4 views 4 secs 0 comments

ਮਨੁੱਖੀ ਫਿਕਰ ਤੇ ਇਸ ਦਾ ਹੱਲ

ਲੇਖ
January 10, 2026

ਇਕ ਵਾਰ ਘੋੜੇ ‘ਤੇ ਚੜਿਆ ਹੋਇਆ ਇਕ ਪੇਂਡੂ ਬੁੱਢਾ ਆਦਮੀ ਇਕ ਦੁਕਾਨ ਤੋਂ ਕੋਈ ਸੌਦਾ ਲੈਣ ਆਇਆ। ਉਸ ਨੇ ਘੋੜੇ ਨੂੰ ਨੇੜੇ ਹੀ ਇਕ ਜਗ੍ਹਾ ਤੇ ਬੰਨ੍ਹ ਦਿੱਤਾ ਤੇ ਆਪ ਸੌਦਾ ਖਰੀਦਣ ਲੱਗ ਪਿਆ। ਸੌਦਾ ਖਰੀਦਦਿਆਂ ਘੋੜਾ ਦੌੜ ਗਿਆ। ਇਕ ਮੁੰਡਾ ਉਸ ਕੋਲ ਆਇਆ ਅਤੇ ਕਹਿਣ ਲੱਗਾ, “ਬਾਬਾ ! ਤੇਰਾ ਘੋੜਾ ਨੱਠ ਗਿਆ ਏ।” ਉਹ ਬੁੱਢਾ ਆਦਮੀ ਨਾ ਤੇ ਉਸ ਘੋੜੇ ਦੇ ਮਗਰ ਦੌੜਿਆ, ਨਾ ਹੀ ਉਹ ਘਬਰਾਇਆ ਅਤੇ ਨਾ ਹੀ ਉਸ ਨੇ ਘੋੜੇ ਨੂੰ ਫੜਨ ਲਈ ਕਿਸੇ ਨੂੰ ਅਵਾਜ਼ ਮਾਰੀ। ਉਹ ਅਰਾਮ ਨਾਲ ਸੌਦਾ ਖਰੀਦਦਾ ਗਿਆ। ਜਦ ਦੁਕਾਨਦਾਰ ਨੇ ਪੁੱਛਿਆ, “ਤੁਹਾਨੂੰ ਘੋੜੇ ਦਾ ਕੋਈ ਫਿਕਰ ਨਹੀਂ?” ਤਾਂ ਬੁੱਢੇ ਨੇ ਜਵਾਬ ਦਿੱਤਾ, “ਕਾਹਦਾ ਫਿਕਰ? ਉਸ ਨੂੰ ਮੇਰੇ ਕੋਲੋਂ ਪੱਠਿਆਂ ਦੀ ਲੋੜ ਹੋਵੇਗੀ ਤੇ ਆਪੇ ਆ ਜਾਵੇਗਾ।”

ਜਿਨ੍ਹਾਂ ਲੋਕਾਂ ਨੇ ਫਿਕਰ ਅਤੇ ਗ਼ਮ ਨੂੰ ਆਪਣੀ ਜ਼ਿੰਦਗੀ ਵਿਚ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਹੁੰਦੀ, ਉਨ੍ਹਾਂ ਦਾ ਜੀਵਨ ਬੜਾ ਲੰਮਾ ਅਤੇ ਖ਼ੁਸ਼ੀ ਦਾ ਭਰਿਆ ਬੀਤਦਾ ਹੈ। ਸਾਨੂੰ ਪਤਾ ਹੈ ਕਿ ਅਸੀਂ ਹਰ ਵਾਰੀ ਨਹੀਂ ਜਿੱਤ ਸਕਦੇ। ਅਸੀਂ ਹਰ ਇਕ ਗੱਲ ਨੂੰ ਜਿੱਤਣ ਲਈ ਪੂਰੀ ਕੋਸ਼ਿਸ਼ ਕਰੀਏ ਤੇ ਜੇਕਰ ਫੇਰ ਹਾਰ ਵੀ ਜਾਈਏ ਤਾਂ ਫ਼ਿਕਰ ਕਾਹਦਾ ! ਅਸੀਂ ਆਪਣਾ ਫ਼ਰਜ਼ਾ ਪੂਰਾ ਕਰਨਾ ਹੈ।

ਦੁਨੀਆਂ ਦੀ ਖੇਡ ਵਿਚ ਸਾਨੂੰ ਇਨਾਮ-ਜਿੱਤਣ ਲਈ ਨਹੀਂ ਖੇਡਣਾ ਚਾਹੀਦਾ ਸਗੋਂ ਖੇਡ ਨੂੰ ਖ਼ੁਸ਼ੀ ਨਾਲ ਖ਼ੁਸ਼ੀ ਪ੍ਰਾਪਤ ਕਰਨ ਲਈ ਖੇਡਣਾ ਚਾਹੀਦਾ ਹੈ।

ਜੇਕਰ ਅਸੀਂ ਫ਼ਿਕਰ ਦੇ ਖ਼ਿਆਲਾਂ ਨੂੰ ਆਪਣੇ ਦਿਮਾਗ਼ ਵਿਚ ਰੱਖ ਕੇ ਖੇਡੀਏ ਤਾਂ ਅਸੀਂ ਕਦੀ ਵੀ ਚੰਗਾ ਨਹੀਂ ਖੇਡ ਸਕਦੇ।

ਆਮ ਤੌਰ ਤੇ ਲੋਕ ਬੀਤ ਗਈਆਂ ਗੱਲਾਂ ਨਾਲੋਂ ਹੋਣ ਵਾਲੀਆਂ ਦਾ ਵਧੇਰੇ ਫਿਕਰ ਕਰਦੇ ਹਨ, ਪਰ ਜਿਨ੍ਹਾਂ ਗੱਲਾਂ ਦਾ ਉਹ ਫਿਕਰ ਕਰਦੇ ਹਨ ਉਹਨਾਂ ਵਿਚੋਂ ਬਹੁਤ ਸਾਰੀਆਂ ਹੁੰਦੀਆਂ ਹੀ ਨਹੀਂ।

ਚੀਨ ਦੇ ਲੋਕ ਕਹਿੰਦੇ ਹਨ ਕਿ “ਲਮਢੀਂਗ ਦੀਆਂ ਲੱਤਾਂ ਬਤਖ਼ ਦੀਆਂ ਲੱਤਾਂ ਕੋਲੋਂ ਬਹੁਤ ਵੱਡੀਆਂ ਨੇ। ਤੁਸੀਂ ਨਾ ਤੇ ਲਮਢੀਂਗ ਦੀਆਂ ਲੱਤਾਂ ਨੂੰ ਛੋਟੀਆਂ ਕਰ ਸਕਦੇ ਹੋ ਅਤੇ ਨਾ ਬਤਖ਼ ਦੀਆਂ ਲੱਤਾਂ ਨੂੰ ਵਡੀਆਂ ਕਰ ਸਕਦੇ ਹੋ ਤੇ ਫੇਰ ਫਿਕਰ ਕਿਉਂ ਕਰੋ?”

ਇਕ ਲਿਖਾਰੀ ਲਿਖਦਾ ਹੈ, ਕਿ “ਪਿਛਲੀ ਲੜਾਈ ਦੇ ਦਿਨਾਂ ਤੋਂ ਮੈਨੂੰ ਫ਼ਿਕਰ ਦਾ ਇਲਾਜ ਲੱਭਾ ਹੈ, ਅਤੇ ਇਹ ਹੈ ਵੀ ਲਾਭਦਾਇਕ। ਇਸ ਦੇ ਨਾਲ ਆਦਮੀ ਦੇ ਫ਼ਿਕਰ ਬਹੁਤ ਘੱਟ ਹੋ ਜਾਂਦੇ ਹਨ। ਇਹ ਇਲਾਜ, ਇਹ ਖ਼ਿਆਲ ਹੈ ਕਿ ‘ ਮੈਂ ਜ਼ਿੰਦਾ ਹਾਂ, ਜਿਥੇ ਲੱਖਾਂ ਦੀਆਂ ਜਾਨਾਂ ਲੜਾਈ ਵਿਚ ਗਈਆਂ, ਸ਼ਾਇਦ ਮੈਂ ਵੀ ਮਰ ਜਾਂਦਾ। ਪਰ ਮੈਂ ਮਰਿਆ ਨਹੀਂ ਰੱਬ ਨੇ ਮੇਰੀ ਜ਼ਿੰਦਗੀ ਹੋਰ ਵਧਾ ਦਿੱਤੀ ਹੈ ਤੇ ਮੈਨੂੰ ਇਸ ਦੇ ਨਾਲ ਜਿਹੜੀਆਂ ਤਕਲੀਫਾਂ ਆਉਣ ਉਹਨਾਂ ਲਈ ਬੁੜਬੁੜ ਨਹੀਂ ਕਰਨਾ ਚਾਹੀਦਾ। ਸੋ ਭਾਵੇਂ ਕੁਝ ਹੋਵੇ, ਮੈਂ ਇਸ ਨੂੰ ਲੜਾਈ ਦੇ ਦਿਨਾਂ ਤੋਂ ਮਗਰੋਂ ਇਕ ਰੱਬ ਦਾ ਦਿੱਤਾ ਹੋਇਆ ਵੱਡਾ ਇਨਾਮ ਗਿਣਦਾ ਹਾਂ ਜਿਹੜਾ ਮੈਨੂੰ ਖ਼ੁਸ਼ੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ।”

ਦੁਨੀਆਂ ਵਿਚ ਕੋਈ ਵੀ ਕੰਮ ਫ਼ਿਕਰ ਨਾਲ ਪੂਰਾ ਨਹੀਂ ਹੋਇਆ ਸਗੋਂ ਹਰ ਇਕ ਵੱਡੇ ਕੰਮ ਆਜ਼ਾਦ ਅਤੇ ਖ਼ੁਸ਼ ਦਿਲੀ ਨਾਲ ਪੂਰੇ ਹੁੰਦੇ ਹਨ।

ਜੇ ਕਿਸੇ ਦੇ ਦਿਲ ਵਿਚ ਕੋਈ ਰੰਜਸ਼ ਹੈ ਅਤੇ ਉਹ ਉਸ ਰੰਜਸ਼ ਨੂੰ ਭੁੱਲ ਜਾਏ। ਜੇ ਤੁਹਾਨੂੰ ਕਿਸੇ ਗੱਲ ਜਾਂ ਕੰਮ ਦੇ ਕਰਨ ਵਿਚ ਡਰ ਆਉਂਦਾ ਹੈ ਤਾਂ ਤੁਸੀਂ ਡਰ ਨੂੰ ਇਸ ਖ਼ਿਆਲ ਨਾਲ ‘ਇਹ ਇਸ ਤਰ੍ਹਾਂ ਹੀ ਹੋਣਾ ਸੀ’ ਭਸਮ ਕਰ ਦਿਓ।

ਹਰ ਹਾਲਤ ਵਿਚ ਹਰ ਇਕ ਕੰਮ ਲਈ ਹਲਕਾ, ਫਿਕਰਾਂ ਤੋਂ ਖਾਲੀ ਅਤੇ ਖ਼ੁਸ਼ ਦਿਲ ਹੋਣਾ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪੁਚਾਏਗਾ। ਹਜ਼ਾਰਾਂ ਮੁਸੀਬਤਾਂ ਦੇ ਹੁੰਦਿਆਂ ਹੋਇਆਂ ਆਪਣੇ ਦਿਲ ਨੂੰ ਫਿਕਰਾਂ ਦੇ ਬੰਧਨਾਂ ਚੋਂ ਕੱਢ ਕੇ ਜਵਾਨ ਰੱਖਣ ਨਾਲ ਤੁਹਾਡੀ ਜ਼ਿੰਦਗੀ ਇਕ ਵੱਡੀ ਕਾਮਯਾਬ ਹੋਵੇਗੀ। ਆਪਣੇ ਰੋਜ਼ ਦੀ ਜ਼ਿੰਦਗੀ ਦੇ ਡਰਾਮੇ ਨੂੰ ਵੱਧ ਤੋਂ ਵੱਧ ਖ਼ੁਸ਼ੀ ਦਾ ਬਣਾਉਣਾ ਹੀ ਅਸਲ ਜ਼ਿੰਦਗੀ ਹੈ।

ਆਪਣੀ ਜ਼ਿੰਦਗੀ ਦਾ ਹਰ ਇਕ ਦਿਨ ਕੰਮ ਦੀ ਖ਼ੁਸ਼ੀ ਵਿਚ ਬਤੀਤ ਕਰਨਾ ਜੀਵਨ ਦਾ ਅਸਲੀ ਮਨੋਰਥ ਹੈ।

ਜਿਥੋਂ ਤੱਕ ਹੋ ਸਕੇ ਕਿਸੇ ਵੀ ਹਾਲਤ ਵਿਚ ਫਿਕਰ ਨਾ ਕਰੋ, “ਜਦ ਤੁਹਾਡਾ ਦਿਲ ਸੈਂਕੜੇ ਮਣਾਂ ਭਾਰਾ ਹੋ ਗਿਆ ਹੋਵੇ ਅਤੇ ਤੁਸੀਂ ਇਹੋ ਹੀ ਸੋਚਦੇ ਹੋਵੋ ਕਿ ਬਸ ਹੁਣ ਮੌਤ ਨੇੜੇ ਹੈ, ਤਾਂ ਉਸ ਵੇਲੇ ਵੀ ਮੁਸਕਰਾਓ।

“ਜਦ ਤੁਹਾਡੀਆਂ ਸਾਰੀਆਂ ਤਜਵੀਜ਼ਾਂ ਨਾਕਾਮਯਾਬ ਹੋ ਗਈਆਂ ਹੋਣ, ਦਿਲ ਢੱਠ ਗਿਆ ਹੋਵੇ, ਅਤੇ ਗੁੱਸੇ ਨਾਲ
ਆਪਣੇ ਬੁਲ੍ਹ ਟੁਕਣ ਨੂੰ ਤੇ ਮੱਥੇ ਤੇ ਤਿਉੜੀ ਪਾਣ ਨੂੰ ਤੁਹਾਡਾ ਜੀ ਕਰੇ ਤਾਂ ਉਸ ਵੇਲੇ ਵੀ ਮੁਸਕਰਾ ਦਿਓ।

ਜਦ ਤੁਹਾਡੇ ਸਿਰ ਤੇ ਗਮ ਦੇ ਬਦਲ ਮੰਡਲਾਂਦੇ ਹੋਣ, ਅਤੇ ਤੁਸੀਂ ਆਪਣੇ ਆਪ ਨੂੰ ਮਰਝਾਇਆ ਅਤੇ ਢੱਠਿਆ ਹੋਇਆ ਮਹਿਸੂਸ ਕਰਦੇ ਹੋਵੋ, ਯਾਦ ਰਖੋ ਕਿ ਤੁਹਾਡੀ ਕਾਮਯਾਬੀ ਦਾ ਸੂਰਜ ‘ਜ਼ਰੂਰ ਜਲਦੀ ਚੜ੍ਹੇਗਾ, ਸੋ ਉਸ ਵੇਲੇ ਵੀ ਮੁਸਕਰਾਏ নাও।”

ਇਹੋ ਜਿਹੇ ਕਿਸੇ ਆਦਮੀ ਨੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਨਹੀਂ ਬਣਾਇਆ ਜਿਸ ਨੇ ਕਿ ਆਪਣੀ ਜ਼ਿੰਦਗੀ ਨੂੰ ਰੁਖੀ ਸਮਝਿਆ ਹੋਵੇ। ਕਦੀ ਵੀ ਕੋਈ ਆਦਮੀ ਫਿਕਰਾਂ ਵਿਚ ਡੁੱਬਾ ਹੋਇਆ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਕਾਮਯਾਬ ਨਹੀਂ ਬਣਾ ਸਕਦਾ।

“ਫਿਕਰ ਆਦਮੀ ਨੂੰ ਘੁਣ ਦੀ ਤਰ੍ਹਾਂ ਖਾਂਦਾ ਹੈ।”

ਕਰਤਾਰ ਸਿੰਘ ਸਚਦੇਵ