ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਸਾਹਿਬਾਨ, ਭੱਟ ਸਾਹਿਬਾਨ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੋਮਣੀ ਸਥਾਨ ਦਿੱਤਾ ਹੈ, ਅਰਥਾਤ ਭਗਤ ਬਾਣੀ ਦੇ ਅੰਤਰਗਤ ਭਗਤ ਕਬੀਰ ਜੀ ਦੀ ਬਾਣੀ ਸਭ ਤੋਂ ਪਹਿਲਾਂ ਦਿੱਤੀ ਹੋਈ ਹੈ। ਆਪ ੧੩੯੮ ਈ. ਵਿਚ ਬਨਾਰਸ ਵਿਖੇ ਪੈਦਾ ਹੋਏ। ਆਪ ਦੀ ਪਰਵਰਿਸ਼ ਨੀਰੁ ਜੁਲਾਹੇ ਅਤੇ ਮਾਤਾ ਨੀਮਾ ਨੇ ਕੀਤੀ ਅਤੇ ਆਪ ਦਾ ਨਾਂ ਕਬੀਰ ਰੱਖਿਆ। ਭਗਤ ਕਬੀਰ ਜੀ ਇਕ ਗ੍ਰਹਿਸਥੀ ਵਿਅਕਤੀ ਸਨ । ਆਪ ਦੀ ਪਤਨੀ ਦਾ ਨਾਂ ਲੋਈ ਅਤੇ ਪੁੱਤਰ ਦਾ ਨਾਂ ਕਮਾਲ ਸੀ। ਆਪ ੧੨੦ ਸਾਲ ਦੀ ਉਮਰ ਵਿਚ ੧੫੧੮ ਈ. ਵਿਚ ਮਗਹਰ ਵਿਖੇ ਬ੍ਰਹਮਲੀਨ ਹੋਏ।
ਭਗਤ ਕਬੀਰ ਜੀ ਆਪਣੇ ਘਰ ਵਿਚ ਕੱਪੜਾ ਬੁਣਨ ਦਾ ਕੰਮ ਕਰਦੇ ਸਨ, ਪਰ ਉਸ ਸਮੇਂ ਦਾ ਬ੍ਰਾਹਮਣ ਵਰਗ ਆਪ ਨੂੰ ਜੁਲਾਹਾ ਹੋਣ ਕਰਕੇ ਸ਼ੁਦਰ ਸਮਝਦਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ੩੧ ਰਾਗਾਂ ਵਿੱਚੋਂ ਭਗਤ ਕਬੀਰ ਜੀ ਦੀ ਬਾਣੀ ੧੭ ਰਾਗਾਂ ਵਿਚ ਸੰਕਲਿਤ ਹੈ, ਜਿਸ ਵਿਚ ਸਿਰੀ, ਗਉੜੀ, ਆਸਾ, ਗੂਜਰੀ, ਸੋਰਠਿ, ਧਨਾਸਰੀ, ਤਿਲੰਗ, ਸੂਹੀ, ਬਿਲਾਵਲ, ਗੋਂਡ, ਰਾਮਕਲੀ, ਮਾਰੂ, ਕੇਦਾਰਾ, ਭੈਰਉ, ਬਸੰਤ, ਸਾਰੰਗ ਤੇ ਪ੍ਰਭਾਤੀ ਰਾਗ ਸ਼ਾਮਲ ਹਨ। ਇਸ ਮੁਤਾਬਕ ਆਪ ਦੇ ਕੁੱਲ ੨੨੫ ਸ਼ਬਦ, ੧ ਬਾਵਨ ਅੱਖਰੀ, ੧ ਥਿਤੀ, ੧ ਸਤਵਾਰਾ ਅਤੇ ੨੪੩ ਸਲੋਕ ਸੰਕਲਿਤ ਹਨ। ਇਸ ਪ੍ਰਕਾਰ ਆਪ ਜੀ ਦੀ ਬਾਣੀ ਹੋਰ ਸਾਰੇ ਭਗਤ ਸਾਹਿਬਾਨ ਨਾਲੋਂ ਵਧੀਕ ਹੈ। ਡਾ. ਜੋਧ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਤਾਰਨ ਸਿੰਘ ਅਤੇ ਰਾਜਕੁਮਾਰ ਵਰਮਾ ਜਿਹੇ ਵਿਦਵਾਨਾਂ ਦਾ ਮਤ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਬਾਣੀ ਹੀ ਭਗਤ ਕਬੀਰ ਜੀ ਦੀ ਅਸਲੀ ਬਾਣੀ ਹੈ, ਜਦ ਕਿ ਭਗਤ ਕਬੀਰ ਜੀ ਦੀ ਹੋਰ ਥਾਵਾਂ ‘ਤੇ ਮਿਲਦੀ ਬਾਣੀ ਵਿਚ ਮਿਲਾਵਟ ਦਾ ਅੰਸ਼ ਮਿਲਦਾ ਹੈ।
ਭਗਤ ਕਬੀਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਪਵਿੱਤਰ ਅਤੇ ਸਿੱਖਿਆਦਾਇਕ ਸੀ। ਉਹ ਆਪਣੇ ਪਿਤਾ ਦੇ ਕੰਮ ਵਿਚ ਹੱਥ ਵਟਾਉਂਦੇ, ਦਸਾਂ-ਨਹੁੰਆਂ ਦੀ ਕਿਰਤ ਕਰਦੇ ਅਤੇ ਪ੍ਰਭੂ ਦੀ ਭਗਤੀ ਲਈ ਵੀ ਸਮਾਂ ਕੱਢਦੇ। ਆਪ ਜੀ ਦੀ ਬਾਣੀ ਵਿਚ ਫੋਕਟ ਕਰਮ-ਕਾਂਡਾਂ, ਮੂਰਤੀ ਪੂਜਾ ਦੇ ਖੰਡਨ ਦੇ ਨਾਲ-ਨਾਲ ਨੈਤਿਕਤਾ, ਪ੍ਰੇਮ, ਭਗਤੀ, ਨਿਰਭੈਤਾ, ਮਾਇਆ, ਸੰਪ੍ਰਦਾਇਕ ਭਾਵਨਾ ਆਦਿ ਵਿਚਾਰਾਂ ਦੀ ਨਿਸ਼ਾਨਦੇਹੀ ਹੋਈ ਹੈ।
ਭਗਤ ਕਬੀਰ ਜੀ ਸਾਰੀ ਸ੍ਰਿਸ਼ਟੀ ਨੂੰ ਇੱਕੋ ਪਰਮ ਜੋਤ ਤੋਂ ਪੈਦਾ ਹੋਈ ਮੰਨਦੇ ਹਨ। ਸਿੱਖ ਧਰਮ ਦੇ ਹੋਰ ਸਾਰੇ ਗੁਰੂ ਸਾਹਿਬਾਨ ਵਾਂਗ ਭਗਤ ਕਬੀਰ ਜੀ ਵੀ ਸਾਰੇ ਮਨੁੱਖਾਂ ਵਿਚ ਪਰਮਾਤਮਾ ਦਾ ਨੂਰ ਵੇਖਦੇ ਹਨ। ਭਗਤ ਕਬੀਰ ਜੀ ਅਨੁਸਾਰ ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੀ ਬਣਾਈ ਹੋਈ ਹੈ, ਉਹ ਆਪ ਹੀ ਸਾਰੀ ਲੋਕਾਈ ਵਿਚ ਰਮਿਆ ਹੋਇਆ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੁਰਿ ਰਹਿਓ ਸ੍ਰਬ ਠਾਂਈ॥
ਭਗਤ ਕਬੀਰ ਜੀ ਨਿਰਭਉ ਤੇ ਨਿਡਰ ਸ਼ਖ਼ਸੀਅਤ ਦੇ ਮਾਲਕ ਸਨ। ਉਹ ਮਾਨਵ-ਵਿਰੋਧੀ ਰਵਾਇਤਾਂ ਜਾਂ ਪਰਿਪਾਟੀਆਂ ਦੇ ਸਖਤ ਖਿਲਾਫ਼ ਸਨ। ਬ੍ਰਾਹਮਣਵਾਦ ਦੀ ਵਰਣ-ਵੰਡ ‘ਤੇ ਜਿੰਨੀ ਸ਼ਿੱਦਤ ਨਾਲ ਆਪ ਜੀ ਨੇ ਵਾਰ ਕੀਤਾ, ਉਨਾ ਉੱਤਰੀ ਭਾਰਤ ਦੇ ਕਿਸੇ ਵੀ ਹੋਰ ਸੰਤ-ਮਹਾਤਮਾ ਨੇ ਨਹੀਂ ਕੀਤਾ। ਆਪਣੀ ਬਾਣੀ ਵਿਚ ਉਨ੍ਹਾਂ ਨੇ ਅਖੌਤੀ ਬ੍ਰਾਹਮਣਾਂ ਨੂੰ ਸਿੱਧੇ ਤੌਰ ‘ਤੇ ਵੰਗਾਰਿਆ ਹੈ:
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ॥
ਕਹੁ ਕਬੀਰ ਜੋ ਬ੍ਰਹਮੁ ਬੀਚਾਰੈ॥
ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ॥
ਭਗਤ ਕਬੀਰ ਜੀ ਦੇ ਸਮੇਂ ਵਿਚ ਕਈ ਤਰ੍ਹਾਂ ਦੇ ਨਸ਼ਿਆਂ ਨੇ ਲੋਕਾਂ ਨੂੰ ਗ੍ਰਸਿਆ ਹੋਇਆ ਸੀ, ਜੋ ਵਿਅਕਤੀ ਦੇ ਮਨ ‘ਤੇ ਬੁਰਾ ਅਸਰ ਪਾਉਂਦੇ ਸਨ। ਹਰ ਤਰ੍ਹਾਂ ਦੇ ਨਸ਼ੇ ਵਿਚ ਜ਼ਹਿਰ ਹੁੰਦੀ ਹੈ, ਜੋ ਵਿਅਕਤੀ ਦੇ ਸਰੀਰ ਨੂੰ ਕੁਝ ਸਮੇਂ ਲਈ ਬੇਸੁਰਤ ਕਰ ਕੇ ਉਸ ਤੋਂ ਗਲਤ ਕੰਮ ਕਰਵਾਉਂਦੀ ਹੈ। ਭਗਤ ਕਬੀਰ ਜੀ ਨੇ ਇਨ੍ਹਾਂ ਨਸ਼ਿਆਂ ਦਾ ਸੇਵਨ
ਕਰਨ ਵਾਲੇ ਵਿਅਕਤੀ ਨੂੰ ਆਚਰਨ ਤੋਂ ਡਿੱਗੇ ਹੋਏ ਸਿੱਧ ਕੀਤਾ ਹੈ: ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ॥
ਭਗਤ ਕਬੀਰ ਜੀ ਦੀ ਬਾਣੀ ਵਿਚ ਡਰ ਜਾਂ ਘਬਰਾਹਟ ਨੂੰ ਕੋਈ ਸਥਾਨ ਪ੍ਰਾਪਤ ਨਹੀਂ ਹੈ, ਸਗੋਂ ਉਹ ਵਿਅਕਤੀ ਨੂੰ ਨੂੰ ਸੂਰਮਾ ਬਣਾਉਣਾ ਲੋਚਦੇ ਹਨ, ਜਿਹੜਾ ਜੰਗ-ਏ-ਮੈਦਾਨ ਵਿਚ ਪੁਰਜਾ-ਪੁਰਜਾ ਹੋ ਕੇ ਕੱਟਿਆ ਜਾਂਦਾ ਹੈ ਪਰ ਆਪਣੇ ਧਰਮ ਦੀ ਪਾਲਣਾ ਹਿੱਤ ਪਿੱਠ ਨਹੀਂ ਵਿਖਾਉਂਦਾ। ਅਜਿਹੇ ਬਹਾਦਰ ਹੀ ਰਣ-ਭੂਮੀ ਵਿਚ ਜੂਝ ਮਰਨ ਨੂੰ ਪਹਿਲ ਦਿੰਦੇ ਹਨ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੁ ਨ ਛਾਡੈ ਖੇਤੁ॥
ਭਗਤ ਕਬੀਰ ਜੀ ਮੂਰਤੀ ਪੂਜਾ ਜਿਹੇ ਮਿਥਿਆ ਕਰਮਾਂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ। ਉਨ੍ਹਾਂ ਅਨੁਸਾਰ ਜੋ ਲੋਕ ਪੱਥਰ ਦੀਆਂ ਮੂਰਤਾਂ ਨੂੰ ਪਰਮਾਤਮਾ ਸਮਝ ਕੇ ਪੂਜਦੇ ਹਨ, ਉਨ੍ਹਾਂ ਦੀ ਸਾਰੀ ਪੂਜਾ ਫਜ਼ੂਲ ਹੈ। ਇਹ ਗੂੰਗੇ ਪੱਥਰ ਪਰਮਾਤਮਾ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਪੱਥਰ ਦੀ ਮੂਰਤੀ ਵਿਚ ਕੋਈ ਦੈਵੀ-ਸ਼ਕਤੀ ਹੁੰਦੀ ਹੈ। ਭਗਤ ਕਬੀਰ ਜੀ ਦਾ ਫੁਰਮਾਨ ਹੈ:
-ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥
ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ॥
-ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ॥
ਭੂਲੀ ਮਾਲਨੀ ਹੈ ਏਉ॥ ਸਤਿਗੁਰੁ ਜਾਗਤਾ ਹੈ ਦੇਉ॥
ਬਨਾਰਸ ਵਿਚ ਰਹਿਣ ਕਰਕੇ ਭਗਤ ਕਬੀਰ ਜੀ ਨੂੰ ਇਸਲਾਮ ਅਤੇ ਹਿੰਦੂ ਧਰਮ ਵਿਚਲੀ ਕੱਟੜਤਾ ਅਤੇ ਕਰਮ-ਕਾਂਡਾਂ ਬਾਰੇ ਨਿੱਜੀ ਅਤੇ ਡੂੰਘਾ ਅਨੁਭਵ ਸੀ। ਇਸੇ ਕਰਕੇ ਆਪ ਜੀ ਨੇ ਇਨ੍ਹਾਂ ਲੋਕਾਂ ਦੀਆਂ ਗਲਤ ਕਦਰਾਂ-ਕੀਮਤਾਂ ਦੇ ਪਾਜ ਉਧੇੜੇ। ਭਗਤ ਕਬੀਰ ਜੀ ਵਿਅਕਤੀ ਨੂੰ ਬਾਹਰੋਂ ਜਾਂ ਵਿਖਾਵੇ ਵਜੋਂ ਚੰਗੇਰਾ ਬਣਾਉਣ ਦੀ ਥਾਂ ਅੰਦਰੂਨੀ ਤੌਰ ‘ਤੇ ਸ਼ੁਭ ਅਮਲਾਂ ਵਾਲਾ ਇਨਸਾਨ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਹ ਪ੍ਰਭੂ ਨੂੰ ਬਾਹਰੋਂ ਢੂੰਢਣ ਦੀ ਥਾਂ ਅੰਦਰੋਂ ਖੋਜਣ ਦੀ ਪ੍ਰਵਿਰਤੀ ਉੱਤੇ ਜ਼ੋਰ ਦਿੰਦੇ ਸਨ। ਉਨ੍ਹਾਂ ਦੀ ਬਾਣੀ ਵਿਚ ਨਫ਼ਰਤ, ਈਰਖਾ, ਸ਼ੱਕ ਦੀ ਥਾਂ ਤੇ ਪਿਆਰ, ਸਹਿਣਸ਼ੀਲਤਾ ਅਤੇ ਸ਼ਰਧਾ ਦੇ ਦੀਦਾਰ ਹੁੰਦੇ ਹਨ। ਇਹ ਸਾਰੇ ਅਜਿਹੇ ਸਦਗੁਣ ਹਨ, ਜਿਨ੍ਹਾਂ ਨੂੰ ਸਦਾਚਾਰਕ ਅਤੇ ਨੈਤਿਕਤਾ ਦੇ ਘੇਰੇ ਵਿਚ ਰੱਖਿਆ ਜਾ ਸਕਦਾ ਹੈ।
ਭਗਤ ਕਬੀਰ ਜੀ ਦੀ ਬਾਣੀ ਵਿੱਚੋਂ ਦ੍ਰਿਸ਼ਟੀਗੋਚਰ ਹੁੰਦੇ ਕੁਝ ਹੋਰ ਮਹੱਤਵਪੂਰਨ ਸੰਕਲਪ ਹੇਠ ਲਿਖੀਆਂ ਪੰਕਤੀਆਂ ਵਿੱਚੋਂ ਵੇਖੇ ਜਾ ਸਕਦੇ ਹਨ:
-ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ॥
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ॥
-ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥ ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ॥
-ਕਬੀਰ ਮਰਤਾ ਮਰਤਾ ਜਗੁ ਮੁਆ ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ॥
-ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥
-ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥
-ਕਬੀਰ ਕਾਲਿ ਕਰੰਤਾ ਅਬਹਿ ਕਰ ਅਬ ਕਰਤਾ ਸੁਇ ਤਾਲ॥
ਪਾਛੈ ਕਛੁ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ॥
ਭਗਤ ਕਬੀਰ ਜੀ ਦੇ ਸਮੇਂ ਵਿਚ ਹਿੰਦੂ, ਮੁਸਲਿਮ, ਬੁੱਧ, ਜੈਨ, ਨਾਥ, ਜੋਗੀ ਆਦਿ ਆਪੋ-ਆਪਣੀ ਥਾਂ ਕਾਰਜਸ਼ੀਲ ਸਨ ਪਰੰਤੂ ਇਨ੍ਹਾਂ ਦੇ ਆਗੂ ਲੋਕ-ਭਲਾਈ ਦੀ ਥਾਂ ਸੁਆਰਥ ਵਿਚ ਗਲਤਾਨ ਸਨ। ਉਹ ਕੱਟੜਵਾਦੀ ਵਿਚਾਰਧਾਰਾ ਕਰਕੇ ਇਕ ਦੂਜੇ ਨੂੰ ਭੰਡ ਰਹੇ ਸਨ। ਅਜਿਹੇ ਮਾਹੌਲ ਵਿਚ ਲੋਕਾਈ ਨੂੰ ਸਦਾਚਾਰਕ ਸਿੱਖਿਆ ਦੇਣੀ ਵਾਕਈ ਜੋਖਿਮ ਵਾਲਾ ਕਾਰਜ ਸੀ। ਭਗਤ ਕਬੀਰ ਜੀ ਨੇ ਜਨ-ਸਧਾਰਨ ਨਾਲ ਸਾਂਝ ਬਣਾ ਕੇ ਲੋਕ-ਕਾਵਿ ਅਤੇ ਲੋਕ-ਭਾਸ਼ਾ ਵਿਚ ‘ਬ੍ਰਹਮ ਬੀਚਾਰ’ ਕੀਤਾ।
-ਪ੍ਰੋ. ਨਵ ਸੰਗੀਤ ਸਿੰਘ
