ਰਾਗ ਇਕ ਵਿਦ੍ਯਾ ਹੈ, ਰਾਗ ਇਕ ਗੁਣ ਤੇ ਹੁਨਰ ਹੈ, ਜਿਸ ਨਾਲ ਦਿਲ ਵਲਵਲੇ ਦੇ ਦੇਸ਼ ਜਾਂਦਾ ਹੈ। ਰਾਗ ਇਕ ਬੋਲੀ ਹੈ ਜੋ ਕਵਿਤਾ ਤੋਂ ਬੀ ਸੂਖਮ ਹੈ, ਰਾਗ ਇਕ ਚਿੱਤ੍ਰਕਾਰੀ ਹੈ ਜੋ ਪੱਥਰ ਦੀ ਸ਼ਿਲਪਕਾਰੀ ਤੇ ਰੰਗ ਦੀ ਮੁਸੱਵਰੀ ਤੋਂ ਬਰੀਕ ਹੈ। ਰਾਗ ਜਦ ਕੋਈ ਗਾਉਂਦਾ ਹੈ ਮਨ ਉਸ ਦੇ ਮਗਰ ਜਾਂਦਾ ਹੈ। ਰਾਗ ਜਿਸ ਵਿਚ ਕੋਈ ਕਵਿਤਾ, ਗੀਤ, ਨਹੀਂ ਗਾਵਿਆਂ ਜਾਂਦਾ, ਪਰ ਨਿਰਾ ਰਾਗ ਹੀ ਆਪਣੇ ਆਪ ਵਿਚ ਗਾਂਵਿਆ ਜਾਂ ਬਜਾਇਆ ਜਾਵੇ ਉਹ ਇਕ ਬੋਲੀ ਹੈ, ਇਕ ਅਗੁਵਾਨੀ ਹੈ, ਇਕ ਮੋਹਿਤਾ ਹੈ, ਜੋ ਅਪਣੀ ਪੈਂਚ ਨਾਲ ਮਨਾਂ ਨੂੰ ਕਿਸੇ ਰਸ ਦੇਸ ਵਿਚ ਲੈ ਜਾਂਦੀ ਹੈ। ਜਿਨ੍ਹਾਂ ਭਾਵਾਂ ਵਿਚ ਮਨ ਐਉਂ ਚਲਾ ਜਾਂਦਾ ਹੈ, ਓਹ ਅਕਸਰ ਸਾਡੀ ਸਮਝ ਵਿਚ ਪਏ ਤੋਂ ਬਿਨਾਂ ਸਾਨੂੰ ਆਪਣੇ ਵਿਚ ਖਿੱਚ ਲੈ ਜਾਂਦੇ ਹਨ।
ਕੋਈ ਡਾਢਾ ਸੁਰਤ ਦਾ ਜੋੜਣਹਾਰ ਸਮਝਦਾ ਹੈ ਕਿ ਕਿਹੜਾ ਰਾਗ, ਕੀਹ ਵਲਵਲਾ ਕੀਹ ਭਾਵ ਉਪਜਾ ਰਿਹਾ ਹੈ। ਅਕਸਰ ਗਵੱਯੇ ਤੇ ਗੁਣੀ ਜਨ ਰਾਗਾਂ ਦੇ ਨਾਵਾਂ, ਪਰਸਪਰ ਫਰਕਾਂ, ਸੁਰਾਂ ਸੁਰਤੀਆਂ, ਮੂਰਛਨਾ, ਤਾਲਾਂ ਆਦਿ ਦੇ ਯਾਤਾ ਤੇ ਉਸਤਾਦ ਹੁੰਦੇ ਹਨ, ਪਰ ਕਿਹੜਾ ਰਾਗ ਕੀਹ ਤਾਸੀਰ ਪੈਦਾ ਕਰ ਰਿਹਾ ਹੈ? ਕਿਹੜੇ ਵਲਵਲੇ ਨੂੰ ਛੇੜ ਰਿਹਾ ਹੈ? ਇਨ੍ਹਾਂ ਗੱਲਾਂ ਦਾ ਮਾਹਿਰ, ਹਾਂ ਤਾਸੀਰ ਨੂੰ ਸਮਝਣਹਾਰ, ਵਿਰਲਾ ਕਿਤੇ ਕੋਈ ਰਸਿਕ ਹੁੰਦਾ ਹੈ। ਗੁਰੂ ਨਾਨਕ ਦੇਵ ਇਸ ਭੇਤ ਦਾ ਜਾਣੂ ਹੈ, ਉਸ ਨੇ ਰਾਗ ਦੀ ਇਸ ਤਾਸੀਰ ਵਾਲੇ ਗੁਣ ਨੂੰ ਲਿਆ ਹੈ ਤੇ ਆਤਮ ਰੰਗ ਉਪਜਾਉਣ ਲਈ ਰਾਗ ਵਰਤਿਆ ਹੈ। ਫਿਰ ਸਾਡੇ ਸੁਖੱਲ ਲਈ ਇਹ ਕੀਤਾ ਹੈ ਕਿ ਪਰਮੇਸ਼ੁਰ ਦੇ ਜਸ ਦੇ ਸ਼ਬਦ ਰਚੇ ਹਨ, ਮਨ ਨੂੰ ਮਾਯਾ ਤੋਂ ਉਪਰਾਮ
ਕਰਨ ਤੇ ਵਿਕਾਰਾਂ ਤੋਂ ਉਦਾਸ ਕਰਨ ਦੇ, ਆਪੇ ਨੂੰ ਆਪੇ ਵਿਚ ਜਗਾ ਦੇਣ ਦੇ, ਵਾਹਿਗੁਰੂ ਦੇ ਪਿਆਰ ਵਿਚ ਝੁਮਾ ਦੇਣ ਦੇ ਐਸੇ ਵਲਵਲੇ ਤੇ ਭਾਵ ਉਪਜਾਣ ਵਾਲੇ ਸ਼ਬਦ ਕਹੇ ਹਨ ਕਿ ਸੁਣੋ ਤਾਂ ਉੱਚੀ ਰੌ ਦੀ ਜਾਨ ਪੈ ਜਾਵੇ। ਸ਼ਬਦਾਂ ਨੂੰ ਉਨ੍ਹਾਂ ਦੇ ਅਨੁਕੂਲ ਭਾਵ ਪੈਦਾ ਕਰਨ ਵਾਲੇ ਰਾਗਾਂ ਵਿਚ ਪਾਕੇ ਗਾਉਣ ਦੇ ਆਪ ਉਸਤਾਦ ਹਨ। ਸੋ ਉਹ ਰਾਗ ਜਿਸ ਵਿਚ ਦਾਤੇ ਨੇ ਵਾਹਿਗੁਰੂ ਦਾ ਜਸ ਤੇ ਉੱਚੇ ਵਲਵਲਿਆਂ ਦੇ ਭਾਵ ਗਾਇਨ ਕੀਤੇ ਹਨ ਉਹ ਕੀਰਤਨ ਹੈ, ਤੇ ਨਿਰਾ ਰਾਗ ਰਾਗ ਹੈ, ਤੇ ਵਿਕਾਰਾਂ ਦੇ ਭਾਵਾਂ ਨੂੰ ਉਦੀਪਨ ਕਰਨ ਵਾਲੇ ਬੋਲਾਂ ਵਾਲਾ ਰਾਗ, ਰਾਗ ਜੈਸੀ ਉੱਚੀ ਸ਼ੈ ਦਾ ਨੀਵਾਂ ਵਰਤਾਉ ਹੈ।
ਕੀਰਤਨ ਮਸਤ:
‘ਕੀਰਤਨ-ਮਸਤ’ ਦਾ ਮਤਲਬ ਇਹ ਸੀ ਕਿ ਨਿਰੰਕਾਰ ਦੀ ਸਿਫ਼ਤ ਸਾਲਾਹ ਵਾਲੇ ਸ਼ਬਦਾਂ ਤੇ ਭਾਵਾਂ ਨਾਲ ਭਰਿਆ ਰਾਗ ਸੁਰਤ ਨੂੰ ਜਗਤ ਤੋਂ ਉੱਚਾ ਕਰਕੇ ਆਪੇ ਵਿਚ ਟਿਕਾ ਦਿੰਦਾ ਹੈ ਤੇ ਵਾਹਿਗੁਰੂ ਦੇ ਪਿਆਰ ਵਿਚ ਮਗਨ ਕਰ ਦਿੰਦਾ ਹੈ।
ਰਾਗ ਮਸਤ:
ਨਿਰਾ ਰਾਗ ਉਸ ਵਲਵਲੇ ਵਿਚ ਮਦਹੋਸ਼ ਕਰ ਦਿੰਦਾ ਹੈ ਕਿ ਜਿਸ ਵਲਵਲੇ ਦੀ ਤਾਸੀਰ ਉਸ ਰਾਗ ਵਿਚ ਹੁੰਦੀ ਹੈ। ਜੇ ਉਹ ਭੀ ਵੈਰਾਗ ਆਦਿ ਉਪਜਾਉਂਦਾ ਹੈ ਤਾਂ ਚੰਗਾ ਹੈ, ਪਰ ਵਜੰਤ੍ਰੀ ਤੇ ਗਵੱਯੇ ਲੋਕ ਅਕਸਰ ਉਸ ਦਾ ਵੇਗ ਸਰੀਰਕ ਭਾਵਾਂ ਵਲ ਪਾਉਂਦੇ ਹਨ। ਸੋ ਜਦ ਨਿਰੰਕਾਰ ਦੇ ਕੀਰਤਨ ਤੋਂ ਵਿਰਵੇ ਹੋ ਕੇ, ਰਾਗ ਦੀਆਂ ਉੱਤਮ ਤਾਸੀਰਾਂ, ਪ੍ਰੇਮ, ਉਤਸ਼ਾਹ, ਵੈਰਾਗ ਆਦਿ ਤੋਂ ਬੇਪਰਵਾਹ ਹੋਕੇ ਐਵੇਂ ਰਾਗ ਸੁਣੋ ਤੇ ਸੁਰਤ ਨੂੰ ਮਗਰੇ ਛੱਡ ਦਿਓ ਤਾਂ ਸੁਰਤ ਬੇਮਲੂਮ ਕਿਸੇ ਉਸ ਵਲਵਲੇ ਵਿਚ ਮਗਨ ਹੋ ਜਾਏਗੀ ਕਿ ਜਿਸ ਵਲ ਵਜੰਤ੍ਰੀ (ਜਾਣੇ ਚਾਹੋ ਅਨਜਾਣੇ) ਸਾਨੂੰ ਲਿਜਾ ਰਿਹਾ ਹੈ।
ਮਰਦਾਨਾ- ਮੈਂ ਰਾਗ ਦੀ ਆਪਣੀ ਤਾਸੀਰ ਨੂੰ ਪਰਖਣ ਵਲ ਨਾ ਪਿਆ ਕਿ ਇਹ ਕਿਸ ਵਲਵਲੇ ਦੀ ਤਾਸੀਰ ਵਾਲਾ ਹੈ, ਰਾਗ ਦੀ ਉੱਤਮਤਾ ਤੇ ਤੀਖਣਤਾ ਤੇ ਰਾਗ ਕਰਨ ਵਾਲੇ ਦੀ ਕਾਰੀਗਰੀ ਦੀ ਮਹਿਮਾ ਦੇ ਭਾਵ ਵਿਚ ਆਕੇ ‘ਰਾਗ-ਮਸਤ’ {1}ਹੋ ਗਿਆ, ਉਸ ਵੇਲੇ ਉਸ ਜਾਦੂਗਰ (ਨੂਰ ਸ਼ਾਹ) ਨੇ ਉਹ ਕਰਤੱਬ ਵਰਤਿਆ ਜਿਸ ਨਾਲ ਇਕ ਆਦਮੀ ਦੂਸਰੇ ਦੀ ਮਰਜ਼ੀ ਤੇ ਕਾਬੂ ਪਾਕੇ ਉਸਦੀ ਮਰਜ਼ੀ ਤੇ ਖਿਆਲ ਨੂੰ ਆਪਣੀ ਮਰਜ਼ੀ ਦੇ ਵੱਸ ਵਿਚ ਕਰ ਲੈਂਦਾ ਹੈ। ਉਹ ਮੂਰਖਾਂ ਨੂੰ ਤਾਂ ਤਾਕਤ ਤੇ ਕਰਾਮਾਤ ਭਾਸਦੀ ਹੈ, ਪਰ ਕਰਨ ਵਾਲੇ ਲੋਕ ਇਸਤੋਂ ਸਾਰਥ ਸਿੱਧੀਆਂ ਦਾ ਕੰਮ ਲੈਂਦੇ ਹਨ, ਇਹ ਇਕ ਪ੍ਰਕਾਰ ਦਾ ਕ੍ਰਿਸ਼ਨ ਜੋਗ’। ਹੈ ਤੇ ਇਸਦਾ ਨੀਵਾਂ ਵਰਤਾਉ ਚੰਗਾ ਨਹੀਂ ਹੈ।
ਤਾਂਤ੍ਰਿਕ ਕਰਤਬ ਤੇ ਸ਼ਾਕਤਕਾਂ ਦੇ ਕਾਰਨਾਮੇ ਕਲ੍ਯਾਣ ਦੇ ਰਸਤੇ ਦੇ ਸਹਾਇਕ ਨਹੀਂ, ਕਿਉਂਕਿ ਉਹਨਾਂ ਦਾ ਅਕਸਰ ਵਰਤਾਉ ਤਾਂ ਵਾਸ਼ਨਾ ਤ੍ਰਿਸ਼ਨਾ ਦੇ ਪੂਰੇ ਕਰਨ ਵਲ ਤੇ ਸ਼ਰੀਰਕ ਲੋੜਾਂ ਤੇ ਸੁਆਦਾਂ ਨੂੰ ਵਧਾਉਣ ਤੇ ਪਦਾਰਥਾਂ ਦੇ ਜਮ੍ਹਾਂ ਕਰਾ ਦੇਣ ਵਾਲਾ ਹੈ, ਸੋ ਉਹ ਤਾਂ ਮਾਯਾ ਵੱਲ ਲੈ ਜਾ ਰਿਹਾ ਹੈ, ਸਗੋਂ ਆਤਮਾ ਵਲੋਂ ਵਧੇਰੇ ਪਿੱਠ ਕਰਾ ਰਿਹਾ ਹੈ।
(ਗੁ: ਨਾ: ਚ: ਭਾਗ 1, ਅਧਿ-35)
{1}ਇਸ਼ਾਰਾ ਉਸ ਰਾਗ ਵਲ ਹੈ ਜੋ ਨੂਰਸ਼ਾਹ ਨੇ ਵਰਤਿਆ ਸੀ। ਪੜ੍ਹੋ “ਨੂਰ ਸ਼ਾਹ ਨਿਸਤਾਰਾ” ਨਾਮ ਦਾ ਪ੍ਰਸੰਗ ਨੰ: 30-ਗੁ. ਨਾ. ਚ.-1 -ਸੰਪਾਦਕ
(ਪੁਸਤਕ ਅਮਰ ਲੇਖ ਭਾਗ 3 ਵਿਚੋਂ।)
ਭਾਈ ਸਾਹਿਬ ਭਾਈ ਵੀਰ ਸਿੰਘ ਜੀ
