ਨੌਵੇਂ ਪਾਤਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਲੜੀ:1
ਲੰਮਾਂ ਸਮਾਂ ਦੁਨੀਆ ਵਿਚ ਬਾਦਸ਼ਾਹਾਂ ਦਾ ਪੁਸ਼ਤ-ਦਰ-ਪੁਸ਼ਤ ਰਾਜ ਰਿਹਾ ਹੈ।
ਜੈਸਾ ਰਾਜਾ ਤੈਸੀ ਪਰਜਾ ਦਾ ਅਖਾਣ ਸ਼ਾਇਦ ਇਸ ਲੰਮੇ ਸਮੇਂ ਦੇ ਬਾਦਸ਼ਾਹੀ ਰਾਜ ਕਰਕੇ ਹੀ ਪ੍ਰਚਲਿਤ ਹੋਇਆ ਹੈ। ਰਾਜੇ ਦਾ ਧਰਮ ਜਨਤਾ ਦਾ ਧਰਮ, ਰਾਜੇ ਦੀ ਬੋਲੀ ਜਨਤਾ ਦੀ ਬੋਲੀ ਅਤੇ ਰਾਜੇ ਦਾ ਸੱਭਿਆਚਾਰ ਜਨਤਾ ਦਾ ਸੱਭਿਆਚਾਰ ਵਰਗੀਆਂ ਗੱਲਾਂ ਪਿੱਛੇ ਰਾਜੇ ਦਾ ਡਰ, ਰਾਜੇ ਤੋਂ ਬਖ਼ਸ਼ੀਸਾਂ ਦਾ ਲਾਲਚ ਅਤੇ ਰਾਜੇ ਨੂੰ ਖੁਸ਼ ਰੱਖਣ ਦਾ ਮੋਹ ਮਨੁੱਖੀ ਮਨਾਂ ਦੀ ਹੋਣੀ ਬਣ ਚੁੱਕਿਆ ਸੀ। ਇਹ ਇਕ ਗ਼ੁਲਾਮ ਜ਼ਹਿਨੀਅਤ ਸੀ ਜਿਸ ਕਰਕੇ ਇਸ ਕਿਸਮ ਦਾ ਇਕ ਮਜ਼੍ਹਬੀ (Theocratic) ਰਾਜ ਚੱਲਦਾ ਸੀ।
ਬਾਦਸ਼ਾਹਾਂ ਵਿੱਚੋਂ ਵੀ ਕੁਝ ਅਜਿਹੇ ਬਾਦਸ਼ਾਹ ਹੋਏ ਜਿਨ੍ਹਾਂ ਨੇ ਜਨਤਾ ਨੂੰ ਧਰਮ, ਵਿਸ਼ਵਾਸ, ਬੋਲੀ, ਸੱਭਿਆਚਾਰ ਆਦਿ ਦੀ ਕਾਫੀ ਹੱਦ ਤਕ ਸੁਤੰਤਰਤਾ ਦਿੱਤੀ। ਇਸ ਪੱਖੋਂ ਸਮਰਾਟ ਅਸ਼ੋਕ, ਅਕਬਰ ਅਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਲੋਕਤੰਤਰੀ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਸਮਝਦੇ ਸਨ ਕਿ ਜਨਤਾ ਦੀਆਂ ਭਾਵਨਾਵਾਂ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਇਨ੍ਹਾਂ ਬਾਦਸ਼ਾਹਾਂ ਨੇ ਆਪਣੇ ਤੌਰ ‘ਤੇ ਗ਼ੈਰ-ਮਜ਼੍ਹਬੀ (Secular) ਰਾਜ-ਪ੍ਰਬੰਧ ਦੇਣ ਦੀ ਕੋਸ਼ਿਸ਼ ਕੀਤੀ।
ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਹਾਜ਼ਰੀ ਭਰੀ, ਗੁਰੂ-ਘਰ ਵਿਚ ਆ ਕੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਲੰਗਰ ਵਾਸਤੇ ਸੇਵਾ ਦੀ ਪੇਸ਼ਕਸ਼ ਵੀ ਕੀਤੀ। ਇਹ ਉਸ ਦੀ ਧਾਰਮਿਕ-ਸਹਿਨਸ਼ੀਲਤਾ ਦੀ ਨੀਤੀ ਸੀ।
ਪਰ ਜਹਾਂਗੀਰ ਬਾਦਸ਼ਾਹ ਪਹਿਲੀ ਤਰ੍ਹਾਂ ਦੇ ਬਾਦਸ਼ਾਹਾਂ ਵਿੱਚੋਂ ਸੀ ਜਿਹੜਾ ਚਾਹੁੰਦਾ ਸੀ ਕਿ ਲੋਕ ਉਸ ਦੇ ਮਜ਼੍ਹਬ, ਉਸ ਦੀ ਬੋਲੀ ਅਤੇ ਉਸ ਦੇ ਸੱਭਿਆਚਾਰ ਨੂੰ ਅਪਨਾਉਣ।
ਉਹ ਇਹ ਬਿਲਕੁਲ ਨਹੀਂ ਚਾਹੁੰਦਾ ਸੀ ਕਿ ਉਸ ਦੇ ਆਪਣੇ ਹੀ ਮਜ਼੍ਹਬ ਦੇ ਲੋਕ ਗੁਰੂ-ਘਰ ਦੇ ਸ਼ਰਧਾਲੂ ਬਣਨ। ਇਹੀ ਮੁੱਖ ਕਾਰਨ ਸੀ ਜਿਸ ਦੇ ਸਿੱਟੇ ਵਜੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ।
ਬਾਦਸ਼ਾਹ ਔਰੰਗਜ਼ੇਬ ਜਹਾਂਗੀਰ ਤੋਂ ਵੀ ਦੋ ਕਦਮ ਅੱਗੇ ਸੀ। ਉਹ ਉਨ੍ਹਾਂ ਬਾਦਸ਼ਾਹਾਂ ਵਿੱਚੋਂ ਸੀ ਜਿਹੜੇ ‘ਰਾਜੇ ਦਾ ਧਰਮ ਜਨਤਾ ਦਾ ਧਰਮ’ ਵਿਚ ਪੱਕੀ ਤਰ੍ਹਾਂ ਵਿਸ਼ਵਾਸ ਰੱਖਦੇ ਸਨ। ਉਸ ਦਾ ਵਿਸ਼ਵਾਸ ਸੀ ਕਿ ਜੇ ਰਾਜਾ ਮੁਸਲਮਾਨ ਹੈ ਤਾਂ ਜਨਤਾ ਨੂੰ ਚਾਹੀਦਾ ਹੈ ਕਿ ਉਹ ਸਾਰੀ ਮੁਸਲਮਾਨ ਹੋ ਜਾਵੇ। ਇਸੇ ਕੱਟੜ ਨੀਤੀ ਤਹਿਤ ਉਸ ਨੇ ਗ਼ੈਰ-ਮੁਸਲਮਾਨਾਂ ‘ਤੇ ਜਬਰ ਢਾਹੁਣੇ ਸ਼ੁਰੂ ਕਰ ਦਿੱਤੇ। ਡਾ. ਗੰਡਾ ਸਿੰਘ ਦੁਆਰਾ ਸੰਪਾਦਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਛਿਮਾਹੀ-ਪੱਤਰ ਦੀ ਪੰਜਾਬ, ਪਾਸਟ ਐਂਡ ਪਰੈਜੈਂਟ’ ਦੇ ਅਪ੍ਰੈਲ ੧੯੭੫ ਦੇ ਅੰਕ ਵਿਚ ਪ੍ਰੋ. ਅਬਦੁਲ ਮਜ਼ੀਦ ਖਾਨ ਨੇ ਆਪਣੇ ਇਕ ਲੇਖ ‘ਗੁਰੂ ਤੇਗ ਬਹਾਦਰ ਐਂਡ ਰਿਲੀਜੀਅਸ ਫਰੀਡਮ’ ਵਿਚ ਦੱਸਿਆ ਹੈ ਕਿ ਭਾਰਤ ਵਿਚ ਔਰੰਗਜ਼ੇਬ ਵੱਲੋਂ ਅਕਬਰ ਅਤੇ ਕੁਝ ਹੋਰ ਮੁਸਲਿਮ ਬਾਦਸ਼ਾਹਾਂ ਦੁਆਰਾ ਅਪਨਾਈ ਹਿੰਦੂ ਧਰਮ ਪ੍ਰਤੀ ਸਹਿਨਸ਼ੀਲਤਾ ਦੀ ਨੀਤੀ ਨੂੰ ਤਿਆਗਣ ਕਰਕੇ ਮੁਗ਼ਲ-ਰਾਜ ਦਾ ਤਖ਼ਤ ਹਿੱਲ ਗਿਆ। ਆਪ ਲਿਖਦੇ ਹਨ : At the instance of Aurangzeb, Sher Afgan Khan, The Viceroy of Kashmir started wholesale conversion to Islam of the Pun-dits living in the beautiful valley of Kashmir, Thousands of the Hindus were compelled to go over to the Muslim faith.’ ਧੱਕੇ ਨਾਲ ਧਰਮ-ਬਦਲੀ ਕਰਨ ਦੇ ਇਸ ਜਬਰ ਤੋਂ ਤੰਗ ਆ ਕੇ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਸਹਾਇਤਾ ਅਤੇ ਅਗਵਾਈ ਲਈ ਪਹੁੰਚਿਆ। ਇਸ ਵਫ਼ਦ ਨੂੰ ਇਸ ਇਤਿਹਾਸਿਕ ਸੱਚਾਈ ਦਾ ਅਹਿਸਾਸ ਸੀ ਕਿ ਗੁਰੂ ਜੀ ਦੇ ਦਾਦਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜਬਰ ਦਾ ਸ਼ਾਂਤਮਈ ਢੰਗ ਨਾਲ ਟਾਕਰਾ ਕਰਦੇ ਹੋਏ ਮਹਾਨ ਸ਼ਹੀਦੀ ਪਾ ਗਏ ਸਨ ਅਤੇ ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੁਗ਼ਲਾਂ ਦੇ ਜਬਰ ਵਿਰੁੱਧ ਲੜਦਿਆਂ ਲੜਾਈਆਂ ਲੜੀਆਂ ਸਨ। ਜਬਰ ਦਾ ਵਿਰੋਧ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਾਬਰ ਅਤੇ ਉਸ ਦੀ ਫੌਜ ਨੂੰ ‘ਪਾਪ ਕੀ ਜੰਞ’ ਕਹਿਣ ਨਾਲ ਜੀ ਸ਼ੁਰੂ ਹੋ ਚੁੱਕਾ ਸੀ। ਇਸ ਤਰ੍ਹਾਂ ਇਸ ਇਤਿਹਾਸਿਕ ਅਮੀਰ ਪਰੰਪਰਾ ਦੀ ਉਸੇ ਲੜੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਅਤੇ ਵਿਸ਼ਵਾਸ ਦੀ ਅਜ਼ਾਦੀ ਦੀ ਰੱਖਿਆ ਲਈ ਕੁਰਬਾਨੀ ਦੇਣ ਲਈ ਤਿਆਰ ਹੋ ਗਏ। ਗੁਰੂ ਜੀ ਦੀ ਰਚੀ ਬਾਣੀ ਵਿੱਚੋਂ ਵੀ ਉਨ੍ਹਾਂ ਦੀ ਨਿਰਭੈਤਾ ਦੇ ਦਰਸ਼ਨ ਹੁੰਦੇ ਹਨ। ਉਹ ਨਾ ਕਿਸੇ ਨੂੰ ਡਰਾਉਣ ਅਤੇ ਨਾ ਹੀ ਕਿਸੇ ਤੋਂ ਡਰਨ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਣ ਵਾਲੇ ਸਨ। ਆਪ ਜੀ ਦਾ ਪਵਿੱਤਰ ਫੁਰਮਾਨ ਹੈ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
( ਅੰਗ ੧੪੨੭)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਦਾ ਬਿਆਨ ਕਰਦਿਆਂ ਇਸ ਤਰ੍ਹਾਂ ਫੁਰਮਾਇਆ ਹੈ:
-ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।। ਕੀਨੋ ਬਡੋ ਕਲੂ ਮਹਿ ਸਾਕਾ।।
– ਸਾਧਨ ਹੇਤਿ ਇਤੀ ਜਿਨਿ ਕਰੀ।। ਸੀਸੁ ਦੀਯਾ ਪਰੁ ਸੀ ਨ ਉਚਰੀ।।
ਧਰਮ ਹੇਤ ਸਾਕਾ ਜਿਨਿ ਕੀਆ।।ਸੀਸੁ ਦੀਆ ਪਰੁ ਸਿਰਰੁ ਨ ਦੀਆ॥
– ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਯਾ ਪਯਾਨ।।
ਤੇਗ ਬਹਾਦੁਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ ।।
ਤੇਗ ਬਹਾਦੁਰ ਕੇ ਚਲਤ ਭਯੋ ਜਗਤ ਕੋ ਸੋਕ।।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕਿ ।।
(ਬਚਿੱਤ੍ਰ ਨਾਟਕ)
ਤਿਲਕ ਅਤੇ ਜਨੇਊ ਦੇ ਰਾਖੇ ਤੋਂ ਭਾਵ ਧਰਮ ਅਤੇ ਵਿਸ਼ਵਾਸ ਦੇ ਰੱਖਿਅਕ ਤੋਂ ਹੈ। ਕਿਉਂਕਿ ਉਸ ਸਮੇਂ ਇਹ ਚੀਜ਼ਾਂ ਲੁਹਾਈਆਂ ਜਾ ਰਹੀਆਂ ਸਨ, ਇਸ ਕਰਕੇ ਇਨ੍ਹਾਂ ਦਾ ਜ਼ਿਕਰ ਹੋਇਆ ਹੈ। ਜੇਕਰ ਕੋਈ ਹੋਰ ਧਾਰਮਿਕ ਚਿੰਨ੍ਹ ਜਾਂ ਵਿਸ਼ਵਾਸ ਦੇ ਚਿੰਨ੍ਹ ਕਿਤੇ ਜਬਰੀ ਲੁਹਾਏ ਜਾਂਦੇ ਤਾਂ ਧਰਮ ਦੇ ਰੱਖਿਅਕ ਉਨ੍ਹਾਂ ਦੀ ਵੀ ਰੱਖਿਆ ਕਰਦੇ। ‘ਧਰਮ’ ਸ਼ਬਦ ਬਹੁਤ ਹੀ ਵਿਸ਼ਾਲਤਾ ਵਾਲਾ ਸ਼ਬਦ ਹੈ। ਇਹ ਸ਼ਬਦ ਆਪਣੇ-ਆਪ ਵਿਚ ਹੀ ਸੱਚ, ਨਿਆਂ, ਅਜ਼ਾਦੀ, ਬਰਾਬਰੀ, ਮਾਨਵਵਾਦ, ਇਨਸਾਨੀਅਤ ਜਿਹੇ ਮਹਾਨ ਗੁਣਾਂ ਨੂੰ ਸਮੋਈ ਬੈਠਾ ਹੈ। ਜਿੱਥੇ ਧਰਮ ਹੈ, ਉੱਥੇ ਜਬਰ ਹੋ ਹੀ ਨਹੀਂ ਸਕਦਾ। ਜੇਕਰ ਔਰੰਗਜ਼ੇਬ ਬਾਦਸ਼ਾਹ ਸਹੀ ਅਰਥਾਂ ਵਿਚ ਇਸਲਾਮ ਨੂੰ ਸਮਝਦਾ ਹੁੰਦਾ ਤਾਂ ਉਹ ਕਦੇ ਵੀ ਅਜਿਹੇ ਜ਼ੁਲਮ ਨਹੀਂ ਕਰ ਸਕਦਾ ਸੀ। ਦੁਨੀਆ ਦੇ ਸਾਰੇ ਧਰਮ ਗ੍ਰੰਥ ਸੱਚ ਅਤੇ ਮਾਨਵਤਾ ਦਾ ਪਾਠ ਪੜਾਉਂਦੇ ਹਨ। ਧਰਮ ਤਾਂ ਪ੍ਰੇਮ ਨਾਲ ਭਰਪੂਰ ਹੁੰਦਾ ਹੈ। ਧਰਮ ਦਾ ਨਫ਼ਰਤ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ ਹੁੰਦਾ। ਔਰੰਗਜ਼ੇਬ ਨੂੰ ਲਿਖੇ ਪੱਤਰ ‘ਜ਼ਫ਼ਰਨਾਮਾ’ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬੜਾ ਸਪਸ਼ਟ ਲਿਖਿਆ ਹੈ:
ਨਾ ਈਮਾਂ ਪਰਸਤੀ ਨ ਅਉਜ਼ਾਇ ਦੀਂ।
ਨ ਸਾਹਿਬ ਸ਼ਨਾਸੀ ਨ ਮੁਹੱਮਦ ਯਕੀਂ ॥੪੬॥
‘ਔਰੰਗਜ਼ੇਬ! ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈਂ ਤੇ ਨਾ ਹੀ ਤੂੰ ਸ਼ਰ੍ਹਾ-ਸ਼ਰੀਅਤ ਦਾ ਪਾਬੰਦ ਹੈ। ਨਾ ਤੈਨੂੰ ਪਰਮਾਤਮਾ ਦੀ ਪਛਾਣ ਹੈ ਅਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਸਾਹਿਬ ਉੱਤੇ ਹੀ ਭਰੋਸਾ ਹੈ। ਇਸ ਪੱਤਰ ਵਿਚ ਥਾਂ-ਥਾਂ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਨੂੰ ਪਵਿੱਤਰ ਕੁਰਾਨ ਦੀਆਂ ਕਸਮਾਂ ਤੋੜਨ ਵਾਲਾ ਅਤੇ ਧੋਖੇਬਾਜ਼ ਲਿਖਿਆ ਹੈ। ਉਸ ਨੂੰ ਸੱਚੇ ਧਰਮ ਤੋਂ ਦੂਰ ਦੱਸਿਆ ਹੈ।
ਔਰੰਗਜ਼ੇਬ ਬਾਦਸ਼ਾਹ ਦੀ ਨੀਤੀ ਕੱਟੜਤਾ ਵਾਲੀ ਅਤੇ ਦੂਜਿਆਂ ਨੂੰ ਆਪਣਾ ਗ਼ੁਲਾਮ ਬਣਾ ਕੇ ਰੱਖਣ ਵਾਲੀ ਸੀ । ਇਹ ਨੀਤੀ ਬੁਨਿਆਦੀ ਤੌਰ ‘ਤੇ ਹੀ ਧਰਮ ਅਤੇ ਵਿਸ਼ਵਾਸ ਦੀ ਅਜ਼ਾਦੀ ਦੇ ਵਿਰੁੱਧ ਸੀ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸ ਨੀਤੀ ਦਾ ਵਿਰੋਧ ਸੁਭਾਵਿਕ ਹੀ ਸੀ ਅਤੇ ਆਪ ਜੀ ਨੇ ਇਸ ਜਬਰ ਭਰੀ ਨੀਤੀ ਦਾ ਵਿਰੋਧ ਕਰਦੇ ਹੋਏ ਦ੍ਰਿੜ੍ਹਤਾ ਅਤੇ ਸਿਰੜ ਨੂੰ ਕਾਇਮ ਰੱਖਦੇ ਹੋਏ ਧਰਮ ਦੀ ਰੱਖਿਆ ਲਈ ਆਪਣਾ ਸੀਸ ਦੇ ਦਿੱਤਾ। ਔਰੰਗਜ਼ੇਬ ਦੀ ਕਠੋਰ ਨੀਤੀ ਅੱਗੇ ਉਹ ਬਿਲਕੁਲ ਨਹੀਂ ਝੁਕੇ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਨਾਲ
ਗਏ ਗੁਰਸਿੱਖਾਂ ਨੂੰ ਉਨ੍ਹਾਂ ਦੇ ਸਾਹਮਣੇ ਬੇਦਰਦੀ ਨਾਲ ਸ਼ਹੀਦ ਕੀਤਾ ਗਿਆ। ਜਿੰਨੀ ਬੇਦਰਦੀ ਨਾਲ ਇਨ੍ਹਾਂ ਗੁਰਸਿੱਖਾਂ ਨੂੰ ਇਹ ਸਜ਼ਾਵਾਂ ਦਿੱਤੀਆਂ ਗਈਆਂ, ਓਨੀ ਬੇਦਰਦੀ ਤਾਂ ਸ਼ਾਇਦ ਸ਼ੈਤਾਨ ਵੀ ਨਾ ਕਰ ਸਕਦਾ। ਏਨੇ ਤਸੀਹੇ ਦੇਣ ਦੇ ਹੁਕਮ ਕਰਨ ਵਾਲਾ ਬਾਦਸ਼ਾਹ ਔਰੰਗਜ਼ੇਬ ਖੁਦ ਕਿਵੇਂ ਧਰਮ ਦਾ ਪੱਕਾ ਕਹਾ ਸਕਦਾ ਹੈ? ਕਿਵੇਂ ਉਸ ਨੂੰ ਪਵਿੱਤਰ ਕੁਰਾਨ ਦੀ ਸਿੱਖਿਆ ‘ਤੇ ਚੱਲਣ ਵਾਲਾ ਮੰਨਿਆ ਜਾ ਸਕਦਾ ਹੈ? ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਫਿਰ ਵੀ ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ’ ਵਿਚ ਸਹੀ ਰਸਤੇ ‘ਤੇ ਆਉਣ ਦਾ ਸੰਦੇਸ਼ ਦਿੰਦੇ ਹਨ। ਉਸ ਨੂੰ ਸੱਚ, ਨਿਆਂ, ਈਮਾਨ ਅਤੇ ਧਰਮ ‘ਤੇ ਚੱਲਣ ਲਈ ਕਹਿੰਦੇ ਹਨ। ਉਸ ਨੂੰ ਇਸਲਾਮ ਦੇ ਸਹੀ ਨਿਯਮ ਸਮਝਾਉਂਦੇ ਹਨ। ਉਸ ਨੂੰ ਅੱਲ੍ਹਾ ਦੇ ਰਹਿਮ ਦੇ ਗੁਣ ਦੱਸਦੇ ਹਨ।
ਸੱਚ ਅਤੇ ਧਰਮ ਲਈ ਸਿਰ ਦੇਣ ਦੀ ਗੱਲ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਖੁਦ ਹੀ ਲਿਖ ਗਏ ਸਨ। ਸੱਚ ਅਤੇ ਧਰਮ ਦੀ ਅਜ਼ਾਦੀ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸ਼ਬਦਾਂ ਨੂੰ ਅਮਲੀ ਰੂਪ ਦੇ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਫੁਰਮਾਨ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ ੧੪੧੨)
ਪ੍ਰੋ. ਅਬਦੁਲ ਮਜੀਦ ਖਾਨ ਨੇ ਬੜੇ ਹੀ ਸੁੰਦਰ ਸ਼ਬਦਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਧਾਰਮਿਕ ਅਜ਼ਾਦੀ ਦੀ ਰੱਖਿਆ ਲਈ ਮਹਾਨ ਸ਼ਹਾਦਤ ਦੱਸਦੇ ਹੋਏ ਲਿਖਿਆ ਹੈ:
‘Guru Tegh Bahadur the ninth Master, is one of the greatest world martyr like Socrates, Jesus and Hussain. He stood up for religious freedom and for promoting the spirit of republicanism in religion.”
(Article ‘Guru Tegh Bahadur And Religious Freedom)
ਸੱਚਮੁਚ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਅਜ਼ਾਦੀ, ਵਿਸ਼ਵਾਸ ਦੀ ਅਜ਼ਾਦੀ, ਜੀਣ ਦੀ ਅਜ਼ਾਦੀ, ਸੱਭਿਆਚਾਰ ਦੀ ਅਜ਼ਾਦੀ, ਭਾਸ਼ਾ ਅਤੇ ਵਿਚਾਰਾਂ ਦੀ ਅਜ਼ਾਦੀ ਅਤੇ ਰਹਿਣ-ਸਹਿਣ ਦੀ ਅਜ਼ਾਦੀ ਦੀ ਰੱਖਿਆ ਖ਼ਾਤਰ ਮਹਾਨ ਕੁਰਬਾਨੀ ਦਿੱਤੀ। ਅਜ਼ਾਦੀ ਦੀਆਂ ਇਨ੍ਹਾਂ ਮਹਾਨ ਕਦਰਾਂ-ਕੀਮਤਾਂ ਦੀਆਂ ਨੀਹਾਂ ਨੂੰ ਪੱਕਾ ਕਰਨ ਵਿਚ ਗੁਰੂ ਜੀ ਅਤੇ ਉਨ੍ਹਾਂ ਦੇ ਮਹਾਨ ਗੁਰਸਿੱਖਾਂ ਨੇ ਸ਼ਹਾਦਤ ਦੇ ਕੇ ਮਹਾਨ ਯੋਗਦਾਨ ਪਾਇਆ। ਆਧੁਨਿਕ ਯੁੱਗ ਵਿਚ ਅਜ਼ਾਦੀ ਦੀਆਂ ਇਨ੍ਹਾਂ ਭਾਵਨਾਵਾਂ ਦੀ ਕੀਮਤ ਹੋਰ ਵੀ ਵਧ ਚੁੱਕੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹਾਦਤ ਲਈ ਮਨੁੱਖਤਾ ਉਨ੍ਹਾਂ ਦੀ ਸਦਾ ਲਈ ਰਿਣੀ ਰਹੇਗੀ।
-ਸ. ਸੁਖਦੇਵ ਸਿੰਘ ਸ਼ਾਂਤ
