14 views 4 secs 0 comments

੪੧ਵੀਂ ਵਾਰ ਦੀ ੧੨ਵੀਂ ਪਉੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ

ਲੇਖ
December 24, 2025

ਭੈ ਭੰਜਨ ਭਗਵਾਨ ਭਜੋ ਭੈ ਨਾਸਨ ਭੋਗੀ।
ਭਗਤਿ ਵਛਲ ਭੈ ਭੰਜਨੋ ਜਪਿ ਸਦਾ ਅਰੋਗੀ। ਮਨਮੋਹਨ ਮੂਰਤਿ ਮੁਕੰਦ ਪ੍ਰਭੁ ਜੋਗ ਸੰਜੋਗੀ।
ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੁ ਹੋਗੀ। ਮਧੁਸੂਦਨ ਮਾਧੋ ਮੁਰਾਰਿ ਬਹੁ ਰੰਗੀ ਖੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥(੪੧:੧੨)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ, ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਕਵੀ ਭਾਈ ਗੁਰਦਾਸ ਸਿੰਘ ਜੀ ੪੧ਵੀਂ ਵਾਰ ਵਿਚ ਪਰਮਾਤਮਾ ਦੇ ਭੈਅ ਦੂਰ ਕਰਨ ਵਾਲੇ, ਭਗਤਾਂ ਨੂੰ ਪਿਆਰ ਕਰਨ ਵਾਲੇ, ਮਨਮੋਹਕ, ਰਸੀਏ ਅਤੇ ਰੱਖਿਅਕ ਆਦਿ ਹੋਣ ਦੇ ਅਨੰਤ ਗੁਣਾਂ ਦਾ ਗਾਇਨ ਕਰਦੇ ਹੋਏ ਉਸ ਦੇ ਹੁਕਮ ਅੰਦਰ ਇਸ ਮਾਤਲੋਕ ਵਿਚ ਗੁਰੂ ਜੀ ਦੇ ਪ੍ਰਗਟ ਹੋਣ ਦਾ ਵਰਣਨ ਕਰਦੇ ਹੋਏ ਭਾਵਭਿੰਨੇ ਰੂਪ ‘ਚ ਪ੍ਰਭੂ-ਜਸ ਤੇ ਗੁਰੂ-ਜਸ ਕਰਦੇ ਹਨ।

ਭਾਈ ਸਾਹਿਬ ਕਥਨ ਕਰਦੇ ਹਨ ਕਿ ਡਰ ਨੂੰ ਕੱਟ ਕੇ ਰੱਖ ਦੇਣ ਵਾਲੇ ਮਾਲਕ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ ਜਿਸ ਨਾਲ ਸੰਸਾਰਿਕ ਮਨੁੱਖਾਂ ਦੇ ਡਰ ਭਾਵ ਸ਼ੰਕੇ-ਸੰਸੇ ਆਦਿ ਦੌੜ ਜਾਂਦੇ ਹਨ। ਉਹ ਪਰਮਾਤਮਾ ਸੱਚੀ ਨਿਰਮਲ ਭਗਤੀ-ਭਾਵ ਦੇ ਧਾਰਕ ਜਨਾਂ ਦੇ ਡਰਾਂ ਨੂੰ ਭੰਨ ਦਿੰਦਾ ਹੈ। ਪਰਮਾਤਮਾ ਦਾ ਚਿੰਤਨ ਕਰ ਕੇ, ਉਸ ਦੇ ਨਾਮ ਵਿਚ ਜੁੜ ਕੇ ਸਮੂਹ ਸੰਸਾਰਿਕ ਰੋਗਾਂ ਤੋਂ ਰਹਿਤ ਹੋ ਸਕੀਦਾ ਹੈ। ਮਨ ਨੂੰ ਮੋਹ ਲੈਣ ਵਾਲੇ ਉਸ ਪਰਮਾਤਮਾ ਨਾਲ ਮਨੁੱਖ ਦਾ ਸੰਯੋਗ ਸਤਿਗੁਰੂ ਬਣਾਉਂਦਾ ਹੈ।

ਭਾਈ ਸਾਹਿਬ ਕਥਨ ਕਰਦੇ ਹਨ ਕਿ ਉਹ ਪ੍ਰਭੂ ਮਾਲਕ ਹੀ ਸਾਰੇ ਰਸਾਂ ਦਾ ਰਸੀਆ ਹੈ। ਉਹ ਪਰਮਾਤਮਾ ਹੀ ਮਨੁੱਖ-ਮਾਤਰ ਨੂੰ ਬਚਾਉਣ ਵਾਲਾ ਅਤੇ ਰਚਣ ਵਾਲਾ ਹੈ। ਜੋ ਕੁਝ ਉਹ ਪਰਮਾਤਮਾ ਕਰਦਾ ਹੈ ਹੁੰਦਾ ਜਾਂ ਵਾਪਰਦਾ ਤਾਂ ਉਹੀ ਹੈ।

ਉਹ ਮਾਲਕ ਹੰਕਾਰ ਨੂੰ ਨਾਸ ਕਰਨ ਵਾਲਾ, ਮਾਇਆ ਦਾ ਆਸਰਾ ਅਤੇ ਅਗਿਆਨ ਦੂਰ ਕਰਨ ਵਾਲਾ ਹੈ। ਉਹ ਚੋਜੀ ਪ੍ਰਭੂ ਅਨੇਕਾਂ ਰੰਗਾਂ ਵਿਚ ਖੇਡਦਾ ਹੈ। ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਆਪ ਗੁਰੂ ਹੋਣ ਦੇ ਨਾਲ-ਨਾਲ ਚੇਲਾ ਭਾਵ ਸ਼ਿਸ਼ ਰੂਪ ‘ਚ ਵੀ ਹਨ। ਭਾਈ ਸਾਹਿਬ ਦਾ ਸੰਕੇਤ ਹੈ ਕਿ ਕਲਗੀਧਰ ਦਸਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਕਰ ਕੇ ਗੁਰੂ ਅਤੇ ਚੇਲੇ ਵਿਚਕਾਰ ਸਭ ਅੰਤਰ ਮਿਟਾ ਦਿੱਤੇ।

ਇਤਿਹਾਸਕ ਤੱਥ ਹੈ ਕਿ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰ ਕੇ ਗੁਰੂ ਜੀ ਨੇ ਉਨ੍ਹਾਂ ਨੂੰ ਸਮੂਹਿਕ ਰੂਪ ਵਿਚ ਗੁਰੂ ਰੂਪ ਜਾਣ ਨਿਮਰਤਾ ਸਹਿਤ ਅੰਮ੍ਰਿਤ ਦੀ ਬਖਸ਼ਿਸ਼ ਲਈ ਬੇਨਤੀ ਕੀਤੀ ਸੀ ਅਤੇ ਆਪ ਜੀ ਨੇ ਸੰਨ ੧੬੯੯ ਨੂੰ ਖਾਲਸਾ ਪੰਥ ਦੀ ਸਾਜਨਾ ਵਾਲੇ ਇਤਿਹਾਸਕ ਦਿਹਾੜੇ ਪੰਜ ਪਿਆਰਿਆਂ ਹੱਥੋਂ ਅੰਮ੍ਰਿਤ ਦੀ ਬਖਸ਼ਿਸ਼ ਪ੍ਰਾਪਤ ਕੀਤੀ।