ਪਰਿਵਰਤਨ ਸਮਾਜ ਦਾ ਨਿਯਮ ਹੈ। ਅੱਜ ਅਕਸਰ ਕਹਿ ਲਿਆ ਜਾਂਦਾ ਹੈ ਕਿ ਮਨੁੱਖ ਤਰੱਕੀ ਕਰ ਰਿਹਾ ਹੈ, ਆਧੁਨਿਕ ਹੋ ਰਿਹਾ ਹੈ ਪਰ ਪਰਿਵਰਤਨ ਦੀ ਇਹ ਦਿਸ਼ਾ ਨਿਰੋਲ ਪਦਾਰਥਕ ਹੈ, ਮਾਨਸਿਕ ਨਹੀਂ। ਜਦੋਂ ਅਸੀਂ ਤਰੱਕੀ ਦੀ ਦਿਸ਼ਾ ਬਾਰੇ ਗੱਲ ਕਰਦੇ ਹਾਂ ਤਾਂ ਇਸ ਸੰਬੰਧੀ ਸਮੁੱਚੀਆਂ ਉਦਾਹਰਣਾਂ ਨਿਰੋਲ ਪਦਾਰਥਕ ਤਰੱਕੀ ਦੀਆਂ ਉਦਾਹਰਣਾਂ ਹਨ, ਜਿਵੇਂ ਤਰੱਕੀ ਨੂੰ ਅਸੀਂ ਵਿਅਕਤੀ ਦੇ ਪੁਲਾੜ ਵੱਲ ਪੁਲਾਂਘਾਂ ਪੁੱਟਣ, ਦੁਨੀਆਂ ਦੇ ਸਿਮਟ ਕੇ ਛੋਟੀ ਹੋ ਜਾਣ, ਫੈਸ਼ਨ ਦੀ ਵਿਭਿੰਨਤਾ, ਨਿਤਾ-ਪ੍ਰਤੀ ਦੇ ਜੀਵਨ ਵਿਚ ਹੋਟਲਾਂ-ਕਲੱਬਾਂ ਦਾ ਵਾਧਾ, ਫਾਸਟ ਫੂਡ, ਵਧੇਰੇ ਖਰਚ, ਸੂਖ਼ਮ, ਸੁਧਰੀ ਭਾਸ਼ਾ ਦੇ ਪ੍ਰਯੋਗ ਨਾਲ ਜੋੜ ਕੇ ਦੇਖਦੇ ਹਾਂ। ਪਰ ਇਸ ਸਮੁੱਚੀ ਵਿਕਾਸ-ਦਰ ਦਾ ਸੰਬੰਧ ਬਾਹਰੀ ਤਰੱਕੀ ਭਾਵ ਪਦਾਰਥਕ ਉੱਨਤੀ ਨਾਲ ਹੈ। ਇਸ ਨੂੰ ਵਿਕਾਸ ਮੰਨਿਆ ਜਾ ਸਕਦਾ ਹੈ ਪਰ ਇਸ ਵਿਕਾਸ ਦੇ ਪਿੱਛੇ ਮਨੁੱਖੀ ਮਾਨਸਿਕ ਦਸ਼ਾ ਜਾਂ ਦਿਸ਼ਾ ਇਕ ਅਜਿਹਾ ਸਵਾਲ ਹੈ ਜਿਸ ਦੇ ਰਾਹੀਂ ਵਿਕਾਸ ਦੀ ਦਿਸ਼ਾ ਨੂੰ ਦੇਖਣਾ ਜ਼ਰੂਰੀ ਹੋ ਜਾਂਦਾ ਹੈ।
ਭਾਰਤੀ ਫਿਲਾਸਫ਼ੀ ਦਾ ਮੂਲ ਮੁੱਦਾ ਪਦਾਰਥਕ ਵਿਕਾਸ ਨਾਲੋਂ ਮਾਨਸਿਕ ਵਿਕਾਸ ਹੀ ਰਿਹਾ ਹੈ। ਭਾਵੇਂ ਸਾਡੀ ਪਦਾਰਥਕ ਵਿਕਾਸ ਦੀ ਦਿਸ਼ਾ ਪੱਛਮੀ ਵਿਕਾਸ ਦੀ ਦਿਸ਼ਾ ਉੱਤੇ ਆਧਾਰਿਤ ਹੈ ਜਿਸ ਵਿਚ ਮਾਨਸਿਕ ਵਿਕਾਸ ਦਾ ਆਧਾਰ ਸੁਖ-ਸੁਵਿਧਾਵਾਂ ਤੇ ਮਾਨਵੀ ਹੱਕ ਹਨ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਜਿਸ ਪੱਛਮੀ ਵਿਕਾਸ ਦੇ ਤਹਿਤ ਆਪਣੇ ਵਿਕਾਸ ਨੂੰ ਮਾਪਦੇ ਹਾਂ, ਉਸ ਸਭਿਅਤਾ ਵਿਚ ਸਮਾਜਿਕਤਾ/ਨੈਤਿਕਤਾ ਦੀ ਕੀ ਦਿਸ਼ਾ ਹੈ। ਉਸ ਸਮਾਜ ਵਿਚ ਜੇ ਅਸੀਂ ਮਨੁੱਖ ਨੂੰ ਸੰਪੂਰਨ ਸੁਵਿਧਾਵਾਂ ਪ੍ਰਾਪਤ ਹੋਣ ਵਜੋਂ ਦੇਖਦੇ ਹਾਂ ਤਾਂ ਇਹ ਕੋਈ ਅਤਿਕਥਨੀ ਨਹੀਂ। ਪਰ ਉਨ੍ਹਾਂ ਵਿੱਚੋਂ ਜੀਵਨ ਦਾ ਮਾਨਸਿਕ ਅਨੰਦ ਤੇ ਆਤਮਿਕਤਾ ਦਾ ਜਲੌਅ ਕਿਧਰੇ ਅਲੋਪ ਹੈ। ਇਸ ਦਾ ਸੰਕੇਤ ਲੁਕੇ-ਛਿਪੇ ਤੱਥਾਂ ਤੋਂ ਮਿਲਦਾ ਹੈ ਕਿ ੮੦% ਵਿਅਕਤੀ ਤਨਾਅ ਦਾ ਸ਼ਿਕਾਰ ਹੋਣ ਕਰ ਕੇ ਤਨਾਉ-ਮੁਕਤ ਦਵਾਈਆਂ ਦੇ ਸੇਵਨ ‘ਤੇ ਆਧਾਰਿਤ ਹਨ। ਇਹ ਤੱਥ ਸਾਡੇ ਅੱਗੇ ਇਹ ਪ੍ਰਸ਼ਨ ਵੀ ਖੜ੍ਹਾ ਕਰ ਦਿੰਦੇ ਹਨ ਕਿ ਟੁੱਟਦੀ ਸਮਾਜਿਕਤਾ ਵਾਲੇ ਉਸ ਸਮਾਜ ਵਿਚ ਤਨਾਅ ਦਾ ਕਾਰਨ ਕਿਤੇ ਘੱਟਦੀ ਮਾਨਸਿਕਤਾ ਤਾਂ ਨਹੀਂ?
ਹਮੇਸ਼ਾਂ ਤੋਂ ਚਲੀ ਆਉਂਦੀ ਸੱਚਾਈ ਕਿ ਪਦਾਰਥਕ ਉੱਨਤੀ ਤੇਜ਼ੀ ਨਾਲ ਵਾਪਰਦੀ ਹੈ ਤੇ ਮਾਨਸਿਕ ਵਿਕਾਸ ਦੀ ਗਤੀ ਹੌਲੀ ਹੋਣ ਕਰ ਕੇ ਇਹ ਵਿਕਾਸ ਪਿੱਛੇ ਰਹਿ ਜਾਂਦਾ ਹੈ। ਪਿੱਛੇ ਰਹਿਣ ਕਰ ਕੇ ਇਸ ਵਿਚਲੇ ਪਾੜੇ ਨੂੰ ਸੰਸਕ੍ਰਿਤਕ ਪੱਛੜੇਪਨ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸਾਡੀ ਭਾਰਤੀ ਫਿਲਾਸਫ਼ੀ ਹਮੇਸ਼ਾਂ ਤੋਂ ਹੀ ਇਸ ਦਾ ਸ਼ਿਕਾਰ ਰਹੀ ਹੈ। ਅੱਜ ਪੱਛਮੀਕਰਨ ਦੇ ਪ੍ਰਭਾਵ ਅਧੀਨ ਅਸੀਂ ਸਿਰਫ ਪਦਾਰਥਕ ਤਰੱਕੀ ਤਕ ਹੀ ਸੀਮਿਤ ਹੋ ਕੇ ਰਹਿ ਗਏ ਹਾਂ। ਵਾਧੂ ਪਦਾਰਥ ਤੇ ਪੈਸਾ, ਵਧ ਰਹੀਆਂ ਲੋੜਾਂ ਸਾਡੇ ਪਰਵਾਰਾਂ ਨੂੰ ਨਿਖੇੜ ਰਹੀਆਂ ਹਨ। ਕਿਸੇ ਕੋਲ ਆਪਣੇ ਪਰਵਾਰ ਨਾਲ ਬੈਠ ਕੇ ਜ਼ਿੰਦਗੀ ਨੂੰ ਮਾਣਨ ਦਾ ਸਮਾਂ ਨਹੀਂ । ਪਦਾਰਥਕ ਬਹੁਲਤਾ ਨੇ ਸਮੇਂ ਦੀ ਕਮੀ ਕਰ ਦਿੱਤੀ ਹੈ। ਸਕੂਨ ਬਾਹਰੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਸੀ ਸੰਬੰਧ ਪਦਾਰਥਵਾਦੀ ਤੇ ਸੁਆਰਥਵਾਦੀ ਹੋ ਕੇ ਰਹਿ ਗਏ ਹਨ। ਇਹੀ ਕਾਰਨ ਹੈ ਕਿ ਪਰਵਾਰਿਕ ਤੇ ਸਮਾਜਿਕ ਵਿਘਟਨ ਹੋ ਰਿਹਾ ਹੈ।
ਸਦੀਆਂ ਤੋਂ ਸਾਡੇ ਦੇਸ਼ ਵਿਚ ਲੜਕੀਆਂ ਦੇ ਜਨਮ ਲੈਣ ਨੂੰ ਤਰਜੀਹ ਨਹੀਂ ਦਿੱਤੀ ਜਾਂਦੀ ਰਹੀ। ਲੜਕੀ ਦੇ ਜਨਮ ਲੈਣ ਤੋਂ ਬਾਅਦ ਦਾਈ ਵੱਲੋਂ ਉਸ ਨੂੰ ਮਾਰ ਦੇਣਾ ਤੇ ਕਹਿਣਾ :
“ਗੁੜ ਖਾਈਂ ਪੂਣੀ ਕੱਤੀਂ ਆਪ ਨਾ ਆਈਂ, ਵੀਰ ਨੂੰ ਘੱਤੀਂ। ”
ਅੱਜ ਦੇ ਮਸ਼ੀਨੀ ਯੁੱਗ ਨੇ ਹੋਰ ਵੀ ਨਵੇਂ ਤਰੀਕੇ ਅਪਣਾ ਲਏ, ਇਨ੍ਹਾਂ ਨੂੰ ਖ਼ਤਮ ਕਰਨ ਦੇ। ਗੁਰੂ ਸਾਹਿਬਾਨ ਨੇ ਤਾਂ ਕੁੜੀ-ਮਾਰ ਨਾਲ ਰਿਸ਼ਤਾ ਕਰਨਾ ਵਰਜਿਤ ਕੀਤਾ ਸੀ, ਪਰ ਅੱਜ ਬਹੁਤ ਘੱਟ ਪਰਵਾਰ ਇਸ ਦੀ ਮਾਰ ਤੋਂ ਬਚ ਸਕੇ ਹਨ। ਵਧਦੀ ਭਰੂਣ ਹੱਤਿਆ ਤੇ ਘਟਦੀ ਮਾਦਾ ਜਨਸੰਖਿਆ ਦੇ ਬਾਰੇ ਸਾਡੀ ਜਨਗਣਨਾ ਰਿਪੋਰਟ ਗਵਾਹੀ ਭਰਦੀ ਹੈ ਕਿ ਅਸੀਂ ਮਾਨਸਿਕ ਤੌਰ ‘ਤੇ ਕਿਹੋ ਜਿਹੀ ਤਰੱਕੀ ਕੀਤੀ ਹੈ।
ਅਧਿਐਨਾਂ ਅਨੁਸਾਰ ਅਨਪੜ੍ਹ ਤੇ ਗਰੀਬ ਵਿਅਕਤੀਆਂ ਨਾਲੋਂ ਪੜ੍ਹੇ-ਲਿਖੇ ਤੇ ਅਮੀਰ ਪਰਵਾਰਾਂ ਵਿਚ ਭਰੂਣ-ਹੱਤਿਆ ਦੀ ਦਰ ਵਧੇਰੇ ਪਾਈ ਗਈ ਹੈ।
ਸੰਯੁਕਤ ਪਰਵਾਰਾਂ ਦੇ ਵਿਘਟਨ ਦੇ ਨਾਲ ਬਾਲ-ਘਰ, ਬਿਰਧ-ਆਸ਼ਰਮ ਜਿਹੀਆਂ ਸੰਸਥਾਵਾਂ ਹੋਂਦ ਵਿਚ ਆਈਆਂ ਹਨ। ਬਚਪਨ ਦੇ ਸੰਸਕਾਰ ਅਤੇ ਬੁਢਾਪੇ ਦੀ ਸੁਰੱਖਿਅਤਾ ਦੀ ਭਾਵਨਾ ਖਤਮ ਹੋ ਰਹੀ ਹੈ। ਤਰੱਕੀ ਦੀ ਦੌੜ ਵਿਚ ਵੱਖਰਾ ਕਮਰਾ, ਵੱਖਰਾ ਟੀ.ਵੀ. ਆ ਰਿਹਾ ਹੈ। ਇਉਂ ਹਰ ਵਿਅਕਤੀ ਦੁਸਰੇ ਕੋਲੋਂ ਅਲੱਗ ਹੋ ਰਿਹਾ ਹੈ। ਪਦਾਰਥਕ ਭਿੰਨਤਾ ਦੇ ਪ੍ਰਭਾਵ ਨੇ ਸਾਨੂੰ ਰਿਸ਼ਤਿਆਂ ਦੇ ਸਦੀਵੀ ਨਿਭਾਅ ਤੋਂ ਤੋੜ ਕੇ ਰਿਸ਼ਤਿਆਂ ਦੇ ਬਦਲਾਅ ਵੱਲ ਧਕੇਲ ਦਿੱਤਾ ਹੈ। ਸਾਡੀਆਂ ਪੁਰਾਣੀਆਂ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਇਸ ਹੱਦ ਤਕ ਟੁੱਟ ਗਈਆਂ ਹਨ ਕਿ ਹੁਣ ਤਾਂ ਜੀਵਨ-ਸਾਥੀ ਦੇ ਬਦਲਾਅ ਦਾ ਫੈਸ਼ਨ ਵੀ ਭਾਰਤੀ ਸਮਾਜ ਦਾ ਅੰਗ
ਬਣਦਾ ਜਾ ਰਿਹਾ ਹੈ। ਪਰ ਸੰਤੁਸ਼ਟੀ ਦੀ ਇਹ ਬਾਹਰੋਂ ਕੀਤੀ ਭਾਲ ਸਾਰਥਕ ਸਿੱਧ ਨਹੀਂ ਹੋ ਰਹੀ। ਇਸ ਪੜਾਅ ‘ਤੇ ਮਨੁੱਖੀ ਮਾਨਸਿਕ ਅਸੁਰੱਖਿਅਤਾ ਦੀ ਭਾਵਨਾ ਵਧਦੀ ਹੈ ਜੋ ਕਿ ਸਮਾਜ ਅੱਗੇ ਆਤਮ-ਹੱਤਿਆ, ਸ਼ਰਾਬਨੋਸ਼ੀ, ਨਸ਼ਈਪੁਣਾ, ਕਤਲ, ਬਲਾਤਕਾਰ, ਪਰਵਾਰਿਕ ਹਿੰਸਾ, ਦੰਪਤੀ ਅਜੋੜਾਂ, ਖਿੱਚੋਤਾਣ ਤੇ ਜਾਇਦਾਦ ਤੋਂ ਬੇਦਖਲੀ, ਪੁੱਤਰ ਵੱਲੋਂ ਪਿਤਾ ਦੀ ਜਾਇਦਾਦ ਹੜੱਪ ਕਰਨਾ, ਅਮੀਰ-ਗਰੀਬ ਦਾ ਪਾੜਾ ਅਨੇਕਾਂ ਹੀ ਅਜਿਹੀਆਂ ਸਮਾਜਿਕ ਬਰਾਈਆਂ ਪੈਦਾ ਹੋ ਰਹੀਆਂ ਹਨ।
ਹੁਣ ਜਦ ਕਿ ਰੋਗ ਬਹੁਤ ਵਧ ਚੁੱਕਿਆ ਹੈ ਤਾਂ ਸਾਡਾ ਧਿਆਨ ਪਹਿਲਾਂ ਰੋਗ ਦੇ ਕਾਰਨਾਂ ਤੇ ਫਿਰ ਇਲਾਜ ਵੱਲ ਜਾਂਦਾ ਹੈ। ਭਾਰਤੀ ਦਰਸ਼ਨ ਫਿਲਾਸਫੀ ਆਤਮਿਕ ਉੱਨਤੀ ਤੇ ਸੰਤੁਲਿਤ ਜੀਵਨ ਨੂੰ ਤਰਜੀਹ ਦਿੰਦੀ ਰਹੀ ਹੈ, ਜਿਸ ਵਿੱਚੋਂ ਨਾ ਸਿਰਫ਼ ਸਾਡਾ ਖਾਣਾ-ਪੀਣਾ, ਬੋਲਣਾ-ਵਿਚਾਰਨਾ, ਸਹਿਜ ਭਾਵ ਸੰਤੁਲਿਤ ਹੁੰਦਾ ਹੈ ਸਗੋਂ ਇਸ ਨਾਲ ਸਾਡਾ ਸਮਾਜਿਕ/ਨੈਤਿਕ ਜੀਵਨ ਵੀ ਸੇਧਤ ਹੁੰਦਾ ਹੈ। ਮਨੁੱਖ ਦੀ ਆਤਮਿਕ ਤਰੱਕੀ ਉਸ ਦੇ ਆਤਮਿਕ ਅਨੰਦ ਤੇ ਪਰਮਅਨੰਦ ਵਿਚ ਹੈ, ਜਿਸ ਦੇ ਤਹਿਤ ਉਸ ਦੀ ਸ਼ਖ਼ਸੀਅਤ ਵਿਚ ਅਜਿਹੇ ਗੁਣਾਂ ਦਾ ਪ੍ਰਵੇਸ਼ ਹੁੰਦਾ ਹੈ ਜੋ ਉਸ ਨੂੰ ਪਰਵਾਰਿਕਤਾ ਤੇ ਸਮਾਜਿਕਤਾ ਨਾਲ ਜੋੜਦੇ ਹਨ। ਪਰ ਅਸੀਂ ਪਦਾਰਥਕ ਉੱਨਤੀ ਦੇ ਰਾਹ ਪੈ ਕੇ ਆਤਮਿਕ ਤਰੱਕੀ ਦੇ ਰਸਤੇ ਤੋਂ ਭਟਕ ਚੁੱਕੇ ਹਾਂ। ਇਸੇ ਨੂੰ ਵਿਸਾਰਨ ਕਰ ਕੇ ਹੀ ਅਸੀਂ ਆਪਣੇ ਮੂਲ ਤੋਂ ਭਟਕੇ ਠੋਕਰਾਂ ਖਾ ਰਹੇ ਹਾਂ। ਭਗਤ ਕਬੀਰ ਜੀ ਦਾ ਇਹ ਫ਼ਰਮਾਨ ਸਾਡੀ ਹਾਲਤ ਨੂੰ ਬਿਆਨ ਕਰਦਾ ਜਾਪਦਾ ਹੈ:
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥੧॥ ਰਹਾਉ॥ ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥੧॥
ਅਜੋਕੇ ਸਮੇਂ ਵਿਚ ਸ਼ਾਂਤੀ ਦੀ ਭਾਲ ਵਿਚ ਧਿਆਨ ਲਗਾਉਣ (Medita-tion) ਦੀ ਜੀਵਨ-ਜਾਚ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਇਕੱਲੀ ਪਦਾਰਥਕ ਬਹੁਲਤਾ ਸਾਨੂੰ ਸੁਖ ਤੇ ਮਾਨਸਿਕ ਸਕੂਨ ਪ੍ਰਦਾਨ ਨਹੀਂ ਕਰ ਸਕਦੀ। ਜ਼ਰੂਰਤ ਹੈ ਆਪਣੇ ਸੁਆਰਥਵਾਦ ਤੇ ਪਦਾਰਥਵਾਦ ਵਿੱਚੋਂ ਨਿਕਲ ਕੇ ਆਪਣੇ ਮੂਲ ਨਾਲ ਜੁੜਨ ਦੀ, ਜਿਸ ਤੋਂ ਬ੍ਰਹਿਮੰਡ ਨਾਲ ਜੁੜਨ ਤੇ ਸਮਾਜਿਕਤਾ ਵੱਲ ਪਰਤਣ ਦਾ ਸੁਨੇਹਾ ਮਿਲਦਾ ਹੈ:
– ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥
-ਭਜੁ ਮਨ ਮੇਰੇ ਏਕੋ ਨਾਮ॥
ਜੀਅ ਤੇਰੇ ਕੈ ਆਵੈ ਕਾਮ॥
ਮੂਲ ਨੂੰ ਪਹਿਚਾਣਿਆਂ, ਮੂਲ ਨਾਲ ਜੁੜਿਆਂ ਕੁਮਲਾ ਨਹੀਂ ਸਕੀਦਾ ਅਤੇ ਸਦੀਵੀ ਖੇੜਾ ਤੇ ਸਦੀਵੀ ਸੁਖ ਤੇ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਦੁਖ ਹੋਵੇ ਜਾਂ ਸੁਖ, ਖੁਸ਼ੀ ਹੋਵੇ ਜਾਂ ਗ਼ਮੀ, ਰੁੱਤਾਂ ਦੇ ਥਪੇੜੇ ਉਸ ਨੂੰ ਡਿਗਾ-ਡੁਲ੍ਹਾ ਨਹੀਂ ਸਕਦੇ ਕਿਉਂਕਿ ਮੂਲ (ਜੜ੍ਹਾਂ) ਬਹੁਤ ਮਜ਼ਬੂਤ ਹਨ। ਲੋੜ ਤਾਂ ਸਿਰਫ਼ ਇਨ੍ਹਾਂ ਨੂੰ ਪਹਿਚਾਨਣ ਤੇ ਇਨ੍ਹਾਂ ਨਾਲ ਜੁੜਨ ਦੀ ਹੈ। ਇਹੀ ਸਾਡੇ ਪਦਾਰਥਕ ਵਿਕਾਸ ਨੂੰ ਸੰਤੁਲਿਤ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਸਾਡਾ ਰਹਿਣ-ਸਹਿਣ, ਖਾਣ-ਪੀਣ, ਪਹਿਨਣ ਸਹਿਜ-ਭਾਵ ਵਿਚ ਹੋ ਨਿੱਬੜਦਾ ਹੈ:
ਬਾਬਾ ਹੋਰੁ ਖਾਣਾ ਖੁਸੀ ਖੁਆਰੁ॥
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥…
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ॥
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥੧॥
-ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ॥
ਮਾਨਸਿਕ ਤੇ ਆਤਮਿਕ ਤਰੱਕੀ ਦਾ ਇਹ ਮਾਰਗ ਮਨੁੱਖ ਨੂੰ ਮਾਇਆ ਦੇ ਹੱਥਾਂ ਵਿੱਚੋਂ ਕੱਢ ਕੇ ਮਾਇਆ ਨੂੰ ਇਸ ਦੇ ਹੱਥਾਂ ਵਿਚ ਸੌਂਪਦਾ ਹੈ। ਤੱਥ ਇਹੀ ਹੈ ਕਿ ਮਾਇਆ ਨਾਲੋਂ ਮਇਆ ਵਿਚ ਜੁੜਿਆ ਜਾਵੇ। ਫਰਕ ਤਾਂ ਸਿਰਫ਼ ਇਕ ਲਗ ਜਾਂ ਮਾਤਰਾ ਦਾ ਹੈ, ਪਰ ਅਰਥ ਅਸਲੋਂ ਭਿੰਨ ਜਾਂ ਨਿਰਾਲੇ ਹਨ। ਮਇਆ ਵਿਚ ਜੁੜਿਆਂ ਜੀਵਨ ਸਫਲਾ ਹੈ ਤੇ ਮਾਇਆ ਸਾਨੂੰ ਮੂਲ ਤੋਂ ਤੋੜਦੀ ਹੈ। ਇਸ ਨੂੰ ਅਸੀਂ ਗੁਰਮੁਖ ਤੇ ਮਨਮੁਖ ਦੇ ਜੀਵਨ ਦੇ ਤੌਰ ‘ਤੇ ਦੇਖ ਸਕਦੇ ਹਾਂ। ਮਨਮੁਖ ਆਪਣੇ ਮੂਲ ਨੂੰ ਨਹੀਂ ਪਹਿਚਾਨਦਾ। ਦਾਤਾਰ ਨੂੰ ਤੁੱਛ ਸਮਝ ਕੇ ਦਾਤ ਨੂੰ ਪਹਾੜ ਸਮਝ ਲੈਣਾ ਸਾਡੀ ਭੁੱਲ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਨੂੰ ਸਮਝਾਉਂਦੀ ਹੈ:
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ॥
ਸਿਆਣੇ ਲੋਕ ਕਹਿੰਦੇ ਹਨ ਕਿ ਗੁਰਮੁਖ ਹੰਸ ਦੀ ਤਰ੍ਹਾਂ ਹਨ। ਜੋ ਮਾਨ-ਸਰੋਵਰ ਕੋਲ ਬੈਠਾ ਹੈ ਉਸ ਨੂੰ ਛੱਪੜ ਦੀ ਲੋੜ ਨਹੀਂ। ਗੁਰਮੁਖ ਕੋਇਲ ਦੀ ਤਰ੍ਹਾਂ ਹੈ ਜੋ ਹਮੇਸ਼ਾਂ ਬਾਗਾਂ ਵਿਚ ਬੋਲਦੀ ਹੈ ਜਦਕਿ ਮਨਮੁਖ ਬਗਲੇ ਵਾਂਗ ਥਾਂ-ਥਾਂ ਛੱਪੜ ਢੂੰਢਦਾ ਹੈ। ਕਾਂ ਹਮੇਸ਼ਾਂ ਸੁੱਕੇ-ਰੁੱਖਾਂ ‘ਤੇ ਬੈਠਦਾ ਹੈ, ਅੱਜ ਇਥੇ, ਕੱਲ੍ਹ ਉੱਥੇ। ਮਨਮੁਖ ਕਾਂ ਦੀ ਤਰ੍ਹਾਂ ਥਾਵਾਂ ਬਦਲਦਾ ਹੈ ਜਦਕਿ ਗੁਰਮੁਖ ਇਕ ਰੁੱਖ ਦੀ ਤਰ੍ਹਾਂ ਸਰਦੀ-ਗਰਮੀ ਸਭ ਕੁਝ ਹੰਢਾ ਲੈਂਦਾ ਹੈ। ਜਿਹੜੇ ਰੁੱਖ ਇਕ ਥਾਂ ਲੱਗੇ ਹੋਣ ਫਲ ਵੀ ਉਨ੍ਹਾਂ ਨੂੰ ਪੈਂਦੇ ਹਨ। ਰੁੱਖਾਂ ਦੀਆਂ ਥਾਵਾਂ ਬਦਲਿਆਂ ਉਹ ਫਲ ਤੇ ਛਾਂ ਦੇਣ ਜੋਗੇ ਨਹੀਂ ਰਹਿੰਦੇ। ਭਾਈ ਗੁਰਦਾਸ ਜੀ ਦਾ ਕਥਨ ਹੈ:
ਹੰਸੁ ਨ ਛਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ।
ਕੋਇਲ ਬੋਲੈ ਅੰਬ ਵਣਿ ਵਣਿ ਵਣਿ ਕਾਉ ਕੁਥਾਉ ਸੁਖਾਵੈ।(ਵਾਰ ੫:੧੯)
ਇਸੇ ਦੇ ਨਾਲ ਮਨਮੁਖ ਦਾਤ ਲੈ ਕੇ ਮੂਲ ਵਿਸਾਰਦਾ ਹੈ ਤੇ ਗੁਰਮੁਖ ਉਸ
ਸਰਬ-ਸ਼ਕਤੀਮਾਨ ਦਾ ਸ਼ੁਕਰਾਨਾ ਕਰ ਕੇ ਉਸ ਨੂੰ ਸਭ ਵਿਚ ਵੰਡ ਕੇ ਖੁਸ਼ ਹੁੰਦਾ ਹੈ ਤੇ ਉਸ ਨੂੰ ਕਦੇ ਵੀ ਆਪਣਾ ਨਹੀਂ ਸਮਝਦਾ, ਮਇਆ ਵਿਚ ਜੁੜਿਆ ਰਹਿੰਦਾ ਹੈ। ਰਾਜੇ ਜਨਕ ਦੀ ਮਾਇਆ ਹੁੰਦੇ ਹੋਏ ਮਾਇਆ ਤੋਂ ਨਿਰਲੇਪਤਾ ਮਾਇਆ ਤੇ ਮਇਆ ਦਾ ਭੇਦ ਜਾਂ ਆਦਰਸ਼ ਸੰਯੋਗ ਦਰਸਾਉਂਦੀ ਹੈ। ਭਾਈ ਵੀਰ ਸਿੰਘ ਜੀ ਦਾ ਕਥਨ ਹੈ:
ਆਬਸ਼ਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ।
ਅਰਸ਼ੋਂ ਲੈਣਾ ਤੇ ਫਰਸ਼ੀਂ ਦੇਣਾ ਇਹ ਰੀਤ ਅਸਾਡੀ ਆਹੀ।
ਉਸ ਦਾ ਸ਼ੁਕਰਾਨਾ ਕਰਨਾ ਜੋ ਸਾਨੂੰ ਦਿੰਦਾ ਹੈ, ਦੇਣ ਵਾਲਾ ਹੈ ਤੇ ਹਮੇਸ਼ਾਂ ਦਿੰਦਾ ਹੈ। ਸਾਡੀ ਭਾਰਤੀ ਫਿਲਾਸਫੀ ਵਿਚ ਮਨੁੱਖ ਦੇ ਜੀਵਨ ਦਾ ਇਕ ਪ੍ਰਵਾਨਿਤ ਪੱਖ ਹੈ।
ਪਦਾਰਥਕ ਤਰੱਕੀ ਕਰਦਿਆਂ ਅਸੀਂ ਆਤਮਿਕ ਤਰੱਕੀ ਨੂੰ ਨਾਲ ਲੈ ਕੇ ਚੱਲੀਏ ਤਾਂ ਹੀ ਸਮਾਜਿਕ/ਨੈਤਿਕ ਤਰੱਕੀ ਹੋ ਸਕਦੀ ਹੈ ਤੇ ਜੀਵਨ ਸਾਰਥਕ ਹੋ ਸਕਦਾ ਹੈ।
– ਵਰਿੰਦਰਜੀਤ ਕੌਰ
