47 views 7 secs 0 comments

ਮੰਘਿਰਿ

ਲੇਖ
November 16, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵਿੱਚ ਮਾਝ ਤੇ ਤੁਖਾਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਬਾਰਹ ਮਾਹਾ ਬਾਣੀ ਦੇ ਸਿਰਲੇਖ ਹੇਠ ਮਹੀਨਿਆਂ ਦੇ ਨਾਮ ਤੋਂ ਅਧਿਆਤਮ ਦਾ ਗਿਆਨ ਉਚਾਰਿਆ।
ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲਾਂ ਰਾਗ ਲਿਖਦੇ ਨੇ ਤੇ ਬਾਅਦ ਦੇ ਵਿੱਚ ਬਾਰਾ ਮਾਹਾ ਦਾ ਸਿਰਲੇਖ ਹੇਠ ਬਾਣੀ ਹੈ ‘ਤੁਖਾਰੀ ਛੰਤ ਮਹਲਾ ੧ ਬਾਰਹ ਮਾਹਾ , ਦੋਹਿਤਾ ਬਾਣੀ ਕਾ ਬੋਹਿਥਾ ਗੁਰੂ ਅਰਜਨ ਦੇਵ ਸਾਹਿਬ ਜੀ ਪਹਿਲਾਂ ਬਾਰਹ ਮਾਹਾ ਤੇ ਬਾਅਦ ਦੇ ਵਿੱਚ ਰਾਗ ਲਿਖਦੇ ‘ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪”, ਪਹਿਲਾਂ ਮਹੀਨੇ ਤੇ ਫੇਰ ਰਾਗ।
ਹਿੰਦੁਸਤਾਨ ਦੇ ਵਿੱਚ ਜੁਆਨ ਪੁਰਸ਼ ਤੇ ਇਸਤਰੀਆਂ ਦੇ ਸਭ ਤੋਂ ਵੱਧ ਵਿਆਹ ਇਸੇ ਮਹੀਨੇ ਦੇ ਵਿੱਚ ਹੁੰਦੇ ਹਨ. ਸਸੀਅਰ ਸੀਤਲ ਰੁੱਤ ਦੀ ਆਰੰਭਤਾ ਮੱਘਰ ਮਹੀਨੇ ਤੋਂ ਹੀ ਹੈ। ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ || ਸ਼ੇਖ ਫਰੀਦ ਜੀ ਵੀ ਸਿਆਲ ਦੀ ਰੁੱਤ ਦੇ ਵਿੱਚ ਵਿੱਚ ਪਿਰ ਦੇ ਗਲ ਦੇ ਵਿੱਚ ਪਾਈਆਂ ਇਸਤਰੀ ਦੀਆਂ ਸੁੰਦਰ ਬਾਹਾਂ ਦਾ ਪ੍ਰਮਾਣ ਦਿੰਦੇ ਹਨ, ‘ਸੀਆਲੇ ਸੋਹੰਦੀਆ ਪਿਰ ਗਲਿ ਬਾਹੜੀਆਂ’
ਪਹਿਲੇ ਪਾਤਸ਼ਾਹ ‘ਮੰਘਰ ਮਾਹੁ ਭਲਾ’ ਜੀਵ ਇਸਤਰੀ ਪਤੀ ਪਰਮਾਤਮਾ ਦੇ ਅੰਕ ਦੇ ਵਿੱਚ ਸਮਾਵਏ, ਪੰਜਵੇਂ ਪਾਤਸ਼ਾਹ ਜੀਵ ਇਸਤਰੀ ਪਤੀ ਪਰਮਾਤਮਾ ਦੇ ਨਾਲ ਬੈਠੀ ਬਹੁਤ ਸੋ਼ਭਾ ਪਾ ਰਹੀ ਹੈ ‘ਮੰਘਿਰਿ ਮਾਹਿ ਸੁਹੰਦੀਆ ਹਰਿ ਪਿਰ ਸੰਗਿ ਬੈਠੜੀਆਹ.

ਭਾਈ ਕਾਨ੍ਹ ਸਿੰਘ ਜੀ ਨਾਭਾ ‘ਮਹਾਨ ਕੋਸ਼’ ਦੇ ਵਿੱਚ ਮ੍ਰਿਗਸਿਰ ਨਛੱਤਰ ਦੇ ਵਿੱਚ ਮਹੀਨੇ ਦੀ ਪੂਰਨਮਾਸ਼ੀ ਹੋਣ ਦੇ ਕਰਕੇ ਮਹੀਨੇ ਦਾ ਨਾਮ ਮਘਰ ਲਿਖਦੇ ਹਨ।
ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਅਨੁਸਾਰ ਸੰਸਕ੍ਰਿਤ ਸ਼ਬਦ ਮਘਰ ਕਤਕ ਤੋਂ ਬਾਅਦ ਦੇ ਮਹੀਨੇ ਦਾ ਨਾਮ ਹੈ। ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਮਘਰ ਬਿਕਰਮੀ ਸੰਮਤ ਦੇ ਮਹੀਨੇ ਦਾ ਨਾਮ ਹੈ।
ਮੰਘਿਰਿ: ਮੰਦਰ ਪਿਰ ਘਰਿ ਦਾ ਸੰਖੇਪ ਹੈ।
ਸੰਸਾਰਿਕ ਤਲ ‘ਤੇ ਕੰਨਿਆਂ ਨੂੰ ਵਰ ਦੀ ਪ੍ਰਾਪਤੀ ਹੋਈ ਹੈ, ਅਧਿਆਤਮਕ ਤਲ ਤੇ ਜੀਵ ਇਸਤਰੀ ਦੇ ਘਰ ਦੇ ਵਿੱਚ ਪਤੀ ਪਰਮਾਤਮਾ ਆਇਆ, ਉਸ ਦੇ ਆਉਣ ਦੇ ਬਾਰੇ ਸੁਣ ਕੇ ਹੀ ਮਨ ਦੇ ਵਿੱਚ ਬੜਾ ਚਾਅ ਪੈਦਾ ਹੋਇਆ, ਪ੍ਰਭੂ ਦੇ ਸਦਕਾ ਜੀਵ ਇਸਤਰੀ ਦਾ ਘਰ ਹੁਣ ਮੰਦਰ ਬਣ ਗਿਆ, ਖੁਸ਼ੀਆਂ ਦੇ ਮੰਗਲ ਗੀਤ ਗਾਏ ਤੇ ਸਾਜ ਵਜਾਏ ਰਹੇ ਨੇ, ਸੋਗ ਦੂਖ ਹੁਣ ਕੁਝ ਵੀ ਨਹੀਂ ਵਿਆਪਦਾ, ਵਿਚੋਲੇ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੇ ਕਰਕੇ ਆਪਣੇ ਪਤੀ ਪਰਮਾਤਮਾ ਨੂੰ ਜਾਣਿਆ ਹੈ, ਗੁਰੂ ਦੇ ਸ਼ਬਦਾਂ ਦੇ ਸਦਕਾ ਅਨਹਦ ਬਾਣੀ ਜਾਣ ਲਈ ਹੈ, ਨਾਮ ਦੇ ਰਸ ਨੂੰ ਭੋਗਣ ਲਗ ਗਏ ਹਾਂ, ਸਭ ਕੁਝ ਕਰਨ ਕਾਰਨ ਦੇ ਸਮਰੱਥ ਪ੍ਰਭੂ ਆਪ ਹੀ ਆ ਕਰਕੇ ਮਿਲਿਆ ਹੈ:

ਮਨਿ ਚਾਉ ਭਇਆ
ਪ੍ਰਭ ਆਗਮੁ ਸੁਣਿਆ।।

ਹਰਿ ਮੰਗਲ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ।।
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ।।
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ।।
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ।।
ਕਹੈ ਨਾਨਕੁ ਪ੍ਰਭ ਆਪਿ ਮਿਲਿਆ ਕਰਣ ਕਾਰਣ ਜੋਗੋ।। ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ, ੯੧੭)

ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ