜਾਂ ਉਹ ਉਨ੍ਹਾਂ ਮੁਤਾਬਕ ਚੱਲਣ ਤੋਂ ਨਾਂਹ ਕਰ ਦਿੰਦਾ ਹੈ ਤਾਂ ਦੁਨੀਆ ਵਿਚ ਵਿਚਰਨ ‘ਤੇ ਆਮ ਹੀ ਵੇਖੀਦਾ ਹੈ ਕਿ ਇਹ ਦੁਨਿਆਵੀ ਰਿਸ਼ਤੇ ਟੁੱਟਦੇ ਕੀ, ਦੁਸ਼ਮਣਾਂ ਨਾਲੋਂ ਵੀ ਵੱਧ ਇਕ-ਦੂਜੇ ਪ੍ਰਤੀ ਨਫ਼ਰਤ ਕਰਨ ਲੱਗ ਜਾਂਦੇ ਹਨ। ਇਸੇ ਪ੍ਰਥਾਇ ਹੀ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੀ ਪਾਵਨ ਬਾਣੀ ਦੇ ਪਾਵਨ ਬੋਲਾਂ ਵਿਚ ਇਨ੍ਹਾਂ ਦੁਨਿਆਵੀਂ ਰਿਸ਼ਤਿਆਂ ਦੀ ਹੋਂਦ ਪ੍ਰਤੀ ਆਪਣਾ ਉਪਦੇਸ਼ ਦਿੱਤਾ ਹੈ ਕਿ ਪਿਆਰਿਆ:

ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ॥
ਜਿਤ ਦਿਨਿ ਉਨੁ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ॥
(ਅੰਗ ੮੬੦)

ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ॥
(ਅੰਗ, ੯੧੮)

ਮਹਾਨ ਸਤਿਗੁਰੂ ਜੀ ਆਪਣੇ ਇਸ ਪਾਵਨ ਉਪਦੇਸ਼ ਵਿਚ ਮਨੁੱਖ ਨੂੰ ਬਹੁਤ ਹੀ ਸੁਚੇਤ ਕਰ ਰਹੇ ਹਨ ਕਿ ਪਿਆਰਿਆ, ਇਹ ਜੋ ਵੀ ਸੰਸਾਰ ਵਿਚ ਸਭ ਰਿਸ਼ਤੇ ਇਕ-ਦੂਜੇ ਨਾਲ ਜੁੜੇ ਹੋਏ ਹਨ ਇਹ ਸਭ ਆਪੋ-ਆਪਣੇ ਮਤਲਬ ਲਈ ਹੀ ਇਕ
ਦੂਜੇ ਨਾਲ ਜੁੜੇ ਹੋਏ ਹਨ। ਯਾਦ ਰੱਖੀਂ, ਜਿਸ ਦਿਨ ਤੂੰ ਇਨ੍ਹਾਂ ਦੁਨਿਆਵੀ ਭੈਣ-ਭਰਾਵਾਂ, ਦੋਸਤਾਂ-ਮਿੱਤਰਾਂ ਅਤੇ ਸਭ ਸਾਕ-ਸੰਬੰਧੀਆਂ ਨੂੰ ਉਨ੍ਹਾਂ ਦੇ ਕਿਸੇ ਵੀ ਕੰਮ-ਕਾਰ ਕਰਨ ਤੋਂ ਅਸਮਰੱਥਾ ਜ਼ਾਹਿਰ ਕਰ ਦਿੱਤੀ ਤਾਂ ਇਹ ਸੰਸਾਰੀ ਕੁਟੰਬ ਦੇ ਸਾਰੇ ਸਾਕ-ਸੰਬੰਧੀ ਤੈਨੂੰ ਇਸ ਤਰ੍ਹਾਂ ਨਕਾਰ ਕੇ ਰੱਖ ਦੇਣਗੇ ਜਿਸ ਤਰ੍ਹਾਂ ਦੁਨੀਆ ਵਿਚ ਜਿਊਂਦੇ ਜੀਅ ਇਸ ਦਾ ਸਾਡੇ ਨਾਲ ਕੋਈ ਰਿਸ਼ਤਾ ਤਕ ਨਹੀਂ ਹੁੰਦਾ । ਸੋ ਪਿਆਰਿਆ, ਜਦੋਂ ਤੈਨੂੰ ਮਹਾਨ ਸਤਿਗੁਰੂ ਜੀ ਦੇ ਪਾਵਨ ਉਪਦੇਸ਼ਾਂ ਮੁਤਾਬਕ ਇਨ੍ਹਾਂ ਦੁਨਿਆਵੀ ਰਿਸ਼ਤਿਆਂ ਦੀ ਅਸਲ ਅਸਲੀਅਤ ਦਾ ਸਭ ਕੁਝ ਪਤਾ ਲੱਗ ਗਿਆ ਤਾਂ ਉਸ ਦਿਨ ਤੈਨੂੰ ਵੱਡੀ ਸਮਝ ਪੈ ਜਾਵੇਗੀ ਕਿ ਇਸ ਸੰਸਾਰ ਵਿਚ ਰੱਬ ਤੋਂ ਸਿਵਾਏ ਇਨਸਾਨ ਦਾ ਹੋਰ ਕੋਈ ਵੀ ਆਸਰਾ ਨਹੀਂ ਹੈ, ਐਸੀ ਵੱਡੀ ਸੋਝੀ ਪ੍ਰਗਟ ਹੋਣ ‘ਤੇ ਐਸਾ ਪਿਆਰਾ ਸਿੱਖ ਮਹਾਨ ਸਤਿਗੁਰੂ ਜੀ ਦੇ ਇਸ ਪਾਵਨ ਉਪਦੇਸ਼ ਦੀ ਵੱਡੀ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਹੈ ਕਿ ਸਤਿਗੁਰੂ ਜੀ:

ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ੧॥
(ਅੰਗ, ੧੦੩)

ਸੋ ਜਿਹੜਾ ਵੀ ਗੁਰੂ ਕਾ ਪਿਆਰਾ ਸਿੱਖ ਮਹਾਨ ਸਤਿਗੁਰੂ ਜੀ ਦੇ ਇਸ ਪਵਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਦ੍ਰਿੜ੍ਹ ਕਰ ਕੇ ਕਮਾਉਣ ਦਾ ਯਤਨ ਸ਼ੁਰੂ ਕਰ ਲੈਂਦਾ ਹੈ, ਐਸਾ ਪਿਆਰਾ ਸਿੱਖ ਦੁਨੀਆ ਦੇ ਤਮਾਮ ਦੁਨਿਆਵੀ ਰਿਸ਼ਤਿਆਂ ਤੋਂ ਉੱਪਰ ਉੱਠ ਕੇ, ਉਹ ਮਹਾਨ ਸਤਿਗੁਰੂ ਜੀ ਨੂੰ ਹੀ ਆਪਣਾ ਮਾਂ-ਪਿਉ, ਭੈਣ-ਭਰਾ ਅਤੇ ਸਾਕ-ਸੰਬੰਧੀ ਸਮਝਣ ਲੱਗ ਪੈਂਦਾ ਹੈ ਅਤੇ ਐਸਾ ਪਿਆਰਾ ਸਿੱਖ ਦੁਨੀਆ ਦੇ ਤਮਾਮ ਦੁਨਿਆਵੀ ਰਿਸ਼ਤਿਆਂ ਦੇ ਵੱਡੇ-ਵੱਡੇ ਧੜਿਆਂ ਨੂੰ ਤਿਲਾਂਜਲੀ ਦੇ ਕੇ, ਉਹ ਆਪਣੇ ਮਹਾਨ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿਚ ਹੀ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੰਦਾ ਹੈ ਅਤੇ ਐਸਾ ਪਿਆਰਾ ਸਿੱਖ ਆਪਣੇ ਗੁਰਸਿੱਖੀ ਦੇ ਪਿਆਰੇ ਜੀਵਨ ਨੂੰ ਜੀਅ ਕੇ ਇਸ ਪਵਿੱਤਰ ਹੁਕਮ ਮੁਤਾਬਕ ਢਾਲਣ ਦਾ ਪੂਰਾ-ਪੂਰਾ ਯਤਨ ਕਰਨ ਲੱਗ ਜਾਂਦਾ ਹੈ ਕਿ:

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ॥
ਹਮਾਰਾ ਧੜਾ ਹਰਿ ਰਹਿਆ ਸਮਾਈ॥੧॥
(ਅੰਗ ੩੬੬)

ਸੋ ਸਤਿਗੁਰੂ ਜੀ ਦੇ ਇਸ ਪਾਵਨ ਹੁਕਮ ਮੁਤਾਬਕ ਇਕ ਦੁਨੀਆਦਾਰ ਮਨੁੱਖ ਆਪਣੇ ਸਭ ਦੋਸਤਾਂ-ਮਿਤਰਾਂ, ਭੈਣ-ਭਰਾਵਾਂ ਅਤੇ ਪੁੱਤਰਾਂ-ਧੀਆਂ ਨੂੰ ਹੀ ਆਪਣਾ ਵੱਡਾ ਆਸਰਾ ਸਮਝਦਾ ਹੈ ਜਾਂ ਉਹ ਆਪਣੇ ਕੁੜਮ, ਚਾਚੇ-ਤਾਏ, ਮਾਮੇ-ਮਾਸੜ, ਜਵਾਈ ਜਾਂ ਹੋਰ ਦੁਨਿਆਵੀ ਸਾਕ-ਸੰਬੰਧੀਆਂ ਨੂੰ ਹੀ ਆਪਣਾ ਵੱਡਾ ਆਸਰਾ ਸਮਝਦਾ ਹੈ ਜਾਂ ਉਹ ਦੁਨੀਆ ਦੇ ਬਹੁਤ ਵੱਡੇ ਵੱਡੇ ਚੌਧਰੀਆਂ, ਪ੍ਰਧਾਨ ਜਾਂ ਹੋਰ ਵੱਡੇ-ਵੱਡੇ ਅਹੁਦਿਆਂ ਵਾਲੇ ਮਾਇਆਧਾਰੀ ਮਨੁੱਖਾਂ ਨੂੰ ਹੀ ਆਪਣਾ ਵੱਡਾ ਆਸਰਾ ਸਮਝਦਾ ਹੈ ਪਰ, ਧੰਨ ਹੁੰਦਾ ਹੈ ਉਹ ਗੁਰੂ ਕਾ ਪਿਆਰਾ ਸਿੱਖ, ਜਿਹੜਾ ਇਨ੍ਹਾਂ ਦੁਨੀਆ ਦੇ ਤਮਾਮ ਰਿਸ਼ਤਿਆਂ ਤੋਂ ਉਤਾਂਹ ਉੱਠ ਕੇ ਆਪਣੇ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਅਸਲ ਆਸਰਾ ਸਮਝ ਬੈਠਦਾ ਹੈ ਐਸਾ ਪਿਆਰਾ ਸਿੱਖ ਆਪਣੇ ਮਹਾਨ ਸਤਿਗੁਰੂ ਜੀ ਦੇ ਡਰ ਅਤੇ ਪਿਆਰ ਵਿਚ ਰਹਿ ਕੇ ਇੰਨਾ ਬੇਪਰਵਾਹ ਅਤੇ ਨਿਡਰ ਹੋ ਜਾਂਦਾ ਹੈ ਕਿ ਐਸੇ ਰੱਬੀ ਪਿਆਰੇ ਨੂੰ ਸੰਸਾਰ ਕੀ, ਸੰਸਾਰ ਵਿਚ ਰਹਿੰਦੇ ਹੋਏ ਸਭ ਜੀਵ-ਜੰਤੂ ਵੀ ਉਸ ਨੂੰ ਬਹੁਤ ਪਿਆਰ ਕਰਨ ਲੱਗ ਜਾਂਦੇ ਹਨ।

ਸੋ ਗੁਰੂ ਕਿ ਪਿਆਰਿਓ, ਆਉ ਅੱਜ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਈਏ ਅਤੇ ਮਹਾਨ ਸਤਿਗੁਰੂ ਜੀ ਦੇ ਪਾਵਨ ਹੁਕਮਾਂ ਮੁਤਾਬਕ, ਇਨ੍ਹਾਂ ਦੁਨਿਆਵੀ ਰਿਸ਼ਤਿਆਂ ਵਿਚ ਵਿਚਰਦੇ ਹੋਏ ਅਤੇ ਇਨ੍ਹਾਂ ਦੁਨਿਆਵੀ ਰਿਸ਼ਤਿਆਂ ਤੋਂ ਉਤਾਂਹ ਉੱਠ ਕੇ ਸਦਾ-ਸਦਾ ਲਈ ਆਪਣੇ ਮਹਾਨ ਸਤਿਗੁਰੂ ਜੀ ਨੂੰ ਹੀ ਆਪਣਾ ਮਾਂ-ਪਿਉ, ਭੈਣ-ਭਰਾ, ਦੋਸਤ-ਮਿੱਤਰ ਅਤੇ ਸਾਕ ਸੰਬੰਧੀ ਸਮਝ ਕੇ, ਆਪਣੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਗੋਦੀ ਦਾ ਸਦਾ ਸਦਾ ਲਈ ਅਨੰਦ ਮਾਣਦੇ ਰਹੀਏ।

-ਭਾਈ ਰੇਸ਼ਮ ਸਿੰਘ ਸੁਖਮਨੀ ਸੇਵਾ ਵਾਲੇ (ਸ੍ਰੀ ਅੰਮ੍ਰਿਤਸਰ)