10 views 7 secs 0 comments

ਚਮਕੌਰ ਦੀ ਗੜੀ ਜੰਗ ਸ਼ੁਰੂ (ਭਾਗ -4)

ਲੇਖ
December 25, 2025

ਚਮਕੌਰ ਸਾਹਿਬ ਦੇ ਚੌਧਰੀ ਦੋ ਭਰਾ ਜਗਤਰਾਇ ਤੇ ਰੂਪ ਚੰਦ ਸੀ ਇਨ੍ਹਾਂ ਨੂੰ ਸਤਿਗੁਰਾਂ ਦੇ ਆਉਣ ਦਾ ਪਤਾ ਲੱਗਾ ਤਾਂ ਭਾਈ ਰੂਪ ਚੰਦ ਨੇ ਹੱਥ ਜੋੜ ਬੇਨਤੀ ਕੀਤੀ ਪਾਤਸ਼ਾਹ ਸਾਡੀ ਹਵੇਲੀ ਚੱਲੋ ਉਹ ਕੋਈ ਕਿਲ੍ਹਾ ਤੇ ਨਹੀਂ ਪਰ ਆ ਰੜੇ ਨਾਲ਼ੋਂ ਚੰਗਾ। ਸਤਿਗੁਰੂ ਆਏ ਵੀ ਇਸੇ ਵਾਸਤੇ ਸੀ ਕਿ ਉਹ ਜਾਣਦੇ ਸੀ ਕਿ ਚਮਕੌਰ ‘ਚ ਇਕ ਗੜ੍ਹੀ ਹੈਗੀ ਕਿਉਂਕਿ ਕੁਰਕਸ਼ੇਤਰ ਤੋਂ ਮੁੜਦਿਆਂ ਪਹਿਲਾਂ ਵੀ ਇੱਕ ਵਾਰ ਪਾਤਸ਼ਾਹ ਨੇ ਪਿੰਡ ਚਮਕੌਰ ਚਰਨ ਪਾਏ ਸੀ।
ਦਰਬਾਰੀ ਕਵੀ ਸੈਨਾਪਤਿ ਲਿਖਦਾ ਹੈ :

ਖਬਰ ਸੁਨੀ ਜ਼ਿਮੀਂਦਾਰ ਨੇ ਮੱਧ ਬਸੈ ਚਮਕੌਰ।
ਸੁਨਤ ਬਚਨ ਤਤਕਾਲ ਹੀ ਉਹ ਆਯੋ ਉਠਿ ਦੌਰ ।
ਹਾਥ ਜੋਰ ਐਸੇ ਕਹਯੋ ਬਿਨਤੀ ਸੁਣੋ ਕਰਤਾਰ ।
ਬਸੋ ਮਧਿ ਚਮਕੌਰ ਕੈ ਅਪਣੀ ਕਿਰਪਾ ਧਾਰ।

ਸਤਿਗੁਰਾਂ ਬੇਨਤੀ ਪ੍ਰਵਾਣ ਕੀਤੀ। ਉੱਠ ਕੇ ਗੜ੍ਹੀ ਵੱਲ ਨੂੰ ਤੁਰ ਪਏ। ਪਾਤਸ਼ਾਹ ਦੇ ਨਾਲ ਕਰੀਬ 40 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਸਨ, ਸਾਰੇ ਭੁੱਖੇ ਤੇ ਪਿਆਸੇ ਗੜ੍ਹੀ ਅੰਦਰ ਵੜਕੇ ਚੰਗੀ ਤਰਾਂ ਇੱਧਰ-ਉੱਧਰ ਨਿਹਾਰਿਆ ਗੜ੍ਹੀ ਤੱਕ ਕੇ ਦਸਮੇਸ਼ ਜੀ ਦੇ ਅੰਦਰਲੇ ਜੋ ਖਿਆਲਾਂ ਨੂੰ ਜੋਗੀ ਅੱਲਾ ਯਾਰ ਇੰਜ ਚਿਤ੍ਰਦਾ

ਜਿਸ ਖ਼ਿੱਤੇ ਮੇਂ ਹਮ ਕਹਤੇ ਥੇ ਆਨਾ ਯਿਹ ਵੁਹੀ ਹੈ ।
ਕਲ ਲੁਟ ਕੇ ਹੈ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ ।
ਜਿਸ ਜਾ ਪਿ ਹੈ ਬੱਚੋਂ ਕੋ ਕਟਾਨਾ ਯਿਹ ਵੁਹੀ ਹੈ ।
ਮੱਟੀ ਕਹ ਦੇਤੀ ਹੈ ਠਿਕਾਨਾ ਯਿਹ ਵੁਹੀ ਹੈ ।

ਸਾਰੇ ਨਿਗਾਹ ਮਾਰ ਅਕਾਲੀ ਸੈਨਾਪਤੀ ਨੇ ਮੋਰਚੇਬੰਦੀ ਕੀਤੀ ਥਾਂ-ਥਾਂ ਸਿੰਘਾਂ ਨੂੰ ਤੈਨਾਤ ਕਰਤਾ ਕੁਝ ਸਿੰਘ ਅਰਾਮ ਕਰਨ ਲੱਗ ਪਏ ਪਰ ਸਾਵਧਾਨ ਰਹੇ ਕਿਉਂਕਿ ਪਤਾ ਸੀ ਮੁਗਲ ਫੌਜ ਪੈੜ ਨੱਪਦਿਆਂ ਕਿਸੇ ਵੇਲੇ ਵੀ ਪਹੁੰਚ ਸਕਦੀ

ਵੀਰਵਾਰ ਦੀ ਰਾਤ ਲੰਘੀ 8 ਪੋਹ ਸ਼ੁਕਰਵਾਰ ਦੀ ਸਵੇਰੇ ਹੋਈ ਦਿਨ ਚੜ੍ਹਦਿਆਂ ਨੂੰ ਚਮਕੌਰ ਦੀ ਗੜ੍ਹੀ ਦੇ ਆਲੇ-ਦੁਆਲੇ ਵੈਰੀ ਦਲ ਭੌੰ ਦੇ ਘੇਰੇ ਕੀੜਿਆਂ ਵਾਂਗ ਕੁਰਬਲ ਕੁਰਬਲ ਕਰਦਾ ਫਿਰਦਾ ਸੀ ਜਿੱਧਰ ਵੇਖੋ ਫੋਜ ਈ ਫੌਜ ਕਲਗੀਧਰ ਦੇ ਆਪਣੇ ਕਹੇ ਅਨੁਸਾਰ 10 ਲੱਖ ਦੀ ਫੌਜ ਤੇ ਗੜ੍ਹੀ ‘ਚ ਸਿਰਫ 40 ਭੁੱਖੇ-ਪਿਆਸੇ ਸਿੰਘ ਜਫਰਨਾਮੇ ‘ਚ ਪਾਤਸ਼ਾਹ ਇਹ ਵੀ ਦਸਦੇ ਹਨ ਕਿ ਫੌਜ ਦੀ ਬਰਦੀ ਕਾਲੇ ਰੰਗ ਦੀ ਸੀ।

“ਸਿਆਹ ਪੋਸ ਆਮਦੰਦ” ਸ਼ਬਦ ਵਰਤਿਆ ਜ਼ਫ਼ਰਨਾਮੇ ‘ਚ ਵੈਰੀ ਦਾ ਘੇਰਾ ਵੇਖ ਪਾਤਸ਼ਾਹ ਨੇ ਵਿਉਂਤਬੰਦੀ ਅਨੁਸਾਰ ਦੋ ਸਿੰਘ ਭਾਈ ਮਦਨ ਸਿੰਘ ਤੇ ਭਾਈ ਕਾਠਾ ਸਿੰਘ (ਕੋਠਾ ਸਿੰਘ ) ਗੜੀ ਦੇ ਦਰਵਾਜ਼ੇ ਤੇ ਲਾਏ ਬਾਕੀ 8-8 ਸਿੰਘ ਚਾਰੇ ਦਿਸ਼ਾਵਾਂ ਤੈਨਾਤ ਕਰ’ਤੇ। ਭਾਈ ਦਇਆ ਸਿੰਘ ਤੇ ਭਾਈ ਆਲਮ ਸਿੰਘ ਨੂੰ ਸਾਰੀ ਨਿਗਰਾਨੀ ਤੇ ਲਾਇਆ ਦੋਵੇ ਸਾਹਿਬਜ਼ਾਦੇ ਨਾਲ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਹੁਣਾ ਨੂੰ ਨਾਲ ਲੈ ਆਪ ਸਤਿਗੁਰੂ ਅਟਾਰੀ ਤੇ ਚੜ ਗਏ ਉਥੋਂ ਬਾਹਰ ਦਾ ਸਾਰਾ ਨਜ਼ਾਰਾ ਦੁਸ਼ਮਣ ਦੀ ਹਰ ਹਰਕਤ ਨਜਰ ਪੈਂਦੀ ਸੀ।

ਵਜ਼ੀਰ ਖ਼ਾਂ ਨੇ ਆਉਂਦਿਆਂ ਘੇਰਾ ਪਾ ਨਗਾਰਾ ਵਜਾ ਢੰਡੋਰਾ ਪਿੱਟਿਆ “ਜੇ ਗੁਰੂ ਆਪਣੇ ਸਾਥੀਆਂ ਸਮੇਤ ਪੇਸ਼ ਹੋ ਜਾਵੇ ਤਾਂ ਜਾਨ ਬਖਸ਼ੀ ਜਾਉ ਨਹੀ ਤੇ ਮੌਤ ਲੀ ਤਿਆਰ ਰਵੇ ਬਚਣ ਦਾ ਕੋਈ ਰਾਹ ਨੀ” ਇਸ ਦਾ ਜਵਾਬ ਪਾਤਸ਼ਾਹ ਨੇ ਅਟਾਰੀ ਤੋਂ ਤੀਰ ਨਾਲ ਦਿੱਤਾ ਗਿਆ ਅੱਗੋਂ ਮੁਗਲ ਫੌਜ ਨੇ ਵੀ ਤੀਰਾਂ ਦੀ ਵਰਖਾ ਕੀਤੀ ਗੜੀ ਅੰਦਰੋ ਵੀ ਜਵਾਬੀ ਕਾਰਵਾਈ ਹੋਈ ਜਿਸ ਕਰਕੇ ਕੁਝ ਸਮਾਂ ਗੜ੍ਹੀ ਦੇ ਨੇੜੇ ਕੋਈ ਨਾ ਆਇਆ , ਪਰ ਮਲੇਰਕੋਟਲੇ ਵਾਲੇ ਨਵਾਬ ਦੇ ਭਰਾ ਅੱਗੇ ਵਧੇ ਪਹਿਲਾਂ ਨਾਹਰ ਖਾਂ ਲੁਕ ਕੇ ਗੜ੍ਹੀ ਕੋਲ ਆਇਆ। ਕੰਧ ਨਾਲ ਪਉੜੀ ਲਾ ਉੱਤੇ ਚੜ੍ਹਿਆ ਜਦੋਂ ਕੰਧ ਤੋਂ ਸਿਰ ਤਾਂਹ ਕੀਤਾ ਤਾਂ ਅਟਾਰੀ ਬੈਠੇ ਪਾਤਸ਼ਾਹ ਨੇ ਇਕ ਤੀਰ ਬਖਸ਼ਿਆ ਨਾਹਰ ਖਾਂ ਦਾ ਸਰੀਰ ਥੱਲੇ ਤੇ ਰੂਹ ਅਸਮਾਂ ਨੂੰ ਤੁਰ’ਗੀ ਮਗਰੇ ਗੁਲਸ਼ੇਰ ਖਾਂ ਚੜਿਆ ਉਹਦੇ ਸਿਰ ਦਸਮੇਸ਼ ਗੁਰਜ ਮਾਰਿਆ ਤੇ ਘੜੇ ਵਾਂਗ ਭੰਨ’ਤਾ। ਦੋਹਾਂ ਭਰਾਵਾਂ ਦੀ ਏਹ ਹਾਲਤ ਵੇਖ ਖਵਾਜਾ ਅਲੀ ਮਹਿਮੂਦ ਖਾਂ ਕੰਧ ਦੇ ਉਹਲੇ ਲੁਕ ਗਿਆ। ਜਫਰਨਾਮਾ ‘ਚ ਗੁਰਦੇਵ ਲਿਖਦੇ ਆ ਕਿ ਔਰੰਗਜ਼ੇਬ ਤੇਰਾ ਉ ਸੂਰਮਾ ਮੈਨੂੰ ਦਿਸਿਆ ਨੀ! ਜੇ ਮੇਰੀ ਨਜ਼ਰ ਪੈ ਜਾਂਦਾ ਮੈਂ ਇੱਕ ਤੀਰ ਉਹਨੂੰ ਜ਼ਰੂਰ ਬਖਸ਼ ਦੇਣਾ ਸੀ

ਇੱਕ ਹੋਰ ਪਠਾਣ ਦਾ ਜਿਕਰ ਕਰਦਿਆਂ ਪਾਤਸ਼ਾਹ ਆਂਦੇ ਤੇਰੇ ਇਕ ਹੋਰ ਸੂਰਮੇ ਨੇ ਬੜੇ ਹਮਲੇ ਕੀਤੇ ਕੁਝ ਸਿਆਣਪ ਨਾਲ ਕੁਝ ਦੀਵਾਨਗੀ (ਬੇਸਮਝੀ) ਨਾਲ ਉਹਨੇ ਮੇਰੇ 2 ਸਿੰਘ ਮਾਰ ‘ਤੇ ਪਰ ਫੇਰ ਉਹ ਵੀ ਆਪਣੀ ਜਾਨ ਮੈਨੂੰ ਦੇ ਗਿਆ।
ਜਰਨੈਲ ਮਰਦੇ ਵੇਖ ਨਵਾਬ ਵਜੀਦੇ ਨੇ ਇੱਕੋ ਵਾਰ ਚਾਰੇ ਪਾਸਿਓਂ ਹਮਲਾ ਕੀਤਾ। ਗੜ੍ਹੀ ਅੰਦਰ ਤੈਨਾਤ ਸਿੰਘਾਂ ਨੇ ਫੇਰ ਚਾਰੇ ਪਾਸੇ ਬਰਾਬਰ ਤੀਰਾਂ ਦੀ ਵਾਛੜ ਕੀਤੀ ਜਿਸ ਕਰਕੇ ਸਭ ਨੂੰ ਜਾਨ ਬਚਾ ਪਿੱਛੇ ਭੱਜਣਾ ਪਿਆ। ਅੰਦਰ ਗੋਲੀ ਸਿੱਕਾ ਬਿਲਕੁਲ ਸੀਮਤ ਸੀ। ਅਨੰਦਪੁਰ ਵਾਂਗ ਅੰਦਰ ਬਹਿ ਰਹਿਣਾ ਵੀ ਸਹੀ ਨਹੀ ਸੀ। ਸੋ ਸਲਾਹ ਕਰਕੇ ਗੁਰੂ ਹੁਕਮ ਨਾਲ ਪੰਜ ਪੰਜ ਸਿੰਘਾਂ ਦੇ ਜਥੇ ਗੜ੍ਹੀ ਤੋਂ ਬਾਹਰ ਜਾਣ ਦੀ ਨੀਤੀ ਬਣੀ। ਪਿਆਰੇ ਭਾਈ ਹਿੰਮਤ ਸਿੰਘ ਜੀ ਪਹਿਲਾ ਜਥਾ ਲੈ ਗੜ੍ਹੀ ਚੋਂ ਬਾਹਰ ਨਿਕਲੇ, ਉੱਤੋ ਪਾਤਸ਼ਾਹ ਤੀਰਾਂ ਦਾ ਮੀਂਹ ਪਉਣ ਡਏ ਇਕ ਇਕ ਤੀਰ ਕਈ ਚੋਂ ਪਾਰ ਹੁੰਦਾ ਏਧਰ ਸੈਕੜਿਆਂ ਨੂੰ ਨਰਕ ਤੋਰਦਾ ਸਾਰਾ ਸ਼ਹੀਦੀ ਜਥਾ ਗੁਰੂ ਚਰਣ ਚ ਲੀਣ ਹੋ ਗਿਆ ਫੇਰ ਦੂਜਾ ਜਥਾ ਗਿਆ ਉਵੀ ਪਹਿਲੇ ਵਾਂਗ ਜੂਝਦਿਆਂ ਵੈਰੀ ਦੇ ਆਹੂ ਲਉਦਾ ਸ਼ਹੀਦੀ ਪਾ ਗਿਆ ਏਦਾਂ ਕੁਝ ਸਿੰਘ ਸ਼ਹੀਦ ਹੋ ਗਏ
…..ਚਲਦਾ……

ਨੋਟ: ਉੱਪਰ ਜ਼ਿਆਦਾਤਰ ਹਾਲ ਸਮਕਾਲੀ ਕਵੀ ਸੈਨਾਪਤਿ ਤੇ ਜਫਰਨਾਮੇ ਚੋਂ ਲਿਆ ਗਿਆ

ਮੇਜਰ ਸਿੰਘ, ਉਪ ਸੰਪਾਦਕ, ਖ਼ਾਲਸਾ ਅਖ਼ਬਾਰ