5 views 10 secs 0 comments

ਸਿੱਖਾਂ ਦੇ ਬਾਰਾਂ ਵੱਜ ਗਏ…ਕਦੋਂ ਤੇ ਕਿਸ ਤਰ੍ਹਾਂ?

ਲੇਖ
January 06, 2026

ਓਏ ਸਿੱਖਾ! ਤੇਰੇ ਬਾਰਾਂ ਤਾਂ ਨਹੀਂ ਵੱਜ ਗਏ। ਜਦੋਂ ਕਦੇ ਕਿਸੇ ਸਿੱਖ ਨੂੰ ਚਿੜਾਉਣਾ ਜਾਂ ਹੇਠੀ ਕਰਨੀ ਹੁੰਦੀ ਹੈ ਤਾਂ ਇਹ ਸ਼ਬਦ ਆਮ ਕਹੇ ਜਾਂਦੇ ਹਨ। ਆਓ! ਅਸੀਂ ਦੇਖੀਏ ਕਿ ਸਿੱਖਾਂ ਸਬੰਧੀ ਅਜਿਹਾ ਕਿਹੜੇ ਕਾਰਨਾਂ ਕਰਕੇ ਪ੍ਰਚੱਲਤ ਹੋਇਆ।

ਅਹਿਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲੇ ਹਿੰਦੁਸਤਾਨ ਦੇ ਇਤਿਹਾਸ ਦਾ ਕਾਲਾ ਚੈਪਟਰ ਪੇਸ਼ ਕਰਦੇ ਹਨ।

ਉਹ ਹਮਲੇ ਕਰਦੇ, ਲੁੱਟਦੇ, ਮਾਰਦੇ ਅਤੇ ਬੇਅੰਤ ਧਨ-ਦੌਲਤ ਲੁੱਟ ਕੇ ਲੈ ਜਾਂਦੇ। ਇਥੇ ਹੀ ਬੱਸ ਨਹੀਂ ਸੀ। ਇਸ ਦੇ ਨਾਲ ਹੀ ਉਹ ਪੂਰੇ ਭਾਰਤ ਦੇ ਕਈ ਹਜ਼ਾਰ ਨੌਜਵਾਨ ਲੜਕੇ ਲੜਕੀਆਂ ਨੂੰ ਬੰਦੀ ਬਣਾ ਕੇ ਲੈ ਜਾਂਦੇ ਅਤੇ ਗਜ਼ਨੀ ਦੇ ਬਜ਼ਾਰਾਂ ਵਿੱਚ ਟਕੇ-ਟਕੇ (ਦੋ ਦਿਨਾਰਾਂ) ਤੋਂ ਨਿਲਾਮ ਕੀਤਾ ਜਾਂਦਾ। ਇਹ ਆਮ ਮਸ਼ਹੂਰ ਸੀ ਕਿ ‘ਗਜ਼ਨੀ ਦੇ ਬਜ਼ਾਰਾਂ ਵਿੱਚ ਮੁਰਗੀ ਮਹਿੰਗੀ, ਪਰ ਹਿੰਦੁਸਤਾਨ ਦੀ ਲੜਕੀ ਸਸਤੀ’। ਇਹ ਕਰਮ ਕੋਈ ਇੱਕ ਦੋ ਵਾਰ ਨਹੀਂ ਹੋਏ ਬਲਕਿ ਇਨ੍ਹਾਂ ਜਰਵਾਨਿਆਂ ਨੇ ਕਈ ਹਮਲੇ ਕੀਤੇ ਅਤੇ ਸੈਂਕੜੇ ਸਾਲਾਂ ਤੱਕ ਇਹੋ ਕੁੱਛ ਹੁੰਦਾ ਰਿਹਾ।

ਪੂਰੇ ਭਾਰਤ ਵਿੱਚ ਕਿਸੇ ਵੀ ਮਾਈ ਦੇ ਲਾਲ ਦਾ ਹੀਆ ਨਹੀਂ ਸੀ, ਜੋ ਇਨ੍ਹਾਂ ਜਰਵਾਨਿਆਂ ਦਾ ਟਾਕਰਾ ਕਰਦਾ ਅਤੇ ਇਨ੍ਹਾਂ ਨੂੰ ਐਸੇ ਕੁਕਰਮਾਂ ਤੋਂ ਰੋਕਦਾ ਜਾਂ ਸਜ਼ਾ ਦੇ ਸਕਦਾ। ਕੋਈ ਵੀ ਹਿੰਦੁਸਤਾਨੀ ਤਾਕਤ ਇਨ੍ਹਾਂ ਅੱਗੇ ਨਹੀਂ ਸੀ ਠਹਿਰ ਸਕਦੀ। ਕੀ ਮਰਹਟੇ, ਕੀ ਰਾਜਪੂਤ, ਕੀ ਰੁਹਲੇ ਜਾਂ ਗੋਰਖੇ ਸਾਰੇ ਦੇ ਸਾਰੇ ਇਨ੍ਹਾਂ ਜਰਵਾਨਿਆਂ ਸਾਹਮਣੇ ਭੀਗੀ ਬੀਲੀ ਬਣੇ ਬੈਠੇ ਸਨ ਤੇ ਇਨ੍ਹਾਂ ਤੋਂ ਥਰ-ਥਰ ਕੰਬ ਰਹੇ ਸਨ। ਇਹ ਮਸ਼ਹੂਰ ਸੀ ਕਿ ‘ਖਾਧਾ ਪੀਤਾ ਲਾਹੇ ਦਾ, ਰਹਿੰਦਾ ਨਾਦਰ ਸ਼ਾਹੇ ਦਾ’। ਲੋਕ ਆਪਣੀਆਂ ਧੀਆਂ ਭੈਣਾਂ ਨੂੰ ਇਨ੍ਹਾਂ ਦੇ ਹਵਾਲੇ ਕਰ ਦਿੰਦੇ ਤੇ ਆਪਣੀ ਜਾਨ ਬਖਸ਼ਣ ਦੀ ਖੈਰ ਮੰਗਦੇ। ਇਹੋ ਜਿਹੇ ਬਿਖੜੇ ਸਮੇਂ ਵਿੱਚ ਕੇਵਲ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੀ ਮੈਦਾਨ ਵਿੱਚ ਨਿੱਤਰੇ ਅਤੇ ਭਾਰਤ ਦੀ ਪੱਤ ਨੂੰ ਬਚਾਉਣ ਦੀ ਜ਼ਿੰਮੇਵਾਰੀ ਸੰਭਾਲੀ। ਇਥੋਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਹੋਣ ਤੋਂ ਬਚਾਉਣ ਦਾ ਪ੍ਰਣ ਕੀਤਾ ਅਤੇ ਇਨ੍ਹਾਂ ਜਰਵਾਨਿਆਂ ਨਾਲ ਲੋਹਾ ਲਿਆ। ਇਹ ਤਾਂ ਸਿਰਫ ਗੁਰੂ ਸਾਹਿਬਾਨ ਦੀ ਦਿੱਤੀ ਸਿੱਖਿਆ ਅਤੇ ਕਲਗੀਧਰ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਹੀ ਕਰਾਮਾਤ ਸੀ ਕਿ ਇਨ੍ਹਾਂ ਗੁਰੂ ਕੇ ਖਾਲਸਿਆਂ ਨੇ ਇਨ੍ਹਾਂ ਜ਼ਾਲਮਾਂ ਨੂੰ ਕੀਤੇ ਦੀ ਸਜ਼ਾ ਦਿੱਤੀ ਅਤੇ ਉਨ੍ਹਾਂ ਦੇ ਮੂੰਹ ਮੋੜੇ।

ਕਈ ਸਾਲਾਂ ਦੀ ਲੜਾਈ ਤੋਂ ਬਾਅਦ ਸਿੱਖ ਸਿਪਾਹੀਆਂ ਨੂੰ ਗਿਆਨ ਹੋ ਗਿਆ ਸੀ ਕਿ ਇਹ ਕਾਬਲੀ ਠੰਡੇ ਮੁਲਕਾਂ ਤੋਂ ਆਏ ਹੋਏ ਹਨ। ਇਸ ਲਈ ਉਹ ਹਿੰਦੁਸਤਾਨ ਦੀ ਗਰਮੀ ਬਰਦਾਸ਼ਤ ਨਹੀਂ ਕਰ ਸਕਦੇ ਜਾਂ ਫਿਰ ਅੱਧੀ ਰਾਤ ਨੂੰ ਸ਼ਰਾਬਾਂ ਪੀ ਕੇ ਬੇਹੋਸ਼ ਹੋ ਰਹੇ ਹੁੰਦੇ ਹਨ ਅਤੇ ਨਾਚ ਗਾਣੇ ਵਿੱਚ ਮਸਤ ਹੁੰਦੇ ਹਨ। ਸਿਖਰ ਦੁਪਹਿਰ ਦੀ ਗਰਮੀ ਵਿੱਚ ਜਾਂ ਫਿਰ ਸ਼ਰਾਬ ਤੇ ਨਾਚ ਗਾਣੇ ਦੀ ਮਧਹੋਸ਼ੀ ਵਿੱਚ ਇਨ੍ਹਾਂ ਕਬਾਇਲੀਆਂ ਲਈ ਖੁਲ੍ਹੇ ਮੈਦਾਨ ਵਿੱਚ ਸਿੱਖ ਫੌਜੀਆਂ ਦਾ ਮੁਕਾਬਲਾ ਕਰਨਾ ਕਠਿਨ ਸੀ। ਸਿੱਖ ਫੌਜੀਆਂ ਦੀ ਗਿਣਤੀ ਕੁੱਝ ਹਜ਼ਾਰਾਂ ਵਿੱਚ ਹੀ ਸੀ। ਪੂਰੇ ਹਿੰਦੁਸਤਾਨ ਵਿੱਚੋਂ ਸਿੱਖਾਂ ਨੂੰ ਕਿਸੇ ਹੋਰ ਤਾਕਤ ਕੋਲੋਂ ਕੋਈ ਮੱਦਦ ਮਿਲਣ ਦੀ ਆਸ ਵੀ ਨਹੀਂ ਸੀ।

ਐਸੇ ਹਾਲਤਾਂ ਵਿੱਚ ਸਿੱਖਾਂ ਨੇ ਇਨ੍ਹਾਂ ਕਬਾਇਲੀਆਂ ਦੇ ਸਾਹਮਣੇ ਹੋ ਕੇ ਮੁਕਾਬਲਾ ਕਰਨ ਨਾਲੋਂ ਗੁਰੀਲਾ ਯੁੱਧ ਕਰਨ ਦੀ ਜੰਗੀ ਨੀਤੀ ਅਪਣਾ ਲਈ ਸੀ। ਸਿਖਰ ਦੁਪਹਿਰੀਂ ਜਾਂ ਅੱਧੀ ਰਾਤ ਨੂੰ ਉਨ੍ਹਾਂ ਲੁਟੇਰਿਆਂ ਦੇ ਕੈਂਪਾਂ ਉਪਰ ਅਚਾਨਕ ਹਮਲਾ ਬੋਲ ਦੇਣਾ। ਇਸ ਤੋਂ ਪਹਿਲਾਂ ਕਿ ਕਬਾਇਲੀ ਫੌਜ ਸੰਭਲ ਸਕੇ, ਲੁੱਟ ਦਾ ਮਾਲ ਖੋਹ ਕੇ ਅਤੇ ਬੰਦੀ ਬਣਾਏ ਜਵਾਨ ਲੜਕੇ-ਲੜਕੀਆਂ ਨੂੰ ਵੀ ਛੁਡਾ ਕੇ ਲੈ ਆਉਣਾ। ਕਬਾਇਲੀ, ਖਾਲਸੇ ਦੀ ਇਸ ਛਾਪਾਮਾਰ ਲੜਾਈ ਦੀ ਨੀਤੀ ਤੋਂ ਤੰਗ ਆ ਚੁੱਕੇ ਸਨ। ਅੰਬਾਲਾ ਤੋਂ ਬਿਆਸ ਤੱਕ ਹੀ ਸਿੱਖਾਂ ਦਾ ਜ਼ੋਰ ਸੀ। ਆਖਿਰ ਜਦੋਂ ਇਨ੍ਹਾਂ ਕਬਾਇਲੀਆਂ ਨੇ ਪਰੇ ਹਿੰਦੁਸਤਾਨ ਨੂੰ ਲੱਟ ਕੇ ਅੰਬਾਲਾ ਪਾਰ ਕਰਨਾ ਤਾਂ ਗੁਰੂ ਕੇ ਸਿੱਖਾਂ ਨੇ ਇਨ੍ਹਾਂ ਨੂੰ ਅੱਗੋਂ ਹੋ ਕੇ ਟਕਰਨਾ। ਇਨ੍ਹਾਂ ਕਬਾਇਲੀਆਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣੀ ਅਤੇ ਰੋਂਦੀਆਂ ਕੁਰਲਾਉਂਦੀਆਂ ਹਿੰਦੁਸਤਾਨੀ ਅਬਲਾਵਾਂ ਨੂੰ ਮੁਕਤ ਕਰਾਉਣਾ ਅਤੇ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਉਣਾ, ਖਾਲਸੇ ਦਾ ਇਹ ਕਰਮ ਬਣ ਗਿਆ ਸੀ।

ਜਦੋਂ ਕਬਾਇਲੀਆਂ ਨੂੰ ਸਿੱਖਾਂ ਦੀ ਇਸ ਨੀਤੀ ਦੀ ਸਮਝ

ਪੈ ਗਈ ਤਾਂ ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ‘ਜ਼ੂਤ ਜ਼ੂਤ ਬਿਆਸਰਾ ਪਾਰਕੋ ਅਜ਼ ਸਿਕਾਂ ਦੁਆਜ਼ਦਾ ਬਜ਼ੇ ਮੇਸ਼ਾਂ ਵ ਤਮਾਮ ਮਾਲ ਅਜ ਸ਼ਮਾ ਜ਼ਬਤ ਮੇਕੁਨ’ ਅਰਥਾਤ ‘ਜਲਦੀ-ਜਲਦੀ ਬਿਆਸ ਪਰ ਕਰ ਲਓ, ਨਹੀਂ ਤਾਂ ਸਿੱਖਾਂ ਦੇ ਬਾਰਾਂ (ਦੁਪਹਿਰ ਜਾਂ ਅੱਧੀ ਰਾਤ ਦਾ ਸਮਾਂ) ਵੱਜ ਜਾਣਗੇ ਅਤੇ ਸਾਰਾ ਅਸਬਾਬ ਖੋਹ ਕੇ ਲੈ ਜਾਣਗੇ’। ਹੌਲੀ ਹੌਲੀ ਇਹ ਲਕਬ ਹਮੇਸ਼ਾਂ ਲਈ ਸਿੱਖਾਂ ਦੇ ਨਾਲ ਜੁੜ ਗਿਆ। ਇਹ ਹੈ ਸਿੱਖਾਂ ਦੇ ਬਾਰਾਂ ਵੱਜਣ ਦੀ ਕਹਾਣੀ ਜੋ ਕਿ ਵਿਗਾੜ ਕੇ ਇਹਸਾਨ ਫਰਾਮੋਸ਼ ਸਿੱਖ ਦੋਖੀਆਂ ਨੇ ਸਿੱਖਾਂ ਨੂੰ ਚਿੜਾਉਣ ਅਤੇ ਹੇਠੀ ਕਰਨ ਦੀ ਨਿਯਤ ਨਾਲ ਵਰਤਣੀ ਸ਼ੁਰੂ ਕਰ ਦਿੱਤੀ ਹੋਈ ਹੈ।

ਅੱਜ ਜੇਕਰ ਹਿੰਦੁਸਤਾਨ, ਹਿੰਦੁਸਤਾਨ ਹੈ, ਇੱਕ ਇਸਲਾਮੀ ਮੁਲਕ ਨਹੀਂ ਬਣ ਸਕਿਆ- ਇਥੇ ਹੈਦਰੀ ਝੰਡੇ ਦੀ ਥਾਂ ਤਿਰੰਗਾਂ ਝੁੱਲ ਰਿਹਾ ਹੈ – ਹਿੰਦੂ ਧਰਮ ਕਾਇਮ ਹੈ, ਇਹ ਸਭ ਸਿੱਖਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਮਾਰੀਆਂ ਤੇਗਾਂ ਦਾ ਹੀ ਨਤੀਜਾ ਹੈ। ਪਰ ਬਜਾਏ ਇਸਦੇ ਕਿ ਸਿੱਖਾਂ ਨੂੰ ਉਨ੍ਹਾਂ ਵੱਲੋਂ ਦੇਸ਼ ਤੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਕੀਤੀਆਂ ਕੁਰਬਾਨੀਆਂ ਦੀ ਸਹੀ ਸ਼ਾਬਾਸ਼ੀ ਤੇ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ, ਉਨ੍ਹਾਂ
ਨੂੰ ਛੁਟਾਉਣ ਤੇ ਨੀਚਾ ਦਿਖਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਕੋਈ ਐਸਾ ਸਮਾਂ ਨਹੀਂ ਜਾਣ ਦਿੱਤਾ ਜਾਂਦਾ, ਜਦੋਂ ਸਿੱਖਾਂ ਨੂੰ ਚਿੜਾਇਆ ਨਾ ਜਾਏ।

ਪਰ ਅਫਸੋਸ ਉਸ ਵਕਤ ਹੁੰਦਾ ਹੈ ਜਦੋਂ ਕੁੱਝ ਇੱਕ ਅਨਮਤੀ ਨੇਤਾ ਗਾਹੇ ਬਗਾਹੇ ਆਪਣੀਆਂ ਤਕਰੀਰਾਂ ਅੰਦਰ ਸਿੱਖਾਂ ਪ੍ਰਤੀ ‘ਸਿੱਖਾਂ ਦੇ ਬਾਰਾਂ ਵੱਜ ਗਏ’ ਜੈਸੇ ਅਪਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਜਿਵੇਂ ਪਿੱਛੇ ਜਿਹੇ ਵਰੁਨ ਗਾਂਧੀ ਨੇ ਆਪਣੀ ਇੱਕ ਚੋਣ ਰੈਲੀ ਦੌਰਾਨ ਐਸੇ ਸ਼ਬਦ ਕਹੇ ਸਨ। ਉਸ ਤੋਂ ਪਹਿਲੇ ਨਰਿੰਦਰ ਮੋਦੀ ਵੀ ਐਸੇ ਅਪਸ਼ਬਦ ਇਸਤੇਮਾਲ ਕਰ ਚੁੱਕਾ ਹੈ। ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਸ਼ਬਦਾਂ ਪਿੱਛੇ ਛੁਪੀ ਹੋਈ ਅਸਲੀਅਤ ਦਾ ਗਿਆਨ ਨਹੀਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਬਣੇ ਰਹਿੰਦੇ ਹਨ।

ਪਰ ਹੈਰਾਨਗੀ ਇਸ ਗੱਲ ਦੀ ਹੈ ਜਦੋਂ ਸਿੱਖਾਂ ਪ੍ਰਤੀ ਬੋਲੇ ਗਏ ਐਸੇ ਅਪਸ਼ਬਦਾਂ ਦਾ ਨੋਟਿਸ ਨਾ ਹੀ ਕੋਈ ਨੈਸ਼ਨਲ ਪ੍ਰੈਸ ਤੇ ਨਾ ਹੀ ਕੋਈ ਸਿੱਖ ਪ੍ਰੈਸ ਲੈਂਦਾ ਹੈ ਅਤੇ ਸਿੱਖਾਂ ਬਾਰੇ ਕਹੇ ਗਏ ਅਪਸ਼ਬਦਾਂ ਨੂੰ ਅਣਗੌਲਿਆਂ ਹੀ ਕਰ ਦਿੱਤਾ ਜਾਂਦਾ ਹੈ। ਇਥੋਂ ਤੱਕ ਕਿ ਸਿੱਖ ਨੇਤਾ ਵੀ ਚੁੱਪ ਰਹਿਣਾ ਹੀ ਮੁਨਾਸਬ ਸਮਝਦੇ ਹਨ। ਪਤਾ ਨਹੀਂ ਉਨ੍ਹਾਂ ਨੂੰ ਕਿਸ ਦਾ ਡਰ ਹੁੰਦਾ ਹੈ ਜਾਂ ਫਿਰ ਕਿਸ ਦਾ ਲਿਹਾਜ਼? ਕਿਉਂਕਿ ਕਿਸੇ ਇਕੱਲੇ ਸਿੱਖ ਉਪਰ ਨਹੀਂ ਬਲਕਿ ਪੂਰੀ ਸਿੱਖ ਕੌਮ ਦਾ ਮੂੰਹ ਚਿੜਾਇਆ ਗਿਆ ਹੁੰਦਾ ਹੈ। ਸਿੱਖ ਸਿਆਸੀ ਜਾਂ ਧਾਰਮਿਕ ਨੇਤਾਵਾਂ ਜਾਂ ਪਾਰਟੀਆਂ ਵੱਲੋਂ ਐਸੇ ਸਮੇਂ ਮੋਨ ਧਾਰੀ ਰੱਖਣਾ ਸਿਆਸੀ ਤੇ ਧਾਰਮਿਕ ਗੁਲਾਮੀ ਦੀ ਸਿਖਰ ਹੈ।

ਕਿਹਾ ਹੱਛਾ ਹੋਵੇ ਕਿ ਐਸੇ ਇਹਸਾਨ-ਫਰਾਮੋਸ਼ ਅਨਮਤੀ ਨੇਤਾਵਾਂ ਨੂੰ ਸਿੱਖਾਂ ਪ੍ਰਤੀ ਬੋਲੇ ਗਏ ਐਸੇ ਅਪਸ਼ਬਦਾਂ ਦਾ ਢੁੱਕਵਾਂ ਜੁਆਬ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਵੀ ਸਿੱਖਾਂ ਨੂੰ ਚਿੜਾਉਣ ਜਾਂ ਅਪਮਾਨਿਤ ਕਰਨ ਦੀ ਜੁਰਅਤ ਨਾ ਹੋਵੇ।

-ਸ. ਗੁਰਦਿਆਲ ਸਿੰਘ