views 10 secs 0 comments

14 ਜਨਵਰੀ, 1 ਮਾਘ ‘ਤੇ ਵਿਸ਼ੇਸ਼: ਭਾਈ ਮਹਾਂ ਸਿੰਘ ਜੀ

ਲੇਖ
January 14, 2026

ਮਾਘੀ ਦੇ ਸ਼ੁਭ ਦਿਹਾੜੇ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਰੀ ਪੰਥਕ ਇਕੱਠ ਹੁੰਦਾ ਹੈ ਜਿਸ ਵਿਚ ਰਾਗੀ, ਪ੍ਰਚਾਰਕ ਤੇ ਆਗੂ ਆਪੋ ਆਪਣੇ ਢੰਗ ਨਾਲ ਇਥੋਂ ਦੇ ਸ਼ਹੀਦ ਸਿੰਘਾਂ ਅਤੇ ਮਾਈ ਭਾਗ ਕੌਰ (ਭਾਗੋ) ਦੀਆਂ ਕੁਰਬਾਨੀਆਂ ਦਾ ਕਥਨ ਕਰਦੇ ਹਨ। ਸੁਣਾਉਣ ਵਾਲੇ ਸੁਣਾ ਕੇ ਅਤੇ ਸ੍ਰੋਤੇ ਸੁਣ ਕੇ ਘਰਾਂ ਨੂੰ ਪਰਤ ਜਾਂਦੇ ਹਨ। ਇਥੋਂ ਦੇ ਇਤਿਹਾਸ ਤੋਂ ਜੋ ਸਿੱਖਣ ਦੀ ਲੋੜ ਹੈ, ਉਸ ਵੱਲ ਸ਼ਾਇਦ ਹੀ ਕੋਈ ਵਿਰਲਾ ਧਿਆਨ ਦੇਵੇ।

ਜਥੇਦਾਰ ਮਹਾਂ ਸਿੰਘ ਜੀ, ਜੋ ਗੁਰੂ ਤੋਂ ਬੇਮੁਖ ਹੋਇਆਂ ਨੂੰ ਮੁੜ ਸਨਮੁਖ ਬਣਾਉਣ ਵਾਸਤੇ ਗੁਰੂ ਜੀ ਪਾਸੋਂ ਆਪਣੇ ਗੁਨਾਹਾਂ ਦੀ ਮੁਆਫੀ ਲਈ ਖਿਦਰਾਣੇ ਦੀ ਢਾਬ ‘ਤੇ ਪਹੁੰਚੇ ਅਤੇ ਦੁਸ਼ਮਨੀ ਫੌਜ ਨਾਲ ਰਣ ਵਿਚ ਜੂਝਦੇ ਸ਼ਹੀਦ ਹੋਏ, ਦੇ ਜੀਵਨ ਦੀ ਅੰਤਲੀ ਇੱਛਾ ਨੂੰ ਅਪਣਾ ਲਈਏ ਤਾਂ ਪੰਥ ਉਪਰ ਵਰਤਮਾਨ ਮਹਾਂ ਸੰਕਟ ਵਰਗੇ, ਸੰਕਟ ਆਉਣ ਹੀ ਨਾ ਅਤੇ ਜੇ ਆਉਣ ਵੀ ਤਾਂ ਛੇਤੀ ਹੀ ਦੂਰ ਹੋ ਜਾਣ।

ਉਹਨਾਂ ਦੀ ਅੰਤਲੀ ਇੱਛਾ ਨੂੰ ਮਹਾਨ ਵਿਦਵਾਨ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਆਪਣੀ ਕ੍ਰਿਤ ‘ਗੁਰ ਪ੍ਰਤਾਪ ਸੂਰਜ ਗ੍ਰੰਥ” ਵਿਚ ਬੜੇ ਸੁੰਦਰ ਸ਼ਬਦਾਂ ਵਿਚ ਕਥਨ ਕੀਤਾ ਹੈ। ਭਾਈ ਸਾਹਿਬ ਦੱਸਦੇ ਹਨ ਕਿ ਜਦ ਕਲਗੀਧਰ ਪਾਤਸ਼ਾਹ ਖਿਦਰਾਣੇ ਦੀ ਢਾਬ ‘ਤੇ ਪਹੁੰਚ ਸ਼ਹੀਦ ਸਿੰਘਾਂ ਦੇ ਮੁਖ, ਆਪਣੇ ਰੁਮਾਲ ਨਾਲ, ਪੂੰਝਦੇ ਅਤੇ ਉਨ੍ਹਾਂ ਨੂੰ ‘ਪੰਜ ਹਜ਼ਾਰੀ’, ‘ਦਸ ਹਜ਼ਾਰੀ’ ਆਦਿ, ਰੁਤਬੇ ਦਿੰਦੇ ਸਿਸਕ ਰਹੇ ਭਾਈ ਮਹਾਂ ਸਿੰਘ ਜੀ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਪ੍ਰੇਤ ਖੋਲ੍ਹਣ ਲਈ ਕਿਹਾ। ਭਾਈ ਸਾਹਿਬ ਨੇ ਹੋਸ਼ ਵਿਚ ਆ ਕੇ, ਜਦ ਆਪਣੇ ਮੁੰਦੇ ਨੇਤ੍ਰ ਖੋਲ੍ਹੇ ਤਾਂ ਗੁਰੂ ਜੀ ਦੇ ਦੀਦਾਰ ਕਰਕੇ ਗਦ-ਗਦ ਹੋ ਗਏ। ਗੁਰੂ ਜੀ ਨੇ ਜਦ ਉਨ੍ਹਾਂ ਨੂੰ ਆਪਣੀ ਕੋਈ ਭੀ ਮੰਗ ਮੰਗਣ ਲਈ ਫੁਰਮਾਇਆ ਤਾਂ ਉਨ੍ਹਾਂ ਨੇ ਬਾਰ ਬਾਰ, ਗੁਰੂ ਜੀ ਵਲੋਂ, ਕਹੇ ਜਾਣ ‘ਤੇ ਭੀ ਆਪਣੇ ਵਾਸਤੇ ਕੋਈ ਮੰਗ ਨ ਮੰਗੀ। ਗੁਰੂ ਜੀ ਨੇ ਮੁੜ ਜੀਵਨ, ਰਾਜ-ਭਾਗ, ਆਦਿ ਕਈ ਗੱਲਾਂ ਵਿਚੋਂ ਕੋਈ ਇੱਛਾ ਪੂਰੀ ਕਰ ਲੈਣ ਲਈ ਆਖਿਆ ਪਰ ਉਨ੍ਹਾਂ ਨੇ ਆਪਣੇ ਲਈ ਕੁਛ ਭੀ ਨ ਮੰਗਿਆ। ਗੁਰੂ ਜੀ ਵਲੋਂ ਜ਼ਿਆਦਾ ਜ਼ੋਰ ਦਿੱਤੇ ਜਾਣ ‘ਤੇ ਆਪਣੀ ਮੰਗ ਬਣਾਉਣ ਲਈ ਜੋ ਵਿਚਾਰ ਕੀਤੀ ਉਸ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ਦੇ ਐਨ ੧, ਅੰਸੂ ੧੨, ਵਿਚ ਲਿਖਿਆ ਹੈ:

ਪਰਉਪਕਾਰ ਮਹਾਤਮ ਮਹਾਂ। ਸੁਯੋ ਸੰਤ ਜਨ ਤੇ ਜਹਿ ਕਹਾਂ॥੨੪॥
ਇਕ ਪਰ ਕਰੇ ਅਧਿਕ ਕੱਲ੍ਯਾਨ।
ਬਨਹਿ ਦੇਸ਼ ਪਰ ਫਲਹਿ ਮਹਾਨ।
ਲਾਖਹੁ ਸਿੱਖ ਗੁਰੂ ਕੇ ਹੋਇ। ਭੋਗਹਿ ਰਾਜ ਧਰਾ ਪਰ ਸੋਇ॥੨੫॥
ਸਭਿ ਪਰ ਮੁਰ ਹੋਵੈ ਉਪਕਾਰਾ।
ਇਸ ਸੋਂ ਅਧਿਕ ਨ ਅਪਰ ਬਿਚਾਰਾ।

ਭਾਵ ਸੰਤ ਜਨਾਂ ਪਾਸੋਂ ਜਿਥੋਂ ਕਿੱਥੋਂ ਇਹੀ ਸੁਣਿਆ ਹੈ ਕਿ ਪਰਉਪਕਾਰ ਦਾ ਵੱਡਾ ਮਹਾਤਮ ਹੈ। ਇਹ ਤਾਂ ਇਕ ‘ਤੇ ਕਰਨ ਦਾ ਪੁੰਨ ਭੀ ਬਹੁਤ ਹੈ ਪਰ ਦੇਸ਼ ‘ਤੇ ਕੀਤਾ ਉਪਕਾਰ ਮਹਾਨ ਫਲਦਾ ਹੈ। ਇਹ ਵਿਚਾਰ ਪੱਕਾ ਕਰਕੇ ਗੁਰੂ ਜੀ ਪਾਸੋਂ ਮੰਗ ਕੀਤੀ:

ਮੱਦ੍ਰ ਦੇਸ਼ ਕੀ ਸੰਗਤਿ ਹੁੱਟੀ । ਪ੍ਰਭੂ ਜੀ! ਰਾਵਰ ਕੇ ਸੰਗ ਟੁੱਟੀ ॥੨੭॥
ਬਰ ਦੈਬੇ ਜੇ ਮੁਝ ਇਛ ਧਾਰੀ।
ਤੌ ਕਰਿ ਕਰੁਨਾ ਮੇਲਹੁ ਸਾਰੀ।

ਭਾਵ-ਸੰਤ ਜਨਾਂ ਪਾਸੋਂ ਜਿੱਥੋਂ ਕਿੱਥੋਂ ਇਹੀ ਸੁਣਿਆ ਹੈ ਕਿ ਪਰਉਪਕਾਰ ਮਹਾਨ ਫਲਦਾ ਹੈ। ਇਹ ਵਿਚਾਰ ਪੱਕਾ ਕਰ ਕੇ ਗੁਰੂ ਜੀ ਪਾਸੋਂ ਮੰਗ ਕੀਤੀ। ਜੇ ਆਪ ਦੀ ਮੈਨੂੰ ਵਚਨ ਦੇਣ ਦੀ ਇੱਛਾ ਹੈ ਤਾਂ ਮਾਝੇ ਦੇ ਇਲਾਕੇ ਦੀ ਜੋ ਸੰਗਤ ਪਿੱਛੇ ਹਟ ਕੇ ਆਪ ਨਾਲੋਂ ਟੁੱਟ ਗਈ ਹੈ। ਉਸ ਸਾਰੀ ਨੂੰ ਕਿਰਪਾ ਕਰਕੇ ਆਪਣੇ ਨਾਲ ਮੇਲ ਲਵੋ।

ਗੁਰੂ ਜੀ ਨੇ ਕਿਹਾ ਕਿ ਜੋ (ਸੰਗਤ) ਡਰ ਕੇ ਹਟ ਗਈ ਤੇ ਟੁੱਟ ਕੇ ਨਿਖੁੱਟ ਗਈ, ਉਸ ਨੂੰ ਕਿਵੇਂ ਮੇਲਾਂ? ਤੂੰ ਆਪਣੇ ਲਈ ਕੁਛ ਹੋਰ ਮੰਗ ਲੈ। ਮੈਂ ਝੱਟ ਹੀ ਦਿਆਂਗਾ, ਮੇਰੀ ਇਹੋ ਖੁਸ਼ੀ ਹੈ:

ਪ੍ਰਭੁ ਬੋਲੇ ਟੂਟੀ ਸੁ ਨਿਖੁੱਟੀ। ਕ੍ਯੋਂ ਮੇਲਹੁ ਤਿਹ ਜੋ ਡਰਿ ਹੁੱਟੀ।
ਅਪਨੇ ਹਿਤ ਜਾਚਹੁ ਕੁਛ ਔਰੀ।
ਦਿਉਂ ਤਤਕਾਲ ਖੁਸ਼ੀ ਲਖਿ ਮੋਰੀ ॥੨੯॥

ਪਰ ਭਾਈ ਮਹਾਂ ਸਿੰਘ ਆਪਣੀ ਮੰਗ ‘ਤੇ ਦ੍ਰਿੜ੍ਹ ਰਹੇ ਤੇ ਕਿਹਾ:

ਜੋ ਮੁਝ ਕੌ ਦੈਬੌ ਬਰ ਚਹੋ। ਟੂਟੀ ਮੇਲ ਲੇਹੁੰ ਬਚ ਕਹੋ॥੩੧॥
ਇਸ ਬਿਨ ਇੱਛਾ ਮੋਹਿ ਨ ਔਰ।
ਦੇਹੁ ਆਪ ਸੋਢੀ ਸਿਰ ਮੌਰ ॥

ਭਾਈ ਮਹਾਂ ਸਿੰਘ ਦੇ ਪਰਉਪਕਾਰ ਲਈ ਇਤਨੀ ਦ੍ਰਿੜਤਾ ਦੇਖ ਕੇ ਗੁਰੂ ਜੀ ਨੇ ਅਤੀ ਪ੍ਰਸੰਨ ਹੋ ਆਖਿਆ:

ਵਾਹੁ ਖਾਲਸਾ ਸਿਖ ਮਮ ਧੰਨ। ਪਰ ਉਪਕਾਰ ਮਹਾਂ ਮਨ ਮੰਨ॥
ਤੇਰੇ ਕਹੇ ਮੇਲ ਹਮ ਲਏ। ਰਾਜ ਭਾਗ ਤਿਸ ਦੇਸ਼ਹਿ ਦਏ ॥੩੩॥

ਪਰ ਭਾਈ ਮਹਾਂ ਸਿੰਘ ਜੀ ਹੋਰ ਭੀ ਤਸੱਲੀ ਚਾਹੁੰਦੇ ਸਨ। ਕਹਿਣ ਲੱਗੇ:

ਪ੍ਰਭੁ ਜੀ! ਕਾਗਦ ਲੇਹੁ ਨਿਕਾਰਾ। ਹਮਰਾ ਲਿਯੋ ਜੇਬ ਜੋ ਡਾਰਾ ।
ਮਮ ਦਿਖਾਇ ਸੋ ਦੀਜੈ ਫਾਰਿ। ਸਫਲ ਹੋਇ ਮੇਰੈ ਉਪਕਾਰ ॥੩੪॥

ਗੁਰੂ ਜੀ ਨੇ ਪਰਉਪਕਾਰ ਲਈ ਪਿਆਰ ਭਰੀ ਇਸ ਜੋਦੜੀ ਨੂੰ ਸੁਣਿਆ ਤੇ ਸੁਨਿ ਸਤਿਗੁਰ ਤਤਕਾਲ ਨਿਕਾਸਾ। ਮਹਾਂ ਸਿੰਘ ਸੋਂ ਵਾਕ ਪ੍ਰਕਾਸਾ।

ਲਿਹੁ ਬਿਲੋਕਿ! ਪਾੜਹਿ ਦਿਖਰਾਇ।
ਇਮ ਕਹਿ ਚੀਯੇ ਬੀਚ ਬਨਾਇ ॥੩੫॥

ਭਾਈ ਮਹਾਂ ਸਿੰਘ ਜੀ ਦੀ ਮੰਗ ਪੂਰੀ ਤਰ੍ਹਾਂ ਮੰਨੀ ਗਈ ਸੀ । ਹੁਣ ਉਹ ਆਪਣੀ ਅੰਤਮ ਇੱਛਾ ਪੂਰੀ ਤਰ੍ਹਾਂ ਸਫਲ ਹੋਈ ਦੇਖ ਕੇ ਸੰਤੁਸ਼ਟਤਾ ਸਹਿਤ ਗੁਰੂ ਜੀ ਦੇ ਸਨਮੁਖ ਹੀ ਗੁਰਪੁਰੀ
ਜਾਣਾ ਠੀਕ ਸਮਝਦੇ ਸਨ। ਬੇਨਤੀ ਕੀਤੀ: ਆਪ ਦੇ ਦਰਸ਼ਨ ਕਰਦਿਆਂ ਪ੍ਰਲੋਕ ਜਾਣ ਦਾ ਬਹੁਤ ਮਹਾਤਮ ਹੈ। ਇਸ ਲਈ ਜਾਣ ਦੀ ਆਗਿਆ ਬਖਸ਼ੋ।

ਆਇਸੁ ਦੇਹੁ ਪ੍ਰਲੋਕ ਸਿਧਾਵੈਂ। ਦਰਸ਼ਨ ਕਰਤਿ ਅਧਿਕ ਫਲ ਪਾਵੈ ॥੩੬॥

ਭਾਈ ਮਹਾਂ ਸਿੰਘ ਦੀ ਪਰਉਪਕਾਰ ਦੀ ਘਾਲ ਕਮਾਈ ਨੂੰ ਪ੍ਰਵਾਨ ਕਰਦਿਆਂ ਫ਼ਰਮਾਇਆ:

ਜਾਹੂ ਮਹਾਂ ਸਿੰਘ! ਜੁਹਿ ਮਮ ਲੋਕ।
ਬਸਹੁ ਸਦਾ ਕਬਿ ਨਹਿਂ ਤਹਿਂ ਸ਼ੋਕ।
ਦੇ ਕਰਿ ਪ੍ਰਾਨ ਕੀਨ ਉਪਕਾਰ। ਤਿਸ ਕੋ ਫਲ ਤੁਹਿ ਭਯੋ ਅਪਾਰ ॥੩੭॥

ਮੇਰੀਆਂ ਨਿੱਜੀ ਪੁਸਤਕਾਂ ਵਿਚ ਰੱਖੀ ਹੋਈ, ਟੁੱਟੀ ਮੇਲਣ ਦਾ ਇਹ ਪ੍ਰਸੰਗ ਇਕ

ਪੁਰਾਤਨ ਹੱਥ ਲਿਖਤ ਪੋਥੀ ਵਿਚ ਇਸ ਤਰ੍ਹਾਂ ਦਰਜ ਹੈ:

ਗੁਰੂ ਜੀ ਨੇ ਕਹਿਆ ਮਹਾਂ ਸਿੰਘ ਕਹੁ ਮੰਗ ਹਮਾਰੀ ਖੁਸ਼ੀ ਹੈ। ਮਹਾਂ ਸਿੰਘ ਨੇ ਕਹਿਆ ਤੁਸਾਂ ਕਾ ਦੀਦਾਰ ਕਰ ਕੇ ਮੰਗਣਿ ਕੀ ਇਛਾ ਕਾਈ ਨਹੀਂ ਰਹੀ। ਗੁਰੂ ਜੀ ਕਹਿਆ ਕੁਹ ਜਰੂਰਿ ਹੀ ਮੰਗ ਸਾਡੀ ਇਹਾ ਖੁਸ਼ੀ ਹੈ। ਮਹਾਂ ਸਿੰਘ ਕਹਾ ਗੁਰੂ ਜੀ ਟੁਟੀ ਮਿਲੇ। ਗੁਰੂ ਕਾ ਹੁਕਮ ਹੋਇਆ ਮਹਾਂ ਸਿੰਘ ਕਹੁ ਹੋਰ ਮੰਗੂ ਟੁੱਟੀ ਨਿਖੁੱਟੀ। ਮਹਾਂ ਸਿੰਘ ਕਹਾ ਜੇ ਪਾਤਿਸ਼ਾਹ ਦੇਂਦੇ ਹਹੁ ਤਾਂ ਇਹੀ ਦਾਨ ਦੇਹੁ ਟੁੱਟੀ ਮਿਲੇ। ਸਾਹਿਬ ਕਹਿੰਦੇ ਵਾਹ ਵਾਹ ਖਾਲਸਾ ਧੰਨ ਖਾਲਸਾ ਧੰਨ ਟੁੱਟੀ ਮੇਲੀ
ਖਾਲਸੇ ਨੇ। (ਸਾਖੀ ੫੩॥)

ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਜੀ ‘ਨਾਭਾ’, ਹੁਰਾਂ ਦੀ ਕ੍ਰਿਤ ‘ਮਹਾਨ ਕੋਸ਼’ ਅਨੁਸਾਰ
ਸ਼ਹੀਦ ਭਾਈ ਮਹਾਂ ਸਿੰਘ ਜੀ ਨੇ ਪਰਉਪਕਾਰ ਦਾ ਇਹ ਕਾਰਜ, ਵੈਸਾਖ ਸੰਮਤ ੧੭੬੨ ਬਿਕ੍ਰਮੀ ਵਿਚ ਕੀਤਾ ਜਿਸ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁਕਤਸਰ ਵਿਖੇ ੨੧ ਵੈਸਾਖ ਨੂੰ ਹਰ ਸਾਲ ਭਾਰੀ ਦੀਵਾਨ ਸਜਦੇ ਹਨ।

ਭਾਈ ਮਹਾਂ ਸਿੰਘ ਜੀ ਪਿੰਡ ਰਟੌਲ, ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਰਟੌਲ ਵਿਖੇ ਭੀ ਹਰ ਸਾਲ ਆਪ ਦੀ ਯਾਦ ਮਨਾਈ ਜਾਂਦੀ ਦੱਸੀ ਗਈ ਹੈ।

ਸਤਿਗੁਰੂ ਪੰਥ ਦੇ ਆਗੂਆਂ ਨੂੰ ਭਾਈ ਮਹਾਂ ਸਿੰਘ ਜੀ ਦੇ ਪਰਉਪਕਾਰ ਦੇ ਕਾਰਜ ਦੀ ਰੀਸ ਕਰਨ ਦਾ ਉੱਦਮ ਪ੍ਰਦਾਨ ਕਰਨ।

-ਗਿ: ਗੁਰਚਰਨ ਸਿੰਘ ਮੁਕਤਸਰੀ