ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ, ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ ‘Meditation to Martyrdom’ The Legacy of Sri Guru Teg Bahadur Sahib ਪੰਜਾਬ ਲੋਕ ਭਵਨ ਵਿੱਚ ਰਿਲੀਜ਼

ਪੰਜਾਬ
December 31, 2025

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਹੁੰਦਿਆਂ ਹੋਇਆਂ ਲਿਖਿਤ ਕਿਤਾਬ “Meditation to Martyrdom: The Legacy of Sri Guru Tegh Bahadur Ji” ਨੂੰ ਪੰਜਾਬ ਲੋਕ ਭਵਨ ਵਿਖੇ ਆਯੋਜਿਤ ਵਾਈਸ-ਚਾਂਸਲਰ ਕਾਨਫਰੰਸ ਦੌਰਾਨ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਰਸਮੀ ਤੌਰ ‘ਤੇ ਜਾਰੀ ਕੀਤਾ।

ਇਸ ਕਾਨਫਰੰਸ ਦੀ ਪ੍ਰਧਾਨਗੀ ਮਾਣਯੋਗ ਰਾਜਪਾਲ ਪੰਜਾਬ ਵੱਲੋਂ ਕੀਤੀ ਗਈ ਅਤੇ ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਵਿਵੇਕ ਪ੍ਰਤਾਪ ਸਿੰਘ, ਪ੍ਰਿੰਸੀਪਲ ਸਕੱਤਰ ਰਾਜਪਾਲ, ਅਤੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਉਪ ਕੁਲਪਤੀ ਅਤੇ ਸਰਹੱਦੀ ਇਲਾਕਿਆਂ ਦੇ ਕਾਲਜਾਂ ਦੇ ਪ੍ਰਿੰਸੀਪਲ ਹਾਜ਼ਰ ਸਨ।
ਪ੍ਰਮੁੱਖ ਅਕਾਦਮਿਕ ਸ਼ਖਸੀਅਤਾਂ ਵਿੱਚ ਪ੍ਰੋ. ਰਾਜੀਵ ਸੂਦ (ਡਾਇਰੈਕਟਰ, ਆਈਆਈਟੀ ਰੋਪੜ), ਪ੍ਰੋ. ਅਖਿਲੇਸ਼ ਗੁਪਤਾ (ਸਾਬਕਾ ਸਕੱਤਰ ਯੂਜੀਸੀ ਅਤੇ ਸਕੱਤਰ ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ, ਸੀਨੀਅਰ ਸਲਾਹਕਾਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਪ੍ਰੋ. ਜਸਪਾਲ ਸਿੰਘ ਸੰਧੂ (ਮਾਣਯੋਗ ਰਾਜਪਾਲ ਦੇ ਸਲਾਹਕਾਰ ਅਤੇ ਉਪ ਕੁਲਪਤੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ), ਸ਼੍ਰੀ ਲਲਿਤ ਜੈਨ IAS, ਪ੍ਰੋ. ਜੀ. ਐੱਸ. ਗੋਸਲ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ), ਪ੍ਰੋ. ਜਗਦੀਪ ਸਿੰਘ (ਉਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ), ਪ੍ਰੋ. ਸੰਜੀਵ ਸ਼ਰਮਾ (ਉਪ ਕੁਲਪਤੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ), ਪ੍ਰੋ. ਸੁਨੀਲ ਮਿੱਤਲ (ਉਪ ਕੁਲਪਤੀ, ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ), ਪ੍ਰੋ. ਧਰਮਜੀਤ ਸਿੰਘ (ਉਪ ਕੁਲਪਤੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਬਾਬਾ ਫਰੀਦ ਯੂਨੀਵਰਸਿਟੀ ਦੇ ਉਪ ਕੁਲਪਤੀ, ਆਯੁਰਵੈਦਿਕ ਯੂਨੀਵਰਸਿਟੀ ਦੇ ਉਪ ਕੁਲਪਤੀ ਸਮੇਤ ਕਈ ਹੋਰ ਵਿਦਵਾਨ ਅਤੇ ਉੱਚ ਅਧਿਕਾਰੀ ਸ਼ਾਮਲ ਸਨ।
ਕਿਤਾਬ ਦੇ ਰਿਲੀਜ਼ ਸਮਾਰੋਹ ਤੋਂ ਪਹਿਲਾਂ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਮਾਣਯੋਗ ਰਾਜਪਾਲ ਪੰਜਾਬ ਦਾ ਦਿਲੋਂ ਧੰਨਵਾਦ ਕੀਤਾ ਅਤੇ ਇਸ ਮਹੱਤਵਪੂਰਨ ਪ੍ਰਕਾਸ਼ਨ ਲਈ ਵਿੱਤੀ ਸਹਿਯੋਗ ਪ੍ਰਦਾਨ ਕਰਨ ਉੱਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਪ੍ਰਤੀ ਧੰਨਵਾਦ ਪ੍ਰਗਟ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਕਰਮਜੀਤ ਸਿੰਘ ਨੇ ਕਿਤਾਬ ਦੀਆਂ ਪੰਜ ਮੁੱਖ ਵਿਸ਼ੇਸ਼ਤਾਵਾਂ ਉਜਾਗਰ ਕੀਤੀਆਂ।
ਪਹਿਲਾ, ਇਹ ਕਿਤਾਬ ਤਿੰਨ ਲਿਪੀਆਂ—ਗੁਰਮੁਖੀ, ਦੇਵਨਾਗਰੀ (ਹਿੰਦੀ) ਅਤੇ ਅੰਗਰੇਜ਼ੀ ਅਨੁਵਾਦ ਵਿੱਚ ਪ੍ਰਸਤੁਤ ਕੀਤੀ ਗਈ ਹੈ, ਤਾਂ ਜੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਵਿਆਪਕ ਭਾਸ਼ਾਈ ਵਰਗਾਂ ਤੱਕ ਪਹੁੰਚਾਇਆ ਜਾ ਸਕੇ।
ਦੂਜਾ, ਇਹ ਕਿਤਾਬ ਇੱਕ ਵਿਲੱਖਣ “ਬੋਲਣ ਵਾਲੀ ਕਿਤਾਬ” ਦੇ ਰੂਪ ਵਿੱਚ ਤਿਆਰ ਕੀਤੀ ਗਈ ਹੈ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 59 ਸ਼ਬਦ ਅਤੇ 57 ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਜੋ 15 ਰਾਗਾਂ ਵਿੱਚ ਰਚੇ ਗਏ ਹਨ, ਜਿਨ੍ਹਾਂ ਵਿੱਚ ਆਤਮਿਕ ਮਹੱਤਤਾ ਵਾਲਾ ਦੁਰਲੱਭ ਰਾਗ ਜੈਜਾਵੰਤੀ ਵੀ ਸ਼ਾਮਲ ਹੈ। ਇਹ ਸਾਰੀ ਬਾਣੀ ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਦੀ ਦੇਖ-ਰੇਖ ਹੇਠ ਪ੍ਰਮਾਣਿਕ ਤੌਰ ’ਤੇ ਰਿਕਾਰਡ ਕੀਤੀ ਗਈ ਹੈ ਅਤੇ ਕਿਤਾਬ ਵਿੱਚ QR ਕੋਡ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਰਾਹੀਂ ਪਾਠਕ ਸੁਰਮਈ ਗਾਇਨ ਵਿੱਚ ਗੁਰਬਾਣੀ ਨੂੰ ਸੁਣ ਕੇ ਅਨੰਦ ਮਾਣ ਸਕਦੇ ਹਨ।
ਤੀਜਾ, ਕਿਤਾਬ ਵਿੱਚ “ਸਹਿਜ ਤੋਂ ਸ਼ਹੀਦੀ” ਸਿਰਲੇਖ ਹੇਠ ਇਕ ਵਿਲੱਖਣ ਅਧਿਆਇ ਸ਼ਾਮਲ ਹੈ, ਜੋ ਅੰਦਰੂਨੀ ਸੰਤੁਲਨ ਤੋਂ ਪਰਮ ਸ਼ਹਾਦਤ ਤੱਕ ਦੀ ਅਧਿਆਤਮਿਕ ਯਾਤਰਾ ਨੂੰ ਦਰਸਾਉਂਦਾ ਹੈ।
ਚੌਥਾ, ਇਸ ਪੁਸਤਕ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਬਾਣੀ ਅਤੇ ਸ਼ਹੀਦੀ ਤੋਂ ਪ੍ਰੇਰਿਤ 13 ਵਿਹਾਰਕ ਸਬਕ ਪ੍ਰਸਤੁਤ ਕੀਤੇ ਗਏ ਹਨ, ਜੋ ਆਧੁਨਿਕ ਜੀਵਨ ਲਈ ਮਾਰਗਦਰਸ਼ਕ ਸਾਬਤ ਹੁੰਦੇ ਹਨ।
ਪੰਜਵਾਂ, ਇਹ ਕਿਤਾਬ ਇਤਿਹਾਸ ਨੂੰ ਆਧੁਨਿਕ ਯੁੱਗ ਵਿਚ ਜ਼ਮੀਰ ਨਾਲ ਜੋੜਦੀ ਹੈ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਕੇਵਲ ਇੱਕ ਇਤਿਹਾਸਕ ਘਟਨਾ ਨਹੀਂ, ਸਗੋਂ ਧਾਰਮਿਕ ਆਜ਼ਾਦੀ, ਮਨੁੱਖੀ ਮਰਿਆਦਾ, ਨੈਤਿਕ ਅਗਵਾਈ ਅਤੇ ਅਡੋਲ ਸਾਹਸ ਲਈ ਜੀਵੰਤ ਨੈਤਿਕ ਮਾਪਦੰਡ ਵਜੋਂ ਪੇਸ਼ ਕਰਦੀ ਹੈ।

ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਕਿਤਾਬ ਦੋ ਭਾਗਾਂ ਵਿੱਚ ਵੰਡੀ ਹੋਈ ਹੈ। ਪਹਿਲੇ ਭਾਗ ਵਿੱਚ ਪੰਜ ਅਧਿਆਇ ਹਨ, ਜੋ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਦਰਸ਼ਨ ਅਤੇ ਸਦੀਵੀ ਵਿਰਾਸਤ ਨੂੰ ਵਿਸਥਾਰ ਨਾਲ ਦਰਸਾਉਂਦੇ ਹਨ, ਜਦਕਿ ਦੂਜਾ ਭਾਗ ਗੁਰਬਾਣੀ ਨੂੰ ਸਮਰਪਿਤ ਹੈ, ਜਿਸ ਵਿੱਚ ਸ਼ਬਦ ਅਤੇ ਸਲੋਕ ਪਾਠ ਰੂਪ ਵਿੱਚ ਵੀ ਅਤੇ QR ਕੋਡ ਰਾਹੀਂ ਧੁਨੀ ਰਿਕਾਰਡਿੰਗ ਦੇ ਜ਼ਰੀਏ ਵੀ ਉਪਲਬਧ ਹਨ।

ਇਸ ਪੁਸਤਕ ਦੇ ਰਿਲੀਜ਼ ਸਮਾਰੋਹ ਵਿੱਚ ਹਾਜ਼ਰ ਅਕਾਦਮਿਕ ਲੀਡਰਸ਼ਿਪ ਦੁਆਰਾ ਵਿਆਪਕ ਤੌਰ ‘ਤੇ ਮਾਣਯੋਗ ਵਾਈਸ ਚਾਂਸਲਰ ਸਾਹਿਬ ਦੁਆਰਾ ਕੀਤੇ ਇਸ ਕਾਰਜ ਨਿਵੇਕਲੇ ਕਾਰਜ ਦੀ ਸ਼ਲਾਘਾ ਕਰਦਿਆਂ ਹੋਇਆਂ ਇਸ ਕਿਤਾਬ ਵਿਚਲੀ ਵਿਦਵਤਾਪੂਰਨ ਡੂੰਘਾਈ, ਅਧਿਆਤਮਿਕ ਸੰਵੇਦਨਸ਼ੀਲਤਾ, ਨਵੀਨ ਪੇਸ਼ਕਾਰੀ ਅਤੇ ਸਮਕਾਲੀ ਪ੍ਰਸੰਗਿਕਤਾ ਨੂੰ ਸਲਾਹਿਆ ਗਿਆ।