ਇਕ ਗੁਰਮੁਖ ਪਿਆਰਾ ਕਹਿੰਦਾ, ਅਕਾਲੀ ਜੀ ! ਕਈ ਵਾਰੀ ਕੁਝ ਲੋਕਾਂ ਨਾਲ ਵਿਚਾਰ-ਚਰਚਾ ਹੋਈ ਐ ਤੇ ਇਉਂ ਜਾਪਦੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ-ਇਤਿਹਾਸ ਸਬੰਧੀ ਸਪਸ਼ਟਤਾ ਨਹੀਂ ਐਂ। ਤੁਸੀਂ ਕੀ ਸਮਝਦੇ ਓ ?
ਮੈਂ ਕਿਹਾ, ਪਿਆਰਿਆ, ਕੁਝ ਸਿੱਖ ਮਹਾਨ ਯੋਧਿਆਂ ਦੇ ਦਿਨ ਕੌਮ ਨੇ ਉਚੇਚੀ ਪੱਧਰ ‘ਤੇ ਮਨਾਉਣੇ ਈ ਨਹੀਂ ਸ਼ੁਰੂ ਕੀਤੇ, ਜਿਸ ਕਰਕੇ ਸਹੀ ਪ੍ਰਚਾਰ ਤੋਂ ਸੰਗਤਾਂ ਵਿਰਵੀਆਂ ਰਹਿ ਜਾਂਦੀਆਂ ਐਂ। ਐਸੇ ਸਿੰਘਾਂ ਤੇ ਸਿੰਘਣੀਆਂ ਦੀ ਮਹਾਨ ਕੁਰਬਾਨੀ ਐਂ, ਪਰ ਸਿੱਖ ਸਮਾਜ ਬੇਖ਼ਬਰ ਐ।
ਜੋ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਦੀ ਬਾਬਤ ਗੱਲ ਕੀਤੀ ਏ, ਇਹ ਬਦਕਿਸਮਤੀ ਕਹੋ ਕਿ ਸਿੱਖ ਰਾਜ ਦੇ ਉਸਰੱਈਏ, ਮਹਾਨ ਜਰਨੈਲ, ਸਿਦਕੀ ਸਿੱਖ ਬਾਬਾ ਬੰਦਾ ਸਿੰਘ ਜੀ ਦੇ ਜੀਵਨ-ਇਤਿਹਾਸ ਸਬੰਧੀ ਆਪਣਿਆਂ ਵੱਲੋਂ ਹੀ ਪਾਏ ਭਰਮ-ਭੁਲੇਖਿਆਂ ਨੇ ਉਸ ਮਹਾਨ ਯੋਧੇ ਦੀ ਮਹਾਨ ਕੁਰਬਾਨੀ ‘ਤੇ ਪ੍ਰਸ਼ਨ-ਚਿੰਨ੍ਹ ਲਾ ਦਿੱਤੇ ਜੋ ਬਹੁਤ ਵੱਡੀ ਬੇਇਨਸਾਫ਼ੀ ਹੋਈ ਐ…..।
ਬਾਬਾ ਬੰਦਾ ਸਿੰਘ ਬਹਾਦਰ ਖ਼ਾਲਸਾ ਰਾਜ ਦਾ ਬਾਨੀ, ਉਸ ਸਮੇਂ ਦਿਆਂ ਜ਼ੁਲਮੀ ਵਹਿਣਾਂ ਦੇ ਮੁਹਾਣ ਮੋੜਨ ਵਾਲਾ ਜਰਨੈਲ, ਸਿੱਖ ਕੌਮ ਦਾ ਮਾਣ-ਮੱਤਾ ਯੋਧਾ ਐ।
ਕਮਾਲ ਐ ਉਸ ਦਾ ਜੀਵਨ-ਬ੍ਰਿਤਾਂਤ ਤੇ ਅਜਬ ਨੇ ਉਸ ਦੀਆਂ ਜੀਵਨ-ਕਰਵਟਾਂ ! ਕਦੀ ਤਾਂ ਬਾਲ ਲਛਮਣ ਦਾਸ ਨੇ ਇਕ ਹਿਰਨੀ ਦਾ ਸ਼ਿਕਾਰ ਖੇਡਦਿਆਂ, ਉਹਦੇ ਤੜਫਦੇ ਬੱਚਿਆਂ ਨੂੰ ਦੇਖ ਕੇ ਬੈਰਾਗ ਧਾਰਨ ਕਰ ਲਿਆ….. ਉਨ੍ਹਾਂ ਬੇਜ਼ੁਬਾਨ ਬੱਚਿਆਂ ਦੀ ਮੌਤ ‘ਤੇ ਅੱਥਰੂ ਕੇਰ ਕੇ ਰੋਇਆ…..ਆਪਣੀ ਕਰਨੀ ਉੱਤੇ ਪਸ਼ਚਾਤਾਪ ਵੀ ਕੀਤਾ ਤੇ ਨਿਹੋਰਾ ਮਾਰਿਆ ਕਿ ਭਲਿਆ, ਤੂੰ ਮਰਦ ਐਂ ਤੇ ਮਰਦ ਹੋ ਕੇ ਪਰਉਪਕਾਰ ਤਾਂ ਕੀ ਕਰਨਾ ਸੀ, ਤੂੰ ਤਾਂ ਬੇਜ਼ੁਬਾਨਿਆਂ ਦਾ ਕਾਤਲ ਬਣ ਗਿਆ। ਇਹ ਸੂਖਮ ਅਹਿਸਾਸ ਸੀ ਬੱਚਿਆਂ ਦੀ ਮੌਤ, ਮਾਂ ਦੀ ਮਮਤਾ ਤੇ ਤੀਰ ਕਮਾਨ ਨਾਲ ਕੀਤੇ ਜ਼ੁਲਮ ਦਾ….. ਉਹ ਤਿਆਗੀ ਜਾਂ ਬੈਰਾਗੀ ਕੋਈ ਐਵੇਂ ਈ ਨਹੀਂ ਬਣ ਗਿਆ, ਇਹ ਤਾਂ ਉਸ ਦੇ ਮਨ ਦੀ ਉੱਚੀ ਅਵਸਥਾ ਦਾ ਪ੍ਰਤੀਕਰਮ ਸੀ। ਸੰਸਾਰ ਦੇ ਇਕ ਸਵਾਲ ਦਾ ਜਵਾਬ ਵੀ ਸੀ ਕਿ ਹਰੇਕ ਸ਼ਿਕਾਰੀ ਪੱਥਰ-ਦਿਲ ਤੇ ਜ਼ਾਲਮ ਨਹੀਂ ਹੁੰਦਾ, ਉਹਦੀ ਸੋਚਣੀ ‘ਚ ਕਦੇ ਨਾ ਕਦੇ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਜਨਮ ਲੈ ਸਕਦੀਆਂ ਨੇ, ਜੇਕਰ ਉਹਦਾ ਚਿੰਤਨ ਲਛਮਣ ਦਾਸ ਵਰਗਾ ਹੋ ਜਾਏ।
ਦੂਜੇ ਪਾਸੇ ਉਹੀ ਲਛਮਣ ਦਾਸ ਬੈਰਾਗ ਵਿਚ ਆ ਕੇ ਤਾਂ ਮਾਧੋ ਦਾਸ ਬੈਰਾਗੀ ਬਣਿਆ, ਪਰ ਇਕ ਸਮਾਂ ਉਹ ਵੀ ਆਇਆ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਉਪਰੰਤ ਤੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਰੇ ਪਾਵਨ ਬੋਲਾਂ ਨੂੰ ਸ੍ਰਵਣ ਕਰ ਕੇ ਕੇਵਲ ਤੇ ਕੇਵਲ ਉਨ੍ਹਾਂ ਦਾ ਹੀ ਬੰਦਾ ਬਣ ਗਿਆ। ਭਾਵੇਂ ਕਈ ਇਤਿਹਾਸਕਾਰਾਂ ਨੇ ਇਸ ਬੈਰਾਗੀ ਨੂੰ ਰਿਧੀਆਂ-ਸਿਧੀਆਂ ਵਾਲਾ ਤੇ ਦੂਜਿਆਂ ਦੀ ਹੱਤਕ ਕਰਨ ਵਾਲਾ ਸਾਬਤ ਕਰਨ ਲਈ ਕਲਮਾਂ ਵਾਹੀਆਂ ਪਰ ਗਹਿਰ-ਗੰਭੀਰ ਚਿੰਤਕ ਇਸ ਯੋਧੇ ਦੇ ਜੀਵਨ ਤੋਂ ਪ੍ਰਭਾਵਤ ਦਾਨਿਸ਼ਵਰਾਂ ਨੇ ਇਹ ਤੱਥ ਕਦੇ ਪ੍ਰਵਾਨ ਨਹੀਂ ਕੀਤੇ।
ਇਸ ਬੈਰਾਗੀ ਦੇ ਜੀਵਨ ਦਾ ਅਸਲ ਤੱਤਸਾਰ ਇਹ ਐ ਕਿ ਸੱਚੇ ਗੁਰੂ ਦਾ ਬੰਦਾ ਬਣ ਜਾਣਾ ਹੀ ਜੀਵਨ ਦੀ ਪ੍ਰਾਪਤੀ ਐ। ਇਥੇ ਅਮਲੀ ਰੂਪ ‘ਚ ਪ੍ਰਗਟ ਹੋਈ ਜੀਵਨ ਜਾਚ ‘ਚੋਂ ਸਵਾਲ ਉੱਠਦਾ ਐ ਕਿ ਭਲਿਓ ਆਪਣੇ ਗੁਰੂ ‘ਤੇ ਨਿਸਚਾ ਕਰ ਕੇ ਤਨੋਂ-ਮਨੋਂ ਦ੍ਰਿੜ੍ਹਤਾ ਨਾਲ ਗੁਰੂ ਦੇ ਬੰਦੇ ਹੋਣ ਦਾ ਵਾਅਦਾ ਤਾਂ ਕਰੋ ਇਹ ਬਲ, ਬਰਕਤਾਂ, ਬੀਰਤਾ, ਬਹਾਦਰੀ ਤੇ ਖੁੱਸੀਆਂ ਬਹਾਰਾਂ ਵਲ਼ ਭੰਨ੍ਹ ਕੇ ਪਰਤਣਗੀਆਂ। ਖ਼ਾਲਸਾਈ ਰਾਜ ਵਿਚ, ਇਹ ਸਭ ਕੁਝ ਵਿਗਸਦਾ ਇਸ ਸੰਸਾਰ ਨੇ ਦੇਖਿਆ। ਗੁਰੂ ਜੀ ਦਾ ਬੰਦਾ ਹੋ ਕੇ ਉਹਨੇ ਨਿਮਰਤਾ ਸਹਿਤ ਅਮ੍ਰਿਤ ਪਾਨ ਕੀਤਾ ਤੇ ‘ਬੈਰਾਗੀ’ ਦਾ ਤਖ਼ੱਲਸ ਤਿਆਗ ਕੇ ਉਹ ‘ਬਹਾਦਰ’ ਦਾ ਤਖ਼ੱਲਸ ਲੈ ਤੁਰਿਆ।
ਕਦੀ ਉਹ ਬਚਪਨ ਵਿਚ ਹਿਰਨੀ ਦੇ ਬੱਚਿਆਂ ਦੀ ਮੌਤ ‘ਤੇ ਰੋਇਆ ਸੀ ਤੇ ਆਪਣੇ ਆਪ ‘ਤੇ ਪਸ਼ਚਾਤਾਪ ਕਰਦਾ ਬੈਰਾਗੀ ਬਣ ਗਿਆ, ਪਰ ਅੱਜ ਉਹ ਕਲਗੀਧਾਰ ਪਿਤਾ ਦੇ ਮਾਸੂਮ ਪੁੱਤਰਾਂ ਉੱਤੇ ਹੋਏ ਜ਼ੁਲਮ ਦੀ ਕਥਾ ਸੁਣ ਕੇ ਫਿਰ ਰੋਇਆ ਪਰ ਮੁਗ਼ਲ ਸਲਤਨਤ ਨਾਲ ਟੱਕਰ ਲੈਣ ਲਈ ਬੈਰਾਗੀ ਤੋਂ ਬਹਾਦਰ ਬਣ ਕੇ ਉੱਠਿਆ। ਜਦ ਉਸ ਨੇ ਹਿਰਨੀ ‘ਤੇ ਤੀਰ ਚਲਾਇਆ ਸੀ ਤਾਂ ਉਹ ਜੰਗਲ ਬੀਆਬਾਨ ਵਿਚ ਇਕੱਲਾ ਸੀ। ਬੈਰਾਗੀ ਹੋ ਗਿਆ। ਪਰ ਫ਼ਰਕ ਇੰਨਾ ਕਿ ਅੱਜ ਪੰਥ ਦੇ ਵਾਲੀ, ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ‘ਚ ਬੈਠਾ ਸੀ। ਗੁਰੂ ਜੀ ਦਾ ਥਾਪੜਾ ਲੈ, ਪ੍ਰਣ ਕੀਤਾ ਤੇ ਐਸਾ ਸੇਵਕ ਬਣਿਆਂ ਕਿ ਬਹਾਦਰੀ ਦਾ ਰੁਤਬਾ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਾਰਸ-ਗੁਰੂ ਦੀ ਛੋਹ ਪ੍ਰਾਪਤ ਕਰ ਕੇ, ਸੋਨਾ ਬਣ ਕੇ ਮੁੱਲ ਪਵਾਉਂਦਾ ਇਸ ਸੰਸਾਰ ਨੇ ਦੇਖਿਆ।
ਗੁਰਮੁਖ ਪਿਆਰਾ ਕਹਿੰਦਾ, ਅਕਾਲੀ ਜੀ! ਕਈ ਅਜੇ ਵੀ ਇਸ ਯੋਧੇ ਦੇ ਸਿੰਘਊਪੁਣੇ ਅਤੇ ਅੰਮ੍ਰਿਤਧਾਰੀ ਜੀਵਨ ਨੂੰ ਨਜ਼ਰ-ਅੰਦਾਜ਼ ਕਰ ਕੇ ਬੈਰਾਗੀ ਹੀ ਪ੍ਰਚਾਰ ਰਹੇ ਹਨ।
ਮੈਂ ਕਿਹਾ, ਪਿਆਰਿਆ! ਬਾਬਾ ਬੰਦਾ ਸਿੰਘ ਜੀ ਦੀ ਜੀਵਨ-ਪ੍ਰਾਪਤੀ, ਜੀਵਨ-ਜੁਗਤੀ, ਜੀਵਨ-ਜਾਗ੍ਰਿਤੀ ਤੇ ਮਹਾਨਤਾ ਦਸਮ ਪਿਤਾ ਜੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹੀ ਨਿਵੇਕਲਾ ਰੰਗ ਵਿਖਾਉਂਦੀ ਹੋਈ ਸੰਸਾਰ ਦੇ ਨਕਸ਼ੇ ‘ਤੇ ਪ੍ਰਗਟ ਹੁੰਦੀ ਐ। ਇਸ ਜੀਵਨ ਤੋਂ ਉਸ ਨੂੰ ਬੈਰਾਗੀ ਕਹਿਣ ਵਾਲੇ ਕੰਨੀ ਕਤਰਾਉਂਦੇ ਐ। ਇਹ ਤਾਂ ਹੁਣ ਖ਼ਾਲਸਾ ਪੰਥ ਦੀ ਜ਼ਿੰਮੇਵਾਰੀ ਐ ਕਿ ਪੰਥ ਨੇ ਉਸ ਬਹਾਦਰ ਜਰਨੈਲ ਦਾ ਜੀਵਨ ਇਤਿਹਾਸ ਕਿਵੇਂ ਪ੍ਰਚਾਰਨਾ ਹੈ।
ਜਿਵੇਂ ਡਾ. ਸੁਖਦਿਆਲ ਸਿੰਘ ਜੀ ਪਟਿਆਲਾ ਨੇ ਆਪਣੀ ਪੁਸਤਕ ਵਿਚ ਲਿਖਿਆ ਕਿ “ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦੀ ਇਕ ਜ਼ਬਰਦਸਤ ਬੁਝਾਰਤ ਹੈ। ਨਾ ਉਸ ਜੈਸਾ ਕੋਈ ਜੰਗੀ ਜਰਨੈਲ, ਨਾ ਉਸ ਜੈਸਾ ਕੋਈ ਸ਼ਰਧਾਵਾਲ ਸਿੱਖ ।….. ਨਾ ਦੁੱਖ ਦੀ ਪਰਵਾਹ, ਨਾ ਪਰਵਾਰ ਦੀ ਤੇ ਨਾ ਹੀ ਮਾਸੂਮ ਪੁੱਤਰ ਦੀ। ਜੇ ਪਰਵਾਹ ਸੀ ਤਾਂ ਕੇਵਲ ਤੇ ਕੇਵਲ ਗੁਰੂ ਦੇ ਨਾਂ ਦੀ ਅਤੇ ਆਪਣੇ ਸਿੱਖੀ ਸਿਦਕ रो।”
ਸੱਚਮੁੱਚ ਇਹ ਤੱਥ ਉਸ ਯੋਧੇ ਦੇ ਜੀਵਨ-ਇਤਿਹਾਸ ਵਿੱਚੋਂ ਡੁੱਲ੍ਹ-ਡੁੱਲ੍ਹ ਪੈਂਦੇ ਹਨ। ਜੇ ਉਹਨੇ ਅੰਮ੍ਰਿਤ ਦੀ ਦਾਤ ਲਈ ਤਾਂ ਸਿੱਖੀ ਕੇਸਾਂ-ਸਵਾਸਾਂ ਸੰਗ ਨਿਭਾ ਕੇ ਕੌਮ ਸਾਹਵੇਂ ਜੀਵਨ-ਮਾਡਲ ਪੇਸ਼ ਕੀਤਾ। ਜੇ ਨਿਸ਼ਾਨ ਸਾਹਿਬ ਲੈ ਕੇ ਤੁਰਿਆ ਤਾਂ ਉਸ ਕੇਸਰੀ ਨਿਸ਼ਾਨ ਨੂੰ ਸਾਰੇ ਪੰਜਾਬ ਵਿਚ ਐਸਾ ਝੁਲਾਇਆ ਕਿ ਖ਼ਾਲਸਾ ਰਾਜ ਦਾ ਬਾਨੀ ਹੋ ਨਿੱਬੜਿਆ। ਜੇ ਉਸ ਨੂੰ ਗੁਰੂ ਜੀ ਨੇ ਨਗਾਰਾ ਬਖ਼ਸ਼ਿਆ ਤਾਂ ਉਸ ਨਗਾਰੇ ਦੀਆਂ ਚੋਟਾਂ ਨੇ ਜ਼ਾਲਮਾਂ ਦੇ ਦਿਲ ਕੰਬਾ ਦਿੱਤੇ। ਜੇ ਉਸ ਨੇ ਪੰਜ ਤੀਰ ਬਖ਼ਸ਼ਿਸ਼ ਵਿਚ ਲਏ ਤਾਂ ਉਹ ਗ਼ਰੀਬ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਚੱਲੇ। ਜੇ ਉਹਨੇ ਗੁਰੂ-ਪਿਤਾ ਵੱਲੋਂ ਬਖ਼ਸ਼ੇ ਹੁਕਮਨਾਮੇ ਦੇ ਬੋਲ ਕੌਮੀ ਵਾਰਸਾਂ ਨੂੰ ਪੜ੍ਹ ਕੇ ਸੁਣਾਏ ਤਾਂ ਪੰਜਾਬ ਦੀ ਧਰਤੀ ਤੋਂ ਬੀਰ-ਬਹਾਦਰਾਂ ਦੀਆਂ ਵਹੀਰਾਂ ਉੱਠ ਖਲੋਤੀਆਂ । ਜੇ ਉਸ ਯੋਧੇ ਨੇ ਕਦੀ ਕਲਗੀਧਰ ਪਿਤਾ ਦਿਆਂ ਚਰਨਾਂ ਵਿਚ ਨਿਮਰਤਾ ਨਾਲ ਕਿਹਾ ਸੀ ਕਿ ਮੈਂ ਤੁਹਾਡਾ ਬੰਦਾ ਹਾਂ ਤਾਂ ਸੱਚਮੁਚ ਆਪਣੀਆਂ ਜਿੱਤਾਂ ਅਤੇ ਰਾਜਧਾਨੀ ‘ਤੇ ਫੋਕਾ ਹੰਕਾਰ ਨਹੀਂ ਕੀਤਾ ਸਗੋਂ ਜੇਕਰ ਸਿੱਕਾ ਚਲਾਇਆ ਤਾਂ ਉਸੇ ਹੀ ਗੁਰੂ ਦੇ ਨਾਉਂ ਦਾ, ਜਿਨ੍ਹਾਂ ਦਾ ਬੰਦਾ ਬਣਿਆ ਸੀ। ਇਹ ਸ਼ਬਦ ਉਸੇ ਭਾਵਨਾ ‘ਚੋਂ ਸਿੱਕੇ ‘ਤੇ ਉਕਰੇ ਸਨ:
ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗਿ ਨਾਨਕ ਵਾਹਿਬ ਅਸਤ॥ ਫ਼ਤਹ ਗੋਬਿੰਦ ਸਿੰਘ ਸ਼ਾਹੇ-ਸ਼ਾਹਾਨ, ਫ਼ਜ਼ਲਿ ਸੱਚਾ ਸਾਹਿਬ ਅਸਤ॥
ਭਾਵ ਜੋ ਦੋ ਜਹਾਨ ਉੱਤੇ ਸਿੱਕਾ ਚਲਾਇਆ, ਇਹ ਬਖ਼ਸ਼ਿਸ਼ਾਂ ਗੁਰੂ ਨਾਨਕ ਪਾਤਸ਼ਾਹ ਦੀ ਤੇਗ ਨੇ ਬਖ਼ਸ਼ੀਆਂ ਨੇ, ਇਹ ਸ਼ਾਹਾਂ ਦੇ ਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਤਹਿ ਐ ਤੇ ਮਿਹਰਾਂ ਸੱਚੇ ਰੱਬ ਨੇ ਕੀਤੀਆਂ ਨੇ। ਏਸੇ ਦਾ ਭਾਵ ਅਰਥ ਸਪਸ਼ਟ ਕਰਦਿਆਂ ਇਕ ਕਵੀ ਨੇ ਕਾਵਿ-ਰੂਪ ਇਉਂ ਚਿਤਰਆਿ ਐ:
ਸਿੱਕਾ ਮਾਰਿਆ ਦੋ ਜਹਾਨ ਉੱਤੇ,
ਬਖ਼ਸ਼ਾਂ ਬਖ਼ਸ਼ੀਆਂ ਨਾਨਕ ਦੀ ਤੇਗ ਨੇ ਸੀ। ਫ਼ਤਹਿ ਸ਼ਾਹਿ ਸ਼ਾਹਾਨ ਗੋਬਿੰਦ ਸਿੰਘ ਦੀ, ਮਿਹਰਾਂ ਕੀਤੀਆਂ ਸੱਚੇ ਰੱਬ ਏਕ ਨੇ ਸੀ।
ਤੇ ਫੇਰ ਇਕ ਮੋਹਰ ਵੀ ਤਿਆਰ ਹੋਈ ਜਿਸ ਦੀ ਹੋਂਦ ਤੋਂ ਬਿਨਾਂ ਅੰਤਮ ਪ੍ਰਵਾਨਗੀ ਨਹੀਂ ਹੁੰਦੀ। ਇਹ ਖ਼ਾਲਸਾ ਦਰਬਾਰ ਵੱਲੋਂ ਜਾਰੀ ਹੁੰਦੇ ਹਰ ਫ਼ੁਰਮਾਨ ਉੱਤੇ,
ਸਰਕਾਰੀ ਦਸਤਾਵੇਜ਼ ਤੇ ਹਰੇਕ ਹੁਕਮ ਜਾਂ ਪਰਵਾਨੇ ‘ਤੇ ਲੱਗਦੀ ਸੀ। ਇਹ ਮੋਹਰ ਦੇ ਸ਼ਬਦ ਵੀ ਉਸ ਬੰਦੇ ਦੀ ਗੁਰੂ-ਬੰਦਗੀ ਤੇ ਗੁਰੂ-ਬਖ਼ਸ਼ਿਸ਼ਾਂ ਦੇ ਸ਼ੁਕਰਾਨੇ ‘ਚ ਲਬਰੇਜ਼ ਅੰਤਰ-ਆਤਮਾਦ ਦੀ ਸ਼ਾਖਿਆਤ ਗਵਾਹੀ ਭਰਦੇ ਨੇ ਕਿ ਮਾਣ-ਸਤਿਕਾਰ ਦੀ ਮਰਯਾਦਾ ਕੀ ਐ। ਇਹ ਗੁਰੂ ਪ੍ਰਤੀ ਮੋਹ-ਭਿੱਜੇ ਸ਼ਬਦ ਅੱਜ ਵੀ ਮੋਹ-ਵਿਹਣਿਆਂ ਲਈ ਪ੍ਰੇਰਨਾਦਾਇਕ ਹਨ :
ਦੇਗੋ ਤੇਗੋ ਫ਼ਤਹਿ ਓ ਨੁਸਰਤਿ ਬੇ-ਦਿਰੰਗ ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ॥
ਭਾਵ ਦੇਗ ਤੇਗ ਦੀ ਜਿੱਤ ਤੇ ਸੇਵਾ ਗੁਰੂ ਨਾਨਕ-ਗੁਰੂ ਗੋਬਿੰਦ ਜੀ ਤੋਂ ਪ੍ਰਾਪਤ ਕੀਤੀ ਹੈ।
ਗੁਰਮੁਖ ਪਿਆਰਾ ਕਹਿੰਦਾ, ਅਕਾਲੀ ਜੀ ! ਧੰਨ ਸਨ ਬਾਬਾ ਬੰਦਾ ਸਿੰਘ ਬਹਾਦਰ ਤੇ ਧੰਨ ਸੀ ਉਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ।
ਮੈਂ ਕਿਹਾ, ਪਿਆਰਿਆ! ਵੱਡੀ ਗੱਲ ਕਿ ਵਕਤ ਦੀ ਸੋਚ ‘ਚ ਕਿੰਨਾ ਅੰਤਰ ਐ ਕਿ ਮੁਗ਼ਲ ਬਾਦਸ਼ਾਹਾਂ ਦੇ ਸਿੱਕੇ, ਰਾਜਧਾਨੀ, ਮੋਹਰਾਂ ਸਭ ਬਾਦਸ਼ਾਹ ਦੇ ਨਾਉਂ ‘ਤੇ ਚੱਲਦੇ ਸਨ ਤੇ ਖ਼ਾਲਸੇ ਦੇ ਰਾਜ ‘ਚ ਬਾਬਾ ਬੰਦਾ ਸਿੰਘ ਜੀ ਵਾਹਿਗੁਰੂ ਦੀ ਮਿਹਰ-ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖ਼ਸ਼ਿਸ਼ ਦਾ ਸ਼ੁਕਰਾਨਾ ਕਰਦੇ ਹਨ। ਸਭ ਕੁਝ ਉਨ੍ਹਾਂ ਦੇ ਨਾਂਉਂ ’ਤੇ ਹੈ।
ਇਹੋ ਸੱਚੇ ਸਿੱਖ ਦੀਆਂ ਭਾਵਨਾਵਾਂ ਤੇ ਸਾਧਾਰਨ ਮਨੁੱਖ ਦੀ ਬਿਰਤੀ ‘ਚ ਫ਼ਰਕ ਹੁੰਦੈ ਕਿ ਅਸੀਂ ਹਉਮੈ ਵਿਚ ਕਹਿ ਦੇਨੇ ਆਂ ਕਿ ਆਹ ਕੁਝ ਮੈਂ ਈ ਕੀਤਾ ਐ ਜਦ ਕਿ ਗੁਰੂ ਦੇ ਬੰਦੇ ਹੋਣ ਵਿਚ ਨਿਮਰਤਾ ਵੇਖੋ ਕਿ ਉਹਦੀ ਬਖ਼ਸ਼ਿਸ਼ ਨਾਲ ਹੋਇਆ। ਸਾਡੇ ਬਹੁਤੇ ਝਗੜੇ-ਝਮੇਲੇ ‘ਮੈਂ ਮੇਰੀ’ ਦੀ ਉਪਜ ਹਨ। ਕਾਸ਼! ਗੁਰੂ-ਪੰਥ ਦੇ ਵਾਰਸ ਗੁਰੂ ਦੇ ਬੰਦੇ ਹੋ ਕੇ ਸ਼ੁਕਰਾਨੇ ਵਿਚ ਆ ਜਾਣ ਤਾਂ ਸਾਡੀਆਂ ਬਹੁਤੀਆ ਉਲਝਣਾਂ ਦਾ ਹੱਲ ਇਸੇ ਵਿਚ ਈ ਐ।
ਬਾਬਾ ਬੰਦਾ ਸਿੰਘ ਬਹਾਦਰ ਗੁਰੂ ਦੀ ਬਖ਼ਸ਼ਿਸ਼ ਨਾਲ ਗ਼ਰੀਬਾਂ ਨੂੰ ਪਾਤਸ਼ਾਹੀ ਦਾ ਤਾਜ ਦਿੰਦਾ ਐ। ਬੇਜ਼ਮੀਨੇ ਹਲ-ਵਾਹਕਾਂ ਨੂੰ ਜ਼ਮੀਨਾਂ ਦਿਵਾਉਣੀਆਂ, ਗਊ-ਗ਼ਰੀਬ ਦੇ ਹਤਿਆਰਿਆਂ ਨੂੰ ਸਜ਼ਾ ਦੇਣੀ, ਨਿਮਾਣਿਆਂ ਨਿਤਾਣਿਆਂ ਨੂੰ ਬਹਾਦਰ ਬਣਾ ਸੰਗ ਲੈ ਕੇ ਤੁਰਨਾ ਤੇ ਸਭਨਾਂ ਦੇ ਹੱਕ ਦਿਵਾਉਣੇ ਉਸ ਬਹਾਦਰ ਦੀ ਬਹਾਦਰੀ ਦੇ ਗਵਾਹ ਨੇ। ਉਹ ਮੈਦਾਨੇ-ਜੰਗ ‘ਚ ਬਹਾਦਰ ਜਰਨੈਲ ਸੀ, ਹਕੂਮਤ ਦੀਆਂ ਦਮਨਕਾਰੀ ਨੀਤੀਆਂ ਤੋਂ ਜਾਣੂ ਮਹਾਨ ਨੀਤੀਵਾਨ ਸੀ, ਉਹ ਸਫਲ ਗ੍ਰਿਹਸਤੀ ਤੇ ਸੰਤ-ਸਿਪਾਹੀ ਦਾ ਸੁਮੇਲ ਸੀ।
ਉਹ ਬਾਣੀ ਤੇ ਬਾਣੇ ਦਾ ਧਾਰਨੀ ਯੋਧਾ ਸੀ ਜੋ ‘ਨਿਸਚੈ ਕਰ ਆਪਣੀ ਜੀਤ ਕਰੋ’ ਦੇ ਗੁਰੂ-ਬੋਲ ਪਾਲਦਾ, ਤੂਫ਼ਾਨੀ ਲਹਿਰਾਂ ਵਾਂਗੂੰ ਚੜ੍ਹਦਾ ਗਿਆ। ਉਸ ਦੀ ਹਰ ਮੈਦਾਨ ਫ਼ਤਹਿ ਹੋਈ ਤੇ ਅੰਤਮ ਸਮੇਂ ਤਕ ਜਬਰ-ਜ਼ੁਲਮ ਦੇ ਖ਼ਿਲਾਫ਼ ਜੂਝਿਆ। ਗੁਰਦਾਸ ਨੰਗਲ ਦੀ ਗੜ੍ਹੀ ਨੂੰ ਪਾਇਆ ਮੁਗ਼ਲਾਂ ਦੇ ਲੰਮੇ ਸਮੇਂ ਤਕ ਦੇ ਘੇਰੇ ਦਾ ਇਤਿਹਾਸ ਉਸ ਯੋਧੇ ਦੀ ਦ੍ਰਿੜਤਾ, ਬਹਾਦਰੀ ਤੇ ਸ਼ਕਤੀ ਦਾ ਗਵਾਹ ਹੈ। ਇਹ ਇਕ ਠੋਸ ਹਕੀਕਤ ਹੈ ਕਿ ਮੁਗ਼ਲ ਉਸ ਨੂੰ ਕੈਦ ਕਰ ਕੇ ਵੀ ਉਸ ਦੇ ਨੁਰਾਨੀ ਚਿਹਰੇ ਦੇ ਜਲੌ ਤੇ ਸ਼ਕਤੀ ਤੋਂ ਪਰੀ ਤਰਾਂ ਭੰ-ਭੀਤ ਰਹੇ । ਇਹ ਕੋਈ ਸਾਧਾਰਨ ਵਾਰਤਾ ਨਹੀਂ ਐਂ, ਉਹਦੀਆਂ ਕਰਨੀਆਂ ਏਨੀਆਂ ਮਹਾਨ ਸਨ ਕਿ ਜ਼ਾਲਮ ਹਕੂਮਤ ਦੇ ਤਖ਼ਤ ਪਲਟਾ ਦਿੱਤੇ। ਏਸੇ ਲਈ ਉਹਨੂੰ ਪਿੰਜਰੇ ‘ਚ ਕੈਦ ਕਰ ਕੇ ਵੀ ਜ਼ਾਲਮ ਉਹਦੇ ਆਜ਼ਾਦ ਹੋਣ ਤੋਂ ਡਰਦੇ ਸਨ ਜਾਂ ਕਹਿ ਲਓ ਕਿ ਉਹਨੇ ਸਰੀਰ ਕਰਕੇ ਤਾਂ ਕੈਦ ਕਰ ਲਿਆ ਪਰ ਉਹਦੇ ਸਿੰਘਊਪੁਣੇ ਦੀ ਆਭਾ ਮਾਤ ਨਹੀਂ ਪਈ। ਜੀਹਦੇ ਸਿਰਜੇ ਬੰਦੇ ਵਿਚ ਕੋਨੀ ਮਹਾਨਤਾ ਪ੍ਰਗਟੀ, ਉਹਨੂੰ ਸਿਰਜਨ ਵਾਲੇ ਗੁਰੂ ਦੀ ਛੱਬ ਕਿਹੋ ਜਿਹੀ ਹੋਵੇਗੀ ? ਇਹ ਸਵਾਲ ਉਨ੍ਹਾਂ ਜੱਲਾਦਾਂ ਦੇ ਮਨਾਂ ਵਿਚੋਂ ਉੱਠਿਆ, ਜਿਨ੍ਹਾਂ ਨੇ ਜਬਰ, ਜ਼ੁਲਮ ਤੇ ਅੱਤਿਆਚਾਰ ਦੀ ਵੀ ਅੱਤ ਕਰ ਕੇ ਵੇਖ ਲਈ। ਕਿਹੜਾ ਤਸੀਹਾ ਸੀ ਜੋ ਬੰਦਾ ਸਿੰਘ ਜੀ ਨੇ ਆਪਣੇ ਤਨ ‘ਤੇ ਨਹੀਂ ਜਰਿਆ ? ਬਾਬਾ ਜੀ ਦੇ ਹੱਥ, ਪੈਰ, ਅੱਖਾਂ ਬੇਰਹਿਮੀ ਨਾਲ ਸਰੀਰ ਤੋਂ ਜੁਦਾ ਕੀਤੇ ਤੇ ਤਪਦੇ ਜਮੂਰਾਂ ਨਾਲ ਉਨ੍ਹਾਂ ਦਾ ਮਾਸ ਨੋਚਿਆ ਗਿਆ। ਉਨ੍ਹਾਂ ਨੇ ਗੁਰੂ ਦੀ ਸਿਮਰਤੀ ਤੇ ਅਕਾਲ ਦੇ ਭਾਣੇ ਵਿਚ ਸਭਕੁਝ ਸਹਿ ਲਿਆ। ਕੋਈ ਵੀ ਜ਼ੁਲਮੋ-ਤਸ਼ੱਦਦ ਬਾਬਾ ਜੀ ਦੀ ਚੜ੍ਹਦੀ ਕਲਾ ਨੂੰ ਡੁਲ੍ਹਾ ਨਹੀਂ ਸਕਿਆ।
ਭਾਵੇਂ ਉਹ ਇਕ ਸਮੇਂ ਤਾਂ ਹਿਰਨੀ ਦੇ ਮਾਸੂਮ ਬੱਚਿਆਂ ਨੂੰ ਤੜਪਦੇ ਤੱਕ ਕੇ ਬੈਰਾਗੀ ਹੋ ਗਿਆ ਸੀ ਪਰ ਅੱਜ ਸਮੇਂ ਦਾ ਬਦਲਾਓ ਦੇਖੋ ਕਿ ਉਸ ਦੇ ਆਪਣੇ ਚਾਰ ਸਾਲ ਦੇ ਮਾਸੂਮ ਪੁੱਤ ਅਜੈ ਸਿੰਘ ਨੂੰ ਅੱਖਾਂ ਸਾਹਵੇਂ ਕਤਲ ਕਰ ਕੇ, ਉਸ ਦਾ ਕਲੇਜਾ ਕੱਢ ਕੇ ਜਲਾਦ ਨੇ ਬਾਬਾ ਬੰਦਾ ਸਿੰਘ ਦੇ ਮੂੰਹ ਵਿਚ ਤੁੰਨ ਦਿੱਤਾ ਤਾਂ ਗੁਰੂ ਦਾ ਸਿਦਕੀ ਸਿੱਖ ਭੋਰਾ ਨਾ ਡੋਲਿਆ। ਉਹਨੇ ‘ਤੇਰਾ ਕੀਆ ਮੀਠਾ ਲਾਗੈ’ ਕਹਿ ਕੇ ਸਵੀਕਾਰ ਕਰ ਲਿਆ। ਨਾ ਡੋਲਿਆ, ਨਾ ਘਬਰਇਆ ਸਗੋਂ ਸਿਦਕ ਨਿਭਣ ਦਾ ਸ਼ੁਕਰ ਮਨਾਇਆ। ਐਸੇ ਸਮੇਂ ਦਾ ਚਿਤਰਨ ਕਰਦੇ ਕਵੀ ਹਰਸਾ ਸਿੰਘ ਚਾਤਰ ਦੇ ਬੋਲ ਹਨ:
ਬੋਟੀ ਬੋਟੀ ਹੋ ਗਿਆ, ਸਿੱਖੀ ਨਹੀਂ ਸੂਰਮੇ ਹਾਰੀ। ਵਿਰਲੇ ਜੰਮਣ ਜੱਗ ‘ਤੇ, ਇਹੋ ਜਿਹੇ ਪਰਉਪਕਾਰੀ। ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ, ਸਿਰੜ, ਸਿਦਕ ਦੀਆਂ ਵਾਰਾਂ ਬੜੇ ਮਾਣ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਹਰੇਕ ਸਿੱਖ ਨੂੰ, ਕੌਮ ਦੇ ਐਸੇ ਸੂਰਬੀਰ ਯੋਧੇ ਉਪਰ, ਮਾਣ ਮਹਿਸੂਸ ਹੋਣਾ ਚਾਹੀਦਾ ਐ।
ਡਾ. ਇੰਦਰਜੀਤ ਸਿੰਘ ਗੋਗੋਆਣੀ
