4 views 8 secs 0 comments

ਮਾਹ ਦਿਵਸ ਮੂਰਤ ਭਲੇ

ਲੇਖ
December 12, 2025

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ॥
(ਅੰਗ ੧੩੫)

ਸਿੱਖ ਸੱਭਿਆਚਾਰ ਵਿਚ ਦਿਨਾਂ, ਮਹੀਨਿਆਂ ਅਤੇ ਮਹੂਰਤਾਂ ਦੇ ਭਰਮ ਅਤੇ ਫੋਕਟ ਵਿਚਾਰਾਂ ਨੂੰ ਬਿਲਕੁਲ ਪਖੰਡ ਕਰਮ ਮੰਨਿਆ ਗਿਆ ਹੈ ਕਿਉਂਕਿ ਅਗਿਆਨਤਾ ਵਿਚ ਗ੍ਰਸਿਆ ਸੰਸਾਰ ਫਿਰ ਇਨ੍ਹਾਂ ਦੇ ਉਪਾਅ ਕਰਾਉਂਦਾ ਹੋਇਆ ਬੌਧਿਕ, ਮਾਨਸਿਕ ਤੇ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਰਹਿ ਜਾਂਦਾ ਹੈ।

ਇੱਕੀਵੀਂ ਸਦੀ ਦੀ ਤਸਵੀਰ ਝਬਦੇ ਹੀ ਦੇਖਣੀ ਹੋਵੇ ਤਾਂ 27 ਨਵੰਬਰ 2013 ਦੇ ਇਕ ਅਖ਼ਬਾਰ ਦੀ ਖ਼ਬਰ ਵਿਚ ਨਵਾਂ ਸ਼ੋਸ਼ਾ ਸੀ ਕਿ ਦਸੰਬਰ ਦੇ ਮਹੀਨੇ 5 ਐਤਵਾਰ, 5 ਸੋਮਵਾਰ ਤੇ 5 ਮੰਗਲਵਾਰ ਆਉਣਗੇ। ਇਹ ਯੋਗ 843 ਸਾਲ ਬਾਅਦ ਬਣਿਆ ਹੈ। ਇਸ ਲਈ 11 ਦਸੰਬਰ ਦਾ ਦਿਨ ਵਿਸ਼ੇਸ਼ ਹੋਵੇਗਾ ਤੇ ਇਸ ਦਿਨ ਲੋਕ ਜੋ ਵੀ ਸ਼ੁੱਭ ਇੱਛਾਵਾਂ ਮੰਗਣਗੇ ਉਹ ਪੂਰੀਆਂ ਹੋਣਗੀਆਂ।

ਸਤਿਗੁਰਾਂ ਨੇ ਬਾਣੀ ਵਿਚ ਅਜਿਹੀ ਵਹਿਮੀ, ਲਾਲਚੀ ਤੇ ਡਰਪੋਕ ਕਿਸਮ ਦੀ ਵਿਚਾਰਧਾਰਾ ਨੂੰ ਇਸ ਲਈ ਰੱਦ ਕੀਤਾ ਕਿ ਇਨ੍ਹਾਂ ਗੱਲਾਂ ਵਿਚ ਸੱਚਾਈ ਕੋਈ ਨਹੀਂ ਹੈ। ਮਨੁੱਖ ਕਰਮ ਭਾਵ ਕਾਰਜ ਚੰਗਾ ਕਰੇ ਤਾਂ ਦਿਨ ਮਹੀਨੇ ਮਹੂਰਤ ਸਭ ਭਲੇ ਹਨ। ਫ਼ਰਮਾਨ ਹੈ :

ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਅੰਗ ੮੪੩)

ਭਾਵ ਥਿੱਤਾਂ ਵਾਰਾਂ ਦੀ ਵਿਚਾਰ ਤੇ ਵਹਿਮ ਕਰਨ ਵਾਲਾ ਵੱਡਾ ਮੂਰਖ ਹੈ। ਹੁਣ ਜੇ ਇਸ ਧਰਤੀ ਦੇ ਅੰਧਵਿਸ਼ਵਾਸ ਦੀ ਗਿਣਤੀ ਕਰੀਏ ਤਾਂ ਗਿਣਤੀ ‘ਚ ਨਹੀਂ ਸਮਾਉਣਗੇ।

ਜਿਵੇਂ ਮਹੀਨਿਆਂ ਦੀ ਵਿਚਾਰ ਦੇਖੋ ਤਾਂ ਕੁੱਤੇ ਦੇ ਮਹੀਨੇ ਪੁੱਤ ਜੰਮਣਾ ਮਾੜਾ, ਭਾਦਰੋਂ ਦੇ ਮਹੀਨੇ ਗਾਂ ਸੁਈ ਬੁਰੀ, ਸਉਣ ਦੇ ਮਹੀਨੇ ਘੋੜੀ, ਮਾਘ ਵਿਚ ਮਹਿੰ, ਅੱਸੂ ਦੇ ਹਨੇਰੇ ਪੱਖ ਦੇ ਪੰਦਰਾਂ ਦਿਨ ਸਰਾਧਾਂ ਦੇ ਤੇ ਇਸ ਵਿਚ ਖ਼ੁਸ਼ੀ ਦਾ ਕਾਰਜ ਨਹੀਂ ਹੋ ਸਕਦਾ ਅਤੇ ਇਸੇ ਤਰ੍ਹਾਂ ਬੇਅੰਤ ਭਰਮ ਹਨ। ਹੁਣ ਮੌਸਮ, ਰੁੱਤ, ਮੀਂਹ ਕਣੀ ਆਦਿ ਨੂੰ ਵਿਚਾਰ ਕੇ ਕਿਸੇ ਸਮੇਂ ਕੁਝ ਮਹੀਨਿਆਂ ਸੰਬੰਧੀ ਜਾਗ੍ਰਿਤੀ ਹੋਣੀ ਵੱਖਰੀ ਗੱਲ ਹੈ ਪਰ ਯੁੱਗ ਦੇ ਬਦਲਾਓ ਨਾਲ ਬੀਤੇ ਨੂੰ ਪਿੱਟੀ ਜਾਣਾ ਸਿਆਣਪ ਵੀ ਨਹੀਂ। ਅੱਜ ਵੀ ਰੁੱਤ ਜਾਂ ਮੌਸਮ ਦੇ ਲਿਹਾਜ ਨਾਲ ਸਾਡੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਹ ਭਰਮ ਨਹੀਂ, ਗਿਆਨ ਹੈ। ਇਸ ਲਈ ਮਹੀਨਿਆਂ ਦੀ ਵਿਚਾਰ ਨੂੰ ਭਰਮ ਦੀ ਦ੍ਰਿਸ਼ਟੀ ਤੋਂ ਨਹੀਂ ਸਗੋਂ ਗਿਆਨ ਦੀ ਦ੍ਰਿਸ਼ਟੀ ਤੋਂ ਵਿਚਾਰਨ ਦੀ ਵੱਧ ਲੋੜ ਹੈ। ਪਰ ਸਾਡੇ ਲੋਕਾਂ ਨੂੰ ਮਹੀਨਿਆਂ ਦੇ ਭਰਮ ਪਾ ਕੇ ਲੁੱਟਿਆ ਜਾ ਰਿਹਾ ਹੈ

ਹੁਣ ਜੇਕਰ ਦਿਵਸ ਭਾਵ ਦਿਨਾਂ ਦੇ ਭਰਮ ਦੀ ਗੱਲ ਕਰੀਏ ਤਾਂ ਹਫ਼ਤੇ ਦੇ ਸੱਤ ਹੀ ਦਿਨ ਹਨ ਤੇ ਚਾਰ ਦਿਨ ਅਸੀਂ ਨਕਾਰੇ ਹੋਏ ਹਨ। ਐਤਵਾਰ ਛੁੱਟੀ ਅਤੇ ਮੰਗਲ, ਵੀਰ ਤੇ ਸ਼ਨੀ ਚੰਗੇ ਨਹੀਂ ਹਨ। ਗੁਰਮਤਿ ਦੀ ਦ੍ਰਿਸ਼ਟੀ ਤੋਂ ਸਾਰੇ ਹੀ ਭਲੇ ਹਨ ਪਰ ਸਾਡਾ ਕਰਮ ਭਲਾ ਹੋਣਾ ਚਾਹੀਦਾ ਹੈ। ਬੁੱਧਵਾਰ ਕੀਤਾ ਹੋਇਆ ਪਾਪ ਕਰਮ ਕਦੇ ਪੁੰਨ ਨਹੀਂ ਬਣੇਗਾ ਕਿਉਂਕਿ ਭਾਵਨਾ ਬੁਰੀ ਹੈ ਅਤੇ ਦੂਜੇ ਪਾਸੇ ਮੰਗਲ, ਵੀਰ ਜਾਂ ਸ਼ਨੀਵਾਰ ਨੂੰ ਕੀਤਾ ਪੁੰਨ ਕਰਮ ਕਦੇ ਪਾਪ ਨਹੀਂ ਹੋਵੇਗਾ ਕਿਉਂਕਿ ਭਾਵਨਾ ਭਲੀ ਹੈ। ਇਸੇ ਤਰਾਂ ਇਨ੍ਹਾਂ ਦਿਨਾਂ ਸੰਬੰਧੀ ਫੋਕਟ ਵਿਚਾਰਾਂ ਹਨ ਕਿ ਮੰਗਲਵਾਰ ਕੇਸੀ ਇਸ਼ਨਾਨ ਨਹੀਂ ਕਰਨਾ, ਮੰਗਲ, ਬੁੱਧ ਪਹਾੜਾਂ ਵੱਲ ਨਹੀਂ ਜਾਣਾ, ਬੁੱਧਵਾਰ ਲੰਮੀਆਂ ਵਾਟਾਂ ਵਾਲੇ ਰਸਤੇ ਨਹੀਂ ਪੈਣਾ। ਫਲਾਣੇ ਦਿਨ ਨਵੇਂ ਕੱਪੜੇ ਨਹੀਂ ਪਾਉਣੇ, ਵੀਰਵਾਰ ਕੁੜੀਆਂ ਵੀਰਾਂ ਨੂੰ ਘਰੋਂ ਨਹੀਂ ਤੋਰਦੀਆਂ ਅਖੇ ਵੀਰ ਨੂੰ ਵਿਛੜੇ ਫਿਰ ਵੀਰਾਂ ਦੇ ਮਿਲਾਪ ਨਹੀਂ ਹੁੰਦੇ। ਵੀਰਵਾਰ ਕੱਪੜੇ ਵੀ ਨਹੀਂ ਧੋਈਦੇ ਪਿੱਤਰਾਂ ਨੂੰ ਮੈਲ ਜਾਂਦੀ ਹੈ। ਭਾਵੇਂ ਇਹ ਪੁਰਾਣੀਆਂ ਰੂੜੀਵਾਦੀ ਵਿਚਾਰਾਂ ਹਨ ਪਰ ਦੂਜੇ ਪਾਸੇ ਅੱਜ ਵੀ ਸ਼ਨੀਵਾਰ ਨੂੰ ਪੰਜਾਬ ਦੇ 157 ਸ਼ਹਿਰਾਂ ਕਸਬਿਆਂ ਵਿਚ ਪਖੰਡ ਕਰਮ ਦੇਖ ਲਵੋ। ਅਖ਼ਬਾਰੀ ਰੀਪੋਰਟ ਅਨੁਸਾਰ ਇਕੱਲੇ ਪੰਜਾਬ ‘ਚ ਪੂਰੇ ਸਾਲ ਦੇ 52 ਕੁ ਸ਼ਨੀਵਾਰਾਂ ਨੂੰ ਨਿੰਬੂ ਤੇ ਹਰੀਆਂ ਮਿਰਚਾਂ ਦਾ ਪਖੰਡ ਕਰਮ 18 ਕਰੋੜ ਦੀ ਰਾਸ਼ੀ ਤਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਕਰੋੜਾਂ ਰੁਪਏ ਦੇ ਨਾਰੀਅਲ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਦੇ ਦਿਨ ਚੌਰਾਹਿਆਂ ਅਤੇ ਨਦੀਆਂ ਨਹਿਰਾਂ ਵਿਚ ਰੋਹੜ ਦਿੱਤੇ ਜਾਂਦੇ ਹਨ। ਫਿਰ ਨਗਾਂ ਮੁੰਦਰੀਆਂ ਤੋਂ ਲੈ ਕੇ ਕੱਪੜਿਆਂ ਦੇ ਰੰਗਾਂ ਦੇ ਭਰਮ ਅਤੇ ਕਿਸ ਦਿਨ ਕੀ ਖਾਣਾ ਤੇ ਕੀ ਨਹੀਂ ਖਾਣਾ ਇਹ ਵੀ ਪਖੰਡ ਕਰਮ ਬਣ ਚੁੱਕਾ ਹੈ। ਸਤਿਗੁਰ ਤਾਂ ਫ਼ਰਮਾਉਂਦੇ ਹਨ:

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ॥ (ਅੰਗ ੪੩੨)
ਅੱਗੇ ਸ਼ਬਦ ‘ਮੂਰਤ (ਮਹੂਰਤ) ਹੈ। ਗੁਰਮਤਿ ਮਾਰਤੰਡ ਵਿਚ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਸਮਝਾਇਆ ਹੈ ਕਿ ਮਹੂਰਤ, ਬਾਰਾਂ ਛਿਨ ਅਤੇ ਦੋ ਘੜੀਆਂ ਦੇ ਸਮੇਂ ਦਾ ਨਾਮ ਮਹੂਰਤ ਹੈ ਪਰ ਜੋਤਸ਼ੀਆਂ ਤੋਂ ਸ਼ੁੱਭ ਸਮਾਂ ਕਿਸੇ ਕੰਮ ਦੇ ਕਰਨ ਲਈ ਠਹਿਰਾਇਆ ਜਾਣਾ ਪ੍ਰਸਿੱਧ ਅਰਥ ਰੱਖਦਾ ਹੈ। ਅੱਗੇ ਉਨ੍ਹਾਂ ਨੇ ਇਨ੍ਹਾਂ ਫੋਕਟ ਕਰਮਾਂ ਦਾ ਵੀ ਭਰਮ-ਜਾਲ ਤੋੜਿਆ ਹੈ ਅਤੇ ਸਿੱਖ ਪੰਥ ਨੂੰ ਪ੍ਰੇਰਿਆ ਹੈ :

“ਗੁਰਮਤਿ ਵਿਚ ਤਿਥਿ, ਵਾਰ, ਮਹੀਨਾ, ਮਹੂਰਤ ਆਦਿ ਦਾ ਅਵਿਦਯਾ-ਮੂਲਿਕ ਵਿਚਾਰ ਨਹੀਂ, ਇਨ੍ਹਾਂ ਦਾ ਸ਼ੁੱਭ-ਅਸ਼ੁੱਭ ਫਲ ਮੰਨ ਕੇ ਭਰਮ-ਜਾਲ ਵਿਚ ਪੈਣਾ ਗੁਰਮਤਿ ਵਿਰੁੱਧ ਹੈ। ਜੋ ਸਿੱਖ ਕਿਸੇ ਵਾਰ ਨੂੰ ਚੰਗਾ ਕਿਸੇ ਨੂੰ ਮੰਦਾ, ਕਿਸੇ ਤਿਥੀ ਨੂੰ ਲਾਭ ਦੇਣ ਵਾਲੀ,
ਕਿਸੇ ਨੂੰ ਹਾਨੀਕਾਰਕ, ਕਿਸੇ ਮਹੀਨੇ ਨੂੰ ਸੁਖਦਾਈ, ਕਿਸੇ ਨੂੰ ਦੁਖਦਾਈ ਮੰਨਦਾ ਹੈ, ਉਹ ਗੁਰਬਾਣੀ ‘ਤੇ ਅਮਲ ਕਰਨ ਵਾਲਾ ਨਹੀਂ ਹੈ।”

ਨਿਰਮਲ ਪੰਥ ਦੇ ਵਾਰਸਾਂ ਲਈ ਸਤਿਗੁਰਾਂ ਦੀ ਪ੍ਰੇਰਨਾ ਹੈ:

ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ
ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥(ਅੰਗ ੫੪੦)

ਅਜੋਕੇ ਸਮੇਂ ‘ਚ ਤਸਵੀਰ ਦਾ ਦੂਜਾ ਪਾਸਾ ਦੇਖੋ ਤਾਂ ਦਿਨਾਂ, ਦਿਹਾੜਿਆਂ, ਮਹੂਰਤਾਂ ਦੇ ਭਰਮ ਪਾ ਕੇ ਲੋਕਾਂ ਨੂੰ ਗੁਮਰਾਹ ਕਰਨ ਵਾਲਿਆਂ ਦੇ ਇਸ਼ਤਿਹਾਰ ਦੇਖੋ :- “9 ਘੰਟੇ ਵਿਚ 100 ਪ੍ਰਤੀਸ਼ਤ ਗਰੰਟੀ ਅਤੇ ਚੈਲੰਜ ਦੇ ਨਾਲ ਸਮਾਧਾਨ, ਕਾਰੋਬਾਰ, ਨੌਕਰੀ, ਪਰਮੋਸ਼ਨ, ਸ਼ਾਦੀ, ਪ੍ਰੇਮ-ਵਿਆਹ, ਸੰਤਾਨ, ਪੜਾਈ, ਗ੍ਰਹਿ-ਕਲੇਸ਼, ਦੁਸ਼ਮਣ ਤੋਂ ਛੁਟਕਾਰਾ, ਬੁਰੀ ਨਜ਼ਰ, ਬੰਧਨ,ਨਵਗ੍ਰਹਿ, ਮੰਗਲੀਕ ਦੋਸ਼, ਵਿਦੇਸ਼ ਯਾਤਰਾ ‘ਚ ਰੁਕਾਵਟ, ਕਰਜੇ ਤੋਂ ਮੁਕਤੀ, ਪਿੱਤਰ ਦੋਸ਼ ਕੀਤਾ-ਕਰਾਇਆ, ਕਠਿਨ ਸਮੱਸਿਆਵਾਂ ਦਾ ਸਮਾਧਾਨ ਪਾਓ।”

ਇਸ ਦੇ ਨਾਲ ਲਿਖਿਆ ਕਿ ਵਿਅਰਥ ਇਧਰ ਉਧਰ ਨਾ ਭਟਕੋ, ਸਾਡੇ ਕੋਲ ਜ਼ਰੂਰ ਆਓ – ਮੋਟਾ ਕਰਕੇ ਨਾਲ ਹੀ ਲਿਖਿਆ ਹੁੰਦਾ ਹੈ ਕਿ ਗੁਮਰਾਹ ਹੋਣ ਤੋਂ ਬਚੋ।

ਭਾਵ ਅਸੀਂ ਬਿਲਕੁਲ ਸਹੀ ਹਾਂ, ਹੋਰਨਾਂ ਕੋਲ ਨਾ ਜਾਇਓ। ਗੁਮਰਾਹ ਦੀ ਹੋਰ ਪਰਿਭਾਸ਼ਾ ਕੀ ਹੈ ਕਿ ਸਮਾਜ ਨੂੰ ਭਰਮ-ਪਖੰਡ ਵਿਚ ਪਾ ਕੇ ਗੁਮਰਾਹ ਹੀ ਤਾਂ ਕੀਤਾ ਜਾ ਰਿਹਾ ਹੈ, ਤਾਂ ਫਿਰ ਇਸ ਸਮੁੱਚੇ ਪਖੰਡਵਾਦ ਤੋਂ ਬਚਣ ਦਾ ਹੱਲ ਕੀ ਹੈ?

ਇਸ ਲੇਖ ਦੇ ਅਰੰਭ ਵਿਚ ਦਿੱਤੀਆਂ ਪੰਕਤੀਆਂ, ਪੰਚਮ ਪਾਤਸ਼ਾਹ ਜੀ ਦੀਆਂ ਬਾਰਹ ਮਾਹਾ ਮਾਂਝ ਮਹਲਾ ੫ ਸਿਰਲੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਇਮਾਨ ਹਨ। ਸਿੱਖ ਪੰਥ ਗੁਰਬਾਣੀ ਦਾ ਓਟ ਆਸਰਾ ਲੈ ਕੇ ਸਤਿਗੁਰਾਂ ਤੋਂ ਸੰਦੇਸ਼ ਪ੍ਰਾਪਤ ਕਰਦਾ ਹੈ। ਸਤਿਗੁਰਾਂ ਨੇ ਬਾਰਹ ਮਾਹਾ ਦੇ ਅੰਤ ਵਿਚ ਮਾਨਵਤਾ ਨੂੰ ਸੰਦੇਸ਼ ਦਿੱਤਾ ਹੈ ਜਿਸ ਉੱਪਰ ਨਿਰਮਲ ਪੰਥ ਦੇ ਵਾਰਸਾਂ ਨੇ ਪਹਿਰਾ ਦੇਣਾ ਹੈ ਕਿ ਉਨ੍ਹਾਂ ਵਾਸਤੇ ਸਾਰੇ ਮਹੀਨੇ, ਸਾਰੇ ਦਿਨ ਤੇ ਸਾਰੇ ਹੀ ਮਹੂਰਤ ਸੁਲੱਖਣੇ ਹਨ ਜਿਨ੍ਹਾਂ ਉੱਪਰ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ। (ਮਿਹਰ ਦੀ ਨਜ਼ਰ ਲਈ ਗੁਰਬਾਣੀ ਦਾ ਜਾਪ ਤੇ ਪ੍ਰਭੂ ਉੱਪਰ ਭਰੋਸਾ ਰੱਖਣਾ ਜ਼ਰੂਰੀ ਹੈ।)

ਫਿਰ ਸਤਿਗੁਰੂ ਸੰਸਾਰੀਆਂ ਨੂੰ ਸਮਝਾਉਂਦੇ ਹੋਏ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ ! ਮਿਹਰ ਕਰ ਮੈਂ ਨਾਨਕ ਤੇਰੇ ਦਰ ਤੋਂ ਤੇਰੇ ਦੀਦਾਰ ਦੀ ਦਾਤ ਮੰਗਦਾ ਹਾਂ।

-ਡਾ. ਇੰਦਰਜੀਤ ਸਿੰਘ ਗੋਗੋਆਣੀ