ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ॥
(ਅੰਗ ੧੩੫)
ਬਾਰਹ ਮਾਹਾ ਦੀ ਤਰਤੀਬ ਅਨੁਸਾਰ ‘ਮੰਘਿਰਿ’ ਦਾ ਮਹੀਨਾ ਨੌਵੇਂ ਸਥਾਨ ‘ਤੇ ਹੈ। ਅੱਗੋਂ ਛੇ ਰੁੱਤਾਂ ਦੀ ਵੰਡ ਅਨੁਸਾਰ ਮੰਘਿਰਿ ਤੇ ਪੋਖ (ਮੱਘਰ ਤੇ ਪੋਹ) ਹਿਮਕਰ ਰੁੱਤ ਭਾਵ ਬਰਫੀਲੀ ਰੁੱਤ ਦੇ ਮਹੀਨੇ ਹਨ। ‘ਮਹਾਨ ਕੋਸ਼ ਅਨੁਸਾਰ ‘ਜਿਸ ਮਹੀਨੇ ਦੀ ਪੂਰਨਮਾਸ਼ੀ ਮ੍ਰਿਗਸ਼ਿਰ ਨਕਤ੍ਰ ਸਹਿਤ ਹੋਵੇ ਹਿਮ ਰੁੱਤ ਦਾ ਪਹਿਲਾ ਮਹੀਨਾ।”
‘ਸੰਖਿਆ ਕੋਸ਼ ਅਨੁਸਾਰ 27 ਨਛੱਤਰਾਂ ਵਿੱਚੋਂ ਪੰਜਵਾਂ ਨਛੱਤਰ ਮ੍ਰਿਗਸ਼ਿਰਾ ਹੈ। ਇਸ ਲਈ ਮ੍ਰਿਗਸ਼ਿਰਾ ਤੋਂ ਮਹੀਨੇ ਦਾ ਨਾਉਂ ਮੰਘਿਰਿ ਜਾਂ ਮੱਘਰ ਪ੍ਰਚਲਿਤ ਹੋਇਆ ਹੈ। ‘ਸਮ ਅਰਥ ਕੋਸ਼ਾ ਵਿਚ ਮੱਘਰ ਦੇ ਸਮਾਨਅਰਥੀ ਸ਼ਬਦ- ਅਗਹਨ, ਅਗਨ, ਅਗ-ਅਯਨ, ਅਗ੍ਰ ਹਣ, ਅਰ੍ਗ ਹਾਯਣ, ਅਗ੍ਰ ਹਾਯਣਿਕ, ਅਘਹਨ, ਸਹਸ, ਮਗਸਰ, ਮਗਸ਼ਿਰ, ਮਾਰਗ, ਮਾਰਗ-ਸ਼ਿਰ, ਮਾਰਗ ਸ਼ੀਰਖ, ਮੰਘਿਰ ਆਦਿ ਹਨ। ਹੋਰ ਵਿਸਤਾਰ ਵਿਚ ਜਾਈਏ ਤਾਂ ਉਪਰੋਕਤ ਸ਼ਬਦਾਂ ਵਿਚ ‘ਅਗਹਨ’ ਦਾ ਹਵਾਲਾ ਭਾਈ ਕਾਨ੍ਹ ਸਿੰਘ ਨਾਭਾ ਨੇ ਇਉਂ ਦਿੱਤਾ ਹੈ :- ਅਗਹਨ – ਸੰ. ਅਗ੍ਰਹਾਯਣ, ਹਾਯਨ (ਵਰੇ) ਦਾ ਮੁੱਢ ਮੱਘਰ ਦਾ ਮਹੀਨਾ, ਪੁਰਾਣੀ ਰੀਤ ਅਨੁਸਾਰ ਸਾਲ ਦਾ ਆਰੰਭ ਮੱਘਰ ਤੋਂ ਹੁੰਦਾ ਸੀ, ਇਸੇ ਕਾਰਣ ਅਗ੍ਰ-ਹਾਯਣ ਨਾਉਂ ਹੋਇਆ।
2. ਅਗ੍ਰ-ਅਯਨ, ਅਯਨ ਅਰੰਭ ਦਾ ਪਹਿਲਾ ਮਹੀਨਾ ਹੈ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ ਮੰਘਰ, ਮੰਘਿਰਿ (ਸੰ. ਪੰਜਾਬੀ। ਸੰਸਕ੍ਰਿਤ-ਮਾਰਗਸ਼ਿਰ) ਇਸ ਲਈ ਬਾਰਹ ਮਾਹਾ ਮਾਂਝ ਵਿਚ ਇਸ ਨੂੰ ਮੰਘਿਰਿ, ਬਾਰਹ ਮਾਹ ਤੁਖਾਰੀ ਵਿਚ ਮੰਘਰ ਲਿਖਿਆ ਹੈ ਅਤੇ ਆਮ ਬੋਲਚਾਲ ਵਿਚ ਅਸੀਂ ਮੱਘਰ ਉਚਾਰਦੇ ਹਾਂ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਰਹ ਮਾਹ ਤੁਖਾਰੀ ਵਿਚ ਮੱਘਰ ਮਹੀਨੇ ਪ੍ਰਥਾਇ ਉਪਦੇਸ਼ ਬਖ਼ਸ਼ਿਸ਼ ਕਰਦਿਆਂ ਫ਼ਰਮਾਉਂਦੇ ਹਨ :
ਮੰਘਰ ਮਾਹੁ ਭਲਾ ਹਰਿ ਗੁਣ ਅੰਕਿ ਸਮਾਵਏ॥
ਗੁਣਵੰਤੀ ਗੁਣ ਰਵੈ ਮੈ ਪਿਰੁ ਨਿਹਚਲੁ ਭਾਵਏ॥
(ਅੰਗ ੧੧੦੯)
ਭਾਵ – ਮੱਘਰ ਦਾ ਮਹੀਨਾ ਭਲਾ ਹੈ ਤੇ ਜੀਵ ਰੂਪ ਇਸਤਰੀ (ਜਗਿਆਸੂ) ਪ੍ਰਭੂ-ਪਤੀ ਦੇ ਗੁਣ ਹਿਰਦੇ ਵਿਚ ਧਾਰਨ ਕਰ ਲੈਂਦੀ ਹੈ। ਉਹ ਗੁਣਵੰਤੀ ਨਿਰੰਤਰ ਗੁਣ ਗਾਇਨ ਕਰਦੀ ਹੈ ਤੇ ਇਸ ਤਰਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ ਪਿਆਰਾ ਲੱਗਦਾ ਹੈ।
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ॥
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥ (ਅੰਗ ੧੧੦੯)
ਕੇਵਲ ਤੇ ਕੇਵਲ ਵਾਹਿਗੁਰੂ ਸਦਾ ਰਹਿਣ ਵਾਲਾ ਹੈ ਜੋ ਸਭ ਕੁਝ ਸਮਝਣ ਵਾਲਾ ਤੇ ਜਾਨਣ ਵਾਲਾ ਹੈ ਅਤੇ ਬਾਕੀ ਜਗਤ ਚਲਾਇਮਾਨ ਹੈ। ਅੱਗੇ ਗੁਰੂ ਜੀ ਫ਼ਰਮਾਉਂਦੇ ਹਨ :
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ॥
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ॥੧੩॥ (ਅੰਗ ੧੧੦੯)
ਭਾਵ – ਪ੍ਰਭੂ ਦੀ ਸਿਫਤ ਸਲਾਹ ਦੇ ਗੀਤ (ਗੁਰਬਾਣੀ) ਸੁਣ-ਸੁਣ ਕੇ ਉਸ ਦਾ ਹੋਰ
ਸਾਰਾ ਦੁੱਖ ਦੂਰ ਹੋ ਜਾਂਦਾ ਹੈ। ਹੇ ਨਾਨਕ ! ਉਹ ਜੀਵ-ਇਸਤਰੀ ਪ੍ਰਭੂ ਨੂੰ ਪਿਆਰੀ ਹੋ ਜਾਂਦੀ ਹੈ ਤੇ ਉਹ ਆਪਣਾ ਦਿਲੀ ਪਿਆਰ ਪ੍ਰਭੂ ਅੱਗੇ ਪੇਸ਼ ਕਰਦੀ ਹੈ।
ਇਸੇ ਮਹੀਨੇ ਪ੍ਰਥਾਇ ਕਲਗੀਧਰ ਪਾਤਸ਼ਾਹ ਜੀ ਨੇ ਬ੍ਰਿਹ ਨਾਟਕ ਬਾਰਾਮਾਹ ਵਿਚ ਬਿਹਬਲ ਆਤਮਾ ਦੇ ਵਿਯੋਗ ਦਾ ਕੁਦਰਤ ਦੇ ਰੰਗਾਂ ਦਾ ਤੇ ਸੰਯੋਗੀ ਤਾਂਘ ਦਾ ਵਰਣਨ ਕੀਤਾ ਹੈ :
ਬਾਰਜ ਫੂਲ ਰਹੇ ਸਰ ਪੁੰਜ ਸੁਗੰਧ ਸਨੇ ਸਰਿਤਾ ਨ ਘਟਾਈ॥
ਕੁੰਜਤ ਕੰਤ ਬਿਨਾ ਕੁਲ ਹੰਸ ਕਲੇਸ਼ ਬਢੈ ਸੁਨਿ ਕੈ ਤਿਹ ਮਾਈ॥
ਬਾਸੁਰ ਰੈਨ ਨ ਚੈਨ ਕਹੂੰ ਛਿਨ ਮੰਘਰ ਮਾਸ ਅਯੋ ਨ ਕਨ੍ਹਾਈ॥
ਜਾਤ ਨਹੀ ਤਿਨ ਸੋ ਮਸਕ੍ਯੋਂ ਟਸਕ੍ਯੋਂ ਨ ਹੀਯੋ ਕਸਯੋ ਨ ਕਸਾਈ॥੯੨੨॥
(ਸ੍ਰੀ ਦਸਮ ਗ੍ਰੰਥ, ਪੰਨਾ ੩੭੭)
ਭਾਵ – ਸੁਗੰਧੀ ਭਰੇ ਕਮਲ (ਬਾਰਜ) ਫੁੱਲ ਸਾਰੇ ਤਲਾਵਾਂ (ਸਰ ਪੁੰਜ) ਵਿਚ ਖਿੜ ਪਏ ਹਨ ਤੇ ਨਦੀਆਂ ਦਾ ਪਾਣੀ ਆ ਗਿਆ ਹੈ। ਹੰਸਾਂ ਦੀ ਕੁਲ ਦੀ ਕੁਰਲਾਹਟ ਸੁਣਾਈ ਦਿੰਦੀ ਹੈ, ਪਰ ਹੇ ਮਾਈ ! ਉਨ੍ਹਾਂ ਦੀ ਅਵਾਜ਼ ਸੁਣ ਕੇ ਵਿਛੋੜੇ ਦਾ ਕਸ਼ਟ ਵਧਦਾ ਹੈ। ਦਿਨ ਰਾਤ ਕਿਸੇ ਪਲ ਵੀ ਅਰਾਮ ਨਹੀਂ, ਕਿਉਂਕਿ ਮੱਘਰ ਦਾ ਮਹੀਨਾ ਆ ਗਿਆ ਹੈ, ਪਰ ਪ੍ਰੀਤਮ ਨਹੀਂ ਆਇਆ। ਇਸ ਮਹੀਨੇ ਦੀ ਠੰਢ (ਸੋਮ) ਸਹਾਰੀ ਨਹੀਂ ਜਾਂਦੀ, ਕਿਉਂਕਿ ਪ੍ਰੀਤਮ ਦੇ ਹਿਰਦੇ ਵਿਚ ਸਾਡੀ ਕਸਿਕ (ਖਿੱਚ) ਨਹੀਂ ਹੈ।
ਦੂਜੇ ਪਾਸੇ ਸੰਸਾਰੀ ਤਲ ‘ਤੇ ਲੋਕ-ਵਿਸ਼ਵਾਸ ਹੈ ਕਿ ਇਸ ਮਹੀਨੇ ਦਾ ਨਛੱਤਰ (ਮ੍ਰਿਗਸ਼ਿਰਾ) ਵਿਆਹ ਲਈ ਬਹੁਤ ਸ਼ੁੱਭ ਹੈ। ਹਿੰਦੂ ਮਤ ਵਿਚ ਮੱਘਰ ਦੇ ਮਹੀਨੇ ਦੇ ਵਿਆਹ ਨੂੰ ਯੋਗ ਸਮਝਿਆ ਜਾਂਦਾ ਹੈ। (ਗੁਰਮਤਿ ਵਿਚ ਇਸ ਤਰ੍ਹਾਂ ਦੇ ਵਿਚਾਰ ਨਹੀਂ ਹਨ) ਇਸੇ ਤਰ੍ਹਾਂ ਇਸ ਮਹੀਨੇ ਇਕ ਮਤ ਵਿਚ ਮੋਖਸ਼ ਇਕਾਦਸ਼ੀ ਦਾ ਵਰਤ ਚਾਨਣ ਪੱਖ ਦੀ ਇਕਾਦਸ਼ੀ ਨੂੰ ਰੱਖਣ ਦਾ ਵਿਧੀ-ਵਿਧਾਨ ਹੈ ਤੇ ਵਿਚਾਰ ਹੈ ਕਿ ਇਸ ਤਿੱਥ ਨੂੰ ਸ੍ਰੀ ਕ੍ਰਿਸ਼ਨ ਨੇ ਅਰਜਨ ਨੂੰ ਗੀਤਾ ਉਪਦੇਸ਼ ਦਿੱਤਾ ਸੀ ਅਤੇ ਜੋ ਵਿਅਕਤੀ ਇਸ ਤਿੱਥ ਨੂੰ ਵਰਤ ਰੱਖੇਗਾ, ਉਹ ਮੁੜ ਜੂਨਾਂ ਵਿਚ ਨਹੀਂ ਪਵੇਗਾ। ਇਸੇ ਪ੍ਰਕਾਰ ਇਸ ਮਹੀਨੇ ਹਨੇਰੇ ਪੱਖ ਦੀ ਇਕਾਦਸ਼ੀ ਦਾ ਵਰਤ ਵੀ ਹੈ, ਜਿਸ ਨੂੰ ਉਤਪਨਾ ਇਕਾਦਸ਼ੀ ਦਾ ਵਰਤ ਕਿਹਾ ਜਾਂਦਾ ਹੈ। ਮਿੱਥ ਅਨੁਸਾਰ ਇਸ ਤਿੱਥ ਨੂੰ ਇਕਾਦਸ਼ੀ ਦੇਵੀ ਕੰਨਿਆ ਦੇ ਰੂਪ ਵਿਚ ਵਿਸ਼ਨੂੰ ਦੇ ਸਰੀਰ ਵਿੱਚੋਂ ਪ੍ਰਗਟ ਹੋਈ ਸੀ। ਖੈਰ, ਇਹ ਭਾਰਤੀ ਸੱਭਿਆਚਾਰ ਅਨੁਸਾਰ ਇਸ ਮਹੀਨੇ ਨਾਲ ਜੁੜੀਆਂ ਵਿਚਾਰਾਂ ਹਨ।
ਸਿੱਖ ਸੱਭਿਆਚਾਰ ਜਾਂ ਗੁਰਮਤਿ ਦੀ ਦ੍ਰਿਸ਼ਟੀ ਤੋਂ ਅਸੀਂ ਦੇਸੀ ਮਹੀਨੇ ਦੀ ਸ਼ੁਰੂਆਤ ਭਾਵ ਸੰਗਰਾਂਦ ਦੇ ਦਿਨ ਜੋ ਉਪਦੇਸ਼ ਸਰਵਣ ਕਰਦੇ ਹਾਂ, ਉਸ ਅਨੁਸਾਰ ਹਥਲੇ ਲੇਖ ਦੇ ਅਰੰਭ ਵਿਚ ਦਰਜ ਪੰਕਤੀਆਂ ਦਾ ਭਾਵ ਅਰਥ ਹੈ :
ਮੱਘਰ ਦੇ ਮਹੀਨੇ ਉਹ ਜੀਵ-ਇਸਤਰੀਆਂ (ਜਗਿਆਸੂ) ਸੋਹੰਦੀਆਂ ਹਨ ਜੋ ਪ੍ਰਭੂ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਉਨ੍ਹਾਂ ਦੀ ਸ਼ੋਭਾ ਬਿਆਨ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਸਾਹਿਬ ਨੇ ਮਿਲਾਪ ਬਖ਼ਸ਼ਿਆ ਹੈ।
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ॥
(ਅੰਗ ੧੩੫)
ਭਾਵ – ਉਨ੍ਹਾਂ ਦਾ ਤਨ-ਮਨ ਸਤਿਸੰਗੀਆਂ ਨਾਲ ਮਿਲ ਕੇ ਖਿੜ ਗਿਆ ਪਰ ਜੋ ਗੁਰਮੁਖ-ਜਨਾਂ ਦੀ ਸੰਗਤ ਤੋਂ ਵਾਂਝੇ ਹੋ ਗਏ ਭਾਵ ਸਤਿਸੰਗਤ ਨਹੀਂ ਕੀਤੀ, ਉਹ ਜੀਵਨ ਵਿਚ ਇਕੱਲਤਾ ਵਿਚ ਜਿਊਂਦੀਆਂ ਛੁੱਟੜ ਹੋਈਆਂ ਰਹਿੰਦੀਆਂ ਹਨ।
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ॥ (ਅੰਗ ੧੩੫)
ਉਨਾਂ ਦਾ ਪ੍ਰਭੂ ਵਿਛੋੜੇ ਦਾ ਦੁੱਖ ਕਦੇ ਮਿਟਦਾ ਨਹੀਂ ਤੇ ਨਾਮ ਦਾ ਰੰਗ ਨਾ ਹੋਣ ਕਰਕੇ ਅੰਤ ਜਮ ਦੇ ਵੱਸ ਪੈ ਜਾਂਦੀਆਂ ਹਨ। ਜਿਨ੍ਹਾਂ ਪ੍ਰਭੂ ਕੰਤ ਦੇ ਮਿਲਾਪ ਦਾ ਅਨੰਦ ਮਾਣਿਆ, ਉਹ ਆਤਮ ਤਲ ‘ਤੇ ਚੜਦੀ-ਕਲਾ ਵਿਚ ਵਿਚਰਦੀਆਂ ਹਨ।
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ॥੧੦॥ (ਅੰਗ ੧੩੫)
ਭਾਵ – ਸਿਮਰਨ ਵਾਲੀਆਂ ਰੂਹਾਂ ਸੰਬੰਧੀ ਕਿਹਾ ਜਾ ਸਕਦਾ ਕਿ ਉਨ੍ਹਾਂ ਦੇ ਹਿਰਦੇ-ਕੰਠ ਵਿਚ ਨਾਮ-ਰਤਨ, ਜਵਾਹਰ, ਲਾਲਾਂ ਦਾ ਹਾਰ ਪਾਇਆ ਹੁੰਦਾ ਹੈ। ਨਾਨਕ-ਅਜਿਹੇ ਸਤਿਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ, ਜੋ ਪ੍ਰਭੂ ਦੀ ਸ਼ਰਨ ਵਿਚ ਪਏ ਰਹਿੰਦੇ ਹਨ। ਇਸ ਲਈ ਮੱਘਰ ਦੇ ਮਹੀਨੇ ਪ੍ਰਭੂ ਦਾ ਸਿਮਰਨ ਕੀਤਿਆਂ, ਮਨੁੱਖ ਜਨਮ-ਮਰਨ ਦੇ ਗੇੜ
ਵਿਚ ਨਹੀਂ ਆਉਂਦਾ।
ਤੱਤਸਾਰ ਵਜੋਂ ਸਿੱਖ ਨੇ ਮੱਘਰ ਦੇ ਮਹੀਨੇ ਗੁਰੂ ਭਰੋਸੇ ਨਾਲ ਗੁਰਬਾਣੀ ਦਾ ਪਾਠ ਕਰਦਿਆਂ, ਸਿਮਰਨ ਕਰਦਿਆਂ, ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੈ। ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਜੋ ਗੁਰਮੁਖ ਦੀ ਵਿਆਖਿਆ ਕੀਤੀ ਹੈ, ਉਹ ਸਿੱਖ ਪੰਥ ਦੇ ਵਾਰਸਾਂ ਲਈ ਸੰਦੇਸ਼ ਹੈ :
ਗੁਰਮੁਖਿ ਸੁਖ-ਫਲ ਕਾਮ ਨਿਹਕਾਮ ਕੀਨੇ, ਗੁਰਮੁਖਿ ਉਦਮ ਨਿਰੁਦਮ ਉਕਤਿ ਹੈ॥ ਗੁਰਮੁਖਿ ਮਾਰਗ ਹੁਇ ਦੁਬਿਧਾ ਭਰਮ ਖੋਏ, ਚਰਨ ਸਰਨਿ ਗਹੇ ਨਿਹਚਲ ਮਤਿ ਹੈ॥ ਦਰਸਨ ਪਰਸਤ ਆਸਾ ਮਨਸਾ ਥਕਿਤ, ਸਬਦ ਸੁਰਤਿ ਗਿਆਨ ਪ੍ਰਾਨ ਪ੍ਰਾਨਪਤਿ ਹੈ॥ ਰਚਨਾ ਚਰਿਤ੍ਰ ਚਿਤ੍ਰ ਬਿਸਮ ਬਚਿਤੁਸ ਪਨ, ਚਿਤ੍ਰ ਮੈ ਚਿਤੇਰਾ ਕੋ ਬਸੇਰਾ ਸਤਿ ਸਤਿ ਹੈ॥ (ਕਬਿੱਤ ੨੮੨)
* ਭਾਵ – ਗੁਰੂ ਦਾ ਸਿੱਖ ਗੁਰ ਸ਼ਬਦ ਦੇ ਸੁਖ ਫਲ ਨੂੰ ਪ੍ਰਾਪਤ ਕਰਕੇ, ਕਾਮਨਾਵਾਂ ਤੋਂ ਰਹਿਤ ਹੋ ਜਾਂਦਾ ਹੈ ਤੇ ਗੁਰਮੁਖੀ ਜੀਵਨ ਜਿਊਂਦਾ ਹੋਇਆ, ਦੁਨਿਆਵੀ ਭਟਕਣਾ ਤੋਂ ਛੁਟਕਾਰਾ ਪਾ ਲੈਂਦਾ ਹੈ।
* ਗੁਰਮੁਖੀ ਮਾਰਗ ‘ਤੇ ਚੱਲਦਿਆਂ ਉਹ ਦਵੈਤ ਭਰਮ ਗੁਆ ਲੈਂਦਾ ਹੈ ਤੇ ਸਤਿਗੁਰੂ ਦੀ ਚਰਨ ਸ਼ਰਨ ਸਦਕਾ ਉਸ ਦੀ ਸੋਚ ਡੋਲਦੀ ਨਹੀਂ।
* ਸਤਿਗੁਰੂ ਦੇ ਦਰਸ਼ਨ ਪਰਸਨ ਨਾਲ ਇੱਛਾ ਤੇ ਵਾਸ਼ਨਾ ਥੱਕ ਜਾਂਦੀਆਂ ਹਨ ਤੇ ਗੁਰਬਾਣੀ ਦਾ ਸਿਮਰਨ ਕਰਦਿਆਂ ਸ਼ਬਦ ਸੁਰਤ ਦੇ ਮੇਲ ਨਾਲ ਉਹ ਗੁਰਮੁਖ ਵਾਹਿਗੁਰੂ ਦੀ ਸੋਝੀ ਪਾ ਲੈਂਦਾ ਹੈ।
* ਪ੍ਰਭੂ ਦੀ ਸਾਜੀ ਹੋਈ ਬਹੁ-ਪ੍ਰਕਾਰੀ ਰਚਨਾ ਦਾ ਕੌਤਕ ਹੈਰਾਨੀ ਭਰਿਆ ਹੈ ਤੇ ਗੁਰਮੁਖ ਇਸ ਜਗਤ ਰੂਪ ਚਿੱਤਰ ਵਿਚ ਚਿਤੇਰੇ ਪ੍ਰਭੂ ਦਾ ਵਾਸਾ ਸਤਿ ਸਤਿ ਕਰਕੇ ਜਾਣਦਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ
*
